ਭਗਤਾ ਭਾਈਕਾ, 9 ਮਈ (ਸੁਖਪਾਲ ਸਿੰਘ ਸੋਨੀ)-ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਖੇਡ ਮੈਦਾਨ ਵਿਚ ਇੰਟਰ-ਹਾਊਸ ਫੁੱਟਬਾਲ ਟੂਰਨਾਮੈਂਟ ਉਤਸ਼ਾਹ ਨਾਲ ਕਰਵਾਇਆ ਗਿਆ | ਹਾਊਸ ਕੋਆਰਡੀਨੇਟਰ ਕਰਮਜੀਤ ਕੌਰ ਦੀ ਅਗਵਾਈ ਹੇਠ, ਸਪੋਰਟਸ ਕੋਆਰਡੀਨੇਟਰ ਮਿਸ ਸੰਦੀਪ ਕੌਰ ਅਤੇ ਫੁੱਟਬਾਲ ਕੋਚ ਮਿਸਟਰ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਵਿਚ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ | ਜਾਣਕਾਰੀ ਅਨੁਸਾਰ ਅੰਡਰ-14 ਵਰਗ ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿਚ ਸਤਲੁਜ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ | ਮਾਲਵਾ ਹਾਊਸ ਦੀ ਟੀਮ ਦੂਜੇ ਸਥਾਨ 'ਤੇ ਰਹੀ, ਜਦਕਿ ਹਿਮਾਲਿਆ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ-17 ਵਰਗ ਵਿਚ ਹਿਮਾਲਿਆ ਹਾਊਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਮਾਲਵਾ ਹਾਊਸ ਦੂਜੇ ਸਥਾਨ 'ਤੇ ਰਿਹਾ, ਜਦਕਿ ਸਤਲੁਜ ਹਾਊਸ ਨੂੰ ਤੀਜੇ ਸਥਾਨ ਨਾਲ ਸੰਤੋਖ ਕਰਨਾ ਪਿਆ | ਸੀਨੀਅਰ ਵਰਗ ਦੇ ਮੁਕਾਬਲਿਆਂ ਵਿਚ ਹਿਮਾਲਿਆ ਹਾਊਸ ਨੇ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਪਹਿਲਾ ਸਥਾਨ ਆਪਣੇ ਨਾਮ ਕੀਤਾ | ਸ਼ਿਵਾਲਿਕ ਹਾਊਸ ਦੂਜੇ ਅਤੇ ਸਤਲੁਜ ਹਾਊਸ ਤੀਜੇ ਸਥਾਨ 'ਤੇ ਰਹੇ | ਮੈਦਾਨ ਵਿਚ ਗੋਲ ਹੋਣ 'ਤੇ ਵਿਦਿਆਰਥੀਆਂ ਦੇ ਜੋਸ਼ ਅਤੇ ਤਾੜੀਆਂ ਨਾਲ ਖੇਡ ਮੈਦਾਨ ਰੌਣਕਮਈ ਬਣਿਆ ਰਿਹਾ | ਸਕੂਲ ਦੇ ਪਿ੍ੰਸੀਪਲ ਸ਼ਸ਼ੀ ਕਾਂਤ ਅਤੇ ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ ਨੇ ਜੇਤੂ ਟੀਮਾਂ ਨੂੰ ਤਗਮੇ ਅਤੇ ਸਰਟੀਫਿਕੇਟ ਤਕਸੀਮ ਕੀਤੇ | ਪਿ੍ੰਸੀਪਲ ਸ਼ਸ਼ੀ ਕਾਂਤ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਸਾਰੇ ਖਿਡਾਰੀਆਂ ਨੇ ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ | ਸਪੋਰਟਸ ਕੋਆਰਡੀਨੇਟਰ ਮਿਸ ਸੰਦੀਪ ਕੌਰ ਅਤੇ ਕੋਚ ਮਿਸਟਰ ਗੁਰਪ੍ਰੀਤ ਸਿੰਘ ਨੇ ਸਾਰੇ ਖਿਡਾਰੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ | ਹਾਊਸ ਕੋਆਰਡੀਨੇਟਰ ਕਰਮਜੀਤ ਕੌਰ ਨੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |