ਬਠਿੰਡਾ, 9 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿਚ ਆਪਣੀ ਸਫਲਤਾ ਦਾ ਪ੍ਰਚਮ ਲਹਿਰਾਉਂਦਿਆਂ ਰਾਸ਼ਟਰੀ ਪੱਧਰ 'ਤੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ | ਯੂਨੀਵਰਸਿਟੀ ਆਫ਼ ਕੋਟਾ (ਰਾਜਸਥਾਨ) ਵਿਖੇ ਆਯੋਜਿਤ ਹੋਈ 'ਆਲ ਇੰਡੀਆ ਇੰਟਰਵਰਸਟੀ' ਖੇਡ ਪ੍ਰਤੀਯੋਗਤਾ ਵਿਚ ਕਾਲਜ ਦੇ 4 ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿਚ ਮੈਡਲ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਜਯੋਤਸਨਾ ਨੇ ਦੱਸਿਆ ਕਿ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਬੀਰ ਸਿੰਘ ਦੀ ਦੇਖ-ਰੇਖ ਹੇਠ ਇਹ ਪ੍ਰਾਪਤੀ ਸੰਭਵ ਹੋਈ ਹੈ | ਉਨਾਂ ਕਿਹਾ ਕਿ ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਵਿਅਕਤੀਗਤ ਸਿੰਗਲ ਸੋਟੀ ਅਤੇ ਸਿੰਗਲ ਸੋਟੀ ਟੀਮ ਈਵੈਂਟ ਵਿਚੋਂ 2 ਗੋਲਡ ਮੈਡਲ (ਸੋਨੇ ਦੇ ਤਗਮੇ) ਹਾਸਿਲ ਕੀਤੇ | ਇਸੇ ਤਰਾਂ ਦਵਿੰਦਰ ਕੌਰ ਨੇ ਸਿੰਗਲ ਸੋਟੀ ਫੁੱਲ ਸਟ੍ਰਾਈਕ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ (ਬਰੋਨਜ਼ ਮੈਡਲ) ਜਿੱਤ ਕੇ ਕਾਲਜ ਦੀ ਝੋਲੀ ਪਾਇਆ | ਲੜਕਿਆਂ ਦੇ ਵਰਗ ਵਿਚ ਵੀਰਕਰਨ ਸਿੰਘ ਅਤੇ ਅਰਮਾਨਦੀਪ ਸਿੰਘ ਨੇ ਫ਼ਰੀ ਸੋਟੀ ਟੀਮ ਈਵੈਂਟ ਵਿਚ ਕਾਂਸੀ ਦੇ ਤਗਮੇ (ਬਰੋਨਜ਼ ਮੈਡਲ) ਪ੍ਰਾਪਤ ਕੀਤੇ | ਇਸ ਮੌਕੇ ਪਿ੍ੰਸੀਪਲ ਡਾ. ਜਯੋਤਸਨਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਬੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ | ਡਾ. ਕੁਲਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ ਅਤੇ ਅਨੁਸ਼ਾਸਨ ਸਦਕਾ ਹੀ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ | ਉਨਾਂ ਕਿਹਾ ਕਿ ਕਾਲਜ ਦਾ ਸਰੀਰਕ ਸਿੱਖਿਆ ਵਿਭਾਗ ਹਮੇਸ਼ਾ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ | ਖਿਡਾਰੀਆਂ ਦੀ ਇਸ ਜਿੱਤ ਨਾਲ ਕਾਲਜ ਵਿਚ ਖ਼ੁਸ਼ੀ ਦੀ ਲਹਿਰ ਹੈ |