ਧੂਰੀ, 20 ਜੁਲਾਈ (ਲਖਵੀਰ ਸਿੰਘ ਧਾਂਦਰਾ)–ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਵੱਲੋਂ ਨੀਟ ਪੇਪਰ ਲੀਕ ਮਾਮਲੇ ਵਿੱਚ ਜੰਤਰ ਮੰਤਰ ਦਿੱਲੀ ਵਿਖੇ ਚੱਲ ਰਹੇ ਜ਼ਬਰਦਸਤ ਅੰਦੋਲਨ ਨੂੰ ਸਮਰਥਨ ਦਿੰਦੇ ਹੋਏ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦਾ ਹੋਇਆ ਇੱਕ ਮੈਮੋਰੰਡਮ ਐਸ ਡੀ ਐਮ ਧੂਰੀ ਇਸ਼ਮਤ ਵਿਜੇ ਸਿੰਘ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਹੈ। ਇਸ ਤੋਂ ਪਹਿਲਾਂ ਪੈਨਸ਼ਨ ਦਫ਼ਤਰ, ਸੰਗਰੂਰ ਵਾਲੀ ਕੋਠੀ ਵਿਖੇ ਸਮੂਹ ਪੈਨਸ਼ਨਰ ਪ੍ਰਧਾਨ ਸੁਖਦੇਵ ਸ਼ਰਮਾ ਅਤੇ ਜਨਰਲ ਸਕੱਤਰ ਡਾ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਏ। ਇਥੇ ਵੱਖ ਵੱਖ ਬੁਲਾਰਿਆਂ, ਚਰਨਜੀਤ ਸਿੰਘ ਕੈਂਥ, ਇੰਦਰਜੀਤ ਸ਼ਰਮਾ, ਦਰਸ਼ਨ ਸਿੰਘ, ਮਾਸਟਰ ਰਾਮ ਸਰੂਪ ਨੇ ਕੇਂਦਰ ਸਰਕਾਰ ਦੀ ਨੀਟ ਅਤੇ ਹੋਰ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਨਾ ਕਰਵਾਉਣ ਦੀ ਪੁਰਜ਼ੋਰ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸਾਲ ਦਰ ਸਾਲ ਪੇਪਰ ਲੀਕ ਦੇ ਮਾਮਲੇ ਉਜਾਗਰ ਹੋ ਰਹੇ ਹਨ ਅਤੇ ਸਰਕਾਰ ਇਹ ਲੀਕੇਜ਼ ਨੂੰ ਰੋਕਣ ਲਈ ਸੁਹਿਰਦ ਨਹੀਂ ਹੈ। ਸਰਕਾਰ ਹਰ ਸਮੱਸਿਆ ਦਾ ਹੱਲ ਚੁੱਪ ਅਤੇ ਜਬਰ ਵਿੱਚ ਦੇਖਣ ਦੀ ਆਦੀ ਹੋ ਚੁੱਕੀ ਹੈ। ਇਸ ਮਾਮਲੇ ਵਿੱਚ ਵੀ ਸਰਕਾਰ ਦੀ ਚੁੱਪ ਨੇ ਬੜਾ ਸਾਜ਼ਸ਼ੀ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਸਰਕਾਰ ਨੇ ਉੱਘੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਨੂੰ ਜਬਰੀ ਚੁੱਕ ਕੇ ਹਸਪਤਾਲ ਭਰਤੀ ਕਰਾ ਦਿੱਤਾ ਹੈ ਅਤੇ ਅੰਦੋਲਨਕਾਰੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਅੰਦੋਲਨ ਨੂੰ ਕੁਚਲਣ ਦੀ ਨੀਤੀ ਅਪਣਾਈ ਹੋਈ ਹੈ। ਅੰਦੋਲਨ ਦੇ ਦੇਸ਼ ਵਿਆਪੀ ਸਮਰਥਨ ਕਾਰਨ ਹੁਣ ਇਹ ਆਸ ਬੱਝੀ ਹੈ ਕਿ ਇਹ ਗੱਲ ਕਿਸੇ ਤਣ ਪੱਤਣ ਜ਼ਰੂਰ ਲਗੇਗੀ। ਦਫ਼ਤਰ ਤੋਂ ਸਮੂਹ ਪੈਨਸ਼ਨਰ ਕਾਫ਼ਲੇ ਦੀ ਸ਼ਕਲ ਵਿੱਚ ਬਾਜ਼ਾਰ ਵਿੱਚ ਹੋ ਕੇ ਸੀ ਐਮ ਦਫ਼ਤਰ ਪਹੁੰਚੇ ਜਿੱਥੇ ਐਸ ਡੀ ਐਮ ਧੂਰੀ ਮੈਡਮ ਇਸ਼ਮਤ ਵਿਜੇ ਸਿੰਘ ਨੂੰ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਦਿੱਤਾ ਗਿਆ। ਐਸ ਡੀ ਐਮ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਹ ਮੈਮੋਰੰਡਮ ਹਰ ਹਾਲ ਵਿੱਚ ਰਾਸ਼ਟਰਪਤੀ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈ ਭਗਵਾਨ ਦਾਸ, ਪ੍ਰਿੰਸੀਪਲ ਸੀਤਾ ਸਿੰਘ, ਮੱਘਰ ਸਿੰਘ, ਫ਼ਕੀਰ ਸਿੰਘ, ਰਾਜ ਸਿੰਘ, ਕਰਮਜੀਤ ਸਿੰਘ, ਰਾਮ ਲਾਲ, ਗੁਲਜ਼ਾਰ ਸਿੰਘ, ਅਰਜਨ ਸਿੰਘ, ਗੁਰਚਰਨ ਸਿੰਘ, ਆਤਮਾ ਸਿੰਘ ਘਨੌਰ, ਸੁਖਦੇਵ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ।