ਤਲਵੰਡੀ ਸਾਬੋ, 28 ਮਈ (ਰਣਜੀਤ ਸਿੰਘ ਰਾਜੂ)- ਸੰਪਰਦਾਇ ਮਸਤੂਆਣਾ ਦੇ ਮੁਖੀ ਰਹੇ ਗੁ: ਬੁੰਗਾ ਮਸਤੂਆਣਾ ਧਾਰਮਿਕ ਮਹਾਂਵਿਦਿਆਲਾ ਦੇ ਮੁੱਖ ਸੇਵਾਦਾਰ, ਸੱਚਖੰਡ ਵਾਸੀ ਬਾਬਾ ਛੋਟਾ ਸਿੰਘ ਦੀ ਬਰਸੀ ਨੂੰ ਸਮਰਪਿਤ ਕਰਕੇ ਅੱਜ ਗੁ: ਬੁੰਗਾ ਮਸਤੂਆਣਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮਾਂ 'ਚ ਮੌਜੂਦਾ ਸਮੇਂ ਸੰਪਰਦਾਇ ਮਸਤੂਆਣਾ ਦੇ ਮੁਖੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ | ਸਭ ਤੋਂ ਪਹਿਲਾਂ ਗੁਰਦੁਆਰਾ ਬੁੰਗਾ ਮਸਤੂਆਣਾ ਧਾਰਮਿਕ ਮਹਾਂਵਿਦਿਆਲਾ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਬੁੰਗਾ ਮਸਤੂਆਣਾ ਦੇ ਹੈੱਡ ਗ੍ਰੰਥੀ ਬਾਬਾ ਤੇਜਾ ਸਿੰਘ ਨੇ ਕੀਰਤਨ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ | ਬੁੰਗਾ ਮਸਤੂਆਣਾ ਧਾਰਮਿਕ ਮਹਾਂਵਿਦਿਆਲਾ ਦੇ ਵਿਦਿਆਰਥੀਆਂ ਨੇ ਇਸ ਮੌਕੇ ਸੰਗਤਾਂ ਨੂੰ ਨਾਮ ਸਿਮਰਨ ਦਾ ਜਾਪ ਕਰਵਾਇਆ | ਸੰਪਰਦਾਇ ਮਸਤੂਆਣਾ ਦੇ ਮੁਖੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸੱਚਖੰਡਵਾਸੀ ਬਾਬਾ ਛੋਟਾ ਸਿੰਘ ਵਲੋਂ ਸਿੱਖੀ ਪ੍ਰਚਾਰ ਪ੍ਰਸਾਰ 'ਚ ਨਿਭਾਈ ਭੂਮਿਕਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬੁੰਗਾ ਮਸਤੂਆਣਾ ਦੇ ਸਮੂਹ ਵਿਦਿਆਰਥੀ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਅੱਗੇ ਵਧਦੇ ਰਹਿਣਗੇ | ਗੁ: ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਨੇ ਬਾਬਾ ਛੋਟਾ ਸਿੰਘ ਵਲੋਂ ਗੁ: ਬੁੰਗਾ ਮਸਤੂਆਣਾ ਦੇ ਵਿਕਾਸ ਅਤੇ ਧਾਰਮਿਕ ਮਹਾਂਵਿਦਿਆਲਾ ਦੇ ਪ੍ਰਸਾਰ ਲਈ ਕੀਤੇ ਯਤਨਾਂ ਨੂੰ ਸ਼ਲਾਘਾਯੋਗ ਦੱਸਿਆ | ਉਨ੍ਹਾਂ ਨੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਸਮੇਤ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਬੁੰਗਾ ਮਸਤੂਆਣਾ ਪ੍ਰਬੰਧਕਾਂ ਵਲੋਂ ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਉ ਦੀ ਬਖਸ਼ਿਸ ਵੀ ਕੀਤੀ ਗਈ | ਇਸ ਮੌਕੇ ਭਾਈ ਸੰਤ ਸਿੰਘ ਸਕੱਤਰ, ਬਾਬਾ ਨਰਾਇਣ ਸਿੰਘ, ਬਾਬਾ ਚੰਦ ਸਿੰਘ ਤੋਂ ਇਲਾਵਾ ਭਾਈ ਬਲਜੀਤ ਸਿੰਘ ਨੰਗਲਾ ਸੇਵਾਮੁਕਤ ਏ.ਈ.ਈ ਪਾਵਰਕਾਮ, ਅਕਾਲੀ ਆਗੂ ਠਾਣਾ ਸਿੰਘ ਚੱਠਾ ਤੇ ਹੋਰ ਮੁਹਤਬਰ ਮੌਜੂਦ ਸਨ |