ਬਰਨਾਲਾ, 30 ਜੂਨ (ਅਸ਼ੋਕ ਭਾਰਤੀ)-ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਯਾਦ ਪੱਤਰ ਭੇਜੇ ਗਏ । ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਗੁਰਪ੍ਰੀਤ ਰੂੜੇਕੇ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਸਾਥੀ ਜਗਰਾਜ ਸਿੰਘ ਟੱਲੇਵਾਲ, ਜਗਤਾਰ ਸਿੰਘ ਟੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ’ਚ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਮੀਟਿੰਗ ਤੱਕ ਨਹੀਂ ਦਿੱਤੀ । ਦੂਜੇ ਪਾਸੇ ਸਟੇਜਾਂ ’ਤੇ ਲੋਕ ਕਵੀ ਸੰਤ ਉਦਾਸੀ ਦੇ ਗੀਤ ਗਾਉਂਦਾ ਹੈ ਕਿ ‘ਤੂੰ ਮਘਦਾ ਰਹੀਂ ਵੇ ਸੂਰਜਾਂ, ਕੰਮੀਆਂ ਦੇ ਵਿਹੜੇ’। ਲੋਕਾਂ ਨੂੰ ਸਿਰਫ਼ ਚੁਟਕਲੇ ਸੁਣਾ ਕੇ ਡੰਗ ਟਪਾਇਆ ਹੈ। ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਵਲੋਂ ਮਜ਼ਦੂਰ ਮੰਗਾਂ ਸਬੰਧੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਵੇਂ ਕਿ ਮਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣਾ, ਮਹਿੰਗਾਈ ਮੁਤਾਬਿਕ 700 ਰੁਪਏ ਦਿਹਾੜੀ ਕਰਵਾਉਣਾ, ਬੁਢਾਪੇ ਤੇ ਵਿਧਵਾ ਪੈਨਸ਼ਨ 5000 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈਣ ਲਈ, 10-10 ਮਰਲਿਆਂ ਦੇ ਪਲਾਂਟ ਲੈਣ ਲਈ, ਤੀਜੇ ਹਿੱਸੇ ਦੀ ਜ਼ਮੀਨ ਲੈਣ ਲਈ,ਚੋਣ ਵਾਅਦੇ ਮੁਤਾਬਿਕ ਹਰ ਔਰਤ ਨੂੰ 1000 ਤੇ 1500 ਰੁਪਏ ਦਾ ਪਿਛਲਾ ਸਾਰਾ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਵਾਉਣ ਲਈ ਆਦਿ ਮੰਗਾਂ ਸਬੰਧੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਆਗੂਆਂ ਨੇ ਅੱਜ ਯਾਦ ਪੱਤਰਾਂ ਰਾਹੀਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜ਼ਦੂਰ ਜਮਾਤ ਨੂੰ ਇਸੇ ਤਰ੍ਹਾਂ ਅਣਗੋਲਿਆਂ ਕੀਤਾ ਤਾਂ ਇਸ ਦੇ ਨਤੀਜੇ ਸਰਕਾਰ ਲਈ ਬਹੁਤ ਮਾੜੇ ਹੋਣਗੇ।