ਇਨਸਾਨ ਦੀ ਜ਼ਿੰਦਗੀ 'ਚ ਉਸ ਦਾ ਕਿਰਦਾਰ ਉਹ ਪੁੰਜੀ ਹੈ ਜੋ ਬਿਨਾਂ ਬੋਲਿਆਂ ਵੀ ਬਹੁਤ ਕੁਝ ਕਹਿ ਜਾਂਦਾ ਹੈ। ਅਸੀਂ ਅਕਸਰ ਵੇਖਦੇ ਹਾਂ ਕਿ ਲੋਕ ਹਰ ਛੋਟੀ-ਛੋਟੀ ਗੱਲ ਲਈ ਵੀ ਆਪਣੇ-ਆਪ ਨੂੰ ਸਹੀ ਸਾਬਤ ਕਰਨ ਵਿਚ ਲੱਗੇ ਰਹਿੰਦੇ ਹਨ, ਕਦੇ ਕਿਸੇ ਨੂੰ ਦਿਲਾਸਾ, ਕਦੇ ਕਿਸੇ ਨੂੰ ਸਪੱਸ਼ਟੀਕਰਨ, ਕਦੇ ਕਿਸੇ ਨੂੰ ਜਵਾਬ। ਪਰ ਸੱਚ ਇਹ ਹੈ ਕਿ ਜਿਸ ਮਨੁੱਖ ਦਾ ਕਿਰਦਾਰ ਮਜ਼ਬੂਤ, ਪਾਕ ਅਤੇ ਪਾਰਦਰਸ਼ੀ ਹੁੰਦਾ ਹੈ, ਉਸ ਨੂੰ ਕਿਸੇ ਅੱਗੇ ਸਫ਼ਾਈ ਦੇਣ ਦੀ ਲੋੜ ਨਹੀਂ ਪੈਂਦੀ। ਉਸ ਦੀ ਚੁੱਪ, ਉਸ ਦਾ ਵਰਤਾਰਾ ਅਤੇ ਉਸ ਦਾ ਜੀਵਨ-ਚਰਿੱਤਰ ਹੀ ਉਸ ਦੀ ਬੋਲਦੀ ਹੋਈ ਤਸਵੀਰ ਬਣ ਜਾਂਦਾ ਹੈ।
ਕਿਰਦਾਰ ਉਹ ਰੁਤਬਾ ਹੈ, ਜੋ ਸਾਡੀ ਮੌਜੂਦਗੀ ਦੇ ਨਾਲ-ਨਾਲ ਗ਼ੈਰ-ਮੌਜੂਦਗੀ 'ਚ ਵੀ ਸਾਡੀ ਇੱਜ਼ਤ ਬਣਾਉਂਦਾ ਹੈ। ਇਹ ਸਾਡੇ ਨੇਕ ਕਰਮਾਂ, ਬੋਲਾਂ ਅਤੇ ਸੋਚਾਂ 'ਤੇ ਅਧਾਰਿਤ ਹੁੰਦਾ ਹੈ। ਜੇ ਮਨੁੱਖ ਦੀ ਨੀਅਤ ਸਾਫ਼ ਹੋਵੇ, ਬੋਲੀ ਮਿੱਠੀ ਹੋਵੇ, ਮਨੁੱਖਤਾ ਨਾਲ ਪਿਆਰ ਹੋਵੇ ਅਤੇ ਸੱਚਾਈ ਉਸ ਦੀ ਰੂਹ ਦਾ ਹਿੱਸਾ ਹੋਵੇ ਤਾਂ ਫਿਰ ਲੋਕ ਉਸ ਦੇ ਬਾਰੇ ਬਿਨਾਂ ਪੁੱਛੇ ਹੀ ਚੰਗਾ ਸੋਚਣ ਲੱਗ ਜਾਂਦੇ ਹਨ।
ਇਹ ਜ਼ਰੂਰੀ ਨਹੀਂ ਕਿ ਮਨੁੱਖ ਆਪਣੀ ਹਰੇਕ ਗੱਲ ਦਾ ਜਵਾਬ ਦੇਵੇ, ਉਸ ਦਾ ਅਸਲ ਕਿਰਦਾਰ ਹੀ ਉਸ ਦਾ ਜਵਾਬ ਬਣਦਾ। ਜਦੋਂ ਕਿਸੇ ਦਾ ਕਿਰਦਾਰ ਮਜ਼ਬੂਤ ਹੁੰਦਾ ਹੈ, ਤਾਂ ਉਹ ਗਲਤ ਫ਼ਹਿਮੀਆਂ, ਦੋਸ਼ ਜਾਂ ਚੁਗਲੀਆਂ ਦੇ ਘੇਰੇ 'ਚ ਨਹੀਂ ਆਉਂਦਾ। ਲੋਕ ਉਸ ਨੂੰ ਸਮਝਦੇ ਹਨ, ਭਰੋਸਾ ਕਰਦੇ ਹਨ ਅਤੇ ਜਾਣਦੇ ਹਨ ਕਿ ਇਹ ਜੋ ਵੀ ਕਰੇਗਾ ਉਹ ਸਹੀ ਹੀ ਹੋਵੇਗਾ। ਇਸ ਤਰ੍ਹਾਂ ਦਾ ਵਿਅਕਤੀ ਬਿਨਾਂ ਬੋਲਿਆਂ ਹੀ ਸਭ ਦੇ ਦਿਲ ਜਿੱਤ ਲੈਂਦਾ ਹੈ।
ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਦੁਨੀਆ ਵਿਚ ਹਰ ਕਿਸੇ ਨੂੰ ਖੁਸ਼ ਕਰਨਾ ਸੰਭਵ ਨਹੀਂ। ਜੇ ਮਨੁੱਖ ਹਰ ਕਿਸੇ ਦੀ ਸੋਚ ਦਾ ਬੋਝ ਲੈਣਾ ਸ਼ੁਰੂ ਕਰ ਦੇਵੇ ਤਾਂ ਉਹ ਕਦੇ ਸੁਖੀ ਨਹੀਂ ਰਹਿ ਸਕਦਾ। ਇਸ ਲਈ ਕਿਰਦਾਰ ਐਨਾ ਉੱਚਾ ਹੋਵੇ ਕਿ ਮਨੁੱਖ ਆਪਣੇ-ਆਪ ਨੂੰ ਜਾਣੇ, ਆਪਣੀਆਂ ਨੀਅਤਾਂ ਨੂੰ ਪਛਾਣੇ ਅਤੇ ਲੋਕਾਂ ਦੀ ਫ਼ਜ਼ੂਲ ਰਾਇ ਤੋਂ ਬੇਪਰਵਾਹ ਰਹੇ। ਜਿਹੜਾ ਮਨੁੱਖ ਅਸਲ ਵਿਚ ਖੁਦ ਸੱਚਾ ਹੁੰਦਾ ਹੈ, ਉਹ ਹੋਰਾਂ ਦੀਆਂ ਗੱਲਾਂ 'ਚ ਨਹੀਂ ਆਉਂਦਾ।
ਸਹੀ ਮਾਇਨੇ 'ਚ ਕਿਰਦਾਰ ਉਹ ਦੌਲਤ ਹੈ ਜੋ ਮਨੁੱਖ ਨੂੰ ਜ਼ਿੰਦਗੀ ਦੇ ਹਰ ਮੋੜ 'ਤੇ ਸਹਾਰਾ ਦਿੰਦੀ ਹੈ। ਰੱਬੀ ਬਖ਼ਸ਼ਿਸ਼ਾਂ, ਅਨੇਕਾਂ ਸਫਲਤਾਵਾਂ ਅਤੇ ਸਮਾਜ ਵਿਚ ਇੱਜ਼ਤ ਉਨ੍ਹਾਂ ਦੇ ਹੀ ਦਰਵਾਜ਼ੇ ਖੜਕਾਉਂਦੀ ਹੈ ਜਿਹੜੇ ਦਿਲੋਂ ਸੱਚੇ ਅਤੇ ਕਰਮਾਂ ਨਾਲ ਪਵਿੱਤਰ ਹੁੰਦੇ ਹਨ। ਇਸ ਲਈ ਚਾਹੇ ਦੁਨੀਆ ਕੁਝ ਵੀ ਕਹੇ, ਆਪਣਾ ਕਿਰਦਾਰ ਐਨਾ ਮਜ਼ਬੂਤ ਬਣਾਓ ਕਿ ਸਫ਼ਾਈਆਂ ਦੀ ਲੋੜ ਆਪਣੇ-ਆਪ ਹੀ ਮੁੱਕ ਜਾਵੇ।
-ਕੇ.ਐਮ.ਵੀ. ਕਾਲਜੀਏਟ, ਸੀਨੀਅਰ ਸੈਕੰਡਰੀ ਸਕੂਲ, ਜਲੰਧਰ।