ਫੁੱਲਾਂ ਨੂੰ ਸਾਰੇ ਪਸੰਦ ਕਰਦੇ ਹਨ। ਖ਼ਾਸ ਮੌਕਿਆਂ, ਤਿਉਹਾਰਾਂ ਆਦਿ 'ਤੇ ਘਰ ਨੂੰ ਸਜਾਉਣ ਲਈ ਫੁੱਲਾਂ ਦਾ ਇਸਤੇਮਾਲ ਕੀਤਾ ਹੀ ਜਾਂਦਾ ਹੈ। ਜੇਕਰ ਰੁਟੀਨ ਵਿਚ ਵੀ ਘਰ ਨੂੰ ਫੁੱਲਾਂ ਨਾਲ ਸਜਾਇਆ ਜਾਵੇ ਤਾਂ ਕਦੇ ਵੀ ਘਰ ਬੋਰਿੰਗ ਨਹੀਂ ਲੱਗੇਗਾ, ਸਗੋਂ ਹੋਰ ਵਧੀਆ ਹੋ ਜਾਵੇਗਾ, ਕਿਉਂਕਿ ਫੁੱਲ ਹੁੰਦੇ ਹੀ ਆਕਰਸ਼ਣ ਦਾ ਕੇਂਦਰ ਹਨ। ਘਰ ਨੂੰ ਸਜਾਉਣਾ ਹੀ ਨਹੀਂ, ਸਗੋਂ ਕਿਸੇ ਨੂੰ ਵੀ ਉਪਹਾਰ ਦੇਣਾ ਹੋਵੇ ਤਾਂ ਉਸ ਵਿਚ ਵੀ ਫੁੱਲਾਂ ਦੀ ਜ਼ਰੂਰਤ ਪੈਂਦੀ ਹੈ, ਤਾਂ ਹੀ ਤੁਹਾਡੇ ਗਿਫ਼ਟ ਵਿਚ ਚਾਰ-ਚੰਨ ਲੱਗਣਗੇ। ਫੁੱਲ ਜੇਕਰ ਉਪਹਾਰ ਵਿਚ ਦਿੱਤਾ ਜਾਵੇ ਤਾਂ ਉਹ ਤੁਹਾਡੇ ਦਿਲ ਦੀ ਗੱਲ ਬਿਆਨ ਕਰਦਾ ਹੈ। ਜੋ ਤੁਹਾਡੀ ਜ਼ੁਬਾਨ ਨਹੀਂ ਕਹਿ ਸਕਦੇ, ਤੁਸੀਂ ਉਹ ਫੁੱਲਾਂ ਰਾਹੀਂ ਕਹਿ ਸਕਦੇ ਹੋ। ਅਸਲੀਂ ਫੁੱਲਾਂ ਦਾ ਬਦਲ ਹੈ ਬਨਾਉਟੀ ਫੁੱਲ। ਘਰ ਸਜਾਉਣ ਲਈ ਅਸਲੀ ਫੁੱਲਾਂ ਦੀ ਜਗ੍ਹਾ ਬਨਾਉਟੀ ਫੁੱਲਾਂ ਦਾ ਇਸਤੇਮਾਲ ਵਧੇਰੇ ਫਾਇਦੇਮੰਦ ਰਹੇਗਾ। ਇਕ ਤਾਂ ਇਹ ਜ਼ਿਆਦਾ ਮਹਿੰਗੇ ਨਹੀਂ ਪੈਣਗੇ, ਦੂਜੇ ਇਹ ਬਹੁਤ ਦਿਨਾਂ ਤੱਕ ਚੱਲਣਗੇ ਤੇ ਜਲਦੀ ਖਰਾਬ ਵੀ ਨਹੀਂ ਹੋਣਗੇ। ਨਾ ਹੀ ਇਨ੍ਹਾਂ ਨੂੰ ਪਾਣੀ ਦੇਣ ਦੀ ਜ਼ਰੂਰਤ ਹੈ। ਇਨ੍ਹਾਂ ਨੂੰ ਘਰ ਦੇ ਕਿਸੇ ਵੀ ਕੋਨੇ ਵਿਚ ਸਜਾਇਆ ਜਾ ਸਕਦਾ ਹੈ। ਬਨਾਉਟੀ ਫੁੱਲ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਵਿਚ ਮਿਲਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਮੈਟੀਰੀਅਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਹਿਲਾਂ ਤਾਂ ਸਿਰਫ਼ ਆਰਗੰਡੀ ਦੇ ਕੱਪੜਿਆਂ ਨਾਲ ਹੀ ਬਨਾਉਟੀ ਫੁੱਲ ਬਣਾਏ ਜਾਂਦੇ ਸਨ, ਪਰ ਅੱਜਕਲ੍ਹ ਇਨ੍ਹਾਂ ਨੂੰ ਬਣਾਉਣ ਲਈ ਸਿਲਕ, ਫੇਬਰਿਕ, ਰਾਇਸ ਪੇਪਰ, ਪਲਾਸਟਿਕ, ਗਲਾਸ ਆਦਿ ਮੈਟੀਰੀਅਲ ਦਾ ਇਸਤੇਮਾਲ ਹੁੰਦਾ ਹੈ। ਰੁੱਖੇ ਫੁੱਲ ਵੀ ਪ੍ਰਚਲਿਤ ਹਨ। ਇਨ੍ਹਾਂ ਦੀ ਖੂਬਸੂਰਤ ਜਿਹੀ ਕਟਿੰਗ ਕਰਕੇ ਇਨ੍ਹਾਂ 'ਤੇ ਪਾਲਿਸ਼ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਇਹ 6 ਮਹੀਨੇ ਤੱਕ ਖਰਾਬ ਨਹੀਂ ਹੁੰਦੇ। ਇਹ ਦੇਖਣ ਵਿਚ ਸੋਹਣੇ ਤਾਂ ਲੱਗਦੇ ਹੀ ਹਨ ਅਤੇ ਅਸਲੀ ਫੁੱਲਾਂ ਦੀ ਹੀ ਤਰ੍ਹਾਂ ਲੱਗਦੇ ਹਨ। ਪਹਿਲਾਂ ਬਨਾਉਟੀ ਫੁੱਲਾਂ ਨੂੰ ਵਿਗਿਆਨਿਕ ਪ੍ਰਯੋਗਾਂ ਲਈ ਬਣਾਇਆ ਜਾਂਦਾ ਸੀ ਪਰ ਹੌਲੀ-ਹੌਲੀ ਇਹ ਘਰਾਂ ਦੀ ਸਜਾਵਟ ਲਈ ਇਸਤੇਮਾਲ ਹੋਣ ਲੱਗ ਗਿਆ। ਬਨਾਉਟੀ ਫੁੱਲਾਂ ਵਿਚ ਗੁਲਾਬ ਸਭ ਤੋਂ ਵਧੇਰੇ ਪਸੰਦ ਕੀਤੇ ਜਾਂਦੇ ਹਨ। ਇਹ ਵੱਖ-ਵੱਖ ਰੰਗਾਂ ਵਿਚ ਮਿਲਦੇ ਹਨ ਪਰ ਦੂਜੇ ਫੁੱਲ ਵੀ ਬਹੁਤ ਪਸੰਦ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਲਿਲੀ, ਗੁਲਦਾਉਦੀ, ਡੇਜੀ, ਆਰਚਿਡ, ਸੂਰਜਮੁਖੀ ਆਦਿ ਹੁੰਦੇ ਹਨ ਅਤੇ ਸਾਰੇ ਰੰਗਾਂ ਵਿਚ ਇਹ ਫੁੱਲ ਬਾਜ਼ਾਰ ਵਿਚ ਉਪਲਬਧ ਹਨ ਅਤੇ ਸਾਰੇ ਫੁੱਲ ਦੇਖਣ ਵਿਚ ਬਹੁਤ ਸੋਹਣੇ ਲੱਗਦੇ ਹਨ। ਬਿਲਕੁਲ ਅਸਲੀ ਲਗਦੇ ਹਨ। ਇਨ੍ਹਾਂ ਦੀ ਦੇਖਰੇਖ ਕਰਨਾ ਵੀ ਮੁਸ਼ਕਿਲ ਨਹੀਂ ਹੈ। ਇਹ ਘਰ ਦੇ ਕਿਸੇ ਵੀ ਕੋਨੇ ਵਿਚ ਸਜਾਏ ਜਾ ਸਕਦੇ ਹਨ। ਇਨ੍ਹਾਂ ਵਿਚ ਸਿਰਫ਼ ਖ਼ੁਸ਼ਬੂ ਦੀ ਕਮੀ ਹੁੰਦੀ ਹੈ, ਨਹੀਂ ਤਾਂ ਇਹ ਬਿਲਕੁਲ ਅਸਲੀ ਫੁੱਲਾਂ ਦੀ ਤਰ੍ਹਾਂ ਹੀ ਸੁੰਦਰ ਲੱਗਦੇ ਹਨ। ਇਨ੍ਹਾਂ ਨੂੰ ਪਾਣੀ ਨਾਲ ਧੋ ਦੇਣ 'ਤੇ ਇਹ ਫਿਰ ਤੋਂ ਖੂਬਸੂਰਤ ਦਿਖਣ ਲੱਗ ਜਾਂਦੇ ਹਨ। ਬੈਡਰੂਮ ਹੋਵੇ ਜਾਂ ਡਰਾਇੰਗਰੂਮ, ਕਿਤੇ ਵੀ ਇਹ ਫੁੱਲ ਆਪਣੀ ਸੁੰਦਰਤਾ ਬਿਖੇਰ ਸਕਦੇ ਹਨ। ਬੈੱਡਰੂਮ ਵਿਚ ਮਿਊਜ਼ੀਕਲ ਗੁਲਾਬ ਸਜਾ ਸਕਦੇ ਹੋ। ਇਸ ਵਿਚ ਬੈੱਡਰੂਮ ਦੀ ਅਲੱਗ ਹੀ ਦਿਖ ਹੋ ਜਾਵੇਗੀ। ਡ੍ਰਾਇੰਗਰੂਮ ਦੀਆਂ ਤਾਕੀਆਂ 'ਤੇ ਮਨੀਪਲਾਂਟ ਦੀ ਵੇਲ ਨਾਲ ਵੱਖਰੀ ਹੀ ਲੁਕ ਆਵੇਗੀ। ਸੈਂਟਰ ਟੇਬਲ 'ਤੇ ਛੋਟੇ ਗੁਲਦਸਤਿਆਂ ਵਿਚ ਕੁਝ ਛੋਟੇ-ਛੋਟੇ ਗੁਲਾਬ ਰੱਖ ਦਿਓ। ਸੋਹਣਾ ਲੱਗੇਗਾ। ਛੋਟੇ ਲਕੜੀ ਦੇ ਬੇਸ 'ਤੇ ਫੁੱਲਾਂ ਨੂੰ ਡਾਈਨਿੰਗ ਟੇਬਲ 'ਤੇ ਸਜਾਉਣ ਨਾਲ ਕੁਝ ਵੱਖਰਾ ਹੀ ਲਗੇਗਾ।
ਬਨਾਉਟੀ ਫੁੱਲਾਂ ਨਾਲ ਸਜਾਓ ਘਰ
ਅਜੀਤ ਡੈਸਕ
29-01-2026