ਜਨਮ ਤੋਂ ਪਹਿਲੇ ਤਿੰਨ ਮਹੀਨਿਆਂ ਵਿਚ ਨਵੇਂ ਜਨਮੇ ਬੱਚਿਆਂ ਦੇ ਬਾਹਰੀ ਰੋਗਾਂ ਨਾਲ ਲੜਨ ਦੀ ਤਾਕਤ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ ਅਤੇ ਹੌਲੀ-ਹੌਲੀ ਉਨ੍ਹਾਂ ਦੀ ਰੋਗ-ਪ੍ਰਤੀਰੋਧੀ ਸ਼ਕਤੀ ਪ੍ਰਣਾਲੀ ਵਿਕਸਿਤ ਹੋ ਜਾਂਦੀ ਹੈ।
ਜਦੋਂ ਤੱਕ ਬੱਚੇ ਨੂੰ ਪਹਿਲਾ ਟੀਕਾ ਨਹੀਂ ਲਗਦਾ, ਉਦੋਂ ਤੱਕ ਉਸ ਨੂੰ ਬਾਹਰੀ ਇੰਫੈਕਸ਼ਨ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਘਰ ਦੇ ਹਰ ਮੈਂਬਰ ਲਈ ਜ਼ਰੂਰੀ ਹੈ ਕਿ ਉਹ ਬੱਚੇ ਦੇ ਜ਼ਿਆਦਾ ਨੇੜੇ ਨਾ ਰਹੇ। ਬੱਚੇ ਨੂੰ ਵੀ ਘਰ ਤੋਂ ਬਾਹਰ ਲੈ ਕੇ ਨਹੀਂ ਜਾਣਾ ਚਾਹੀਦਾ। ਪਹਿਲੇ ਦੋ ਮਹੀਨਿਆਂ ਵਿਚ ਉਸ ਨੂੰ ਠੰਢ ਅਤੇ ਸਰਦੀ ਜ਼ੁਕਾਮ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਘਰ ਵਿਚ ਜੇਕਰ ਕਿਸੇ ਨੂੰ ਸਰਦੀ, ਜ਼ੁਕਾਮ ਦੀ ਸਮੱਸਿਆ ਹੁੰਦੀ ਹੈ ਤਾਂ ਉਸ ਨੂੰ ਬੱਚੇ ਤੋਂ ਥੋੜ੍ਹਾ ਦੂਰ ਰਹਿਣਾ ਚਾਹੀਦਾ ਹੈ। ਜੇਕਰ ਬੱਚੇ ਨੂੰ ਚੁੱਕਣਾ ਹੀ ਹੈ ਤਾਂ ਕਰੀਅਰ ਵਿਚ ਲੈ ਕੇ ਰੱਖੋ। ਅਜਨਬੀ ਅਤੇ ਬਾਹਰੀ ਲੋਕਾਂ ਵਲੋਂ ਬੱਚੇ ਦੇ ਹੱਥਾਂ ਅਤੇ ਚਿਹਰੇ ਨੂੰ ਨਹੀਂ ਛੂਹਣਾ ਚਾਹੀਦਾ। ਬੱਚੇ ਨੂੰ ਹਰ ਸਮੇਂ ਢਕ ਕੇ ਰੱਖੋ। ਜੇਕਰ ਘਰ ਵਿਚ ਕਿਸੇ ਨੂੰ ਬੁਖਾਰ ਹੈ ਤਾਂ ਉਸ ਨੂੰ ਬੱਚੇ ਦੇ ਸੰਪਰਕ ਵਿਚ ਨਹੀਂ ਰਹਿਣਾ ਚਾਹੀਦਾ, ਕਿਉਂਕਿ ਉਸ ਨੂੰ ਇੰਫੈਕਸ਼ਨ ਛੇਤੀ ਹੋ ਸਕਦੀ ਹੈ।
ਮਾਂ ਨੂੰ ਚਾਹੀਦਾ ਹੈ ਕਿ ਖਾਣਾ ਖਾਣ, ਬਾਥਰੂਮ ਜਾਣ ਜਾਂ ਡਾਈਪਰ ਬਦਲਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੇ, ਕਿਉਂਕਿ ਵੱਡਿਆਂ ਦੇ ਮਲ ਵਿਚ ਬੈਕਟੀਰੀਆ ਹੁੰਦੇ ਹਨ, ਇਸ ਲਈ ਹੱਥਾਂ ਦੀ ਸਾਫ਼-ਸਫ਼ਾਈ ਰੱਖਣੀ ਜ਼ਰੂਰੀ ਹੈ। ਬਾਹਰੋਂ ਆਉਣ ਵਾਲੇ ਵਿਅਕਤੀ ਨੂੰ ਸੈਨੇਟਾਈਜ਼ਰ ਦੀ ਵਰਤੋਂ ਕਰਨ ਤੋਂ ਬਾਅਦ ਹੀ ਉਸ ਨੂੰ ਛੂਹਣ ਦੀ ਇਜਾਜ਼ਤ ਦਿਓ। ਮਾਂ ਦਾ ਦੁੱਧ ਪਿਆਉਣਾ ਹੀ ਇਕ ਇਸ ਤਰ੍ਹਾਂ ਦਾ ਜ਼ਰੀਆ ਹੈ, ਜਿਸ ਨਾਲ ਸਰਦੀ ਦੇ ਮੌਸਮ ਵਿਚ ਬੱਚੇ ਨੂੰ ਪੇਟ ਸੰਬੰਧੀ ਬਿਮਾਰੀਆਂ ਹੋਣ ਤੋਂ ਬਚਾਅ ਸਕਦੇ ਹਾਂ। ਜੇਕਰ ਬੱਚੇ ਨੂੰ ਡਾਕਟਰ ਦੇ ਕੋਲ ਲੈ ਜਾਣ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਨੂੰ ਜ਼ਿਆਦਾ ਭੀੜ-ਭਾੜ ਵਾਲੀ ਥਾਂ 'ਤੇ ਨਾ ਰੱਖੋ, ਕਿਉਂਕਿ ਕਲੀਨਿਕ ਵਿਚ ਬਿਮਾਰ ਵਿਅਕਤੀਆਂ ਤੋਂ ਵੀ ਬੱਚੇ ਨੂੰ ਇੰਫੈਕਸ਼ਨ ਹੋ ਸਕਦਾ ਹੈ। ਜੇਕਰ ਤੁਹਾਡਾ ਬੱਚਾ ਵਾਰ-ਵਾਰ ਜਾਗ ਜਾਂਦਾ ਹੈ, ਇਸ ਤਰ੍ਹਾਂ ਹੋਵੇ ਤੇ ਮਾਂ ਲਈ ਆਪਣੀ ਨੀਂਦ ਪੂਰੀ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਜਿਵੇਂ ਹੀ ਸਮਾਂ ਮਿਲੇ, ਜਦੋਂ ਵੀ ਸੰਭਵ ਹੋਵੇ, ਨੀਂਦ ਲੈਣ ਦੀ ਕੋਸ਼ਿਸ਼ ਕਰੋ। ਆਪਣੇ ਭੋਜਨ ਦਾ ਖ਼ਾਸ ਧਿਆਨ ਰੱਖੋ। ਕਿਉਂਕਿ ਜੇਕਰ ਮਾਂ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਧੇਗੀ ਤਾਂ ਬੱਚੇ ਵੀ ਘੱਟ ਬਿਮਾਰ ਹੁੰਦੇ ਹਨ।
ਸਰਦੀ ਲੱਗਣ 'ਤੇ ਕੀ ਕਰੀਏ : ਜੇਕਰ ਬੱਚੇ ਨੂੰ ਸਰਦੀ, ਖੰਘ, ਜ਼ੁਕਾਮ ਹੋ ਜਾਵੇ ਤਾਂ ਉਸ ਨੂੰ ਤੁਰੰਤ ਕੋਈ ਵੀ ਦਵਾਈ ਨਾ ਦਿਓ। ਜੇਕਰ ਜ਼ਰੂਰੀ ਹੀ ਹੋਵੇ ਤਾਂ ਡਾਕਟਰ ਤੋਂ ਪੁੱਛ ਕੇ ਦਿਓ, ਕਿਉਂਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਰਦੀ, ਜ਼ੁਕਾਮ ਦੀ ਦਵਾਈ ਜਾਂ ਨੱਕ ਬੰਦ ਹੋਣ ਦੀਆਂ ਦਵਾਈਆਂ ਆਮ ਤੌਰ 'ਤੇ ਦੇਣ ਦੀ ਸਲਾਹ ਡਾਕਟਰ ਨਹੀਂ ਦਿੰਦੇ। ਬੱਚੇ ਨੂੰ ਹਾਈਡ੍ਰੇਟ ਰੱਖੋ। ਜ਼ਿਆਦਾ ਠੰਢ ਦੇ ਦਿਨਾਂ ਵਿਚ ਉਸ ਨੂੰ ਜ਼ਿਆਦਾ ਹੀਟਰ ਦੀ ਗਰਮੀ ਵਿਚ ਨਾ ਰੱਖੋ।
ਜੇਕਰ ਬੱਚਾ ਜ਼ਿਆਦਾ ਸੁਸਤ ਹੈ ਅਤੇ ਲਗਾਤਾਰ ਸੌਂਦਾ ਰਹਿੰਦਾ ਹੈ, ਦੁੱਧ ਨਹੀਂ ਪੀ ਰਿਹਾ ਹੈ, ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਹੈ, ਉਹ ਬੋਤਲ ਤੋਂ ਦੁੱਧ ਨਹੀਂ ਲੈ ਰਿਹਾ, ਉਸ ਨੂੰ ਵਾਰ-ਵਾਰ ਖੰਘ ਆ ਰਹੀ ਹੈ ਜਾਂ ਉਸ ਨੂੰ ਬੁਖਾਰ ਹੈ, ਅੱਖਾਂ ਦੇ ਕੋਨਿਆਂ ਵਿਚ ਗਿੱਦ ਆਉਂਦੀ ਹੈ, ਇਸ ਤਰ੍ਹਾਂ ਹੋਵੇ ਤਾਂ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ ਜਾਂ ਘਰੇਲੂ ਉਪਾਅ ਨਾਲ ਵੀ ਉਸ ਨੂੰ ਸਰਦੀ ਲੱਗਣ ਤੋਂ ਬਚਾ ਸਕਦੇ ਹੋ। ਸੀਨੇ ਵਿਚ ਜੇਕਰ ਰੇਸ਼ਾ ਜੰਮਿਆ ਹੋਵੇ ਤਾਂ ਕਈ ਵਾਰ ਸਥਿਤੀ ਗੰਭੀਰ ਹੋ ਜਾਂਦੀ ਹੈ। ਇਸ ਲਈ ਉਸ ਨੂੰ ਗਰਮ ਹਵਾ ਦੇ ਸੰਪਰਕ ਵਿਚ ਰੱਖੋ ਤਾਂ ਕਿ ਉਸ ਦੀ ਨੱਕ ਵਗੇ ਅਤੇ ਗਲੇ ਵਿਚ ਜੰਮਿਆ ਬਲਗਮ ਢਿੱਲਾ ਹੋਵੇ। ਬੱਚੇ ਨੂੰ ਜ਼ਿਆਦਾ ਨੀਂਦ ਦੀ ਜ਼ਰੂਰਤ ਹੋਵੇ ਤਾਂ ਉਸ ਦੀ ਨੀਂਦ ਵਿਚ ਖਲਲ ਨਾ ਪਾਓ
-0-
ਸਰਦੀ ਦੇ ਮੌਸਮ ਵਿਚ ਨਵੇਂ ਜਨਮੇ ਬੱਚਿਆਂ ਦੀ ਸੰਭਾਲ
ਅਜੀਤ ਡੈਸਕ
29-01-2026