* ਸੁੰਦਰਤਾ ਦਾ ਸੰਬੰਧ ਰੰਗ ਨਾਲ ਹੀ ਕਿਉਂ ਹੋਣਾ ਚਾਹੀਦਾ ਹੈ? ਕੀ ਹੁਣ ਸੁੰਦਰਤਾ ਦੇ ਪੈਮਾਨੇ ਬਦਲਣ ਦਾ ਸਮਾਂ ਨਹੀਂ ਆ ਗਿਆ ਹੈ?
-ਮੈਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਚਮੜੀ ਦੀ ਸੁੰਦਰਤਾ ਚੰਗੀ ਸਿਹਤ 'ਤੇ ਹੀ ਨਿਰਭਰ ਕਰਦੀ ਹੈ ਨਾ ਕਿ ਚਮੜੀ ਦੀ ਰੰਗਤ 'ਤੇ। ਪਰ ਇਸ ਦੇ ਬਾਵਜੂਦ ਇਹ ਵੀ ਸੱਚ ਹੈ ਕਿ ਲੋਕਾਂ ਵਿਚ ਗੋਰੇ ਰੰਗ ਦੀ ਚਾਹਤ ਲਗਾਤਾਰ ਬਣੀ ਰਹਿੰਦੀ ਹੈ। ਮੈਂ ਸਾਂਵਲੀ ਚਮੜੀ ਦੇ ਮੇਕਅੱਪ ਅਤੇ 'ਗਰੂਮਿੰਗ' 'ਤੇ ਕਾਫ਼ੀ ਵਾਰ ਲਿਖਿਆ ਹੈ। ਜੇਕਰ ਤੁਸੀਂ ਸਿਹਤਮੰਦ ਅਤੇ ਚਮਕੀਲੀ ਚਮੜੀ ਰੱਖਦੇ ਹੋ ਤਾਂ ਚਮੜੀ ਦੀ ਰੰਗਤ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀ। ਸਾਂਵਲੇ ਰੰਗ ਦੀਆਂ ਔਰਤਾਂ ਗੋਰੀ ਚਮੜੀ ਦੀਆਂ ਔਰਤਾਂ ਦੇ ਬਰਾਬਰ ਜਾਂ ਕਈ ਵਾਰ ਜ਼ਿਆਦਾ ਸੁੰਦਰ ਅਤੇ ਆਕਰਸ਼ਕ ਦਿਸਦੀਆਂ ਹਨ। ਸਾਂਵਲਾ ਰੰਗ ਜ਼ਿਆਦਾ ਆਕਰਸ਼ਣ ਨੂੰ ਪ੍ਰਦਰਸ਼ਿਤ ਕਰਦਾ ਹੈ। ਜੇਕਰ ਤੁਸੀਂ ਆਪਣੀ ਸੁੰਦਰਤਾ ਵਿਚ ਮੇਕਅਪ ਅਤੇ ਰੰਗਾਂ ਦਾ ਸਹੀ ਮਿਸ਼ਰਣ ਅਪਣਾਉਂਦੇ ਹੋ ਤਾਂ ਚਮੜੀ ਦੀ ਰੰਗਤ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਭਾਰਤੀ ਸਮਾਜ ਵਿਚ ਸੁੰਦਰਤਾ ਨਾਪਣ ਦੇ ਪੈਮਾਨੇ ਵਿਚ ਬਦਲਾਅ ਲਿਆਉਣ ਦੀ ਅਤਿ ਜ਼ਰੂਰਤ ਹੈ ਅਤੇ ਇਸ ਦਿਸ਼ਾ ਵਿਚ ਸਹੀ ਕੋਸ਼ਿਸ਼ ਕਰਨ ਦਾ ਇਹ ਸਭ ਤੋਂ ਸਹੀ ਸਮਾਂ ਹੈ। ਮੇਰੇ ਵਿਚਾਰ ਅਨੁਸਾਰ ਗੋਰੀ ਰੰਗਤ ਦੇ ਲੋਕਾਂ ਨੂੰ ਜ਼ਿਆਦਾ ਉੱਤਮ ਅਤੇ ਕਾਮਯਾਬ ਦਿਖਾਏ ਜਾਣ ਵਾਲੇ ਇਸ਼ਤਿਹਾਰ ਬੰਦ ਕੀਤੇ ਜਾਣੇ ਚਾਹੀਦੇ ਹਨ।
* ਇਕ ਮਨ ਦੀ ਸੁੰਦਰਤਾ ਵੀ ਹੁੰਦੀ ਹੈ। ਇਸ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕਰੋਗੇ? ਇਹ ਸਭ ਤਰ੍ਹਾਂ ਦੀ ਸੁੰਦਰਤਾ ਤੋਂ ਕਿਸ ਤਰ੍ਹਾਂ ਉੱਪਰ ਹੈ?
-ਸੁੰਦਰਤਾ ਨੂੰ ਦਿਮਾਗ਼, ਸਰੀਰਕ ਅਤੇ ਅਧਿਆਤਮਿਕ ਰੂਪ ਨਾਲ ਦੇਖਿਆ ਜਾਣਾ ਚਾਹੀਦਾ ਹੈ ਅਤੇ ਮੈਂ ਇਸ ਨੂੰ 'ਅੰਦਰੂਨੀ ਸੁੰਦਰਤਾ' ਦੇ ਰੂਪ ਵਿਚ ਪ੍ਰੀਭਾਸ਼ਿਤ ਕਰਾਂਗੀ। ਸੁੰਦਰਤਾ ਕਦੀ ਵੀ ਅੰਦਰੂਨੀ ਸੁੰਦਰਤਾ ਦੇ ਬਿਨਾਂ ਪੂਰੀ ਤਰ੍ਹਾਂ ਨਹੀਂ ਹੋ ਸਕਦੀ। ਸਰੀਰ, ਮਨ ਅਤੇ ਆਤਮਾ ਦਾ ਸੁਰੀਲਾ ਮਿਸ਼ਰਨ ਹੀ ਸਾਡੀ ਹੋਂਦ ਨੂੰ ਸੰਪੂਰਨਤਾ ਪ੍ਰਦਾਨ ਕਰਦਾ ਹੈ। ਪ੍ਰਾਚੀਨ ਭਾਰਤੀ ਰਿਸ਼ੀਆਂ-ਮੁਨੀਆਂ ਨੇ ਅੰਦਰੂਨੀ ਆਤਮਾ ਜਾਂ ਮਨ ਦੀ ਪਛਾਣ ਲਈ ਯੋਗ, ਪ੍ਰਾਣਾਯਾਮ ਅਤੇ ਧਿਆਨ 'ਤੇ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਹੈ। ਜੇਕਰ ਤੁਸੀਂ ਪ੍ਰਾਣਾਯਾਮ ਤੋਂ ਬਾਅਦ ਯੋਗ ਅਤੇ ਧਿਆਨ ਦੀ ਪ੍ਰਕਿਰਿਆ ਅਪਣਾਉਂਦੇ ਹੋ ਤਾਂ ਇਸ ਨੂੰ ਅੱਜ ਦੀ ਆਧੁਨਿਕ ਜੀਵਨ ਸ਼ੈਲੀ ਵਿਚ ਸੌਖਿਆਂ ਹੀ ਜੋੜਿਆ ਜਾ ਸਕਦਾ ਹੈ। ਯੋਗ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਸਿਹਤ ਦੀ ਤੰਦਰੁਸਤੀ ਨੂੰ ਬਲ ਮਿਲਦਾ ਹੈ। ਧਿਆਨ ਨਾਲ ਮਨ ਨੂੰ ਸ਼ਾਂਤ ਕਰਨ ਵਿਚ ਪ੍ਰਭਾਵੀ ਮਦਦ ਮਿਲਦੀ ਹੈ। ਹਮੇਸ਼ਾ ਇਹ ਧਿਆਨ ਰੱਖੋ ਕਿ ਸ਼ਾਂਤ ਮਨ ਅਤੇ ਧੀਰਜ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੈ। ਤੁਸੀਂ ਤਾਂ ਮਹਿਜ਼ ਉਸ ਦੀ ਪਛਾਣ ਕਰਨੀ ਹੈ।
* ਜੋ ਗੋਰਾ ਨਹੀਂ, ਉਸ ਨੂੰ ਸਿਰਫ਼ ਦੂਜੇ ਹੀ ਬਦਸੂਰਤ ਨਹੀਂ ਮੰਨਦੇ, ਸਗੋਂ ਖ਼ੁਦ ਉਸ ਵਿਅਕਤੀ ਵਿਚ ਵੀ ਹੀਣ ਭਾਵਨਾ ਆ ਜਾਂਦੀ ਹੈ ਕਿ ਮੈਂ ਗੋਰਾ ਨਹੀਂ ਹਾਂ ਤਾਂ ਸੁੰਦਰ ਨਹੀਂ ਹਾਂ। ਇਹ ਭਾਵਨਾ ਕਿਵੇਂ ਦੂਰ ਹੋਵੇਗੀ?
-ਮੇਰਾ ਮੰਨਣਾ ਹੈ ਕਿ ਸਮਾਜ ਅਤੇ ਪਰਿਵਾਰ ਦਾ ਨਜ਼ਰੀਆ ਬਦਲਣਾ ਚਾਹੀਦਾ ਹੈ। ਗੋਰੀ ਰੰਗਤ ਨੂੰ ਕੋਈ ਵੀ ਮਹੱਤਵ ਨਹੀਂ ਦੇਣਾ ਚਾਹੀਦਾ ਅਤੇ ਗੋਰੀ ਅਤੇ ਸਾਂਵਲੀ ਚਮੜੀ 'ਚ ਮੁਕਾਬਲਾ ਜਾਂ ਸਮਾਨਤਾ ਕਰਨ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ। ਬੱਚਿਆਂ ਦੀ ਪ੍ਰਤਿਭਾ ਨੂੰ ਪਹਿਲ ਦਿੰਦੇ ਹੋਏ ਉਸ ਵਿਚ ਮੌਜੂਦ ਗੁਣਾਂ ਨੂੰ ਵਿਕਸਿਤ ਕੀਤਾ ਜਾਣਾ ਵੀ ਚਾਹੀਦਾ ਹੈ। ਕਿਸੇ ਵੀ ਆਦਮੀ ਵਿਚ ਸੰਗੀਤ, ਖੇਡਾਂ, ਪੇਂਟਿੰਗ, ਸਾਜ਼ ਵਜਾਉਣ ਦੀ ਕਲਾ ਨਾਲ ਉਸ ਵਿਚ ਆਤਮ-ਵਿਸ਼ਵਾਸ ਦਾ ਸੰਚਾਰ ਹੁੰਦਾ ਹੈ। ਆਤਮ-ਵਿਸ਼ਵਾਸ ਜੀਵਨ ਵਿਚ ਸਫਲਤਾ ਦੀ ਰਾਹ ਸੌਖੀ ਬਣਾ ਦਿੰਦਾ ਹੈ, ਜਿਸ ਨਾਲ ਚਮੜੀ ਦੀ ਰੰਗਤ ਆਪਣੀ ਅਹਿਮੀਅਤ ਗਵਾ ਦਿੰਦੀ ਹੈ। ਮਾਨਸਿਕ ਸੋਚ ਤੇ ਵਿਹਾਰ ਵਿਚ ਬਦਲਾਅ ਅਤਿਅੰਤ ਮਹੱਤਵਪੂਰਨ ਹੁੰਦੇ ਹਨ। ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਚਮੜੀ ਨੂੰ ਰੰਗਤ ਨੂੰ ਕਦੀ ਅਹਿਮੀਅਤ ਨਹੀਂ ਦੇਣੀ ਚਾਹੀਦੀ ਅਤੇ ਬੱਚਿਆਂ ਦੀ ਚਮੜੀ ਦੀ ਰੰਗਤ ਵਿਚ ਨਿਖਾਰ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਸਗੋਂ ਚਮੜੀ ਦੀ ਸਿਹਤ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਅਕਸਰ ਔਰਤਾਂ ਮੈਨੂੰ ਆਪਣੀਆਂ ਬੇਟੀਆਂ ਦੀ ਚਮੜੀ ਦੀ ਰੰਗਤ ਵਿਚ ਨਿਖਾਰ ਲਿਆਉਣ ਲਈ ਸੁੰਦਰਤਾ ਨੁਕਤਿਆਂ ਦੀ ਮੰਗ ਕਰਦੀਆਂ ਰਹਿੰਦੀਆਂ ਹਨ। ਜਦੋਂ ਮਾਤਾਵਾਂ ਦਾ ਹੀ ਇਹ ਦ੍ਰਿਸ਼ਟੀਕੋਣ ਹੋਵੇਗਾ ਤਾਂ ਕੁੜੀਆਂ ਵਿਚ ਹੀਣ-ਭਾਵਨਾ ਖ਼ੁਦ ਹੀ ਦਾਖਲ ਹੋ ਜਾਵੇਗੀ।
* ਸਾਂਵਲੀ ਚਮੜੀ ਪ੍ਰਤੀ ਇਕ ਧਾਰਨਾ ਦੀ ਸ਼ੁਰੂਆਤ ਅਕਸਰ ਘਰ ਤੋਂ ਹੁੰਦੀ ਹੈ, ਤਾਂ ਕੀ ਇਸ ਸੁਭਾਅ ਨੂੰ ਦੂਰ ਕਰਨ ਦੀ ਸ਼ੁਰੂਆਤ ਵੀ ਘਰ ਤੋਂ ਨਹੀਂ ਹੋਣੀ ਚਾਹੀਦੀ? ਕੀ ਇਸ ਦੇ ਅਗਲੇ ਕਦਮ ਦੇ ਤੌਰ 'ਤੇ ਨੈਤਿਕ ਸਿੱਖਿਆ ਵਿਚ ਇਸ ਚੀਜ਼ ਨੂੰ ਸ਼ਾਮਿਲ ਨਹੀਂ ਕਰਨਾ ਚਾਹੀਦਾ?
-ਮੈਂ ਪਹਿਲਾਂ ਵੀ ਕਿਹਾ ਹੈ ਕਿ ਸਮਾਜ, ਪਰਿਵਾਰ ਅਤੇ ਵਿਅਕਤੀਗਤ ਮਾਨਸਿਕ ਸੋਚ ਨੂੰ ਬਦਲਣ ਦੀ ਤੁਰੰਤ ਜ਼ਰੂਰਤ ਹੁੰਦੀ ਹੈ। ਮਾਤਾ-ਪਿਤਾ ਨੂੰ ਬੱਚਿਆਂ ਦੀ ਚਮੜੀ ਦੀ ਰੰਗਤ ਪ੍ਰਤੀ ਬਿਲਕੁਲ ਸੰਵੇਦਨਸ਼ੀਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਰੰਗਤ ਨਿਖਾਰਨ ਜਾ ਰਹੀਆਂ ਫੇਅਰਨੈੱਸ ਕ੍ਰੀਮ ਅਤੇ ਬਲੀਚ ਵਿਚ ਰਸਾਇਣਕ ਤੱਤ ਮੌਜੂਦ ਹੁੰਦੇ ਹਨ, ਜਿਨ੍ਹਾਂ ਨਾਲ ਚਮੜੀ ਨੂੰ ਸਥਾਈ ਰੂਪ ਵਿਚ ਨੁਕਸਾਨ ਹੋ ਸਕਦਾ ਹੈ। ਬੱਚਿਆਂ ਦੀ ਚਮੜੀ ਦੀ ਰੰਗਤ ਨਿਖਾਰਨ ਦੇ ਉਪਾਵਾਂ ਦੀ ਬਜਾਏ ਮਾਂ-ਬਾਪ ਨੂੰ ਬੱਚਿਆਂ ਦੀ ਸੁਰੱਖਿਆ, ਸਿਹਤ ਅਤੇ ਸ਼ਖ਼ਸੀਅਤ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
-੦-
ਸਮਾਜ, ਪਰਿਵਾਰ ਅਤੇ ਵਿਅਕਤੀਗਤ ਮਾਨਸਿਕ ਸੋਚ ਨੂੰ ਬਦਲਣ ਦੀ ਤੁਰੰਤ ਜ਼ਰੂਰਤ-ਸ਼ਹਿਨਾਜ਼ ਹੁਸੈਨ
ਅਜੀਤ ਡੈਸਕ
29-01-2026