ਬਹੁਤ ਵੱਡੀਆਂ ਕੁਰਬਾਨੀਆਂ ਦੀ ਚਰਚਾ ਇਤਿਹਾਸ ਵਿਚ ਹੁੰਦੀ ਹੈ ਪਰ ਪਲ ਪਲ ਕਰਕੇ ਆਪਣੀ ਸਾਰੀ ਜ਼ਿੰਦਗੀ ਨੂੰ ਦੂਜਿਆਂ ਦੀ ਦੇਖਭਾਲ ਨੂੰ ਸਮਰਪਿਤ ਕਰਨ ਵਾਲੀ ਔਰਤ ਦੀ ਕੁਰਬਾਨੀ ਨੂੰ ਨਾ ਕੇਵਲ ਇਤਿਹਾਸ ਵਿਚ ਬਲਕਿ ਸਮਾਜ ਅਤੇ ਆਪਣਿਆਂ ਵਿਚ ਵੀ ਉਸ ਦੀਆਂ ਹਰ ਰੋਜ਼ ਦੀਆਂ ਕੁਰਬਾਨੀਆਂ ਦਾ ਜ਼ਿਕਰ ਨਹੀਂ ਮਿਲਦਾ। ਉਸ ਦੀ ਖੁਸ਼ੀ, ਚਾਵਾਂ, ਰੀਝਾਂ ਅਤੇ ਇੱਛਾਵਾਂ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ, ਕਿਉਂਕਿ ਉਹ ਹਮੇਸ਼ਾ ਆਪਣੀ ਖੁਸ਼ੀ, ਚਾਵਾਂ, ਰੀਝਾਂ ਅਤੇ ਸੁਪਨਿਆਂ ਨੂੰ ਆਪਣੇ ਪਰਿਵਾਰ ਨਾਲ ਜੋੜ ਕੇ ਰੱਖਦੀ ਹੈ। ਆਪਣੀ ਪਾਠ, ਪੂਜਾ, ਭਗਤੀ, ਸਿਮਰਨ, ਪ੍ਰਾਰਥਨਾ, ਅਰਦਾਸ ਅਤੇ ਦੁਆਵਾਂ ਵਿਚ ਵੀ ਉਹ ਆਪਣੇ-ਆਪ ਬਾਰੇ ਕੁਝ ਨਹੀਂ ਮੰਗਦੀ। ਉਹ ਰਿਸ਼ਤਿਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਪੌਦਿਆਂ ਦੀ ਦੇਖਭਾਲ ਕਰਦਿਆਂ ਉਨ੍ਹਾਂ ਨੂੰ ਵੱਧਦੇ-ਫੁਲਦੇ ਵੇਖ ਕੇ ਖੁਸ਼ ਹੁੰਦੀ ਹੈ ਅਤੇ ਜਦੋਂ ਵੀ ਕਦੇ ਮੁਸ਼ਕਿਲਾਂ ਮੁਸੀਬਤਾਂ ਦੀ ਹਨੇਰੀ ਨਾਲ, ਦੁੱਖਾਂ, ਪੀੜਾਂ ਦੇ ਦਰਦਾਂ ਰੂਪੀ ਝੱਖੜਾਂ ਨਾਲ ਇਨ੍ਹਾਂ ਪੌਦਿਆਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਖ਼ੁਦ ਵੀ ਕੁਮਲਾ ਜਾਂਦੀ ਹੈ। ਉਸ ਦੀ ਜ਼ਿੰਦਗੀ ਵਿਚ ਕਦੇ ਵੀ ਛੁੱਟੀ ਨਹੀਂ ਹੁੰਦੀ। ਆਪਣੇ ਕੰਮਾਂ ਦੀ ਪੂਰਤੀ ਲਈ, ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਉਹ ਕੁਝ ਸਮੇਂ ਲਈ ਆਪਣੀ ਬਿਮਾਰੀ, ਆਪਣੇ ਦਰਦ ਅਤੇ ਪੀੜ ਨੂੰ ਕੁਝ ਸਮੇਂ ਲਈ ਮੁਅੱਤਲ ਕਰਨਾ ਚਾਹੁੰਦੀ ਹੈ ਪਰ ਅਜਿਹਾ ਕਰਦਿਆਂ-ਕਰਦਿਆਂ ਉਸ ਦੇ ਦਿਨ, ਹਫ਼ਤੇ, ਮਹੀਨੇ, ਸਾਲ ਅਤੇ ਉਮਰਾਂ ਲੰਘ ਜਾਂਦੀਆਂ ਹਨ, ਪਰ ਉਸ ਦੇ ਦਰਦ, ਪੀੜਾਂ ਅਤੇ ਦੂਜਿਆਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਦੀ ਪੰਡ ਕਦੇ ਹੌਲੀ ਨਹੀਂ ਹੁੰਦੀ।
ਆਪਣਿਆਂ ਦੇ ਨਾਲ-ਨਾਲ ਆਪਣੇ ਬਾਰੇ ਸੋਚਣਾ ਵੀ ਇਕ ਫ਼ਰਜ਼ ਅਤੇ ਜ਼ਿੰਮੇਵਾਰੀ ਹੈ। ਇਕ ਤੰਦਰੁਸਤ ਵਿਅਕਤੀ ਹੀ ਬਿਮਾਰ ਦੀ ਮਦਦ ਕਰ ਸਕਦਾ ਹੈ। ਆਪਣੇ ਸਰੀਰ ਬਾਰੇ, ਆਪਣੇ ਤਨ, ਮਨ ਅਤੇ ਧਨ ਬਾਰੇ, ਆਪਣੀ ਜ਼ਿੰਦਗੀ ਬਾਰੇ, ਆਪਣੇ ਸੁੱਖ, ਆਰਾਮ, ਸ਼ਾਂਤੀ ਬਾਰੇ ਸੋਚਣਾ ਕੋਈ ਸੁਆਰਥ ਨਹੀਂ ਹੈ। ਸੁਆਰਥ ਹਮੇਸ਼ਾ ਪੱਖਪਾਤੀ ਹੁੰਦਾ ਹੈ। ਔਰਤ ਦੀ ਜ਼ਿੰਦਗੀ ਦਾ ਜਿਹੜਾ ਪੱਖ ਸਭ ਤੋਂ ਵੱਧ ਮਜ਼ਬੂਤ ਹੁੰਦਾ ਹੈ। ਅਸਲ ਵਿਚ ਉਹੀ ਪੱਖ ਅਕਸਰ ਉਸ ਦੀ ਕਮਜ਼ੋਰੀ ਵੀ ਹੁੰਦਾ ਹੈ, ਜਿਵੇਂ ਕਿ ਉਸ ਦਾ ਭਾਵੁਕ ਜਾਂ ਜਜ਼ਬਾਤੀ ਹੋਣਾ ਇਸ ਵਿਚ ਕੋਮਲਤਾ ਵੀ ਹੈ ਅਤੇ ਕਮਜ਼ੋਰੀ ਵੀ। ਇਸ ਵਿਚ ਤਰਸ ਵੀ ਹੈ ਅਤੇ ਨਰਕ ਵੀ। ਇਸ ਵਿਚ ਦਾਨ ਅਤੇ ਦਿਆਲਤਾ ਵੀ ਹੈ ਅਤੇ ਪੱਖਪਾਤ ਵੀ। ਸਹੀ ਤਰੀਕੇ ਨਾਲ ਸਮਝਣ, ਵਰਤਣ ਅਤੇ ਇਸਤੇਮਾਲ ਕਰਨ ਨਾਲ ਇਹ ਪੱਖ ਜ਼ਿੰਦਗੀ ਨੂੰ ਖ਼ੂਬਸੂਰਤ, ਮਜ਼ਬੂਤ ਅਤੇ ਅਮੀਰ ਬਣਾਉਂਦੇ ਹਨ ਅਤੇ ਗ਼ਲਤ ਢੰਗ ਨਾਲ ਇਨ੍ਹਾਂ ਦੀ ਵਰਤੋਂ ਸਭ ਤੋਂ ਵੱਡੀ ਰੁਕਾਵਟ ਵੀ ਬਣਦੀ ਹੈ।
ਆਪਣੀ ਸਿਹਤ ਅਤੇ ਸਮੇਂ ਨੂੰ ਅੱਖੋਂ-ਪਰੋਖੇ ਕਰਨ ਦਾ ਮਤਲਬ ਸਮੱਸਿਆਵਾਂ ਨੂੰ ਜਨਮ ਦੇਣਾ। ਛੋਟਾ ਕੱਦ ਸਮੱਸਿਆ ਨਹੀਂ ਹੈ, ਬਲਕਿ ਇਹ ਤਾਂ ਹਕੀਕਤ ਹੈ ਪਰ ਛੋਟੀ ਸੋਚ ਸਮੱਸਿਆ ਹੈ, ਕਿਉਂਕਿ ਇਸ ਦਾ ਹੱਲ ਸੰਭਵ ਹੈ। ਬਿਮਾਰੀ ਲੱਛਣ ਹੈ, ਸਮੱਸਿਆ ਨਹੀਂ ਹੈ, ਕਿਉਂਕਿ ਇਸ ਦਾ ਇਲਾਜ ਸੰਭਵ ਹੈ। ਸੱਚ ਹੈ ਕਿ ਜਿਨ੍ਹਾਂ ਆਪਣਿਆਂ ਦੀ ਖ਼ਾਤਰ ਔਰਤ ਸਭ ਤੋਂ ਵੱਧ ਸੋਚਦੀ ਹੈ, ਅਕਸਰ ਉਹੀ ਲੋਕ ਉਸ ਦੀ ਪ੍ਰੇਸ਼ਾਨੀ ਵਿਚ ਵਾਧਾ ਕਰਦੇ ਹਨ। ਇਸ ਪ੍ਰੇਸ਼ਾਨੀ ਦਾ ਮੁੱਖ ਕਾਰਨ ਔਰਤ ਦੀ ਆਪਣੀ ਸੋਚ ਵੀ ਹੈ, ਕਿਉਂਕਿ ਸਿਰਫ਼ ਸੋਚਣਾ ਹੀ ਸਮੱਸਿਆ ਦਾ ਹੱਲ ਨਹੀਂ ਹੈ। ਆਪਣੀ ਸਿਹਤ ਅਤੇ ਸਮੇਂ ਦਾ ਖਿਆਲ ਰੱਖਣਾ ਸਾਡਾ ਫ਼ਰਜ਼, ਹੱਕ ਅਤੇ ਜ਼ਿੰਮੇਵਾਰੀ ਵੀ ਹੈ ਅਤੇ ਕਈ ਸਮੱਸਿਆਵਾਂ ਦਾ ਤੋੜ ਵੀ ਹੈ। ਜਿਹੜਾ ਡਾਕਟਰ ਖ਼ੁਦ ਡਾਕਟਰ ਹੋ ਕੇ ਕਿਸੇ ਹੋਰ ਡਾਕਟਰ ਤੋਂ ਆਪਣੀ ਮਾਮੂਲੀ ਬਿਮਾਰੀ ਦੀ ਦਵਾਈ ਲੈਂਦਾ ਹੈ ਤਾਂ ਇਹ ਉਸ ਦੀ ਆਪਣੇ-ਆਪ ਨਾਲ ਹੀ ਬੇਈਮਾਨੀ ਨਹੀਂ, ਬਲਕਿ ਉਨ੍ਹਾਂ ਸਾਰੇ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮਸਲਾ ਹੈ, ਜਿਹੜੇ ਉਸ 'ਤੇ ਭਰੋਸਾ ਕਰਕੇ ਆਪਣੇ ਇਲਾਜ ਲਈ ਉਸ ਕੋਲ ਆਉਂਦੇ ਹਨ।
ਕੰਮ ਕਰਕੇ ਮੰਗਣਾ ਭੀਖ ਨਹੀਂ, ਸਗੋਂ ਹੱਕ ਹੈ। ਜਾਗਰੂਕਤਾ ਉਹ ਹੈ ਜਿਹੜੀ ਆਪਣੇ-ਆਪ ਤੋਂ ਆਰੰਭ ਹੁੰਦੀ ਹੈ, ਜਿਹੜੀ ਚੀਜ਼ ਦਾ ਹੱਲ ਸੰਭਵ ਹੈ, ਉਹ ਸਮੱਸਿਆ ਨਹੀਂ ਹੁੰਦੀ, ਜਿਸ ਦਾ ਕੋਈ ਹੱਲ ਨਹੀਂ, ਉਸ ਨੂੰ ਸਮੱਸਿਆ ਕਹਿਣਾ ਹੀ ਗ਼ਲਤ ਹੈ। ਆਪਣੇ-ਆਪ ਦਾ ਖਿਆਲ ਰੱਖਣ ਵਾਲਾ ਵਿਅਕਤੀ ਹੀ ਦੂਜਿਆਂ ਬਾਰੇ ਸਹੀ ਸੋਚ ਸਕਦਾ ਹੈ ਅਤੇ ਕੁਝ ਸਾਰਥਕ ਕਰ ਸਕਦਾ ਹੈ। ਭਰਿਆ ਭਾਂਡਾ ਉਛਲਦਾ ਨਹੀਂ, ਸਗੋਂ ਡੁੱਲ੍ਹਦਾ ਹੈ। ਭਰੇ ਵਿਚੋਂ ਡੁੱਲ੍ਹਣਾ ਹੀ ਦਾਨ, ਸੇਵਾ ਅਤੇ ਯੋਗਦਾਨ ਹੈ।
-ਪਿੰਡ ਗੋਲੇਵਾਲਾ, ਫ਼ਰੀਦਕੋਟ। ਮੋਬਾਈਲ : 94179-49079