22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪਰਿਵਾਰ ਵਿਚ ਜੇਠੀ ਧੀ ਦੀ ਪ੍ਰਸੰਗਕਿਤਾ

Ad Position 21
No active advertisement
ਅਜੀਤ ਡੈਸਕ 25-06-2026

ਪਿਛਲੇ ਸਮਿਆਂ ਵਿਚ ਸੰਯੁਕਤ ਭਾਵ ਸਾਂਝੇ ਪਰਿਵਾਰ ਹੁੰਦੇ ਸਨ। ਇਕ ਛੱਤ ਹੇਠ ਤਿੰਨ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਸਨ। ਇਨ੍ਹਾਂ ਪਰਿਵਾਰਕ ਇਕਾਈਆਂ ਵਿਚ ਜਦੋਂ ਪਹਿਲਾ ਬੱਚਾ ਪੈਦਾ ਹੁੰਦਾ ਸੀ ਜੇਕਰ ਧੀ ਪੈਦਾ ਹੁੰਦੀ ਤਾਂ ਉਸ ਨੂੰ ਪਰਿਵਾਰ ਦੀ ਜੇਠੀ ਧੀ ਜੇ ਮੁੰਡਾ ਪੈਦਾ ਹੁੰਦਾ ਤਾਂ ਉਸ ਨੂੰ ਪਰਿਵਾਰ ਦਾ ਜੇਠਾ ਪੁੱਤ ਕਿਹਾ ਜਾਂਦਾ ਸੀ। ਜੇਠੀ ਧੀ ਦੀ ਪ੍ਰਸੰਗਕਿਤਾ ਅਤੇ ਯੋਗਦਾਨ ਪਰਿਵਾਰ ਵਿਚ ਵੱਧ ਹੁੰਦਾ ਸੀ, ਕਿਉਂਕਿ ਜਦੋਂ ਜੇਠੀ ਧੀ ਦਾ ਬਚਪਨ ਸੰਭਲ ਜਾਂਦਾ ਤਾਂ ਉਹ ਦੂਜੇ ਬੱਚਿਆਂ ਦੀ ਪੈਦਾਇਸ਼ ਹੋਣ 'ਤੇ ਉਨ੍ਹਾਂ ਦੇ ਪਾਲਣ ਪੋਸ਼ਣ ਵਿਚ ਮਾਤਾ-ਪਿਤਾ ਦੀ ਮਦਦ ਕਰਨ ਯੋਗ ਹੋ ਜਾਂਦੀ। ਖ਼ਾਸ ਕਰਕੇ ਜੇਠੀ ਧੀ ਆਪਣੀ ਮਾਂ ਦਾ ਸਹਾਰਾ ਬਣ ਜਾਂਦੀ। ਉਹ ਮਾਂ ਨਾਲ ਘਰ ਦੇ ਛੋਟੇ-ਛੋਟੇ ਘਰੇਲੂ ਕੰਮਾਂ ਵਿਚ ਯੋਗਦਾਨ ਪਾਉਣ ਲੱਗ ਜਾਂਦੀ। ਜੇਠੀ ਧੀ ਆਪਣੇ ਛੋਟੇ ਭੈਣ-ਭਰਾਵਾਂ ਨੂੰ ਸਾਂਭਣ, ਖਿਡਾਉਣ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਖਿਆਲ ਰੱਖਦੀ, ਜਿਥੇ ਬੱਚੇ ਮਾਂ ਦੀ ਗੋਦੀ ਦਾ ਨਿੱਘ, ਲਾਡ ਪਿਆਰ, ਅਪਣੱਤ ਮਾਣਦੇ ਉਥੇ ਉਹ ਆਪਣੀ ਵੱਡੀ ਭੈਣ (ਜੇਠੀ ਧੀ) ਦੇ ਪਿਆਰ, ਲਾਡ ਅਤੇ ਅਪਣੱਤ ਦਾ ਵੀ ਨਿੱਘ ਮਾਣਦੇ, ਜਿਸ ਕਾਰਨ ਭੈਣ-ਭਰਾਵਾਂ ਵਿਚ ਰਿਸ਼ਤਿਆਂ ਦਾ ਨਿੱਘ ਪਿਆਰ ਸਤਿਕਾਰ ਵੀ ਬਣਿਆ ਰਹਿੰਦਾ।
ਜੇਠੀ ਧੀ ਆਪਣੇ ਛੋਟੇ ਭੈਣ-ਭਰਾਵਾਂ ਨੂੰ ਚੰਗੀਆਂ ਆਦਤਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਖੇਡ-ਖੇਡ ਵਿਚ ਬਹੁਤ ਕੁਝ ਸਿਖਾ ਦਿੰਦੀ। ਉਹ ਆਪਣੇ ਛੋਟੇ ਭਰਾਵਾਂ ਲਈ ਰਾਹ ਦਸੇਰਾ ਅਤੇ ਪ੍ਰੇਰਨਾ ਸਰੋਤ, ਰੋਲ ਮਾਡਲ ਬਣ ਜਾਂਦੀ ਸੀ।
ਜੇਠੀ ਧੀ ਪਰਿਵਾਰ ਦੇ ਕੰਮਕਾਜ ਵਿਚ ਆਪਣਾ ਭਰਪੂਰ ਯੋਗਦਾਨ ਪਾਉਂਦੀ। ਪਿਛਲੇ ਸਮਿਆਂ ਵਿਚ ਵਿੱਦਿਆ ਦਾ ਫੈਲਾਅ ਨਾ ਮਾਤਰ ਹੋਣ ਕਾਰਨ ਉਹ ਘਰ ਵਿਚ ਦਸਤਕਾਰੀ ਦੇ ਕੰਮ ਜਿਵੇਂ ਕੱਤਣ, ਬੁਨਣ, ਕਢਾਈ ਅਤੇ ਪਰਿਵਾਰ ਦੇ ਹੋਰ ਘਰੇਲੂ ਕੰਮ ਕਾਜ ਵਿਚ ਸਮੇਂ-ਸਮੇਂ ਮਦਦਗਾਰ ਹੁੰਦੀ ਸੀ। ਉਹ ਸਮਾਜਿਕ ਕਬੀਲਦਾਰੀ ਭਾਵ ਵਿਆਹ ਸਮੇਂ ਆਪਣਾ ਲੋੜੀਂਦਾ ਸਾਮਾਨ ਜਿਵੇਂ ਬਿਸਤਰੇ, ਦਰੀਆਂ, ਖੇਸ, ਪੱਖੀਆਂ, ਚਾਦਰਾਂ, ਸਿਰਹਾਣੇ ਅਤੇ ਹੋਰ ਘਰੇਲੂ ਸਜਾਵਟ ਦਾ ਸਾਮਾਨ ਆਪਣੇ ਹੱਥੀਂ ਸੂਝ-ਬੂਝ ਅਤੇ ਰੀਝ ਚਾਅ ਮੁਲਾਰਾ ਨਾਲ ਤਿਆਰ ਕਰਦੀ ਰਹਿੰਦੀ। ਹਰ ਸਮੇਂ ਕੁਦਰਤ ਵਲੋਂ ਪਰਿਵਾਰ ਦੀ ਸੁੱਖ-ਸ਼ਾਂਤੀ ਮੰਗਦੀ।
ਅੱਜ ਇਕਹਿਰੇ ਪਰਿਵਾਰ ਹੋਂਦ ਵਿਚ ਆ ਗਏ ਹਨ। ਪਰਿਵਾਰਾਂ ਵਿਚ ਜੇਠੀ ਧੀ ਦੀ ਪ੍ਰਸੰਗਕਿਤਾ ਆਲੋਪ ਹੋ ਚੁੱਕੀ ਹੈ। ਸਰਵਿਸ ਸੈਕਟਰ ਭਾਵ ਨੌਕਰੀਪੇਸ਼ਾ ਹੋਂਦ ਵਿਚ ਆਉਣ ਕਾਰਨ ਮਾਤਾ-ਪਿਤਾ ਕੋਲ ਸਮੇਂ ਦੀ ਘਾਟ ਹੈ। ਢਾਈ-ਤਿੰਨ ਸਾਲ ਦੇ ਬੱਚਿਆਂ ਨੂੰ ਪਲੇਅਵੇਅ, ਕਿੰਡਰ-ਗਾਰਟਨ ਵਿਚ ਭੇਜਿਆ ਜਾ ਰਿਹਾ ਹੈ। ਬਹੁਤੇ ਪਰਿਵਾਰਾਂ ਵਿਚ ਆਇਆ (ਘਰੇਲੂ ਨੌਕਰਾਣੀ) ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਛੋਟੇ-ਛੋਟੇ ਬੱਚੇ ਭੈਣ-ਭਰਾਵਾਂ ਅਤੇ ਹੋਰ ਸਾਥੀਆਂ ਨਾਲ ਖੇਡਣ ਦੀ ਬਜਾਏ ਵੱਖ-ਵੱਖ ਏ.ਸੀ. ਕਮਰਿਆਂ ਵਿਚ ਮੋਬਾਈਲ ਨਾਲ ਖੇਡ ਰਹੇ ਹਨ। ਟੀ.ਵੀ. ਮੂਹਰੇ ਬੈਠ ਕੇ ਕਾਰਟੂਨ ਵੇਖਣ ਵਿਚ ਰੁੱਝੇ ਰਹਿੰਦੇ ਹਨ। ਭੈਣ-ਭਰਾਵਾਂ ਵਿਚ ਰਿਸ਼ਤੇ ਦਾ ਨਿੱਘ ਘਟ ਰਿਹਾ ਹੈ।
ਭਾਵੇਂ ਸਮੇਂ ਨਾਲ ਤਬਦੀਲੀ ਵਿਕਾਸ ਦਾ ਰਾਹ ਦਸੇਰਾ ਬਣਦੀ ਹੈ। ਪਰ ਬੱਚਿਆਂ ਦਾ ਪਰਿਵਾਰ ਦੀ ਜੜ੍ਹ ਨਾਲੋਂ ਟੁੱਟਣਾ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ: ਤਪਾ ਜ਼ਿਲ੍ਹਾ ਬਰਨਾਲਾ-148100.
ਮੋਬਾਈਲ : 98765-28579

Ad Position 22
No active advertisement
ਪਿਛਲੀ ਖ਼ਬਰ ਉੱਘੀ ਪੰਜਾਬੀ ਕਵਿੱਤਰੀ ਅਤੇ ਸੰਪਾਦਿਕਾ ਅਰਤਿੰਦਰ ਸੰਧੂ ਅਗਲੀ ਖ਼ਬਰ ਆਪਣਿਆਂ ਦੇ ਨਾਲ ਆਪਣੇ ਬਾਰੇ ਵੀ ਸੋਚੋ
Ad Position 24