ਬੀ.ਐੱਸ. ਸੀ, ਬੀ.ਐੱਡ ਅਤੇ ਐੱਮ.ਏ. (ਪੰਜਾਬੀ) ਕਰਕੇ ਸਕੂਲ ਅਧਿਆਪਕ ਬਣੀ ਅਰਤਿੰਦਰ ਸੰਧੂ ਸਰਕਾਰੀ ਹਾਈ ਸਕੂਲ ਚੌਕ ਲਛਮਣਸਰ ਅੰਮ੍ਰਿਤਸਰ ਤੋਂ ਮੁੱਖ ਅਧਿਆਪਕਾ ਵਜੋਂ ਸੇਵਾ ਮੁਕਤ ਹੋਈ। ਮੁੱਖ ਅਧਿਆਪਕਾ ਵਜੋਂ ਉਸ ਦੀ ਸੇਵਾ ਸਮਾਜ-ਸੇਵੀ ਅੰਦਾਜ਼ ਵਾਲੀ ਸੀ। ਅਕਾਦਮਿਕ ਦੇ ਵਿਭਿੰਨ ਪਾਸਾਰਾਂ ਅਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ, ਸਰਕਾਰੀ ਸਕੂਲ ਦੇ ਇੰਫਰਾਸਟਰੱਕਚਰ ਵਲ ਧਿਆਨ ਦੇਣਾ ਵੀ, ਉਸ ਦੇ ਪ੍ਰਮੁੱਖ ਕਾਰਜਾਂ ਵਿਚ ਸ਼ਾਮਿਲ ਰਿਹਾ। ਆਪਣੇ ਅਜਿਹੇ ਉੱਦਮਾਂ ਨੂੰ ਬਿਆਨ ਕਰਦਿਆਂ ਅਰਤਿੰਦਰ ਸੰਧੂ ਦੇ ਚਿਹਰੇ ਦਾ ਜਲੌਅ ਉਸ ਦੇ ਸਵੈਮਾਣ ਦੇ ਝਲਕਾਰੇ ਵਾਂਗ ਦਿਸਦਾ ਹੈ।
29 ਸਤੰਬਰ, 1945 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਿਆਲਾ ਵਿਚ ਪਿਤਾ ਸ. ਜਰਨੈਲ ਸਿੰਘ ਅਤੇ ਮਾਤਾ ਸਰਦਾਰਨੀ ਤੇਜਪਾਲ ਕੌਰ ਦੇ ਘਰ ਜਨਮੀਂ ਅਰਤਿੰਦਰ ਨੇ ਨੌਵੀਂ ਜਮਾਤ ਵਿਚ ਪੜ੍ਹਦਿਆਂ ਹੀ ਕਵਿਤਾ ਨੂੰ ਲਿਖਣੀ ਸ਼ੁਰੂ ਕਰ ਦਿੱਤੀ। ਅਰਤਿੰਦਰ ਸੰਧੂ ਦੀ 'ਮਨ ਦਾ ਮੌਸਮ' ਕਿਤਾਬ ਪਾਕਿਸਤਾਨ ਵਿਚ ਸ਼ਾਹਮੁਖੀ ਲਿੱਪੀ ਵਿਚ ਵੀ ਛਪ ਚੁੱਕੀ ਹੈ। ਇਸ ਦੇ ਨਾਲ-ਨਾਲ ਉਸ ਨੇ ਇਕ ਵਾਰਤਕ ਪੁਸਤਕ 'ਜੜ੍ਹਾਂ ਦੇ ਵਿਚ ਵਿਚਾਲੇ' ਵੀ ਲਿਖੀ ਹੈ ਅਤੇ ਬਹੁਤ ਸਾਰੀਆਂ ਹਿੰਦੀ ਪੁਸਤਕਾਂ ਦਾ ਪੰਜਾਬੀ ਅਨੁਵਾਦ ਵੀ ਕੀਤਾ ਹੈ।
ਉਨ੍ਹਾਂ ਨੇ ਪੰਜਾਬੀ ਸਾਹਿਤ ਵਿਚ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਕੀਤੀ। ਉਹ ਪੰਜਾਬੀ ਦੇ ਵੱਖ-ਵੱਖ ਸਾਹਿਤਕ ਉਤਸਵਾਂ ਅਤੇ ਕਵੀ ਦਰਬਾਰਾਂ ਦਾ ਅਨਿੱਖੜਵਾਂ ਅੰਗ ਰਹੇ ਹਨ। ਉਹ ਸਾਹਿਤਕ ਮੈਗਜ਼ੀਨ 'ਏਕਮ' ਦੀ 2015 ਤੋਂ ਸੰਪਾਦਕ ਵੀ ਹਨ। ਉਹ ਨਵੇਂ ਅਤੇ ਪੁਰਾਣੇ ਲੇਖਕਾਂ ਨੂੰ ਮੰਚ ਪ੍ਰਦਾਨ ਕਰਦੇ ਰਹਿੰਦੇ ਹਨ।
ਸਾਹਿਤਕ ਯੋਗਦਾਨ : ਕਿਤਾਬਾਂ (ਕਵਿਤਾ) ਸਿਜਦੇ ਜੁਗਨੂੰਆਂ ਨੂੰ, ਸਪੰਦਨ, ਇਕ ਟੋਟਾ ਵਰੇਸ, ਏਕਮ ਦੀ ਫਾਂਕ, ਕਿਣ ਮਿਣ ਅੱਖਰ, ਸ਼ੀਸ਼ੇ ਦੀ ਜੂਨ, ਕਿੱਥੋਂ ਆਉਂਦੀ ਕਵਿਤਾ, ਕਦੇ ਕਦਾਈਂ, ਘਰ ਘਰ, ਆਪਣੇ ਤੋਂ ਆਪਣੇ ਤੱਕ, ਕਦੇ ਤਾਂ ਮਿਲ ਜ਼ਿੰਦਗੀ, ਵਿਚਲਾ ਮੌਸਮ, ਘਰ ਘਰ ਤੇ ਘਰ, ਮਿੱਟੀ ਦੀ ਗੌਰਵ ਗਾਥਾ (ਵਾਰਤਕ ਤੇ ਕਵਿਤਾ), ਮਨ ਦਾ ਮੌਸਮ, ਮਨ ਦਾ ਮੌਸਮ (ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਵੀ ਛਪੀ) ਅਤੇ ਬਿਸਾਤ। ਵਾਰਤਕ ਜੜ੍ਹਾਂ ਦੇ ਵਿਚ ਵਿਚਾਲੇ, ਕੀੜੀਆਂ ਸੁੱਤੀਆਂ ਨਹੀਂ (ਛਪਾਈ ਅਧੀਨ)। ਅਨੁਵਾਦ ਖੰਭੜੀਆਂ... ਹਿੰਦੀ ਕਵਿਤਾ ਦਾ ਪੰਜਾਬੀ ਵਿਚ ਅਨੁਵਾਦ। ਮਨੋਜ ਸ਼ਰਮਾ ਦੀ ਚੋਣਵੀਂ ਹਿੰਦੀ ਕਵਿਤਾ ਦਾ ਪੰਜਾਬੀ ਵਿਚ ਅਨੁਵਾਦ, ਮਨ ਕਾ ਪੰਛੀ... ਐਨ.ਬੀ.ਟੀ. ਲਈ ਹਿੰਦੀ ਬਾਲ ਪੁਸਤਕ ਦਾ ਪੰਜਾਬੀ ਅਨੁਵਾਦ, ਕੁਆਰਨਟਾਈਨ ਤੇ ਹੋਰ ਕਹਾਣੀਆਂ... ਹਿੰਦੀ ਕਹਾਣੀਆਂ ਦਾ ਪੰਜਾਬੀ ਵਿਚ ਅਨੁਵਾਦ।
ਸੰਪਾਦਨ : ਲਾਰੈਂਸ ਆਫ਼ ਥਲੇਬੀਆ ਤੇ ਹੋਰ ਕਹਾਣੀਆਂ (ਚੋਣਵੀਆਂ ਪਾਕਿਸਤਾਨੀ ਕਹਾਣੀਆਂ ਦੀ ਪੁਸਤਕ), ਮਿੱਟੀ ਦੇ ਵਣਜਾਰੇ (ਕਿਸਾਨੀ ਬਾਰੇ ਕਵਿਤਾਵਾਂ)।
ਮਾਰਚ 2021 ਵਿਚ ਸਾਹਿਤਕ ਮੈਗਜ਼ੀਨ 'ਏਕਮ' ਨੂੰ ਭਾਰਤ ਸਰਕਾਰ ਵਲੋਂ 'ਸਰਵਸ੍ਰੇਸ਼ਟ ਪੱਤ੍ਰਿਕਾ' ਪੁਰਸਕਾਰ ਮਿਲਿਆ।
ਸੰਨ 2015 ਤੋਂ ਮੈਗਜ਼ੀਨ ਨਾਲ ਸੰਬੰਧਿਤ ਸਾਹਿਤ ਮੰਚ ਇਕ ਸੰਸਥਾ ਵਜੋਂ ਕਾਰਜਸ਼ੀਲ ਹਨ ਤੇ ਇਸ ਵਲੋਂ ਬਹੁਤ ਸਾਰੀਆਂ ਸਾਹਿਤਕ ਸ਼ਖ਼ਸੀਅਤਾਂ ਦੇ ਰੂਬਰੂ ਸਮਾਗਮ, ਕਈ ਪੁਸਤਕਾਂ ਦੇ ਲੋਕ ਅਰਪਣ ਸਮਾਰੋਹ ਤੇ ਕਵੀ ਦਰਬਾਰ ਕਰਾਏ ਜਾ ਚੁੱਕੇ ਹਨ। ਹਰ ਸਾਲ ਦੋ ਨਵੇਂ ਲੇਖਕਾਂ ਦੀਆਂ ਪੁਸਤਕਾਂ ਨੂੰ ਏਕਮ ਕਾਵਿ ਪੁਰਸਕਾਰ ਦੇ ਕੇ ਸਾਹਿਤ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਵਧਾਇਆ ਜਾਂਦਾ ਹੈ।
ਇਨਾਮ ਸਨਮਾਨ : ਪੁਸਤਕ 'ਕਦੇ ਕਦਾਈਂ' ਨੂੰ ਭਾਈ ਕਾਹਨ ਸਿੰਘ ਨਾਭਾ ਨਜ਼ਮ ਪੁਰਸਕਾਰ, ਪੁਸਤਕ 'ਸ਼ੀਸ਼ੇ ਦੀ ਜੂਨ' ਨੂੰ ਲੁਧਿਆਣਾ ਤੋਂ ਸਿਰਜਣਾ ਪੁਰਸਕਾਰ। 'ਆਪਣੇ ਤੋਂ ਆਪਣੇ ਤੱਕ' ਨੂੰ ਸੰਗਰੂਰ ਤੋਂ ਮਹਿੰਦਰ ਮਾਨਵ ਪੁਰਸਕਾਰ। 'ਮਨ ਦਾ ਮੌਸਮ' ਨੂੰ ਕਾਵਿਲੋਕ ਪੁਰਸਕਾਰ (2024), ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ (2024)।
ਲੇਖਿਕਾ ਅਰਤਿੰਦਰ ਸੰਧੂ 'ਏਕਮ ਸਾਹਿਤ ਮੰਚ' ਰਾਹੀਂ ਪੰਜਾਬੀ ਮਾਂ-ਬੋਲੀ ਲਈ ਲਗਾਤਾਰ ਕੰਮ ਕਰ ਰਹੇ ਹਨ।
ਉੱਘੀ ਪੰਜਾਬੀ ਕਵਿੱਤਰੀ ਅਤੇ ਸੰਪਾਦਿਕਾ ਅਰਤਿੰਦਰ ਸੰਧੂ
ਅਜੀਤ ਡੈਸਕ
25-06-2026