ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਾਲ ਕਹਾਣੀ ਮਮਤਾ ਦਾ ਰਿਸ਼ਤਾ

Ad Position 21
No active advertisement
ਅਜੀਤ ਡੈਸਕ 13-06-2026

ਭਾਰਤ ਦੇ ਇਕ ਸੂਬੇ ਵਿਚ 'ਤਪੋਬਣ' ਨਾਂਅ ਦਾ ਇਕ ਸੰਘਣਾ ਜੰਗਲ ਸੀ। ਉਸ ਜੰਗਲ ਦੇ ਚੜ੍ਹਦੇ ਪਾਸੇ ਹਰੇ-ਭਰੇ ਘਾਹ ਦਾ ਇਕ ਮੈਦਾਨ ਸੀ। ਜੰਗਲ ਦੇ ਅਨੇਕਾਂ ਪਸ਼ੂ ਅਤੇ ਜਾਨਵਰ ਇਸ ਘਾਹ ਦੇ ਮੈਦਾਨ 'ਚੋਂ ਘਾਹ ਚੁਗਣ ਲਈ ਨਿੱਤ ਆਉਂਦੇ। ਇਨ੍ਹਾਂ ਪਸ਼ੂਆਂ ਵਿਚ ਇਕ ਭਾਰੇ ਸਰੀਰ ਦੀ 'ਮੰਗੋ' ਨਾਂਅ ਦੀ ਗਾਂ ਵੀ ਸੀ।
ਇਕ ਦਿਨ ਜਦੋਂ ਉਹ ਘਾਹ ਚੁਗਣ ਲਈ ਆਈ ਤਾਂ ਉਸ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਸ ਨੇ ਬਿਨਾਂ ਇਧਰ-ਉਧਰ ਤੱਕੇ ਘਾਹ ਚਰਨਾ ਸ਼ੁਰੂ ਕਰ ਦਿੱਤਾ। ਕਾਫੀ ਚਿਰ ਘਾਹ ਚੁਗਣ ਤੋਂ ਬਾਅਦ ਜਦੋਂ ਉਸ ਦੀ ਭੁੱਖ ਸ਼ਾਂਤ ਹੋਈ ਤਾਂ ਉਸ ਨੇ ਮੈਦਾਨ ਦੇ ਚਾਰੇ ਪਾਸੇ ਤੱਕਿਆ, ਉਸ ਨੂੰ ਉਸ ਪਾਸੇ ਇਕ ਹਿਰਨੀ ਲੰਮੀ ਪਈ ਨਜ਼ਰ ਆਈ। ਜਦੋਂ ਉਸ ਨੇ ਹੋਰ ਗਹੁ ਨਾਲ ਤੱਕਿਆ ਤਾਂ ਉਸ ਨੂੰ ਲੰਮੀ ਪਈ ਹਿਰਨੀ ਕੋਲ ਉਸ ਦਾ ਨਿੱਕਾ ਬੱਚਾ ਵੀ ਬੈਠਾ ਨਜ਼ਰ ਆਇਆ। ਜਦੋਂ ਉਸ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਹ ਨਵ-ਜਨਮਿਆ ਬੱਚਾ ਜਾਰੋ-ਜਾਰ ਰੋ ਰਿਹਾ ਸੀ। ਅਸਲ ਵਿਚ ਉਸ ਬੱਚੇ ਨੂੰ ਜਨਮ ਦੇ ਮਾਂ ਹਿਰਨੀ ਮਰ ਚੁੱਕੀ ਸੀ। ਭੁੱਖ ਨਾਲ ਵਿਲ੍ਹਕਦੇ ਬੱਚੇ 'ਤੇ ਗਾਂ ਮੰਗੋ ਨੂੰ ਬਹੁਤ ਤਰਸ ਆਇਆ। ਉਸ ਦੇ ਅੰਦਰ ਉਸ ਦੀ ਮਮਤਾ ਜਾਗ ਪਈ। ਮੰਗੋ ਨੇ ਅੱਗੇ ਵਧ ਕੇ ਹਿਰਨੀ ਦੇ ਉਸ ਬੱਚੇ ਨੂੰ ਪਿਆਰ ਵਿਚ ਚੱਟਣਾ ਸ਼ੁਰੂ ਕਰ ਦਿੱਤਾ। ਜਦੋਂ ਬੱਚੇ ਨੇ ਮੰਗੋ ਗਾਂ ਦੀ ਮਮਤਾ ਨੂੰ ਮਹਿਸੂਸ ਕੀਤਾ ਤਾਂ ਉਹ ਹੌਲੀ-ਹੌਲੀ ਤੁਰਦਾ ਮੰਗੋ ਗਾਂ ਦੇ ਥਣਾਂ 'ਚੋਂ ਦੁੱਧ ਚੁੰਘਣ ਲੱਗਾ।
ਹਿਰਨੀ ਦੇ ਬੱਚੇ ਦਾ ਨਾਂਅ 'ਭੀਖੂ' ਰੱਖਿਆ ਗਿਆ। ਉਹ ਹੁਣ ਪੱਕਾ ਹੀ ਗਾਂ ਮੰਗੋ ਨਾਲ ਰਹਿਣ ਲੱਗਾ। ਉਸ ਦੀ ਮੁਹੱਬਤ ਦੀ ਪਨਾਹ ਵਿਚ ਪਲਦਾ ਭੀਖੂ ਵੱਡਾ ਹੋਣ ਲੱਗਾ। ਜਦੋਂ ਉਹ ਪੂਰਾ ਉਡਾਰੂ ਹੋ ਗਿਆ ਤਾਂ ਆਪਣੀ ਮਾਂ ਗਾਂ ਮੰਗੋ ਨੂੰ ਦੱਸ ਕੇ ਉਹ ਜੰਗਲ ਵੱਲ ਨਸ ਤੁਰਿਆ। ਅਜੇ ਉਹ ਥੋੜ੍ਹਾ ਹੀ ਅੱਗੇ ਗਿਆ ਸੀ ਕਿ ਉਸ ਨੂੰ ਦੇਖ ਕੇ ਇਕ ਭੇੜੀਏ ਦੇ ਮੂੰਹ ਵਿਚ ਪਾਣੀ ਆ ਗਿਆ। ਉਹ ਭੀਖੂ ਨੂੰ ਖਾਣ ਲਈ ਉਸ ਦੇ ਮਗਰ ਦੌੜ ਪਿਆ। ਭੀਖੂ ਘਬਰਾ ਗਿਆ। ਭੱਜਦਾ ਹੋਇਆ ਉਹ ਆਪਣੀ ਮਾਂ ਮੰਗੋ ਗਾਂ ਨੂੰ ਪੁਕਾਰਨ ਲੱਗਾ। ਭੀਖੂ ਦੀ ਦੁੱਖ ਭਰੀ ਆਵਾਜ਼ ਸੁਣ ਕੇ ਮੰਗੋ ਦੀਆਂ ਆਂਦਰਾਂ ਤੜਫ ਉਠੀਆਂ। ਉਹ ਵਾਹੋ-ਦਾਹੀ ਉਸ ਦਿਸ਼ਾ ਵੱਲ ਨਸ ਤੁਰੀ ਜਿਸ ਦਿਸ਼ਾ ਵਲੋਂ ਭੀਖੂ ਦੀ ਆਵਾਜ਼ ਆ ਰਹੀ ਸੀ। ਉਸ ਨੇ ਬੱਚੇ ਦੇ ਮਗਰ ਨੱਸੇ ਜਾ ਰਹੇ ਭੇੜੀਏ ਨੂੰ ਪਿੱਛੋਂ ਜਾ ਕੇ ਆਪਣੇ ਨੁਕੀਲੇ ਸਿੰਗਾਂ 'ਤੇ ਚੁੱਕ ਕੇ ਧਰਤੀ 'ਤੇ ਪਟਕ ਮਾਰਿਆ। ਉਹ ਥਾਏਂ ਚਿੱਤ ਹੋ ਗਿਆ। ਇਸ ਘਟਨਾ ਨੇ ਜੰਗਲ ਦੇ ਸਮੁੱਚੇ ਜੀਵਾਂ ਨੂੰ ਹੈਰਾਨ ਕਰ ਦਿੱਤਾ। ਇਕ ਬੇਗਾਨੀ ਜਾਤੀ ਦੇ ਬੱਚੇ ਲਈ ਗਾਂ ਮੰਗੋ ਦਾ ਮਮਤਾ ਭਰਿਆ ਪਿਆਰ ਬੇਮਿਸਾਲ ਹੋ ਨਿਬੜਿਆ। ਉਨ੍ਹਾਂ ਦੋਵਾਂ ਦਾ ਪਿਆਰ ਮਮਤਾ ਦੇ ਰਿਸ਼ਤੇ ਦੀ ਇਕ ਸਜੀਵ ਤਸਵੀਰ ਸਾਬਤ ਹੋ ਗਿਆ। ਜਦੋਂ ਭੀਖੂ ਜਵਾਨ ਹੋ ਗਿਆ ਤਾਂ ਉਹ ਚੁੰਗੀਆਂ ਭਰਦਾ ਜੰਗਲ ਵੱਲ ਦੌੜ ਗਿਆ। ਮੰਗੋ ਗਾਂ ਉਸ ਨੂੰ ਜਾਂਦੇ ਨੂੰ ਦੂਰ ਤੱਕ ਨਿਹਾਰਦੀ ਰਹੀ।

-ਮੋਬਾਈਲ : 98146-81444

Ad Position 22
No active advertisement
ਪਿਛਲੀ ਖ਼ਬਰ ਛੁੱਟੀਆਂ ਇੱਕ ਮੌਕਾ ਅਗਲੀ ਖ਼ਬਰ ਸਿੱਖ ਮਿਸਲਾਂ ਦੇ ਨਾਂਅ 'ਤੇ ਉਨ੍ਹਾਂ ਦੇ ਮੋਢੀ
Ad Position 24
No active advertisement