ਸਾਰੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦਾ ਬੜਾ ਹੀ ਚਾਅ ਰਹਿੰਦਾ ਹੈ। ਉਨ੍ਹਾਂ ਦੀ ਉਡੀਕ ਹੁੰਦੀ ਹੈ ਕਿ ਜੂਨ ਮਹੀਨਾ ਆਵੇ ਤੇ ਉਹ ਪੂਰਾ ਮਹੀਨਾ ਛੁੱਟੀਆਂ ਦਾ ਆਨੰਦ ਮਾਨਣ ਅਤੇ ਰੋਜ਼ਾਨਾ ਸਕੂਲ ਜਾਣ ਦੀ ਰੂਟੀਨ ਤੋਂ ਕੁਝ ਹਟ ਕੇ ਹੋਵੇ। ਇੱਕ ਸਮਾਂ ਸੀ ਜਦੋਂ ਛੁੱਟੀਆਂ ਹੁੰਦਿਆਂ ਸਾਰ ਹੀ ਬੱਚੇ ਆਪਣੇ ਨਾਨਕੇ, ਭੂਆ ਕੋਲ ਜਾਂ ਮਾਸੀ-ਮਾਮਿਆਂ ਕੋਲ ਚਲੇ ਜਾਂਦੇ ਸਨ। ਉਨ੍ਹਾਂ ਲਈ ਇਹ ਸਾਰਾ ਮਹੀਨਾ ਕਿਸੇ ਪਿਕਨਿਕ ਤੋਂ ਘੱਟ ਨਹੀਂ ਸੀ ਹੁੰਦਾ, ਕਿਉਂਕਿ ਇਹ ਉਹ ਸਥਾਨ ਹੁੰਦਾ ਸੀ, ਜਿੱਥੇ ਉਨ੍ਹਾਂ ਨੂੰ ਝਿੜਕਾਂ ਘੱਟ ਅਤੇ ਪਿਆਰ ਵੱਧ ਮਿਲਦਾ ਸੀ।
ਪਰ ਸਮੇਂ ਦੇ ਵਿਚ ਬਹੁਤ ਵੱਡੀ ਤਬਦੀਲੀ ਆਈ। ਹੁਣ ਬੱਚੇ ਰਿਸ਼ਤੇਦਾਰਾਂ ਦੇ ਘਰ ਏਨਾ ਜ਼ਿਆਦਾ ਸਮਾਂ ਨਹੀਂ ਰੁਕਦੇ। ਰਿਸ਼ਤਿਆਂ ਵਿਚ ਇੱਕ ਕੁੜੱਤਣ ਇੱਕ ਦੂਰੀ ਆ ਗਈ ਹੈ। ਭਾਵੇਂ ਕਿ ਬੱਚੇ ਅਜੇ ਵੀ ਆਪਣੇ ਨਾਨਕੇ, ਮਾਮਿਆਂ, ਭੂਆ ਮਾਸੀਆਂ ਕੋਲ ਜਾਂਦੇ ਹਨ। ਪਰ ਹੁਣ ਮਾਂ-ਪਿਓ ਨੂੰ ਉਨ੍ਹਾਂ ਦੀ ਸਿਹਤ ਦੀ ਉਨ੍ਹਾਂ ਦੀ ਪੜ੍ਹਾਈ ਦੀ ਚਿੰਤਾ ਰਹਿੰਦੀ ਹੈ, ਜਿਸ ਕਾਰਨ ਬੱਚੇ ਪਹਿਲਾਂ ਦੇ ਸਮੇਂ ਨਾਲੋਂ ਘੱਟ ਰਿਸ਼ਤੇਦਾਰੀਆਂ ਵਿਚ ਜਾਂਦੇ ਹਨ।
ਅੱਜ ਦਾ ਸਮਾਂ ਬੜੀ ਤੇਜ਼ੀ ਨਾਲ ਗੁਜ਼ਰ ਰਿਹਾ ਹੈ। ਜਾਗਰੂਕ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ਵਿਚ ਵਾਧੂ ਕਿਰਿਆਵਾਂ ਵਿਚ ਸਭ ਤੋਂ ਅੱਗੇ ਹੋਵੇ। ਉਨ੍ਹਾਂ ਮਾਪਿਆਂ ਲਈ ਜੂਨ ਦੀਆਂ ਛੁੱਟੀਆਂ ਇੱਕ ਵਰਦਾਨ ਸਾਬਿਤ ਹੋ ਸਕਦੀਆਂ ਹਨ। ਰੋਜ਼ਾਨਾ ਦੀ ਰੂਟੀਨ ਦੀ ਪੜ੍ਹਾਈ ਵਿਚ ਆਪਣਾ ਹੁਨਰ ਨਿਖਾਰਨ ਵਿਚ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕਦੇ। ਇਸ ਲਈ ਵਿਦਿਆਰਥੀਆਂ ਨੂੰ ਪਹਿਲਾਂ ਹੀ ਪੂਰੀ ਪਲਾਨਿੰਗ ਕਰ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਪਣੇ ਹੌਬੀਜ਼ ਨੂੰ ਜਾਂ ਆਪਣੇ ਸਕਿਲ ਨੂੰ ਕਿਸ ਤਰ੍ਹਾਂ ਵਿਕਸਿਤ ਕਰਨਾ ਹੈ।
ਵਿਦਿਆਰਥੀਆਂ ਦੇ ਬਹੁਤ ਸਾਰੇ ਸ਼ੌਂਕ ਹੁੰਦੇ ਹਨ। ਜਿਨ੍ਹਾਂ ਨੂੰ ਉਹ ਇਨ੍ਹਾਂ ਛੁੱਟੀਆਂ ਵਿਚ ਪੂਰਿਆਂ ਕਰ ਸਕਦੇ ਹਨ। ਜਿਵੇਂ ਕਿ ਪੇਂਟਿੰਗ ਕਰਨਾ, ਗੀਤ ਗਾਉਣਾ, ਸੰਗੀਤ ਸਿੱਖਣਾ, ਕੁਕਿੰਗ ਦਾ ਕੰਮ ਸਿੱਖਣਾ, ਬਿਊਟੀ ਪਾਰਲਰ ਦਾ ਕੰਮ ਸਿੱਖਣਾ, ਕੰਪਿਊਟਰ ਸਿੱਖਣਾ, ਵੈੱਬ ਡਿਜਾਇਨਿੰਗ ਸਿੱਖਣਾ, ਐਡੀਟਿੰਗ ਸਿੱਖਣਾ ਅਜਿਹੇ ਹੋਰ ਵੀ ਬਹੁਤ ਸਾਰੇ ਹੁਨਰ ਹਨ, ਜਿਨ੍ਹਾਂ ਨੂੰ ਉਹ ਛੁੱਟੀਆਂ ਵਿਚ ਵਿਕਸਿਤ ਕਰ ਸਕਦੇ ਹਨ। ਅੱਗੇ ਆਉਣ ਵਾਲਾ ਸਮਾਂ ਹੁਨਰ ਦਾ ਹੈ, ਸਕਿਲ ਦਾ ਹੈ, ਏ.ਆਈ. ਦਾ ਹੈ, ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ। ਜਿਹੜਾ ਵਿਦਿਆਰਥੀ ਸਮੇਂ ਸਿਰ ਆਪਣਾ ਹੁਨਰ ਪਛਾਣ ਲੈਂਦਾ ਹੈ ਅਤੇ ਉਸ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਜ਼ਿੰਦਗੀ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਹੈ। ਇਸ ਲਈ ਹਰ ਵਿਦਿਆਰਥੀ ਨੂੰ ਜਿੰਨੀ ਜਲਦੀ ਹੋ ਸਕੇ ਆਪਣੇ ਅੰਦਰਲੇ ਹੁਨਰ ਦੀ ਪਹਿਚਾਣ ਕਰਕੇ ਉਸ ਉੱਪਰ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਉਸ ਦਾ ਭਵਿੱਖ ਸੁਨਹਿਰੀ ਹੋ ਸਕਦਾ ਹੈ। ਸੋ, ਗਰਮੀਆਂ ਦੀਆਂ ਛੁੱਟੀਆਂ ਦੀ ਸਹੀ ਢੰਗ ਨਾਲ ਵਰਤੋਂ ਹੋਣੀ ਬਹੁਤ ਜ਼ਰੂਰੀ ਹੈ।
-(ਲੈਕਚਰਾਰ) ਮੋਬਾਈਲ : 62800-17607