ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਪੰਛੀ, ਹਜ਼ਾਰਾਂ ਕਿਲੋਮੀਟਰ, ਕਈ ਦੇਸ਼, ਮਹਾਂਦੀਪ ਪਾਰ ਕਰਦੇ ਹੋਏ ਹਰ ਸਾਲ ਉਸੇ ਜਗ੍ਹਾ ਵਾਪਸ ਪਰਤ ਆਉਂਦੇ ਹਨ। ਨਾ ਜੀ.ਪੀ.ਐਸ., ਨਾ ਨਕਸ਼ਾ, ਨਾ ਮੋਬਾਈਲ ਸਿਗਨਲ। ਫਿਰ ਵੀ ਇਹ ਰਸਤਾ ਨਹੀਂ ਭੁੱਲਦੇ, ਕਈ-ਕਈ ਦਿਨ ਜ਼ਮੀਨ 'ਤੇ ਉੱਤਰੇ ਬਿਨਾਂ ਉਡਦੇ ਰਹਿੰਦੇ ਹਨ ਅਤੇ ਬਹੁਤੀ ਵਾਰ ਸੁਰੱਖਿਅਤ ਪਹੁੰਚ ਵੀ ਜਾਂਦੇ ਹਨ। ਇਹ ਸੱਚਮੁੱਚ ਕੁਦਰਤ ਦੀਆਂ ਸਭ ਤੋਂ ਹੈਰਾਨ ਕਰਨ ਵਾਲੀਆਂ ਕਹਾਣੀਆਂ 'ਚੋਂ ਇਕ ਹੈ। ਆਓ, ਇਸ ਨੂੰ ਪਰਤ-ਦਰ-ਪਰਤ ਸਮਝਦੇ ਹਾਂ ਕਿ ਆਖਿਰ ਅਜਿਹਾ ਕਿਵੇਂ ਸੰਭਵ ਹੁੰਦਾ ਹੈ?
ਪੰਛੀਆਂ ਦੇ ਕੰਪਾਸ : ਪੰਛੀ ਐਵੇਂ ਹੀ ਅੰਦਾਜ਼ੇ ਨਾਲ ਨਹੀਂ ਉਡਦੇ ਬਲਕਿ ਉਨ੍ਹਾਂ ਕੋਲ ਵੀ ਆਪਣੇ ਕੰਪਾਸ ਹੁੰਦੇ ਹਨ, ਇਹ ਵੀ ਇਕ ਨਹੀਂ ਬਲਕਿ ਕਈ। ਜੀ ਹਾਂ, ਪੰਛੀ ਇਕ ਹੀ ਸੰਕੇਤ 'ਤੇ ਨਿਰਭਰ ਨਹੀਂ ਰਹਿੰਦੇ, ਬਲਕਿ ਉਹ ਇਕ ਨਾਲ ਕਈ ਕੁਦਰਤੀ 'ਨੈਵੀਗੇਸ਼ਨ ਸਿਸਟਮ' ਇਸਤੇਮਾਲ ਕਰਦੇ ਹਨ। ਭਾਵ ਧਰਤੀ ਦਾ ਚੁੰਬਕੀ ਖੇਤਰ। ਅਸਲ ਵਿਚ ਪੰਛੀਆਂ ਦੇ ਸਰੀਰ 'ਚ ਅਜਿਹੇ ਜੈਵਿਕ ਸੈਂਸਰ ਹੁੰਦੇ ਹਨ, ਜੋ ਧਰਤੀ ਦੇ ਚੁੰਬਕੀ ਖੇਤਰ ਦੀ ਦਿਸ਼ਾ ਅਤੇ ਢਲਾਣ ਨੂੰ ਪਛਾਣਦੇ ਹਨ। ਇਹ ਉਨ੍ਹਾਂ ਲਈ ਅਣਡਿੱਠ ਕੰਪਾਸ ਦੀ ਤਰ੍ਹਾਂ ਕੰਮ ਕਰਦਾ ਹੈ-ਸਿਰਫ਼ ਉੱਤਰ-ਦੱਖਣ ਹੀ ਨਹੀਂ ਬਲਕਿ ਇਹ ਅਕਸ਼ਾਂਸ਼ ਦਾ ਅੰਦਾਜ਼ਾ ਵੀ ਦਿੰਦਾ ਹੈ। ਇਸੇ ਤਰ੍ਹਾਂ ਪੰਛੀ ਪੁਰਾਣੇ ਜ਼ਮਾਨੇ ਦੇ ਸਮੁੰਦਰੀ ਕਿਸ਼ਤੀਆਂ ਚਲਾਉਣ ਵਾਲਿਆਂ ਦੀ ਤਰ੍ਹਾਂ ਸੂਰਜ ਅਤੇ ਤਾਰਿਆਂ ਤੋਂ ਵੀ ਦਿਸ਼ਾ ਦਾ ਸਹੀ ਅੰਦਾਜ਼ਾ ਲਗਾ ਲੈਂਦੇ ਹਨ। ਇਸ ਲਈ ਉਹ ਦਿਨ 'ਚ ਸੂਰਜ ਦੀ ਸਥਿਤੀ ਤੋਂ ਦਿਸ਼ਾ ਦਾ ਅੰਦਾਜ਼ਾ ਲਗਾਉਂਦੇ ਹਨ, ਜਦ ਕਿ ਰਾਤ ਨੂੰ ਆਕਾਸ਼ 'ਚ ਤਾਰਿਆਂ ਦੀ ਸਾਪੇਖ ਚਾਲ ਨੂੰ ਵਰਤੋਂ ਵਿਚ ਲਿਆਉਂਦੇ ਹਨ। ਪੰਛੀ ਆਪਣੀ ਜੈਵਿਕ ਘੜੀ ਤੋਂ ਸਮੇਂ ਦਾ ਅਨੁਮਾਨ ਜੋੜ ਕੇ ਦਿਸ਼ਾ ਸੁਧਾਰਦੇ ਰਹਿੰਦੇ ਹਨ।
ਲੈਂਡਮਾਰਕ ਮੈਮੋਰੀ : ਨਦੀਆਂ, ਤਟਰੇਖਾਂ, ਪਹਾੜ, ਰੇਗਿਸਥਾਨ, ਅਨੁਭਵੀ ਪੰਛੀ ਇਨ੍ਹਾਂ ਨੂੰ 'ਮੈਮੋਰੀ ਮੈਪ' ਦੀ ਤਰ੍ਹਾਂ ਯਾਦ ਰੱਖਦੇ ਹਨ। ਇਹੀ ਵਜ੍ਹਾ ਹੈ ਕਿ ਪਹਿਲੀ ਯਾਤਰਾ 'ਚ ਨੌਜਵਾਨ ਪੰਛੀ ਜ਼ਿਆਦਾ ਭਟਕਦੇ ਹਨ, ਜਦ ਕਿ ਪੁਰਾਣੇ ਪੰਛੀ ਜ਼ਿਆਦਾ ਸਟੀਕ ਹੁੰਦੇ ਹਨ। ਇਸ ਤੋਂ ਇਲਾਵਾ ਪੰਛੀ ਖੁਸ਼ਬੂ ਦਾ ਨਕਸ਼ਾ ਵੀ ਆਪਣੇ ਨਾਲ ਰੱਖਦੇ ਹਨ, ਖਾਸ ਤੌਰ 'ਤੇ ਸਮੁੰਦਰੀ ਪੰਛੀ ਹਵਾ 'ਚ ਮੌਜੂਦ ਸੁਗੰਧ ਦੇ ਪੈਟਰਨ 'ਤੇ ਦਿਸ਼ਾ ਪਹਿਚਾਣਦੇ ਹਨ-ਇਹ ਇਕ ਤਰ੍ਹਾਂ ਦਾ ਸੁੰਘ ਕੇ ਰਸਤਾ ਫੜਨਾ ਹੈ।
ਬਿਨਾਂ ਜ਼ਮੀਨ 'ਤੇ ਉਤਰੇ ਬਿਨਾਂ ਕਈ ਦਿਨ ਉੱਡਣਾ : ਪੰਛੀਆਂ ਦੀ ਇਹ ਉਡਾਣ ਸਿਰਫ਼ ਉਨ੍ਹਾਂ ਦੀ ਤਾਕਤ ਨਹੀਂ ਬਲਕਿ ਸ਼ਾਨਦਾਰ ਸਰੀਰ, ਗਿਆਨ ਦੀ ਸਮਝ ਦੀ ਵਰਤੋਂ ਦਾ ਵੀ ਕਮਾਲ ਹੈ। ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਇਹ ਜਿਸ ਚੀਜ਼ ਦਾ ਇਸਤੇਮਾਲ ਕਰਦੇ ਹਨ ਇਹ ਹੈ, ਊਰਜਾ ਦੀ ਰਣਨੀਤੀ। ਉਡਾਣ ਤੋਂ ਪਹਿਲਾਂ, ਉਹ ਸਰੀਰ 'ਚ ਚਰਬੀ ਜਮ੍ਹਾਂ ਕਰਦੇ ਹਨ ਜੋ ਕਿ ਉਨ੍ਹਾਂ ਲਈ 'ਤੇਲ ਟੈਂਕ' ਦਾ ਕੰਮ ਕਰਦੀ ਹੈ। ਉਡਾਨ ਦੇ ਦੌਰਾਨ ਪੰਛੀ ਬੇਹੱਦ ਕੁਸ਼ਲਤਾ ਨਾਲ ਊਰਜਾ ਦੀ ਵਰਤੋਂ ਕਰਦੇ ਹਨ।
ਹਵਾ ਦੀ ਵਰਤੋਂ : ਸਰੀਰ ਦੀ ਊਰਜਾ ਦੀ ਤਰ੍ਹਾਂ ਇਹ ਹਵਾ ਦਾ ਬੜੀ ਕੁਸ਼ਲਤਾ ਨਾਲ ਇਸਤੇਮਾਲ ਕਰਦੇ ਹਨ। ਇਸ ਲਈ ਪੰਛੀ ਅਨੁਕੂਲ ਜੈੱਟ ਸਟਰੀਮ ਅਤੇ ਥਰਮਲਸ ਫੜਦੇ ਹੈ। ਇਹ ਅਕਸਰ ਸਿੱਧੇ ਇਕੋ ਲਾਈਨ 'ਚ ਉਡਦੇ ਹਨ ਤਾਂ ਕਿ ਅੱਗੇ ਵਾਲੇ ਦੀ ਹਵਾ ਨਾਲ ਪਿੱਛੇ ਵਾਲਿਆਂ ਦੀ ਊਰਜਾ ਬਚ ਸਕੇ। ਇਹੀ ਨਹੀਂ ਪੰਛੀ ਬਹੁਤ ਸਮਾਰਟ ਹੁੰਦੇ ਹਨ, ਉਹ ਉਡਦੇ ਹੋਏ ਝਪਕੀ ਵੀ ਲੈਂਦੇ ਹਨ। ਕੁਝ ਪੰਛੀ ਉਡਾਣ ਦੌਰਾਨ ਅੱਧਾ ਦਿਮਾਗ ਸੁੱਤਾ ਰੱਖਦੇ ਹਨ ਅਤੇ ਅੱਧਾ ਜਾਗਦੇ ਹੋਏ ਵੀ ਆਰਾਮ ਕਰਦੇ ਹਨ।
ਦੁਰਘਟਨਾਵਾਂ ਵੀ ਹੁੰਦੀਆਂ ਹਨ : ਜੀ ਹਾਂ, ਸਾਨੂੰ ਇਨਸਾਨਾਂ ਨੂੰ ਲਗਦਾ ਹੈ ਕਿ ਸਭ ਕੁਝ ਚਮਤਕਾਰ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਦੀ ਕਿਸੇ ਕਿਸਮ ਦੀ ਸਮੱਸਿਆ ਜਾਂ ਦੁਰਘਟਨਾਵਾਂ ਵਿਚੀਂ ਨਹੀਂ ਗੁਜ਼ਰਨਾ ਪੈਂਦਾ ਪਰ ਅਜਿਹਾ ਨਹੀਂ ਹੈ, ਉਨ੍ਹਾਂ ਨਾਲ ਦੁਰਘਟਨਾਵਾਂ ਵਾਪਰਦੀਆਂ ਹਨ ਅਤੇ ਚੰਗੀਆਂ-ਖਾਸੀਆਂ ਦੁਰਘਟਨਾਵਾਂ ਵੀ ਹੁੰਦੀਆਂ ਹਨ। ਕਦੀ ਇਹ ਕਿਸੇ ਅਣਕਿਆਸੇ ਢੰਗ ਨਾਲ ਤੂਫਾਨ ਦੀ ਲਪੇਟ ਵਿਚ ਆ ਜਾਂਦੇ ਹਨ ਅਤੇ ਕਈ ਵਾਰ ਮੌਸਮ ਅਚਾਨਕ ਵਿਗੜ ਜਾਂਦਾ ਹੈ। ਉੱਚੇ ਪਹਾੜ, ਸਮੁੰਦਰ ਆਦਿ ਦੇ ਨਾਲ-ਨਾਲ ਉਨ੍ਹਾਂ ਨੂੰ ਮਨੁੱਖੀ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਬਿਜਲੀ ਦੀਆਂ ਲਾਈਨਾਂ, ਕੱਚ ਦੀਆਂ ਇਮਾਰਤਾਂ, ਜਹਾਜ਼ਾਂ ਦੀ ਰੌਸ਼ਨੀ, ਸ਼ਿਕਾਰ ਅਤੇ ਰੈਣ-ਬਸੇਰਾ ਖ਼ਤਮ ਹੋਣ ਦੀ ਸਮੱਸਿਆ ਨਾਲ ਵੀ ਇਨ੍ਹਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ। ਇਸ ਲਈ ਲੱਖਾਂ ਵਿਚੋਂ ਸਾਰੇ ਪੰਛੀ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾਉਂਦੇ। ਕੁਦਰਤੀ ਤੌਰ 'ਤੇ ਉਹੀ ਪੰਛੀ ਬਚਦੇ ਹਨ ਜਿਨ੍ਹਾਂ ਦਾ ਰਹਿਣ-ਸਹਿਣ ਅਤੇ ਸਹਿਣਸ਼ਕਤੀ ਬਿਹਤਰ ਹੁੰਦੀ ਹੈ।
-ਇਮੇਜ ਰਿਫਲੈਕਸ਼ਨ ਸੈਂਟਰ।