ਜਿਹੜਾ ਚੈਪਟਰ ਮੈਂ ਸਕੂਲ ਵਿਚ ਬੱਚਿਆਂ ਨੂੰ ਕਰਵਾ ਰਹੀ ਸੀ, ਵੱਡਾ ਹੋਣ ਕਾਰਨ ਕਾਫ਼ੀ ਦੇਰ ਚੱਲਿਆ ਤੇ ਇੱਕ ਦਿਨ ਮੈਨੂੰ ਸੁਪਨਾ ਵੀ ਆਇਆ ਕਿ ਮੈਂ ਉਸ ਚੈਪਟਰ ਦੇ ਸਵਾਲ ਬੱਚਿਆਂ ਨੂੰ ਕਾਪੀ 'ਤੇ ਸਮਝਾ ਰਹੀ ਹਾਂ, ਜਦੋਂ ਮੈਂ ਚਿੱਤਰ ਬਣਾਉਣ ਲੱਗੀ, ਹਾਲੇ ਚਾਪ ਹੀ ਲਗਾਈ ਸੀ ਅਰਧ-ਚੱਕਰ ਦੀ ਤੇ ਓਹ ਅੱਧਕ ਦਾ ਆਕਾਰ ਛਾਲ ਮਾਰ ਕੇ ਬਾਹਰ ਆ ਗਿਆ ਤੇ ਮੇਰੇ ਗਲ ਨੂੰ ਘੁੱਟ ਕੇ ਜੱਫੀ ਪਾਈ ਤੇ ਰੋਣ ਲੱਗਾ ਤੇ ਕਹਿਣ ਲੱਗਾ, 'ਮੈਡਮ ਜੇਕਰ ਤੁਸੀਂ ਗਣਿਤ 'ਚ ਰੁਚੀ ਰੱਖਦੇ ਹੋ ਤਾਂ ਪੰਜਾਬੀ ਭਾਸ਼ਾ ਨਾਲ ਵੀ ਤਾਂ ਤੁਹਾਡਾ ਵਾਧੂ ਪਿਆਰ ਹੈ ਤੇ ਮੈਂ ਵੀ ਭਾਸ਼ਾ ਦੇ ਲਗਾਖਰਾਂ ਵਿਚੋਂ ਹਾਂ, ਮੇਰੀ ਗੱਲ ਸੁਣੋ ਤੇ ਅੱਗੇ ਪਹੁੰਚਾਓ।'
ਮੈਂ ਹੈਰਾਨ ਤਾਂ ਹੋਈ ਪਰ ਅੱਧਕ ਨੂੰ ਕਿਹਾ, 'ਜਲਦੀ ਦੱਸ ਮੇਰੇ ਬੱਚੇ ਖੜ੍ਹੇ ਹਨ, ਸਵਾਲ ਸਮਝਣ ਲਈ...ਮੈਂ ਤੇਰੇ ਲਈ ਕੀ ਕਰ ਸਕਦੀ ਹਾਂ...ਕੋਸ਼ਿਸ਼ ਕਰਾਂਗੀ ਪਰ ਪੱਕਾ ਨਹੀਂ ਕਹਿ ਸਕਦੀ ਕਿ ਮੈਂ ਖ਼ਰੀ ਉੱਤਰਾਂ ਤੇ ਤੇਰੀ ਮੰਗ ਪੂਰੀ ਕਰ ਸਕਾਂ।'
ਮੈਂ ਕਹਿਣਾ ਚਾਹੁੰਦੀ ਹਾਂ ਕਿ ਕਿਉਂ ਮੈਨੂੰ ਲਿਖਣ ਵਾਲਿਆਂ ਨੇ ਵਰਤਣਾ ਛੱਡ ਦਿੱੱਤਾ ਹੈ, ਕੀ ਮੇਰੇ ਬਿਨਾਂ ਸ਼ਬਦ ਦਾ ਉਚਾਰਨ ਬਦਲਦਾ ਕਿਸੇ ਨੇ ਨਹੀਂ ਵੇਖਿਆ...ਕਿਉਂ ਮੈਨੂੰ ਕੰਪਿਊਟਰ ਦੇ ਕੀ ਬੋਰਡ 'ਤੇ ਪਾਸੇ ਕਰਕੇ ਲਗਾ ਦਿੱਤਾ ਸ਼ਾਇਦ ਉਸ ਤੱਕ ਉਂਗਲ ਨੂੰ ਪਹੁੰਚਣਾ ਔਖਾ ਲੱਗਦਾ ਹੋਵੇ...ਕੁੱਲ ਮਿਲਾ ਕੇ ਮੈਂ ਮਰਦੀ ਜਾ ਰਹੀਂ ਹਾਂ, ਮੇਰੇ ਬਾਰੇ ਕੁਝ ਤਾਂ ਸੋਚ-ਵਿਚਾਰ ਕਰੋ...ਇਸ ਦਾ ਕੁਝ ਇਲਾਜ ਕਰੋ, ਮੈਨੂੰ ਇਸ ਤਰ੍ਹਾਂ ਖਤਮ ਨਾ ਕਰੋ ਜਿਥੇ ਵਰਤਦੇ ਸੀ ਉਥੇ ਵਰਤਦੇ ਰਹੋ...ਮੇਰਾ ਵਜੂਦ ਖਤਮ ਨਾ ਕਰੋ।
ਅੱਧਕ ਦੀ ਸੁਣ ਕੇ ਗੱਲ ਮੇਰਾ ਮਨ ਦੁਖੀ ਹੋਇਆ ਤੇ ਉਸ ਨੂੰ ਹੌਂਸਲਾ ਦੇ ਕੇ ਮੈਂ ਸਿਰਫ਼ ਐਨਾ ਹੀ ਕਹਿ ਸਕੀ ਕਿ ਮੈਂ ਹਾਲੇ ਛੋਟੇ ਪੱਧਰ ਦੀ ਲੇਖਿਕਾ ਹਾਂ...ਸੋ ਮੈਂ ਤੇਰੀ ਸਮੱਸਿਆ ਦਾ ਹੱਲ ਨਹੀਂ ਕੱਢ ਸਕਦੀ...ਪਰ ਮੈਂ ਤੇਰੀ ਵਰਤੋਂ ਜ਼ਰੂਰ ਕਰਦੀ ਹਾਂ....ਐਨਾ ਜ਼ਰੂਰ ਕਰ ਸਕਦੀ ਹਾਂ ਕਿ ਵੱਡੇ ਲਿਖਾਰੀਆਂ ਨਾਲ ਗੱਲ ਕਰ ਲਵਾਂ...ਤੇਰੇ ਬਾਰੇ ਜ਼ਰੂਰ ਕੋਈ ਨਾ ਕੋਈ ਤਾਂ ਸੋਚੇਗਾ, ਐਨਾ ਕਹਿ ਕੇ ਮੈਂ ਫਟਾਫਟ ਚਿੱਤਰ ਬਣਾ ਕੇ ਬੱਚਿਆਂ ਨੂੰ ਸਵਾਲ ਸਮਝਾਇਆ। ਉੱਠ ਕੇ ਫੇਰ ਸਕੂਲ ਜਾਣ ਦੀ ਤਿਆਰੀ ਕੀਤੀ ਤੇ ਆਪਣੇ ਵਿਸ਼ੇ 'ਚ ਲੀਨ ਹੋ ਗਈ। ਪਰ ਪੂਰਾ ਦਿਨ ਮੈਨੂੰ ਆਪਣਾ ਗਲਾ ਅੱਧਕ ਵਲੋਂ ਘੁੱਟਿਆ-ਘੁੱਟਿਆ ਮਹਿਸੂਸ ਹੋਈ ਗਿਆ।
-(ਮੈਥ ਮਿਸਟ੍ਰੈਸ)
ਸ.ਕੰ.ਸ.ਸ.ਸ.ਸ. ਨਿ.ਪਾ.ਹਾ.ਕ., ਪਟਿਆਲਾ।
ਮੋਬਾਈਲ : 94177-38737