ਉਹ ਰੋਜ਼ਾਨਾ ਸਵੇਰੇ 4 ਵਜੇ ਦੇ ਕਰੀਬ ਗਲੀ ਵਿਚ ਆ ਜਾਂਦੀ। ਉਸ ਨੂੰ ਗਲੀ ਵਿਚ ਆਉਂਦਿਆਂ ਦੇਖਦੇ ਸਾਰ ਹੀ ਗਲੀ ਦੇ ਸਾਰੇ ਲਾਵਾਰਿਸ ਕੁੱਤੇ ਭੌਂਕਣ ਲੱਗ ਜਾਂਦੇ। ਕੁੱਤਿਆਂ ਦੇ ਭਂੌਕਦੇ ਸਾਰ ਹੀ ਮੇਰੀ ਅੱਖ ਅਕਸਰ ਖੁੱਲ੍ਹ ਜਾਂਦੀ। ਮੈਂ ਉਸ ਨੂੰ ਰੋਜ਼ਾਨਾ ਬਾਹਰਲੇ ਬੂਹੇ ਦੀ ਟੁੱਟੀ ਹੋਈ ਲੱਕੜੀ ਵਿਚੋਂ ਦੇਖਦਾ ਰਹਿੰਦਾ। ਉਹ ਇਨ੍ਹਾਂ ਦੇ ਭੌਂਕਣ ਦੀ ਪ੍ਰਵਾਹ ਕੀਤਿਆਂ ਵਗੈਰ ਹੀ ਕਾਗਜ਼ ਅਤੇ ਪਲਾਸਟਿਕ ਇਕੱਠਾ ਕਰਦੀ ਆਪਣੇ ਕੰਮ ਵਿਚ ਮਗਨ ਰਹਿੰਦੀ। ਉਸ ਦੇ ਕਾਗਜ਼ ਅਤੇ ਪਲਾਸਟਿਕ ਇਕੱਠੇ ਕਰਨ ਦੀ ਰਫ਼ਤਾਰ ਵਿਚ ਕੋਈ ਫ਼ਰਕ ਨਾ ਪੈਂਦਾ। ਉਹ ਕਦੇ-ਕਦੇ ਉਨ੍ਹਾਂ ਨੂੰ ਦਬਕਾ ਜਿਹਾ ਮਾਰਕੇ ਜਾਂ ਰੋੜਾ ਚੁੱਕਣ ਦਾ ਇਸ਼ਾਰਾ ਕਰਕੇ ਰੋਕਦੀ ਰਹਿੰਦੀ। ਪਰ ਉਸ ਦਾ ਸਾਰਾ ਧਿਆਨ ਆਪਣੇ ਕੰਮ ਵਿਚ ਲੱਗਾ ਰਹਿੰਦਾ। ਦੇਖਦੇ ਹੀ ਦੇਖਦੇ ਉਹ ਲੋਕਾਂ ਦੇ ਸਾਰੇ ਦਿਨ ਦੇ ਖਿਲਾਰੇ ਹੋਏ ਕਾਗਜ਼, ਗੱਤੇ ਅਤੇ ਪਲਾਸਟਿਕ ਇਕੱਠਾ ਕਰਕੇ ਚਲੇ ਜਾਂਦੀ। ਹੌਲ਼ੀ-ਹੌਲ਼ੀ ਲਾਵਾਰਿਸ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਮੱਧਮ ਪੈ ਜਾਂਦੀ ਅਤੇ ਅਖੀਰ ਉਹ ਭੌਂਕਣਾ ਬੰਦ ਕਰ ਦਿੰਦੇ। ਪਰ ਉਨ੍ਹਾਂ ਦੀ ਆਵਾਜ਼ ਬੰਦ ਹੋਣ ਤੋਂ ਪਹਿਲਾਂ ਹੀ ਦੂਸਰੀ ਗਲੀ ਜਿੱਥੇ ਉਹ ਜਾਂਦੀ ਉੱਥੇ ਦੇ ਲਾਵਾਰਿਸ ਕੁੱਤੇ ਭੌਂਕਣ ਲੱਗ ਜਾਂਦੇ। ਜਦੋਂ ਤੱਕ ਉਹ ਕਾਗਜ਼ ਇਕੱਠੇ ਕਰਦੀ-ਕਰਦੀ ਅਗਲੀ ਗਲੀ ਤੱਕ ਨਾ ਪਹੁੰਚ ਜਾਂਦੀ ਉਹ ਭੌਂਕਣਾ ਬੰਦ ਨਾ ਕਰਦੇ।
ਇਹ ਸਿਲਸਿਲਾ ਮੈਂ ਕਈ ਮਹੀਨਿਆਂ ਤੋਂ ਦੇਖ ਰਿਹਾ ਸੀ।
ਉਸ ਦਿਨ ਵੀ ਉਹ ਤੜਕੇ ਹੀ ਗਲੀ ਵਿਚ ਕਾਗਜ਼ ਇਕੱਠੇ ਕਰਨ ਲਈ ਆ ਗਈ। ਮੈਂ ਲਾਵਾਰਿਸ ਕੁੱਤਿਆਂ ਦੀ ਆਵਾਜ਼ ਸੁਣ ਕੇ ਬਾਹਰ ਨਿਕਲਿਆ। ਮੇਰੇ ਬਾਹਰ ਨਿਕਲਦੇ ਸਾਰ ਹੀ ਉਹ ਕੁਝ ਡਰ ਗਈ ਅਤੇ ਉਥੋਂ ਜਾਣ ਲੱਗੀ। ਪਰ ਮੈਂ ਉਸ ਨੂੰ ਆਵਾਜ਼ ਦੇ ਕੇ ਬੁਲਾ ਲਿਆ ਅਤੇ ਪੁੱਛਿਆ ਕਿ ਇਹ ਤੈਨੂੰ ਰੋਜ਼ਾਨਾ ਭੌਂਕਦੇ ਹਨ। ਤੈਨੂੰ ਇਨ੍ਹਾਂ ਤੋਂ ਡਰ ਨਹੀਂ ਲੱਗਦਾ?
'ਸਰਦਾਰ ਜੀ ਜੇਕਰ ਇਨ੍ਹਾਂ ਦੇ ਭੌਂਕਣ ਤੋਂ ਡਰ ਜਾਵਾਂ ਤਾਂ ਮੈਂ ਕਦੇ ਵੀ ਆਪਣੇ ਬੱਚਿਆਂ ਲਈ ਰੋਟੀ ਨਹੀਂ ਕਮਾ ਸਕਦੀ। ਨਾਲੇ ਇਹੋ ਜਿਹੇ ਲਾਵਾਰਿਸ ਕੁੱਤੇ ਤਾਂ ਮੈਨੂੰ ਹਰ ਗਲੀ-ਮੁਹੱਲੇ ਵਿਚ ਮਿਲਦੇ ਹਨ । ਹੁਣ ਮੈਨੂੰ ਇਨ੍ਹਾਂ ਦੇ ਭੌਂਕਣ ਦੀ ਬਾਹਲੀ ਪ੍ਰਵਾਹ ਨਹੀਂ ਹੈ'। ਇਹ ਕਹਿ ਕੇ ਉਹ ਅਪਣੇ ਕੰਮ ਵਿਚ ਲੱਗ ਗਈ।
ਉਸ ਦਾ ਜਵਾਬ ਸੁਣ ਕੇ ਮੈਂ ਸੋਚੀਂ ਪੈ ਗਿਆ ਅਤੇ ਵਾਪਸ ਘਰ ਆ ਗਿਆ। ਮੈਂ ਘਰ ਆਉਂਦੇ ਹੀ ਆਪਣੀ ਪਤਨੀ ਨੂੰ ਉਠਾਇਆ ਅਤੇ ਕਿਹਾ 'ਭਾਗਵਾਨੇ ਉੱਠ ਚਾਹ ਦਾ ਕੱਪ ਬਣਾ ਅਤੇ ਦੋ ਪਰਾਉਂਠੇ ਲਾਹ ਦੇ ਅੱਜ ਮੈਂ ਸਬਜ਼ੀ ਮੰਡੀ ਸਬਜ਼ੀ ਲੈਣ ਲਈ ਜਾ ਰਿਹਾ ਹਾਂ'।
ਮੇਰੀ ਪਤਨੀ ਨੇ ਅਚਾਨਕ ਉੱਠਦੇ ਸਾਰ ਅੱਖਾਂ ਮਲਦੇ ਹੋਏ ਕਿਹਾ 'ਮੈਂ ਇਕ ਹਫ਼ਤੇ ਤੋਂ ਤੁਹਾਨੂੰ ਕਹਿ ਰਹੀਂ ਹਾਂ ਕਿ ਅਗਰ ਤੁਹਾਨੂੰ ਕੋਈ ਹੋਰ ਕੰਮ ਨਹੀਂ ਮਿਲਦਾ ਤਾਂ ਤੁਸੀਂ ਸਬਜ਼ੀ ਵੇਚਣ ਦਾ ਕੰਮ ਕਰ ਲਓ। ਪਰ ਤੁਸੀਂ ਰੋਜ਼ਾਨਾ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੇ ਹੋ ਕਿ ਲੋਕ ਕੀ ਕਹਿਣਗੇ। ਉਹ ਮੈਨੂੰ ਮਖੌਲ ਕਰਨਗੇ। ਤੁਹਾਡੀ ਇਸ ਸੋਚ ਕਰਕੇ ਘਰ ਵਿਚ ਖਾਣ ਨੂੰ ਆਟਾ ਨਹੀਂ ਅਤੇ ਗਰੀਬੀ ਨੇ ਘਰ ਵਿਚ ਮੱਲੋ-ਮੱਲੀ ਡੇਰੇ ਲਾ ਲਏ ਹਨ। ਪਰ ਅੱਜ ਅਚਾਨਕ ਕਿਹੜੀ ਗੱਲ ਹੋ ਗਈ ਕਿ ਤੁਸੀਂ ਹੁਣ ਸਬਜ਼ੀ ਵੇਚਣ ਦਾ ਮਨ ਬਣਾ ਲਿਆ'
'ਜਿਨ੍ਹਾਂ ਲੋਕਾਂ ਤੋਂ ਮੈਂ ਡਰਦਾ ਸੀ ਕਿ ਮੈਨੂੰ ਕੀ ਕਹਿਣਗੇ, ਉਨ੍ਹਾਂ ਲੋਕਾਂ ਦੀ ਅਸਲੀਅਤ ਮੈਨੂੰ ਅੱਜ ਪਤਾ ਲੱਗ ਗਈ ਹੈ। ਮੈਂ ਅੱਜ ਤੋਂ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਸਬਜ਼ੀ ਵੇਚਾਂਗਾ। ਮੈਨੂੰ ਇਨ੍ਹਾਂ ਲੋਕਾਂ ਦੀ ਕੋਈ ਪ੍ਰਵਾਹ ਨਹੀਂ ' ਮੈਂ ਆਪਣਾ ਮੂੰਹ ਕੁਝ ਉੱਪਰ ਚੁੱਕਦੇ ਹੋਏ ਕਿਹਾ।
ਮੇਰੀ ਪਤਨੀ ਬਿਨਾਂ ਇਹ ਸਵਾਲ ਪੁੱਛੇ ਕਿ ਉਹ ਲੋਕ ਕੌਣ ਹਨ, ਜਲਦੀ ਨਾਲ ਰਸੋਈ ਵਿਚ ਗਈ ਅਤੇ ਖੁਸ਼ੀ-ਖੁਸ਼ੀ ਪਰਾਉਂਠੇ ਬਣਾਉਣ ਲੱਗ ਪਈ। ਉਸ ਦਿਨ ਤੋਂ ਬਾਅਦ ਅਸੀਂ ਰੋਜ਼ਾਨਾ ਤਾਜ਼ੀ ਸਬਜ਼ੀ ਬਣਾਉਂਦੇ ਹਾਂ। ਉਸ ਦਿਨ ਤੋਂ ਮੇਰਾ ਪਰਿਵਾਰ ਖੁਸ਼ ਹੈ। ਇਸ ਹਿੰਮਤ ਭਰੇ ਫ਼ੈਸਲੇ ਨਾਲ ਅਸੀਂ ਘਰ ਵਿਚੋਂ ਗਰੀਬੀ ਨੂੰ ਧੱਕੇ ਮਾਰ-ਮਾਰ ਕੱਢ ਦਿੱਤਾ ਹੈ।
ਪੰਜਾਬੀ ਲੈਕਚਰਾਰ (ਰਿਟਾ.)
ਮੋਬਾਈਲ : 99888-53936
ਗਲੀ ਦੇ ਕੁੱਤੇ
ਅਜੀਤ ਡੈਸਕ
25-07-2026