ਪਿਆਰੇ ਬਾਲ ਸਾਥੀਓ! ਅਕਸਰ ਜਦ ਤੁਸੀਂ ਕਿਸੇ ਨਾ ਕਿਸੇ ਨੂੰ 'ਵੇਖੋ-ਵੇਖੋ ਕਿਵੇਂ ਗਿਰਗਿਟ ਵਾਂਗ ਰੰਗ ਬਦਲ ਰਿਹਾ ਹੈ', ਇਹ ਕਹਿੰਦਿਆਂ ਸੁਣਦੇ ਹੋ ਤਾਂ ਤੁਸੀਂ ਉਸ ਸਮੇਂ ਜ਼ਰੂਰ ਹੀ ਸੋਚਦੇ ਹੋਵੋਗੇ ਕਿ ਗਿਰਗਿਟ ਕਿਵੇਂ ਅਤੇ ਕਿਉਂ ਰੰਗ ਬਦਲਦੀ ਹੈ?.... ਅਤੇ ਆਓ! ਅਸੀਂ ਇਸ ਬਾਰੇ ਜਾਣਦੇ ਹਾਂ। ਬੱਚਿਓ! ਗਿਰਗਿਟ ਨਾਮੀ ਜੀਵ ਛਿਪਕਲੀ ਦੀ ਨਸਲ ਵਿਚੋਂ ਹੈ ਅਤੇ ਇਹ ਰੁੱਖਾਂ, ਜੰਗਲਾਂ, ਝਾੜੀਆਂ ਅਤੇ ਗਰਮਤਰ ਖੇਤਾਂ, ਇਲਾਕਿਆਂ 'ਚ ਆਮ ਹੀ ਵੇਖਣ ਨੂੰ ਮਿਲ ਜਾਂਦੀ ਹੈ। ਇਸ ਦੀ ਔਸਤ ਉਮਰ 2 ਤੋਂ 5 ਸਾਲ ਹੁੰਦੀ ਹੈ। ਛਿਪਕਲੀ ਵਾਂਗ ਹੀ ਦੋ ਅੱਖਾਂ, ਚਾਰ ਲੱਤਾਂ ਅਤੇ ਪੂਛ ਹੁੰਦੀ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਗਿਰਗਿਟ ਆਪਣੇ-ਆਪ ਨੂੰ ਦੁਸ਼ਮਣ ਜੀਵਾਂ ਤੋਂ ਬਚਾਉਣ ਅਤੇ ਧੋਖਾ ਦੇਣ ਲਈ ਆਸੇ-ਪਾਸੇ ਦੇ ਵਾਤਾਵਰਨ ਦੇ ਰੰਗ ਅਨੁਸਾਰ ਆਪਣਾ ਰੰਗ ਬਦਲਣ ਲਈ ਮਾਹਰ ਹੈ ਅਤੇ ਇਹ ਕਲਾ ਕੁਦਰਤ ਵਲੋਂ ਉਸ ਨੂੰ ਮਿਲੀ ਅਨੋਖੀ ਅਤੇ ਸਭ ਲਈ ਦਿਲਚਸਪੀ ਵਾਲੀ ਗੱਲ ਹੀ ਹੈ। ਇਸ ਕਰਕੇ ਉਹ ਅਸਾਨੀ ਨਾਲ ਨਾ ਦਿਸਣ ਕਰਕੇ ਦੁਸ਼ਮਣਾਂ ਦੀ ਪਕੜ ਤੋਂ ਬਚੀ ਰਹਿੰਦੀ ਹੈ।
ਗਿਰਗਿਟ ਦੀ ਚਮੜੀ ਵਿਸ਼ੇਸ਼ ਤਰ੍ਹਾਂ ਦੀਆਂ ਕੋਸ਼ਿਕਾਵਾਂ ਤੋਂ ਬਣੀ ਹੁੰਦੀ ਹੈ। ਇਨ੍ਹਾਂ ਸੈੱਲਾਂ 'ਚ ਰੰਗ ਦੇ ਤੱਤ ਹੋਣ ਕਾਰਨ ਚਮੜੀ ਨੂੰ ਰੰਗ ਮਿਲਦਾ ਹੈ। ਰੰਗੀਨ ਸੈੱਲ ਉਸ ਦੀ ਪਾਰਦਰਸ਼ੀ ਚਮੜੀ ਦੇ ਹੇਠਾਂ ਤਿੰਨ ਵੱਖ-ਵੱਖ ਪਰਤਾਂ 'ਚ ਮੌਜੂਦ ਹੁੰਦੇ ਹਨ। ਬਾਹਰੀ ਪਰਤ ਪੀਲੇ, ਲਾਲ ਸੈੱਲਾਂ ਦੀ ਬਣੀ ਹੁੰਦੀ ਹੈ। ਇਸ ਦੀ ਹੇਠਲੀ ਪਰਤ 'ਚ ਖਾਸ ਕਿਸਮ ਦੇ ਸੂਖਮ ਜਿਹੇ ਛੇਕ ਹੁੰਦੇ ਹਨ, ਜਿਨ੍ਹਾਂ ਵਿਚੋਂ ਨੀਲੀ, ਸਫੈਦ ਰੌਸ਼ਨੀ ਨਿਕਲਦੀ ਹੈ। ਸਭ ਤੋਂ ਆਖਰੀ ਪਰਤ ਮੈਲਨੋਫੋਰ (ਸੈੱਲਾਂ) ਤੋਂ ਬਣੀ ਹੁੰਦੀ ਹੈ। ਮੈਲਨਿਨ ਸੈੱਲ 'ਚ ਸੂਖਮ ਤੰਗ ਨਾੜੀਆਂ ਉੱਪਰ ਵੱਲ ਹੁੰਦੀਆਂ ਹਨ। ਇਨ੍ਹਾਂ ਰਾਹੀਂ ਮੈਲਨਿਨ ਕਣ ਉੱਪਰ ਆਉਂਦੇ ਹਨ। ਇਹ ਉਹੀ ਸੈੱਲ ਹਨ, ਜਿਨ੍ਹਾਂ ਸਦਕਾ ਗਿਰਗਿਟ ਆਪਣੀ ਚਮੜੀ ਦਾ ਰੰਗ ਬਦਲਦਿਆਂ ਪੀਲੀ-ਲਾਲ, ਨੀਲੀ-ਹਰੀ ਜਾਂ ਭੂਰੀ ਨਜ਼ਰ ਆਉਂਦੀ ਹੈ। ਮਾਹਰਾਂ ਅਨੁਸਾਰ ਗਿਰਗਿਟ ਦਾ ਰੰਗ ਉਸ ਦੇ ਆਲੇ-ਦੁਆਲੇ ਦੇ ਵਾਤਾਵਰਨ ਦੇ ਰੰਗ, ਤਾਪਮਾਨ ਜਾਂ ਮੂਡ 'ਤੇ ਨਿਰਭਰ ਕਰਦਾ ਹੈ। ਸਾਧਾਰਨ ਤੌਰ 'ਤੇ ਗਿਰਗਿਟ ਜਿੰਨੀ ਦੁਸ਼ਮਣਾਂ ਤੋਂ ਡਰੇਗੀ, ਓਨਾ ਹੀ ਇਸ ਦਾ ਰੰਗ ਪੀਲਾ ਹੋਵੇਗਾ।
-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।
ਮੋਬਾਈਲ : 70870-48140
ਆਪਣਾ ਰੰਗ ਬਦਲ ਸਕਣ ਦੀ ਕੁਦਰਤੀ ਵਿਲੱਖਣ ਕਲਾ ਨਾਲ ਲੈਸ-ਗਿਰਗਿਟ ਜੀਵ
ਅਜੀਤ ਡੈਸਕ
25-07-2026