ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕਿੰਨਾ ਬਦਲ ਗਿਆ ਪੰਜਾਬ

Ad Position 21
No active advertisement
ਅਜੀਤ ਡੈਸਕ 29-03-2026

ਰਵਿੰਦਰ ਕੌਰ ਨੂੰ ਜਣੇਪੇ ਲਈ ਤਾਰਾ ਮੰਡਲ ਹਸਪਤਾਲ ਲਿਜਾਇਆ ਗਿਆ | ਹਸਪਤਾਲ 'ਚ ਚਿੱਟੇ ਕੱਪੜਿਆਂ ਵਾਲੇ ਡਾਕਟਰਾਂ ਦੇ ਆਸੇ ਪਾਸੇ ਕਾਲੇ ਕੱਪੜਿਆਂ ਵਾਲੇ ਬਾਊਾਸਰ ਵੀ ਸਨ | ਇਨ੍ਹਾਂ ਬਾਊਾਸਰਾਂ ਦਾ ਹਸਪਤਾਲ 'ਚ ਪੂਰਾ ਦਬਦਬਾ ਹੈ | ਤਾਰਾ ਮੰਡਲ ਹਸਪਤਾਲ 'ਚ ਜਣੇਪਾ ਕਰਵਾਉਣਾ 'ਸਟੇਟਸ ਸਿੰਬਲ' ਹੈ ਕਿਉਂਕਿ ਬਿੱਲ ਲੱਖਾਂ 'ਚ ਬਣਦਾ ਹੈ | ਰਵਿੰਦਰ ਕੌਰ ਨੇ ਰੀਮਾ ਨਾਂਅ ਦੀ ਧੀ ਨੂੰ ਜਨਮ ਦਿੱਤਾ | ਜਣੇਪੇ ਮਗਰੋਂ ਜਦੋਂ ਰਵਿਦੰਰ ਕੌਰ ਆਪਣੇ ਘਰ ਆਈ ਤਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ 'ਜਾਪਾ' ਵੀ ਹਾਜ਼ਰ ਸੀ | ਕੋਲਕਾਤਾ ਤੋਂ ਆਈ 'ਜਾਪਾ' ਨੇ ਪੰਜਾਹ ਹਜ਼ਾਰ ਰੁਪਏ ਮਹੀਨਾ ਲੈ ਕੇ ਜੱਚਾ-ਬੱਚਾ ਦੀ ਸੰਭਾਲ ਕਰਨੀ ਸੀ | ਅਮੀਰ ਲੋਕਾਂ 'ਚ 'ਜਾਪਾ' ਰੱਖਣ ਦਾ ਰਿਵਾਜ ਹੈ | ਜਾਪਾ ਦੀ ਤਨਖਾਹ ਅਤੇ ਕੰਮ ਵਾਲੀ ਖ਼ਬਰ ਜਦੋਂ ਘਰ ਦੇ ਮਾਲੀ ਪਨਵਾਸੀ ਦਾਸ ਤੱਕ ਪਹੁੰਚੀ ਤਾਂ ਉਸ ਦੇ ਮੁੰਹੋਂ ਚਾਣਚੱਕ ਹੀ ਨਿਕਲਿਆ 'ਹਮਾਰ ਦੇਸ ਮੇਂ ਤੋ ਮੰਮੀ ਪਾਪਾ.... ਮੁਫ਼ਤ ਕੇ ਜਾਪਾ |'
ਪੰਜਾਬੀਆਂ ਦੀ ਜ਼ਿੰਦਗੀ ਦਾ ਰੂਪ ਰੰਗ ਬੜੀ ਤੇਜ਼ੀ ਨਾਲ ਬਦਲਿਆ ਹੈ | ਪਿੰਡਾਂ 'ਚੋਂ ਹਲ, ਹਾਰਾ ਤੇ ਹਾਸਾ ਅਲੋਪ ਹੋ ਗਿਆ ਹੈ | ਮਸ਼ੀਨੀਕਰਨ ਨੇ ਪੇਂਡੂੰ ਖਿੱਤਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ | ਜੰਡ ਹੇਠਾਂ ਦਾਣੇ ਭੁੰਨਦੀ ਭੱਠੀ ਵਾਲੀ ਭਿੰਦੋ ਰੁੱਸ ਗਈ ਹੈ | ਪੋਪਕੌਰਨ, ਮੋਮੋਜ਼, ਨੂਡਲਜ਼, ਚਿੱਪਸ, ਪਾਸਤਾ ਆ ਗਏ ਹਨ, ਛਾਅ ਗਏ ਹਨ | ਹੁਣ ਕਪਾਹ ਦੀਆਂ ਛਿਟੀਆਂ 'ਤੇ ਕਿੱਥੇ ਰਿੱਝਦੀ ਹੈ ਗੁੜ ਅਤੇ ਇਲੈਚੀਆਂ ਵਾਲੀ ਚਾਹ? ਹੁਣ ਤਾਂ ਪਿੰਡ/ ਸ਼ਹਿਰ ਪੈ ਗਏ ਕਿਸੇ ਹੋਰ ਈ ਰਾਹ | ਹੁਣ ਤਾਂ ਪਿੰਡਾਂ ਸ਼ਹਿਰਾਂ 'ਚ ਦੋ ਹੀ ਸ਼ਬਦ ਸੁਣਨ ਨੂੰ ਮਿਲਦੇ ਹਨ 'ਵਿਦਾਊਟ ਸ਼ੂਗਰ |' ਪੰਜ ਆਬ ਤਾਂ ਹੁਣ ਢਾਈ ਆਬ ਰਹਿ ਗਿਆ ਹੈ ਜਿਹੜਾ 50362 ਵਰਗ ਕਿ.ਮੀ. 'ਚ ਫੈਲਿਆ ਹੈ | ਇਕ ਕਰੋੜ ਤੋਂ ਵੱਧ ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ,ਨਿਊਜ਼ੀਲੈਂਡ ਆਦਿ ਮੁਲਕਾਂ 'ਚ ਜਾ ਵਸੇ ਹਨ | ਵਿਦੇਸ਼ਾਂ 'ਚ ਵਸੇ ਪੰਜਾਬੀ ਪੰਜਾਬ ਆਉਂਦੇ ਰਹਿੰਦੇ ਹਨ | ਮੂਰਥਲ (ਹਰਿਆਣਾ) ਦੇ ਢਾਬੇ ਪੰਜਾਬੀਆਂ ਦੇ ਸਿਰ 'ਤੇ ਹੀ ਝਾੜੂ ਨਾਲ ਨੋਟ ਇਕਠੇ ਕਰਦੇ ਹਨ | ਜਿਵੇਂ ਪੰਜਾਬੀ ਪਰਿਵਾਸ ਕਰਕੇ ਬਾਹਰਲੇ ਦੇਸ਼ਾਂ 'ਚ ਜਾ ਵਸੇ ਹਨ, ਤਿਵੇਂ ਹੀ ਯੂ.ਪੀ., ਬਿਹਾਰ, ਉੱਤਰਾਖੰਡ, ਨਿਪਾਲ ਤੋਂ ਆ ਕੇ ਲੋਕ ਪੰਜਾਬ 'ਚ ਵਸ ਗਏ ਹਨ | ਇਹੀ ਕਾਰਨ ਹੈ ਕਿ ਹੁਣ ਪੰਜਾਬ 'ਚ ਵਿਸਾਖੀ, ਦੀਵਾਲੀ ਵਾਂਗ ਛੱਠ ਪੂਜਾ ਅਤੇ ਗਣੇਸ਼ ਉਤਸਵ ਦੀ ਧੂਮ ਵੀ ਹੁੰਦੀ ਹੈ | ਪੰਜਾਬ ਦੇ ਬਾਜ਼ਾਰਾਂ ਦਾ ਰੰਗ ਰੂਪ ਵੀ ਬਦਲ ਗਿਆ ਹੈ | ਥਾਂ-ਥਾਂ ਵੱਡੇ ਵੱਡੇ ਸ਼ਾਪਿੰਗ ਮਾਲ ਖੁੱਲ੍ਹ ਗਏ ਹਨ | ਹੁਣ ਪੰਜਾਬੀ ਡਾਕੀਏ ਨੂੰ ਨਹੀਂ ਉਡੀਕਦੇ ਕਿਉਂਕਿ ਹੁਣ ਡਲਿਵਰੀ ਬੁਆਏ ਹਾਜ਼ਰ ਹੈ | ਹੁਣ ਤਾਂ ਚੱਪੇ-ਚੱਪੇ 'ਤੇ ਫਾਸਟ ਫੂਡ ਦੀ ਸਰਦਾਰੀ ਹੈ | ਦਰਜਨਾਂ ਤਰ੍ਹਾਂ ਦੇ ਜੂਸ, ਐਨਰਜੀ ਡਰਿੰਕ, ਕੋਲਡ ਡਰਿੰਕ ਵਿਕ ਰਹੇ ਹਨ | ਹੱਟੀ ਵਾਲਾ ਬਾਣੀਆ ਤੇ ਬੰਟੇ ਵਾਲਾ ਬੱਤਾ ਪਤਾ ਨਹੀਂ ਕਿੱਥੇ ਗਵਾਚ ਗਿਆ ਹੈ | ਪਿੰਡਾਂ 'ਚ ਵੀ ਆਨਲਾਈਨ ਸਾਮਾਨ ਪਹੁੰਚ ਰਿਹਾ ਹੈ | ਜਿਵੇਂ ਕੈਨੇਡਾ ਦੇ ਸਟੋਰਾਂ 'ਚ ਪੀਪੇ ਵਾਲੇ ਬਿਸਕੁਟ ਪਹੁੰਚ ਗਏ ਹਨ, ਤਿਵੇਂ ਹੀ ਪੰਜਾਬ ਦੇ ਢਾਬਿਆਂ 'ਤੇ ਸਿਲਵਰ ਦਾ ਵੱਡਾ ਪਤੀਲਾ ਬਰਿਆਨੀ ਲੈ ਕੇ ਹਾਜ਼ਰ ਹੈ | ਵੈਸੇ ਤਾਂ ਪੰਜਾਬ 'ਚ ਗਹਿਣਿਆਂ, ਕੱਪੜਿਆਂ ਅਤੇ ਜੁੱਤੀਆਂ ਦੀਆਂ ਦੁਕਾਨਾਂ ਦੀ ਦਿੱਖ ਵੀ ਦਿਲਕਸ਼ ਹੈ, ਪਰ ਤਿੰਨ ਹੋਰ ਦੁਕਾਨਾਂ ਦੀ ਖੂਬਸੂਰਤੀ ਵੀ ਖਾਸ ਖਿੱਚ ਪਾਉਂਦੀ ਹੈ | 1. ਸ਼ਰਾਬ ਦੇ ਠੇਕੇ 2. ਏ.ਸੀ.ਅਹਾਤੇ 3. ਜਿੰਮ | ਇਯਾਲੀ ( ਲੁਧਿਆਣਾ) ਅਤੇ ਮੁਹਾਲੀ ਦੇ ਕੁਝ ਹਿੱਸੇ ਤਾਂ ਵਿਦੇਸ਼ੀ ਧਰਤੀ ਹੋਣ ਦਾ ਭੁਲੇਖਾ ਪਾਉਂਦੇ ਹਨ | ਪੰਜਾਬ 'ਚ ਲੋੜ ਤੋਂ ਵੱਧ ਕੰਸਟਰੱਕਸ਼ਨ ਹੋ ਰਹੀ ਹੈ | ਘਰ-ਘਰ ਕਾਂਡੀ ਤੇਸੀ ਤਾਂ ਖੜਕ ਰਹੀ ਹੈ ਪਰ ਮੁਹੱਬਤ ਦੀ ਘਾਟ ਰੜਕ ਰਹੀ ਹੈ | ਜਦੋਂ ਤੋਂ ਸੋਸ਼ਲ ਮੀਡੀਆ ਆਇਆ ਹੈ ਪੰਜਾਬੀਆਂ ਦੀ ਸੁਮੱਚੇ ਸੰਸਾਰ 'ਚ ਧੰਨ-ਧੰਨ ਹੋ ਗਈ ਹੈ | ਹਰ ਛੋਟਾ ਵੱਡਾ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਲਾਈਵ ਹੈ | ਹਰ ਛੋਟਾ ਵੱਡਾ ਰਾਜਸੀ ਆਗੂ ਵੀ ਲਾਈਵ ਹੈ | ਹਰ ਛੋਟਾ ਵੱਡਾ ਕਲਾਕਾਰ ਵੀ ਲਾਈਵ ਹੈ | ਮੋਹ ਮਾਇਆ ਵਿਰੋਧੀ ਬਾਬੇ ਵੀ ਲਾਈਵ ਹਨ | ਹਰ ਬੰਦਾ ਕੁਝ ਕਹਿਣਾ ਚਾਹੁੰਦਾ ਹੈ | ਹਰ ਬੰਦਾ ਚਰਚਾ 'ਚ ਰਹਿਣਾ ਚਾਹੁੰਦਾ ਹੈ | ਮੁਟਿਆਰਾਂ ਵੀ ਡਿਜੀਟਲ ਪਲੇਟਫਾਰਮ 'ਤੇ ਟੀਸੀ ਵਾਲਾ ਬੇਰ ਤੋੜ ਰਹੀਆਂ ਹਨ | ਮੁਟਿਆਰਾਂ ਦਾ ਘੁੰਡ 'ਚੋਂ ਨਿਕਲ ਕੇ ਅੰਬਰ ਦੀ ਉਡਾਣ ਭਰਨਾ ਸ਼ਲਾਘਾਯੋਗ ਹੈ, ਪਰ ਭਾਸ਼ਾ ਤਾਂ ਸੱਭਿਅਕ ਹੋਵੇ, ਵਿਵਹਾਰ ਤਾਂ ਸ਼ਾਲੀਨ ਹੋਵੇ | ਕਈ ਪੰਜਾਬਣਾਂ ਦੇ ਕਤਲ ਵੀ ਹੋ ਗਏ ਕਿਉਂਕਿ ਉਨ੍ਹਾਂ ਵੱਲੋਂ ਧਨ ਇਕੱਤਰ ਕਰਨ ਦੇ ਚੱਕਰ 'ਚ ਬੜੀ ਹੀ ਅਸ਼ਲੀਲ ਅਤੇ ਇਤਰਾਜ਼ਯੋਗ ਭਾਸ਼ਾ ਵਰਤੀ ਗਈ | ਡਿਜੀਟਲ ਦੁਨੀਆ ਦਾ ਪੰਪ ਛਕ ਕੇ ਕਤਲ ਹੋਈ ਇਕ ਮੁਟਿਆਰ ਦੇ ਸੱਤ ਲੱਖ ਫੋਲੋਅਰ ਸਨ, ਸਸਕਾਰ 'ਤੇ ਸੱਤ ਹੀ ਪਹੁੰਚੇ | ਕੈਨੇਡਾ 'ਚ ਵੀ ਹੁਣੇ ਜਿਹੇ ਇਕ ਮੁਟਿਆਰ ਦਾ ਕਤਲ ਹੋਇਆ ਹੈ ਜਿਹੜੀ ਪੰਜਾਬ ਦੇ ਆਗੂਆਂ ਬਾਰੇ ਅਸੱਭਿਅਕ ਭਾਸ਼ਾ ਵਰਤਦੀ ਸੀ | ਪੰਜਾਬੀਆਂ ਦੋ ਗੋਹੇ ਨਾਲ ਲਿੱਪੇ ਵਿਹੜੇ ਗ਼ਾਇਬ ਹੋ ਗਏ ਹਨ, ਹੁਣ ਟਾਈਲਾਂ ਹਨ ਅਤੇ ਮਕਰਾਨਾ ਦਾ ਮਾਰਬਲ | ਕਿਸੇ ਦੌਰ 'ਚ ਟਰਾਂਜ਼ਿਸਟਰ ਅਤੇ ਪਾਣੀ ਵਾਲਾ ਡੱਬਾ ਲੈ ਕੇ ਸਵੇਰੇ-ਸਵੇਰੇ ਬਾਹਰ ਜੰਗਲ ਪਾਣੀ ਲਈ ਜਾਂਦੇ ਪੰਜਾਬੀ ਹੁਣ ਮੋਬਾਈਲ ਦੇ ਮੁਰੀਦ ਹਨ | ਚਾਟੀ ਅਤੇ ਬਾਟੀ ਦੀ ਥਾਂ ਹੁਣ ਬੋਨਚਾਈਨਾ ਕਰਾਕਰੀ ਆ ਗਈ ਹੈ | ਹੁਣ ਸਾਂਝੇ ਟੱਬਰ ਟੁੱਟ ਗਏ ਹਨ | ਚਾਰ ਜੀਆਂ ਦਾ ਟੱਬਰ, ਦੋ ਵਿਦੇਸ਼ | ਲੁਧਿਆਣਾ ਦੇ ਪਿੰਡ ਬਿਰਕ (ਵਿਰਕ ਨਹੀਂ) ਦੇ ਕਿਸਾਨ ਬਿੰਦਰ ਜੀ ਆਪਣੇ ਦੋ ਭਰਾਵਾਂ ਨਾਲ ਰਲ ਕੇ ਸਾਂਝੀ ਖੇਤੀ ਕਰਦੇ ਹਨ | ਸਾਰਾ ਟੱਬਰ, ਸਭ ਮਿਹਨਤੀ | ਘਰ 'ਚ ਤਵੇ 'ਤੇ ਨਹੀਂ ਤਵੀ 'ਤੇ ਰੋਟੀ ਪੱਕਦੀ ਹੈ | ਸਾਂਝੀ ਖੇਤੀ ਸਾਂਝਾ ਘਰ ਕਦੇ ਸਾਡੀ ਵਿਰਾਸਤ ਸੀ | ਸਰਵਣ ਪੁੱਤਰ ਦੀ ਧਰਤੀ 'ਤੇ ਬਿਰਧ ਆਸ਼ਰਮ ਵਧ ਰਹੇ ਹਨ | ਕਈਆਂ 'ਚ ਤਾਂ ਫਾਈਵ ਸਟਾਰ ਹੋਟਲਾਂ ਵਰਗੀਆਂ ਸਹੂਲਤਾਂ ਹਨ | ਸਕੂਲ 'ਚ ਮਾਸਟਰ ਜੀ ਦੀ “ਥਾਰ ਅਤੇ ਭੈਣ ਜੀ ਦੀ ਕਾਰ ਖੜ੍ਹੀ ਹੈ | ਹੁਣ ਖੱਦਰ ਦੇ ਕੁੜਤੇ ਵਾਲੇ ਮਾਸਟਰ ਜੀ ਨਹੀਂ ਲੱਭਦੇ ਜਿਨ੍ਹਾਂ ਦੇ ਸਾਈਕਲ ਨਾਲ ਥੈਲਾ ਲਟਕਦਾ ਸੀ | ਹੁਣ ਤਾਂ ਹੋਟਲਾਂ ਦੀ ਦਿੱਖ ਵਰਗੇ ਸਕੂਲ ਹਨ | ਮਾਸਟਰ- ਭੈਣਜੀਆਂ, ਮਾਪੇ ਬੱਚੇ ਬਰੈਂਡਿਡ ਵਸਤਰਾਂ ਵਾਲੇ ਹੋ ਗਏ ਹਨ | ਸਾਡੇ ਵਿਰਸੇ ਦੀ ਵਿਲੱਖਣ ਖੂਬੀ ਤਮੀਜ਼ ਅਤੇ ਤਹਿਜ਼ੀਬ ਪਤਾ ਨਹੀਂ ਕਿੱਥੇ ਖੰਭ ਲਾ ਕੇ ਉੱਡ ਗਈ ਹੈ | ਕਿਰਤ ਅਤੇ ਕੋਧਰੇ ਦੀ ਰੋਟੀ ਦੀ ਗੱਲ ਚੰਗੀ ਭਲੀ ਹੋ ਰਹੀ ਸੀ | ਪਤਾ ਹੀ ਨਹੀਂ ਲੱਗਾ ਕਦੋਂ ਚਿੱਟੇ ਅਤੇ ਕੱਟੇ ਦੀ ਆਮਦ ਹੋਈ, ਗੈਂਗਵਾਰ ਹੋਣ ਲੱਗੀ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਓ.ਐਸ.ਡੀ. ਨੂੰ ਇਕ ਬੰਦਾ ਮਿਲਣ ਆਇਆ | ਉਹ ਬੱਸ 'ਚ ਚੰਡੀਗੜ੍ਹ ਆਇਆ ਸੀ ਅਤੇ ਉਸ ਨੇ ਪਰਤਣਾ ਵੀ ਬੱਸ 'ਚ ਹੀ ਸੀ | ਲੁਧਿਆਣਾ ਨਾਲ ਸੰਬੰਧ ਰੱਖਦੇ ਓ.ਐਸ.ਡੀ. ਨੇ ਇਸ ਬੰਦੇ ਦਾ ਆਦਰ ਮਾਣ ਕੀਤਾ ਤੇ ਕੰਮ ਵੀ ਕਰਵਾਇਆ | ਜਦੋਂ ਉਹ ਚਲਾ ਗਿਆ ਤਾਂ ਓ.ਐਸ.ਡੀ. ਨੇ ਕਮਰੇ 'ਚ ਬੈਠੇ ਆਪਣੇ ਮਿੱਤਰ ਨੂੰ ਦੱਸਿਆ ਕਿ ਇਹ ਬੰਦਾ ਦੋ ਵਾਰੀ ਐਮ.ਐਲ.ਏ. ਰਿਹਾ ਹੈ | ਕਿਸੇ ਦੌਰ 'ਚ ਬੱਸ ਦੀਆਂ ਦੋ ਸੀਟਾਂ ਐਮ.ਐਲ.ਏ. ਅਤੇ ਐਮ.ਪੀ. ਲਈ ਰਿਜ਼ਰਵ ਹੁੰਦੀਆਂ ਸਨ | ਅੱਜ ਤਾਂ ਬੀ.ਐਮ.ਡਬਲਯੂ, ਮਰਸੀਡੀਜ਼, ਡਿਫੈਂਡਰ, ਟਿੱਪਰ, ਫਾਰਮ ਹਾਊਸ, ਸ਼ਾਪਿੰਗ ਮਾਲ ਆਦਿ ਵਾਲੇ ਐਮ.ਐਲ.ਏ., ਐਮ.ਪੀ. ਹਨ | ਅਜੋਕੇ 'ਹਾਈ-ਫਾਈ' ਅਤੇ 'ਵਾਈ ਫਾਈ ਪੰਜਾਬੀ', 'ਗੂਗਲ',“'ਆਈ ਫੋਨ', 'ਯੂ ਟਿਊਬ', 'ਬਲੌਗਰ',“'ਵੱਟਸਐਪ', 'ਸਨੈਪ ਚੈਟ ', 'ਸੈਲਫ਼ੀ', 'ਬਲੱਡ ਪ੍ਰੈੱਸ਼ਰ', 'ਸ਼ੂਗਰ', 'ਮੌ ਮ', 'ਪੌਪ', 'ਬਰੋ', 'ਸਿਸ', 'ਮਿਸ', 'ਪਿੱਕ' ਆਦਿ ਸ਼ਬਦ ਆਮ ਵਰਤਦੇ ਹਨ | ਹੁਣ ਤਾਂ ਪਿੰਡਾਂ ਦੀਆਂ ਸੱਥਾਂ 'ਚ ਵੀ ਇਹ ਕਥਨ ਕਦੇ-ਕਦੇ ਹੀ ਸੁਣਨ ਨੂੰ ਮਿਲਦੇ ਹਨ, 'ਸਾਰੇ ਗੈਸ ਬੁਝਾ ਦਿਓ ਜੀ ਸਾਡਾ ਕੁੜਮ ਬੈਟਰੀ ਵਰਗਾ', 'ਚਤਰਾਂ ਨੂੰ ਚਤਰਾਈਆਂ', 'ਗਿਆਨੀ ਨੂੰ ਗਿਆਨ', 'ਤੈਨੂੰ ਤੇਰੇ ਪੇਟ ਦੀ ਤੇਰਾ ਥਾਲੀ ਵੱਲ ਧਿਆਨ', 'ਨਿੱਤ ਨਿੱਤ ਨੀ ਬਾਜ਼ਾਰੀਂ ਔਣਾ ਬਿੱਲੋ ਖਾ ਲੈ ਨਾਸ਼ਪਤੀਆਂ |' ਤਾਕਤ ਦੇ ਅਸਲ ਬਾਦਸ਼ਾਹ ਕਿੱਕਰ ਸਿੰਘ ਦੀ ਧਰਤੀ 'ਤੇ ਸਾਹ ਲੈ ਰਹੇ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ, ਪਰ ਕਈ ਥਾਈਾ ਪੰਜਾਬੀ ਵੱਡੀ ਮਾਰ ਖਾ ਗਏ ਹਨ | ਇਹ ਕਹਾਵਤ ਹੀ ਨਹੀਂ ਸਾਡੀ ਤਾਕਤ ਦੀ ਝਲਕ ਵੀ ਹੈ, 'ਚਿੜੀਆ ਜੋਬਨ ਤੀਨ ਸਾਲ.... ਬੈਲ 9 ਸਾਲਾ, ਮਰਦ ਘੋੜਾ 100 ਸਾਲਾ ਜੇ ਮਿਲੇ ਮਸਾਲਾ |' ਸਿਹਤ ਪੱਖੋਂ ਪੰਜਾਬੀ ਮਾਰ ਖਾ ਗਏ ਹਨ ਤਦੇ ਤਾਂ ਰੋਗਾਂ ਤੇ ਰੋਗੀਆਂ ਦੀ ਭਰਮਾਰ ਹੈ | ਪੰਜਾਬੀਆਂ ਨੂੰ ਸਾਵੀਂ ਖੁਰਾਕ ਨਾਲ ਹੀ ਜੁੜਨ ਦੀ ਲੋੜ ਹੈ, ਇਹ ਪਲੇਟਰ ਸਟਾਰਟਰ ਸਭ ਸ਼ੋਸ਼ੇਬਾਜ਼ੀਆਂ ਹਨ |
ਪੰਜਾਬੀਆਂ ਨੂੰ ਕਿਰਤ ਕਰਨ ਤੇ ਕਿਤਾਬਾਂ ਪੜ੍ਹਨ ਦੀ ਲੋੜ ਹੈ | ਰਾਣਾ ਸੋਢੀ ਵਰਗੇ ਬੰਦੇ ਪਤਾ ਨੀ ਕਿੱਥੇ ਚਲੇ ਗਏ? ਨੰਗਲ 'ਚ ਇਕ ਸਮਾਰਟ ਨੌਜਵਾਨ ਰਾਣਾ ਸੋਢੀ ਹੁੰਦਾ ਸੀ, ਜਿਸ ਨੇ ਨਾਗਮਣੀ ਅਤੇ ਹੋਰ ਰਸਾਲਿਆਂ ਦੀ ਵੱਡੀ ਸੰਖਿਆ ਸਾਂਭੀ ਹੁੰਦੀ ਸੀ | ਰਾਣਾ ਸੋਢੀ ਦਾ ਵੱਡਾ ਭਰਾ ਸ਼ਾਇਰ ਪਰਮਿੰਦਰ ਸੋਢੀ ਜਪਾਨ ਜਾ ਵਸਿਆ ਹੈ, ਸ਼ਾਇਰ ਪਰਮਿੰਦਰ ਸੋਢੀ ਕੋਲ 4000 ਕਿਤਾਬਾਂ ਹਨ | ਰਾਣਾ ਸੋਢੀ ਅਤੇ ਪਰਮਿੰਦਰ ਸੋਢੀ ਦੇ ਪਿਤਾ ਸਵਰਗੀ ਹੈੱਡਮਾਸਟਰ ਰਾਜਿੰਦਰ ਸੋਢੀ ਚੰਡੀਗੜ੍ਹ ਜਾ ਕੇ ਕਿਤਾਬਾਂ ਇੰਜ ਖਰੀਦਦੇ ਸਨ, ਜਿਵੇਂ ਅਸੀਂ ਸਬਜ਼ੀ ਖਰੀਦਦੇ ਹਾਂ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਨਿੱਜੀ ਲਾਇਬ੍ਰੇਰੀ ਵੀ ਦੇਖਣ ਵਾਲੀ ਹੈ | ਬੌਧਿਕ ਵਿਕਾਸ ਲਈ ਪੁਸਤਕਾਂ ਪੜ੍ਹਣੀਆਂ ਹੀ ਪੈਣਗੀਆਂ | ਪੰਜਾਬੀਆਂ ਨੂੰ ਕੁਦਰਤੀ ਜੀਵਨ ਵੱਲ ਪਰਤਣਾ ਪਵੇਗਾ, ਕਿਉਂਕਿ ਫਸਲੀ ਚੱਕਰ ਪੌਣ ਪਾਣੀ ਦਾ ਦੁਸ਼ਮਣ ਬਣ ਗਿਆ ਹੈ |

-ਭਾਖੜਾ ਰੋਡ, ਨੰਗਲ 140124
ਮੋਬਾਈਲ : 98156-24927

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅਤੇ ਈਰਾਨ ਦੇਸ਼ ਦੇ ਸੰਬੰਧਾਂ ਦਾ ਇਤਿਹਾਸ ਅਗਲੀ ਖ਼ਬਰ ਪੰਜਾਬੀ ਲੋਕ ਗਾਇਕੀ ਦਾ ਬਾਬਾ ਬੋਹੜ ਅਤੇ ਤੂੰਬੀ ਦਾ ਬਾਦਸ਼ਾਹ
Ad Position 24
No active advertisement