ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੰਜਾਬ ਅਤੇ ਈਰਾਨ ਦੇਸ਼ ਦੇ ਸੰਬੰਧਾਂ ਦਾ ਇਤਿਹਾਸ

Ad Position 21
No active advertisement
ਅਜੀਤ ਡੈਸਕ 29-03-2026

'ਪੰਜਾਬ' ਸ਼ਬਦ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਬਣਿਆ ਸ਼ਬਦ ਹੈ, ਇਹ ਸ਼ਬਦ “ਪੰਜ” + “ਆਬ” ਹਨ | ਪੰਜ ਦਾ ਅਰਥ “ਪੰਜ”ਅਤੇ ਆਬ ਦਾ ਅਰਥ ਪਾਣੀ | ਇਸ ਦਾ ਅਰਥ ਹੈ ਕਿ 'ਪੰਜਾਬ' ਸ਼ਬਦ ਦਾ ਮਤਲਬ “ਪੰਜ ਦਰਿਆਵਾਂ ਦੀ ਧਰਤੀ” ਤੋਂ ਲਿਆ ਜਾਂਦਾ ਹੈ | ਇਹ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਹਨ | ਫ਼ਾਰਸੀ ਭਾਸ਼ਾ ਮੁੱਖ ਤੌਰ 'ਤੇ ਈਰਾਨ ਦੇਸ਼ ਵਿਚ ਬੋਲੀ ਜਾਣ ਵਾਲੀ ਭਾਸ਼ਾ ਹੈ, ਜੋ ਪੰਜਾਬ ਅਤੇ ਈਰਾਨ ਦੇ ਪੁਰਾਤਨ ਆਪਸੀ ਸੰਬੰਧਾਂ ਨੂੰ ਦਰਸਾਉਂਦੀ ਹੈ | ਮੁਹੰਮਦ-ਬਿਨ-ਕਾਸਮ (712 ਏ.ਡੀ.) ਦੇ ਹਮਲੇ ਤੋਂ ਬਾਅਦ ਭਾਰਤ ਦੇ ਸਿੰਧ ਦੇ ਇਲਾਕੇ ਵਿਚ ਬਹੁਤ ਸਾਰੇ ਮੁਸਲਮਾਨ ਲੋਕ ਆ ਕੇ ਵਸ ਗਏ | ਇਨ੍ਹਾਂ ਮੁਸਲਮਾਨਾਂ ਦੇ ਸਿੰਧ 'ਚ ਆ ਕੇ ਵਸਣ ਨਾਲ ਇਸ ਇਲਾਕੇ ਵਿਚ ਸਥਾਨਕ ਭਾਸ਼ਾ ਅਤੇ ਅਰਬੀ ਭਾਸ਼ਾ ਦੀ ਸੁਮੇਲ ਭਾਸ਼ਾ ਬੋਲੀ ਜਾਣ ਲੱਗੀ ਜਿਸ ਨੂੰ 'ਸਿੰਧੀ ਭਾਸ਼ਾ' ਦੇ ਨਾਂਅ ਨਾਲ ਜਾਣਿਆ ਗਿਆ | ਸਿੰਧ ਦੇ ਇਲਾਕੇ ਵਿਚ ਸਿੰਧੀ ਤੇ ਭਾਰਤ ਦੇ ਬਾਕੀ ਇਲਾਕੇ ਵਿਚ ਹਿੰਦਾਵੀ ਭਾਸ਼ਾ ਬੋਲੀ ਜਾਂਦੀ ਸੀ, ਇਸੇ ਕਰਕੇ ਸਿੰਧ ਦੇ ਇਲਾਕੇ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਅਤੇ ਭਾਰਤ ਦੀ ਭਾਸ਼ਾ ਨੂੰ ਹਿੰਦਾਵੀ ਭਾਸ਼ਾ (ਵੈਦਿਕ ਭਾਸ਼ਾ) ਦੇ ਨਾਂਅ ਨਾਲ ਜਾਣਿਆ ਜਾਂਦਾ ਸੀ | ਜਦੋਂ ਮਹਿਮੂਦ ਗਜ਼ਨਵੀ ਨੇ ਪੰਜਾਬ 'ਤੇ ਆਪਣਾ ਰਾਜ ਕਾਇਮ ਕੀਤਾ ਤਾਂ ਉਸ ਸਮੇਂ ਲਾਹੌਰ ਵਿਚ ਹਿੰਦਾਵੀ ਭਾਸ਼ਾ ਬੋਲੀ ਜਾਂਦੀ ਸੀ | ਗਿਆਰਵੀਂ ਸਦੀ ਦੀ ਸ਼ੁਰੂਆਤ ਤੋਂ ਗਜ਼ਨਵੀ ਨੇ ਭਾਰਤ-ਪੰਜਾਬ ਉੱਤੇ 17 ਹਮਲੇ ਕੀਤੇ ਅਤੇ ਗਜ਼ਨੀ ਸਮਰਾਜ ਦੀ ਨੀਂਹ ਪੰਜਾਬ ਵਿਚ ਰੱਖੀ | 997 ਈਸਵੀ ਤੋਂ 1184 ਈਸਵੀ ਤੱਕ ਪੰਜਾਬ ਗਜ਼ਨੀ ਸਾਮਰਾਜ ਦਾ ਹਿੱਸਾ ਰਿਹਾ | ਗਜ਼ਨੀ ਸ਼ਾਸਕਾਂ ਦੇ ਸਮੇਂ ਤੋਂ ਪੰਜਾਬ ਦੇ ਸਾਮਰਾਜ ਦੀ ਭਾਸ਼ਾ ਫ਼ਾਰਸੀ ਬਣੀ | ਭਾਵੇਂ ਗਜ਼ਨੀ ਸਮਰਾਜ ਅਫਗਾਨਿਸਤਾਨ ਵਿਚ ਸੀ ਪਰ ਫਿਰ ਵੀ ਇਨ੍ਹਾਂ ਦੇ ਪੰਜਾਬੀ ਸਾਮਰਾਜ ਵਿਚ ਫ਼ਾਰਸੀ ਭਾਸ਼ਾ ਨੂੰ ਪਹਿਲ ਦਿੱਤੀ ਗਈ ਸੀ | ਮਹਿਮੂਦ ਗਜ਼ਨਵੀ ਦੇ ਰਾਜ ਸਮੇਂ ਬਹੁਤ ਸਾਰੇ ਈਰਾਨੀ ਤੇ ਅਫਗਾਨੀ ਲੋਕ ਪੰਜਾਬ ਵਿਚ ਆ ਕੇ ਵਸ ਗਏ ਸਨ | ਅਫਗਾਨਿਸਤਾਨ ਅਤੇ ਈਰਾਨ ਦੀ ਸਰਹੱਦ ਪੁਰਾਤਨ ਭਾਰਤ ਦੇ ਬਿਲਕੁਲ ਨਾਲ ਲੱਗਦੀ ਸੀ, ਇਸੇ ਕਰਕੇ ਬਹੁਤ ਸਾਰੇ ਲੋਕਾਂ ਨੇ ਪੰਜਾਬ ਵਿਚ ਆ ਕੇ ਵਸਣ ਦਾ ਫੈਸਲਾ ਕੀਤਾ | ਉਦੋਂ ਲਾਹੌਰ ਈਰਾਨ ਦੇ ਵਿਦਵਾਨਾਂ ਲਈ ਅਤੇ ਗਜ਼ਨੀ ਤੇ ਖੁਰਾਸਾਨ ਦੇ ਫੌਜੀ ਅਧਿਕਾਰੀਆਂ ਲਈ ਸਾਹਿਤ ਦਾ ਕੇਂਦਰ ਬਣ ਚੁੱਕਾ ਸੀ | ਐਲਬਰੂਨੀ, ਮਾਸੂਦ, ਉੱਤਬੀ ਅਤੇ ਹੋਰ ਬਹੁਤ ਸਾਰੇ ਉਸ ਸਮੇਂ ਦੇ ਪ੍ਰਸਿੱਧ ਵਿਦਵਾਨ, ਜਿਨ੍ਹਾਂ ਨੇ ਬਹੁਤਾ ਇਤਿਹਾਸ ਫ਼ਾਰਸੀ ਭਾਸ਼ਾ ਵਿਚ ਲਿਖਿਆ ਹੈ, ਉਹ ਲਾਹੌਰ ਰਹਿੰਦੇ ਰਹੇ ਹਨ | ਅਬਦੁਲ ਮਾਜੀਦ ਦੇ ਅਨੁਸਾਰ ਪੰਜਾਬ ਭਾਰਤ ਦਾ ਪਹਿਲਾ ਸੂਬਾ ਸੀ ਜਿਸਨੇ ਸਭ ਤੋਂ ਪਹਿਲਾਂ ਈਰਾਨ ਦੇ ਸੱਭਿਆਚਾਰ ਨੂੰ ਗ੍ਰਹਿਣ ਕੀਤਾ | ਪੁਰਾਤਨ ਸਮੇਂ ਤੋਂ ਹੀ ਪੱਛਮੀ ਪੰਜਾਬ, ਈਰਾਨ ਦੇ ਅਖੇਮਿਨੀ ਸਾਮਰਾਜ ਦੇ ਰਾਜੇ ਮਹਾਨ ਡੇਰੀਅਸ (522-486 ਬੀ.ਸੀ.) ਦੇ ਅਧੀਨ ਰਿਹਾ ਸੀ | ਉਦੋਂ ਇਸ ਇਲਾਕੇ ਨੂੰ ਸਪਤ-ਸਿੰਧੂ ਦੇ ਨਾਂਅ ਨਾਲ ਸੰਬੋਧਨ ਕੀਤਾ ਜਾਂਦਾ ਸੀ | ਪਰ ਜ਼ਰਕਸੀਸ (486-465 ਬੀ.ਸੀ.) ਜੋ ਇਸੇ ਸਾਮਰਾਜ ਦਾ ਮਹਾਨ ਰਾਜਾ ਸੀ, ਦੀ ਮੌਤ ਤੋਂ ਬਾਅਦ ਪੰਜਾਬ ਈਰਾਨ ਦੇ ਇਸ ਮਹਾਨ ਅਖੇਮਿਨੀ ਸਾਮਰਾਜ ਤੋਂ ਖੁਸ ਗਿਆ | ਇਸ ਮਹਾਨ ਅਖੇਮਿਨੀ ਸਾਮਰਾਜ ਦੀ ਸ਼ੁਰੂਆਤ ਸਾਇਰਸ ਮਹਾਨ (600-530 ਬੀ.ਸੀ.) ਨੇ ਕੀਤੀ ਸੀ | ਪੁਰਾਤਨ ਸਮੇਂ ਤੋਂ ਪੰਜਾਬ ਇਸ ਫ਼ਾਰਸੀ ਦੇਸ਼ ਦੇ ਅਧੀਨ ਰਿਹਾ ਸੀ, ਇਸੇ ਕਰਕੇ ਅੱਜ ਤੱਕ ਵੀ ਇਨ੍ਹਾਂ ਦੇਸ਼ਾਂ ਦਾ ਪ੍ਰਭਾਵ ਪੰਜਾਬ 'ਤੇ ਵੇਖਿਆ ਜਾਂਦਾ ਰਿਹਾ ਹੈ | ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਅਤੇ ਆਖਰੀ ਉਦਾਸੀ ਦੌਰਾਨ ਈਰਾਨ ਗਏ ਸਨ | ਗੁਰੂ ਨਾਨਕ ਦੇਵ ਜੀ ਨੇ 1519 ਤੋਂ 1521 ਈ. ਦੌਰਾਨ ਈਰਾਨ ਦੇਸ਼ ਦੇ ਖੋਹਰਮਸ਼ਹਰ, ਬੁਸ਼ੇਹਰ, ਮਸ਼ਹਦ ਅਤੇ ਤਹਿਰਾਨ ਸ਼ਹਿਰਾਂ ਦੀ ਯਾਤਰਾ ਕੀਤੀ ਸੀ | ਦਿੱਲੀ ਸਲਤਨਤ ਤੇ ਮੁਗਲਾਂ ਦੇ ਭਾਰਤ ਉੱਤੇ ਰਾਜ ਦੇ ਸਮੇਂ, ਭਾਵੇਂ ਪੰਜਾਬ ਮੁਗਲਾਂ ਦੇ ਅਧੀਨ ਰਿਹਾ ਸੀ ਅਤੇ ਮੁਗਲਾਂ ਨੇ ਪਹਿਲਾਂ ਲਾਹੌਰ ਤੇ ਫਿਰ ਦਿੱਲੀ ਤੋਂ ਰਾਜ ਕਰਨਾ ਸ਼ੁਰੂ ਕੀਤਾ ਸੀ, ਪਰ ਫਿਰ ਵੀ ਉਨ੍ਹਾਂ ਦੇ ਸਾਮਰਾਜ ਦੀ ਦਰਬਾਰੀ ਭਾਸ਼ਾ ਫ਼ਾਰਸੀ ਹੀ ਰਹੀ ਸੀ | ਮੁਗਲ ਬਾਦਸ਼ਾਹ ਅਕਬਰ ਦੇ ਜੀਵਨ ਬਾਰੇ ਉਸਦੇ ਨੌ ਰਤਨਾਂ 'ਚੋਂ ਇਕ ਅਬੁਲ-ਫਜ਼ਲ ਨੇ ਅਕਬਰਨਾਮਾ ਫ਼ਾਰਸੀ ਭਾਸ਼ਾ ਵਿਚ ਹੀ ਲਿਖਿਆ ਸੀ | ਜਹਾਂਗੀਰ ਦੀ ਲਿਖੀ ਸਵੈ-ਜੀਵਨੀ 'ਤੁਜਕ-ਏ-ਜਹਾਂਗੀਰੀ', ਮੋਹਸਿਨ ਫਾਨੀ ਦੀ ਲਿਖੀ 'ਦਬਿਸਤਾਨ-ਏ-ਮਜਾਹਿਬ', ਮੱਧ ਕਾਲ ਸਮੇਂ ਦੇ ਲੇਖਕ ਸ਼ੇਖ ਅਹਿਮਦ ਸਰਹਿੰਦੀ ਦੁਆਰਾ ਲਿਖੀ ਮਕਤੂਬਾਤ-ਏ-ਇਮਾਮ ਰੱਬਾਨੀ, ਇਹ ਸਾਰੇ ਗ੍ਰੰਥ ਫ਼ਾਰਸੀ ਭਾਸ਼ਾ ਵਿਚ ਲਿਖੇ ਗਏ ਹਨ | ਸ੍ਰੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਪੰਜਾਬ ਦਾ ਈਰਾਨ ਨਾਲ ਘੋੜਿਆਂ ਦਾ ਵਪਾਰ ਵੀ ਚੱਲਦਾ ਰਿਹਾ ਸੀ | ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਫ਼ਾਰਸ ਦੇ ਬਹੁਤ ਸਾਰੇ ਕਵੀ ਸਨ | ਗੁਰੂ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਉਸਦੇ ਕੀਤੇ ਜ਼ੁਲਮਾਂ ਵਿਰੁੱਧ 1705 ਈਸਵੀ ਨੂੰ ਜੋ ਪੱਤਰ ਜ਼ਫਰਨਾਮਾ ਲਿਖਿਆ ਸੀ ਉਹ ਪੱਤਰ ਵੀ ਫ਼ਾਰਸੀ ਭਾਸ਼ਾ ਵਿਚ ਲਿਖਿਆ ਗਿਆ ਸੀ | ਇਤਿਹਾਸਕਾਰ ਲਿਖਦੇ ਹਨ ਕਿ ਪੰਜਾਬ ਦੇ ਮਹਾਰਾਜੇ ਰਣਜੀਤ ਸਿੰਘ ਨੇ ਵੀ ਆਪਣੇ ਸਮੇਂ ਦੌਰਾਨ ਆਪਣੇ ਦਰਬਾਰ ਦੀ ਸਰਕਾਰੀ ਭਾਸ਼ਾ 'ਫ਼ਾਰਸੀ ਭਾਸ਼ਾ' ਹੀ ਰੱਖੀ ਸੀ | ਦੱਖਣੀ ਏਸ਼ੀਆ ਦੇ ਵਿਦਵਾਨਾਂ ਅਨੁਸਾਰ ਵੀਹਵੀਂ ਸਦੀ ਦੀ ਸ਼ੁਰੂਆਤ ਵਿਚ ਮੁੜ ਇਕ ਵਾਰ ਫਿਰ ਪੰਜਾਬੀਆਂ ਨੇ ਈਰਾਨ ਵੱਲ ਨੂੰ ਜਾਣਾ ਸ਼ੁਰੂ ਕੀਤਾ ਸੀ | ਅਣਵੰਡੇ ਪੰਜਾਬ ਦੇ ਰਾਵਲਪਿੰਡੀ ਇਲਾਕੇ ਦੇ ਲੋਕਾਂ ਨੇ ਸਭ ਤੋਂ ਪਹਿਲਾਂ 1900 ਤੋਂ 1920 ਦੇ ਵਿਚਕਾਰ ਕੰਮ ਦੇ ਮੌਕਿਆਂ ਦੀ ਤਲਾਸ਼ ਲਈ ਈਰਾਨ ਨੂੰ ਜਾਣਾ ਸ਼ੁਰੂ ਕੀਤਾ | ਪੰਜਾਬ ਜਿਹੀ ਉਪਜਾਊ ਭੂਮੀ ਹੋਣ ਕਾਰਨ ਕਈ ਲੋਕਾਂ ਨੇ ਉੱਥੇ ਸਸਤੀ ਜ਼ਮੀਨ ਖਰੀਦ ਕੇ ਰੈਣ ਬਸੇਰਾ ਵੀ ਕਰ ਲਿਆ | ਜਾਹੇਦਾਨ ਤੇ ਤਹਿਰਾਨ ਈਰਾਨ ਦੇ ਦੋ ਸ਼ਹਿਰ ਹਨ, ਜਿੱਥੇ ਪੰਜਾਬੀਆਂ ਦਾ ਰੈਣ ਬਸੇਰਾ ਹੈ | ਈਰਾਨ ਵਿਚ ਪੁਰਾਤਨ ਸਮੇਂ ਵਿਚ ਇਕ ਪਿੰਡ ਦੁਸ਼ਟੇਆਬ ਸੀ ਜੋ ਪੰਜਾਬੀ ਕਿਸਾਨਾਂ ਦਾ ਪਿੰਡ ਸੀ | ਇਕ ਵਾਰ ਈਰਾਨ ਦਾ ਬਾਦਸ਼ਾਹ ਦੁਸ਼ਟੇਆਬ ਪਿੰਡ 'ਚੋਂ ਦੀ ਲੰਘ ਰਿਹਾ ਸੀ ਤਾਂ ਉਸ ਨੇ ਖੁੱਲ੍ਹੀਆਂ ਵੱਡੀਆਂ ਦਾੜ੍ਹੀਆਂ ਵਾਲੇ ਅਤੇ ਦਸਤਾਰਾਂ ਬੰਨੀਆਂ ਵਾਲੇ ਕਿਸਾਨਾਂ ਨੂੰ ਵੇਖ ਕੇ, ਆਪਣੇ ਘੋੜੇ ਤੋਂ ਉੱਤਰ ਕੇ ਸਿੱਜਦਾ ਕੀਤਾ ਅਤੇ ਜਦੋਂ ਬਾਦਸ਼ਾਹ ਦੇ ਸਾਥੀਆਂ ਨੇ ਪੁੱਛਿਆ ਕਿ ਅਜਿਹਾ ਕਿਉਂ ਕੀਤਾ ਹੈ ਤਾਂ ਬਾਦਸ਼ਾਹ ਦਾ ਉੱਤਰ ਸੀ ਕਿ ਇਹ ਲੰਬੀਆਂ ਖੁੱਲ੍ਹੀਆਂ ਦਾੜ੍ਹੀਆਂ ਵਾਲੇ ਬੰਦਗੀ ਕਰਨ ਵਾਲੇ ਫਕੀਰ ਨੇ, ਮੈਂ ਇਨ੍ਹਾਂ ਨੂੰ ਸਿੱਜਦਾ ਕਰਦਾ ਹਾਂ | ਜਦੋਂ ਬਾਦਸ਼ਾਹ ਦੇ ਸਾਥੀਆਂ ਨੇ ਦੱਸਿਆ ਕਿ ਇਹ ਭਾਰਤ-ਪੰਜਾਬ ਤੋਂ ਆਏ ਸਿੱਖ ਕਿਸਾਨ ਨੇ ਜੋ ਸਾਡੇ ਸ਼ਹਿਰ ਦੁਸ਼ਟੇਆਬ ਵਿਚ ਖੇਤੀ ਕਰਦੇ ਹਨ ਤਾਂ ਬਾਦਸ਼ਾਹ ਨੇ ਉਨ੍ਹਾਂ ਕਿਸਾਨਾਂ ਨੂੰ ਜ਼ਮੀਨ ਵੀ ਦਿੱਤੀ ਤੇ ਉਸ ਦੁਸ਼ਟੇਆਬ ਜਿਸ ਦਾ ਅਰਥ ਹੁੰਦਾ ਹੈ, ਪਾਣੀ ਚੋਰੀ ਕਰਨ ਵਾਲੇ” ਦਾ ਨਾਂਅ ਬਦਲ ਕੇ 'ਜਾਹੇਦਾਨ' ਰੱਖਿਆ ਜਿਸ ਦਾ ਅਰਥ ਹੈ “ਰੱਬ ਦੀ ਬੰਦਗੀ ਕਰਨ ਵਾਲੇ ਲੋਕ” | ਉਦੋਂ ਤੋਂ ਹੀ ਈਰਾਨ ਦੇਸ਼ ਵਿਚ ਜਾਹੇਦਾਨ ਸ਼ਹਿਰ ਵੱਸ ਰਿਹਾ ਹੈ | ਈਰਾਨ ਵਿਚ ਅੱਜ ਦੇ ਸਮੇਂ ਵਿਚ ਸਿੱਖਾਂ ਦੇ ਵੱਡੇ ਦੋ ਗੁਰੂ ਘਰ ਵੀ ਹਨ | ਜਿਸ ਵਿਚੋਂ ਇਕ ਤਹਿਰਾਨ ਵਿਚ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਹੈ | ਅੱਜ ਦੇ ਸਮੇਂ ਵਿਚ ਲਗਭਗ ਸਿੱਖਾਂ ਦੇ 50 ਪਰਿਵਾਰ ਇਸ ਸ਼ਹਿਰ ਵਿਚ ਬੜੇ ਖੁਸ਼ਹਾਲ ਢੰਗ ਨਾਲ ਵੱਸ ਰਹੇ ਹਨ | ਦੂਜਾ ਗੁਰਦੁਆਰਾ ਸਾਹਿਬ ਜਾਹੇਦਾਨ ਵਿਚ ਹੈ | ਪਹਿਲਾਂ ਅਟਲ ਬਿਹਾਰੀ ਵਾਜਪਾਈ ਤੇ 2016 'ਚ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਇਸ ਈਰਾਨ ਦੇ ਗੁਰਦੁਆਰੇ ਵਿਚ ਜਾ ਚੁੱਕੇ ਹਨ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਈਰਾਨ ਦੀ ਯੂਨੀਵਰਸਿਟੀ ਆਫ ਰਿਲੀਜਨ ਵਿਚ ਵਿਜ਼ਟਿੰਗ ਪ੍ਰੋਫੈਸਰ ਹਨ | ਹਰਪਾਲ ਸਿੰਘ ਪੰਨੂ ਨੇ ਆਪਣੀ ਈਰਾਨ ਯਾਤਰਾ ਦਾ ਇਕ ਕਿੱਸਾ ਜੱਗ ਜ਼ਾਹਿਰ ਕੀਤਾ ਕਿ ਜਦੋਂ ਉਹ ਈਰਾਨ ਗਏ ਤਾਂ ਉੱਥੇ ਉਹ ਇਕ ਬੱਸ ਵਿਚ ਸਫਰ ਕਰ ਰਹੇ ਸਨ ਤਾਂ ਉਨ੍ਹਾਂ ਤੋਂ ਅਗਲੀ ਸੀਟ 'ਤੇ ਇਕ ਇਰਾਨੀ ਲੜਕਾ ਬੈਠਾ ਸੀ, ਜੋ ਉਨ੍ਹਾਂ ਨੂੰ ਚਿੰਤਤ ਨਜ਼ਰ ਆਇਆ | ਉਹ ਜਵਾਨ ਈਰਾਨੀ ਲੜਕਾ ਕਦੇ ਸੱਜੇ ਵੇਖੇ ਤੇ ਕਦੇ ਖੱਬੇ ਵੇਖੇ | ਉਸਦੇ ਚਿਹਰੇ 'ਤੇ ਬਿਲਕੁਲ ਬੇਚੈਨੀ ਨਜ਼ਰ ਆ ਰਹੀ ਸੀ | ਕੁਝ ਕੁ ਸਮੇਂ ਬਾਅਦ ਉਸ ਜਵਾਨ ਲੜਕੇ ਨੇ ਹਰਪਾਲ ਸਿੰਘ ਪੁੰਨੂ ਨੂੰ ਆਪਣੀ ਜਗ੍ਹਾ 'ਤੇ ਬੈਠਣ ਲਈ ਕਿਹਾ ਤੇ ਆਪ ਪਿੱਛੇ ਬੈਠਣ ਲਈ ਸੀਟ ਮੰਗੀ | ਹਰਪਾਲ ਸਿੰਘ ਪੁੰਨੂ ਦੇ ਦੱਸਿਆ ਕਿ ਮੈਂ ਉਸ ਜਵਾਨ ਲੜਕੇ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਕਿ, ਕਿਉਂ ਤੁਹਾਡੀ ਸੀਟ ਠੀਕ ਨਹੀਂ, ਤੁਸੀਂ ਪਿੱਛੇ ਕਿਉਂ ਬੈਠਣਾ ਚਾਹੁੰਦੇ ਹੋ ਤਾਂ ਉਸ ਜਵਾਨ ਈਰਾਨੀ ਲੜਕੇ ਦਾ ਜਵਾਬ ਸੁਣ ਕੇ ਮੈਂ ਹੈਰਾਨ ਰਹਿ ਗਿਆ | ਉਸ ਜਵਾਨ ਲੜਕੇ ਦਾ ਜਵਾਬ ਸੀ ਕਿ ਇੰਨੀ ਸੋਹਣੀ ਦਸਤਾਰ ਵਾਲੇ ਤੇ ਖੁੱਲ੍ਹੀ ਵੱਡੀ ਦਾੜ੍ਹੀ ਵਾਲੇ ਸੱਜਣ ਪੁਰਸ਼ ਦੇ ਮੈਂ ਅਗਾਂਹ ਕਿਵੇਂ ਬੈਠ ਸਕਦਾ ਹਾਂ, ਮੈਂ ਆਪ ਜੀ ਦੇ ਪਿਛਲੀ ਸੀਟ 'ਤੇ ਬੈਠਣ ਦੀ ਆਗਿਆ ਮੰਗਦਾ ਹਾਂ | ਇਸ ਤਰ੍ਹਾਂ ਸਾਨੂੰ ਉਸ ਜਵਾਨ ਲੜਕੇ ਦਾ ਜਵਾਬ ਈਰਾਨੀਆਂ ਦਾ ਪੰਜਾਬੀਆਂ ਲਈ ਪਿਆਰ ਤੇ ਸਤਿਕਾਰ ਤੇ ਆਦਰ ਦਰਸਾਉਂਦਾ ਹੈ | ਪੁਰਾਤਨ ਸਮੇਂ ਤੋਂ ਪੰਜਾਬ ਖਿੱਤੇ ਦੀ ਈਰਾਨ ਨਾਲ ਡੂੰਘੀ ਸਾਂਝ ਰਹੀ ਹੈ, ਫ਼ਾਰਸੀ ਭਾਸ਼ਾ ਦਾ ਪੁਰਾਤਨ ਸਮੇਂ ਤੋਂ ਹੀ ਪ੍ਰਭਾਵ ਹੋਣ ਕਾਰਨ 'ਪੰਜਾਬ' ਸ਼ਬਦ ਵੀ ਫ਼ਾਰਸੀ ਭਾਸ਼ਾ ਤੋਂ ਬਣਿਆ ਤੇ ਹੋਰ ਵੀ ਬਹੁਤ ਸਾਰੇ ਰੋਜ਼ਾਨਾ ਜ਼ਿੰਦਗੀ 'ਚ ਬੋਲੇ ਜਾਂਦੇ ਪੰਜਾਬੀ ਭਾਸ਼ਾ ਦੇ ਸ਼ਬਦ 80 ਪ੍ਰਤੀਸ਼ਤ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ | ਇਹ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੁਰਾਤਨ ਸਮੇਂ ਤੋਂ ਹੀ ਈਰਾਨ ਦੇਸ਼ ਨਾਲ ਪੰਜਾਬੀਆਂ ਦਾ ਵਪਾਰ ਤਾਂ ਰਿਹਾ ਹੀ ਹੈ ਪਰ ਵਪਾਰ ਦੇ ਨਾਲ ਨਾਲ ਈਰਾਨ ਦੀ ਭਾਸ਼ਾ ਤੇ ਸੱਭਿਆਚਾਰ ਨੇ ਵੀ ਪੰਜਾਬ ਪੰਜਾਬੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ |

-ਪੀ.ਜੀ. ਵਿਭਾਗ ਹਿਸਟਰੀ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)
ਮੋਬਾਈਲ : 9464521622
singhgaddiwal13@gmail.com

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀ-ਮੋਢਾ ਅਗਲੀ ਖ਼ਬਰ ਕਿੰਨਾ ਬਦਲ ਗਿਆ ਪੰਜਾਬ
Ad Position 24
No active advertisement