16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਿੰਨੀ ਕਹਾਣੀ-ਮੋਢਾ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026

ਦੁੱਖਾਂ ਭਰੀ ਜ਼ਿੰਦਗੀ ਗੁਜ਼ਾਰ ਧੰਨੀ ਮਾਂ ਅਖੀਰ ਰੱਬ ਨੂੰ ਪਿਆਰੀ ਹੋ ਗਈ | ਕਿੰਨੇ ਦੁੱਖ, ਮੁਸੀਬਤਾਂ ਤੇ ਜ਼ਿੰਦਗੀ ਦੀਆਂ ਹੋਰ ਅਨੇਕਾਂ ਕਠਿਨਾਈਆਂ ਝੱਲ ਅਪਣੇ ਛੋਟੇ-ਛੋਟੇ ਪੁੱਤਰ-ਧੀਆਂ ਨੂੰ ਪਾਲ ਪਲੋਸ ਵੱਡਿਆਂ ਕੀਤਾ | ਪਹਿਲੀ ਉਮਰੇ ਸਿਰ ਦੇ ਸਾਈਾ ਦਾ ਚਲੇ ਜਾਣਾ ਤੇ ਉਸ ਨੇ ਕਾਲਾ ਬੈਲ ਬਣ ਖੇਤ ਵਿਚ ਖੁਦ ਖੇਤੀਬਾੜੀ ਦਾ ਕੰਮ ਕਰਦੀ ਕਰਦੀ ਕਦੇ ਨਾ ਥੱਕਦੀ ਕਿ ਮੇਰੇ ਸਰਬਨ, ਦੀਪੇ ਹੁਰੀਂ ਜਵਾਨ ਹੋਏ ਕਿ ਹੋਏ | ਇਨ੍ਹਾਂ ਆਸਾਂ ਨਾਲ ਉਹ ਅਪਣੀ ਕੋਟੇ ਵਿਚ ਮਿਲੀ ਜ਼ਿੰਦਗੀ ਦੇ ਦਿਨ ਗੁਜ਼ਾਰਦੀ ਰਹੀ | ਖੇਤੀਬਾੜੀ ਦੇ ਕੰਮ ਵਿਚ ਬੜੀ ਮੁਸ਼ਕਿਲ ਨਾਲ ਸੱਤ ਜੀਆਂ ਦੇ ਟੱਬਰ ਦਾ ਮਸਾਂ ਢਿੱਡ ਭਰਦਾ ਸੀ | ਜ਼ਮੀਨ ਥੋੜ੍ਹੀ ਹੋਣ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੋ ਰਿਹਾ ਸੀ | ਪਿੱਛੇ ਜਿਹੇ ਸਰਬਨ ਪੁੱਤ ਨੇ ਜ਼ੋਰ ਮਾਰ ਕੇ ਚਾਰ ਵਿਘਿਆਂ ਦਾ ਵਾਹਨ ਵੀ ਖ਼ਰੀਦ ਕੇ ਅਪਣੀ ਪਨੈਚਾਂ ਵਾਲੀ ਪੈਲੀ ਨਾਲ ਰਲਾ ਲਿਆ ਸੀ ਤੇ ਹੁਣ ਕੁਝ ਦਿਨ ਸੁਖਾਲੇ ਬੀਤਣ ਲੱਗ ਪਏ ਸਨ | ਲਗਪਗ ਸਾਰੇ ਰਿਸ਼ਤੇਦਾਰ, ਸੰਬੰਧੀ ਪਹੁੰਚ ਗਏ ਸਨ ਪਰ ਅਜੇ ਧੰਨੀ ਮਾਂ ਦੀ ਵੱਡੀ ਧੀ ਮੁਖਤਿਆਰੋ ਨਹੀਂ ਪਹੁੰਚੀ ਸੀ ਤੇ ਉਸ ਦੀ ਹੀ ਉਡੀਕ ਹੋ ਰਹੀ ਸੀ | 
ਦਾਹ-ਸੰਸਕਾਰ ਲਈ ਸਾਰੇ ਪ੍ਰਬੰਧ ਹੋ ਚੁੱਕੇ ਸਨ | ਇਕੱਠੇ ਹੋਏ ਪਿੰਡ ਦੇ ਲੋਕ ਧੰਨੀ ਮਾਂ ਦੀ ਕਰੜੀ ਘਾਲਣਾ ਤੇ ਇਸਤਰੀ ਤੋਂ ਮਨੁੱਖ ਬਣ ਖੇਤੀਬਾੜੀ ਦਾ ਕੰਮ ਕਰਨ ਦੀਆਂ ਗੱਲਾਂ ਹਰੇਕ ਦੀ ਜ਼ੁਬਾਨ 'ਤੇ ਸਨ | ਸਾਰੇ ਉਸ ਦੀ ਲੱਕ ਬੰਨ੍ਹ ਕੇ ਛੋਟੇ ਛੋਟੇ ਪੁੱਤਰ-ਧੀਆਂ ਨੂੰ ਪਾਲਣ ਦਾ ਜ਼ਿਕਰ ਕਰਦੇ ਧੰਨੀ ਮਾਂ ਦੇ ਮੁਸ਼ੱਕਤੀ ਸੁਭਾਅ ਦੀ ਹਾਮੀ ਭਰ ਰਹੇ ਸਨ | ਕਾਲਾ ਬੈਲ ਬਣ ਅਪਣੇ ਪਰਿਵਾਰ ਨੂੰ ਪੈਰਾਂ-ਸਿਰ ਕਰਨ ਲਈ ਸਾਰੀ ਜ਼ਿੰਦਗੀ ਲੇਖੇ ਲਾ ਦਿੱਤੀ, ਮਜ਼ਾਲ ਕਿ ਕੋਈ ਮੈਲੀ ਅੱਖ ਝਾਕ ਜਾਵੇ | ਸੱਥਰ 'ਤੇ ਬੈਠੇ ਸਾਰੇ ਉਸ ਦੀ ਮੁਸ਼ੱਕਤ ਭਰੀ ਜ਼ਿੰਦਗੀ ਦੀਆਂ ਗੱਲਾਂ ਕਰਦੇ ਫ਼ਖਰ ਮਹਿਸੂਸ ਕਰ ਰਹੇ ਸਨ | 
ਰੋਂਦੀ-ਕੁਰਲਾਉਂਦੀ ਵੱਡੀ ਧੀ ਵੀ ਪਹੁੰਚ ਗਈ | ਧੀ ਦਾ ਰੁਦਨ ਸੁਣਿਆ-ਵੇਖਿਆ ਨਹੀਂ ਜਾ ਰਿਹਾ ਸੀ | ਧੀਰਜ ਧਰਾਉਣ ਪਿੱਛੋਂ ਧੰਨੀ ਮਾਂ ਦਾ ਆਖਰੀ ਇਸ਼ਨਾਨ ਕਰਵਾ ਤਿਆਰ ਕਰ ਦਿੱਤੀ ਤੇ ਅਰਥੀ ਤਿਆਰ ਹੋ ਗਈ ਸੀ | 
ਸੱਥਰ 'ਤੇ ਬੈਠੇ ਲੋਕਾਂ ਵਿਚੋਂ ਧੰਨੀ ਮਾਂ ਦਾ ਵੱਡਾ ਪੁੱਤ ਸਰਬਣ ਸਿਉਂ ਉੱਠਿਆ ਜੋ ਮਾਂ ਦੇ ਪਹਿਲੇ ਮੁਸ਼ੱਕਤ ਭਰੇ ਦਿਨਾਂ ਨੂੰ ਫ਼ਿਲਮ ਦੀ ਝਾਕੀ ਵਾਂਗ ਵੇਖਦਾ ਹੋਇਆ ਉੱਠਿਆ ਤੇ ਐਨਾ ਹੀ ਮੂੰਹੋਂ ਕਹਿ ਸਕਿਆ, 'ਮਾਂ ਅਪਣੇ ਹੁਣ ਕੁਝ ਦਿਨ ਫਿਰੇ ਸਨ | ਪਹਿਲੀ ਅਪਣੀ ਜਵਾਨੀ ਦੀ ਉਮਰ ਤਾਂ ਤੈਂ ਸਾਨੂੰ ਪਾਲਣ ਸੰਭਾਲਣ ਵਿਚ ਖਪਤ ਕਰ ਦਿੱਤੀ | ਮਾਂ ਮੈਂ ਤੇਰਾ ਸਰਬਣ ਪੁੱਤ ਨਾ ਬਣ ਸਕਿਆ' ਇਹ ਕਹਿੰਦਿਆਂ ਸਰਬਣ ਸਿਉਂ ਨੇ ਧਾਹ ਮਾਰੀ ਤੇ ਮਾਂ ਦੀ ਅਰਥੀ ਨੂੰ ਮੋਢਾ ਦੇ ਲਿਆ |

-ਸ਼ਿਵਪੁਰੀ ਮੁਹੱਲਾ (ਆਜ਼ਾਦ ਸਟਰੀਟ), ਧੂਰੀ (ਪੰਜਾਬ) ਮੋਬਾ: 09464697781.

Ad Position 22
No active advertisement
ਪਿਛਲੀ ਖ਼ਬਰ ਪਲ-ਪਲ ਸੰਵੇਦਨਾਵਾਂ ਦੀ ਗੇਅਰ ਬਦਲਦੇ ਫੇਸਬੁੱਕੀਏ ਅਗਲੀ ਖ਼ਬਰ ਪੰਜਾਬ ਅਤੇ ਈਰਾਨ ਦੇਸ਼ ਦੇ ਸੰਬੰਧਾਂ ਦਾ ਇਤਿਹਾਸ
Ad Position 24