16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਲ-ਪਲ ਸੰਵੇਦਨਾਵਾਂ ਦੀ ਗੇਅਰ ਬਦਲਦੇ ਫੇਸਬੁੱਕੀਏ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026

ਹਿੰਦੀ ਵਿਅੰਗ
ਅਵਿਨਾਸ਼ੀ ਊਰਜਾ ਦਾ ਰੂਪਾਂਤਰਨ ਵੀ ਇੰਨੀ ਤੇਜ਼ੀ ਨਾਲ ਨਹੀਂ ਹੁੰਦਾ, ਜਿੰਨੀ ਤੇਜ਼ੀ ਨਾਲ ਫੇਸਬੁੱਕ ਉਪਭੋਗਤਾਵਾਂ ਦੀਆਂ ਭਾਵਨਾਵਾਂ ਅਤੇ ਸੰਵੇਦਨਾਵਾਂ ਦਾ ਰੂਪਾਂਤਰਨ ਹੁੰਦਾ ਹੈ | ਮੋਬਾਈਲ-ਜੀਵੀ ਆਨਲਾਈਨ ਪ੍ਰਵਾਸੀਆਂ ਦਾ ਸੁਭਾਅ ਬੜਾ ਹੀ ਚੰਚਲ ਅਤੇ ਬਹੁਰੰਗੀ ਹੁੰਦਾ ਹੈ | ਉਹ ਆਪਣੇ ਮਨ ਤੋਂ ਇੰਨੇ ਫੁਰਤੀਲੇ ਹੁੰਦੇ ਹਨ ਕਿ ਜੇ ਮਨੋਵਿਗਿਆਨੀ ਉਨ੍ਹਾਂ ਨੂੰ 'ਭਾਰਤ ਦੇ ਸਭ ਤੋਂ ਤੇਜ਼ ਭਾਵਨਾਤਮਕ ਦੌੜਾਕ' ਐਲਾਨ ਦੇਣ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ |
ਫੇਸਬੁੱਕ 'ਤੇ ਲਾਗਇੰਨ ਕਰਦਿਆਂ ਹੀ ਇਨ੍ਹਾਂ ਦੀਆਂ ਭਾਵਨਾਵਾਂ ਗੇਅਰ ਬਦਲਦੇ ਸਕੂਟਰ ਵਾਂਗ ਨਿਡਰ ਹੋ ਕੇ ਮੋਬਾਈਲ 'ਤੇ ਦੌੜਨ ਲੱਗਦੀਆਂ ਹਨ | ਉਦਾਹਰਣ ਵਜੋਂ ਲਾਗਇੰਨ ਕੀਤਾ ਅਤੇ ਸਭ ਤੋਂ ਪਹਿਲਾਂ ਉਹ ਇਕ ਦੋਸਤ ਦੇ ਵਿਆਹ ਦੀ ਵਰ੍ਹੇਗੰਢ ਜਾਂ ਜਨਮ ਦਿਨ ਬਾਰੇ ਇਕ ਪੋਸਟ ਦੇਖਦੇ ਹਨ | ਬਸ ਫਿਰ ਕੀ! ਕੁਮੈਂਟ ਬਾਕਸ ਵਿਚ ਪਹੁੰਚ ਕੇ ਇਕ ਹੱਥ ਨਾਲ ਗੁਲਾਬ, ਦੂਜੇ ਹੱਥ ਨਾਲ ਕੇਕ ਅਤੇ ਨਾਲ ਚਾਕਲੇਟ ਇਮੋਜੀ ਨੂੰ ਅਸੀਮ ਸ਼ੁਭਕਾਮਨਾਵਾਂ ਨਾਲ ਇਉਂ ਭਰ ਦਿੰਦੇ ਹਨ, ਜਿਵੇਂ ਉਹ ਖੁਦ ਬੈਂਡ-ਵਾਜਾ ਲੈ ਕੇ ਬਾਰਾਤ ਵਿਚ ਨੱਚ ਰਹੇ ਹੋਣ ਜਾਂ ਕੇਕ ਕੱਟਣ ਲਈ ਨਿੱਜੀ ਤੌਰ 'ਤੇ ਪਹੁੰਚੇ ਹੋਣ |
ਡਿਜੀਟਲ ਜ਼ਿੰਦਗੀ ਵਿਚ ਭਾਵਨਾਵਾਂ ਜ਼ਿਆਦਾ ਦੇਰ ਨਹੀਂ ਟਿਕਦੀਆਂ | ਅਗਲੇ ਪਲ ਸਕ੍ਰੋਲ ਕੀਤਾ ਅਤੇ ਇਕ ਦੋਸਤ ਦੇ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲੇ ਦੀ ਮੌਤ ਬਾਰੇ ਇਕ ਪੋਸਟ ਦਿਖਾਈ ਦਿੰਦੀ ਹੈ | ਇੱਥੇ ਉਹੀ ਹੱਥ ਜੋ ਗੁਲਾਬ ਅਤੇ ਕੇਕ ਲਹਿਰਾ ਰਿਹਾ ਸੀ, ਤੁਰੰਤ ਕੁਮੈਂਟ ਬਾਕਸ ਵਿਚ ਹੰਝੂਆਂ ਭਰੇ ਇਮੋਜੀ ਅਤੇ ਇਕ ਮੋਮਬੱਤੀ ਨਾਲ ਦੁੱਖ ਪ੍ਰਗਟ ਕਰਨ ਲਈ ਪ੍ਰਗਟ ਹੁੰਦਾ ਹੈ | ਭਾਵਨਾਤਮਕ 'ਬਰੇਕ' ਵੀ ਇੰਨੇ ਸਮੂਥ ਲਾਉਂਦੇ ਹਨ ਕਿ ਸ਼ੋਕ-ਸੰਵੇਦਨਾ ਵਿਚ ਉਨ੍ਹਾਂ ਦੇ ਕੁਮੈਂਟ ਵੇਖ ਕੇ ਇਉਂ ਲੱਗਦਾ ਹੈ ਜਿਵੇਂ ਉਹ ਮਿ੍ਤਕ ਦੇ ਸਭ ਤੋਂ ਨਜ਼ਦੀਕੀ ਹੋਣ |
ਸ਼ੋਕ ਮੰਡਪ ਤੋਂ ਬਾਹਰ ਨਿਕਲਦਿਆਂ ਹੀ ਇਕ ਸਾਹਿਤਕ ਦੋਸਤ ਦੀ ਪੋਸਟ ਉਨ੍ਹਾਂ ਦੀ ਟਾਈਮਲਾਈਨ 'ਤੇ ਵਿਖਾਈ ਦਿੰਦੀ ਹੈ | ਹੁਣ ਉਹੀ ਉਪਭੋਗਤਾ ਪੂਰੀ ਸ਼ੋਕ-ਭਾਵਨਾ ਨੂੰ ਆਪਣੀ ਜੇਬ ਵਿਚ ਪਾ ਕੇ ਨਵੀਂ ਊਰਜਾ ਨਾਲ ਲਿਖਣਾ ਸ਼ੁਰੂ ਕਰਦਾ ਹੈ 'ਵਾਹ! ਅਦਭੁੱਤ! ਸ਼ਾਨਦਾਰ! ਕੈਸੀ ਬਿਹਤਰੀਨ ਲਿਖਤ ਹੈ!' ਇੱਥੋਂ ਤੱਕ ਕਿ ਦੋ ਮਿੰਟ ਪਹਿਲਾਂ ਦੀ R9P ਵੀ ਸ਼ਰਮਾ ਕੇ ਖਿਸਕ ਜਾਵੇ | ਭਾਵਨਾਵਾਂ ਦਾ ਇਹ 'ਰੋਲਰ ਕੋਸਟਰ' ਕਦੇ ਖ਼ਤਮ ਨਹੀਂ ਹੁੰਦਾ!
ਅਗਲੇ ਸਕਿੰਟ ਕਿਸੇ ਅਣਮਨੁੱਖੀ ਘਟਨਾ ਦੀ ਖ਼ਬਰ ਦਿੱਸਦੀ ਹੈ ਤਾਂ ਉਹੀ ਫੇਸਬੁੱਕੀਆ ਨਾਗਰਿਕ ਗੁੱਸੇ ਅਤੇ ਪ੍ਰਚੰਡਤਾ ਨਾਲ ਅੱਗ ਵਰ੍ਹਾਉਂਦੇ ਇਮੋਜੀ ਸੁੱਟਣੇ ਸ਼ੁਰੂ ਕਰ ਦਿੰਦਾ ਹੈ | ਜਿਵੇਂ ਸਾਰਾ ਨਿਆਂਇਕ ਸਿਸਟਮ ਉਹਦੇ ਮੋਬਾਈਲ ਵਿਚ ਫਿਟ ਹੋਵੇ ਅਤੇ ਅੱਗੇ ਅਚਾਨਕ ਕਿਸੇ ਮਿੱਤਰ ਦੀ ਰਾਜਨੀਤਿਕ ਪੋਸਟ... ਬੱਸ! ਫਿਰ ਸ਼ੁਰੂ ਹੁੰਦਾ ਹੈ ਗਿਆਨ-ਵਿਸਫੋਟ ਦੇ ਨਾਲ ਬੌਧਿਕ ਯੁੱਧ | ਉਹ ਰਾਜਨੀਤੀ ਨੂੰ ਇੰਨੇ ਆਤਮਵਿਸ਼ਵਾਸ ਨਾਲ ਸਮਝਾਉਂਦੇ ਹਨ ਕਿ ਖ਼ੁਦ ਚਾਣਕਿਆ ਵੀ ਨੋਟਿਸ ਬਣਾਉਣ ਲੱਗ ਪਵੇ |
ਇਨ੍ਹਾਂ ਸਾਰੇ ਐਪੀਸੋਡਜ਼ ਦੇ ਵਿਚਕਾਰ ਜੇ ਕੋਈ ਰੀਲ ਆ ਜਾਵੇ, ਤਾਂ ਪੂਰਾ ਦੇਸ਼-ਸਮਾਜ, ਖੁਸ਼ੀ-ਗ਼ਮੀ, ਸਾਹਿਤ-ਰਾਜਨੀਤੀ ਸਭ ਗ਼ਾਇਬ | ਰੀਲ ਵਿਚ ਥਿਰਕਦੇ ਲੋਕ ਅਤੇ ਸੰਪਾਦਨ ਹੀ ਉਸ ਦੀ ਨਵੀਂ ਦੁਨੀਆ ਬਣ ਜਾਂਦੇ ਹਨ |
ਕੁੱਲ ਮਿਲਾ ਕੇ ਫੇਸਬੁੱਕੀਏ ਸਿਰਫ਼ ਉਪਭੋਗਤਾ ਨਹੀਂ ਹਨ, ਸਗੋਂ ਡਿਜੀਟਲ ਯੋਗੀ ਹਨ, ਜੋ ਸੱਤ ਭਾਵਨਾਵਾਂ-ਖੁਸ਼ੀ, ਉਦਾਸੀ, ਗੁੱਸਾ, ਹਮਦਰਦੀ, ਸਾਹਿਤ, ਰਾਜਨੀਤੀ ਅਤੇ ਮਨੋਰੰਜਨ-ਦੇ 'ਭਾਵਨਾ ਚੱਕਰ' ਨੂੰ ਸਿਰਫ਼ ਇਕ-ਅੱਧ ਘੰਟੇ ਵਿਚ ਪੂਰਾ ਕਰਦੇ ਹਨ | ਧਰਤੀ ਘੁੰਮੇ ਜਾਂ ਨਾ ਘੁੰਮੇ, ਫੇਸਬੁੱਕ ਦੀ ਟਾਈਮਲਾਈਨ ਭਾਵਨਾਵਾਂ ਨੂੰ ਗੋਲ-ਗੋਲ ਘੁੰਮਾਉਂਦੀ ਰਹਿੰਦੀ ਹੈ | ਇਨ੍ਹਾਂ ਦੇ ਆਨਲਾਈਨ ਸੰਵੇਦਨਾਵਾਂ ਦੇ ਰੂਪਾਂਤਰਨ ਦੀ ਗਤੀ ਅਤੇ ਪ੍ਰਗਤੀ ਦੇ ਸਾਹਮਣੇ ਭੌਤਿਕ ਵਿਗਿਆਨ ਦੀ ਊਰਜਾ-ਸੰਭਾਲ ਸਿਧਾਂਤ ਦੀ ਸ਼ਕਤੀ ਵੀ ਫਿੱਕੀ ਪੈ ਜਾਂਦੀ ਹੈ |

-ਪਟਿਆਲਾ-147002
ਮੋਬਾਈਲ : 9417692015

Ad Position 22
No active advertisement
ਪਿਛਲੀ ਖ਼ਬਰ ਮਨ ਦੀ ਇਕਾਗਰਤਾ ਅਗਲੀ ਖ਼ਬਰ ਮਿੰਨੀ ਕਹਾਣੀ-ਮੋਢਾ
Ad Position 24