ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੰਜਾਬੀ ਲੋਕ ਗਾਇਕੀ ਦਾ ਬਾਬਾ ਬੋਹੜ ਅਤੇ ਤੂੰਬੀ ਦਾ ਬਾਦਸ਼ਾਹ

Ad Position 21
No active advertisement
ਅਜੀਤ ਡੈਸਕ 29-03-2026

ਉਸਤਾਦ ਲਾਲ ਚੰਦ ਯਮਲਾ ਜੱਟ
ਪੰਜਾਬੀ ਲੋਕ ਗਾਇਕੀ ਦੇ ਬਾਬਾ ਬੋਹੜ ਅਤੇ ਤੂੰਬੀ ਦੇ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਚੜ੍ਹਦੇ ਪੰਜਾਬ ਦਾ ਅਜਿਹਾ ਲੋਕ ਗਾਇਕ ਸੀ ਜਿਸ ਦੀ ਮਧੁਰ ਆਵਾਜ਼ ਨੇ ਸਰਹੱਦੋਂ ਪਾਰ ਲਹਿੰਦੇ ਪੰਜਾਬ ਸਮੇਤ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਨੂੰ ਕਈ ਦਹਾਕਿਆਂ ਤੱਕ ਕੀਲੀ ਰੱਖਿਆ | ਸਾਧਾਰਨ ਕੁੜਤੇ ਚਾਦਰੇ ਵਿਚ ਸ਼ਮਲੇ ਵਾਲੀ ਕੰਨਾਂ ਤੋਂ ਉਚੀ ਪਗੜੀ, ਪੈਰਾਂ ਵਿਚ ਸਾਦੀ ਦੁਖੱਲੀ ਜੁੱਤੀ, ਹੱਥ ਵਿਚ ਲੋਗੜੀ ਦੇ ਫੂੰਦਿਆਂ ਅਤੇ ਲੜੀਆਂ ਨਾਲ ਸ਼ਿੰਗਾਰੀ ਤੂੰਬੀ ਫੜ ਕੇ ਜਦ ਯਮਲਾ ਸਟੇਜ ਤੋਂ ਤੂੰਬੀ ਦੀ ਟੁਣਕਾਰ 'ਤੇ ਕੰਨ ਉਤੇ ਹੱਥ ਧਰ ਕੇ ਹਲਕੀ ਮਧੁਰ ਜਿਹੀ ਹੇਕ ਲਗਾਉਂਦਾ ਤਾਂ ਪੂਰੇ ਪੰਡਾਲ ਵਿਚ ਚੁੱਪ ਪਸਰ ਜਾਂਦੀ ਸੀ | ਇਕ ਤਾਰੇ ਉਤੇ ਸੱਤ ਸੁਰ ਕੱਢਣ ਦਾ ਨਿਵੇਕਲਾ ਤਜਰਬਾ ਹਾਸਿਲ ਕਰਨਾ ਯਮਲੇ ਦੇ ਹਿੱਸੇ ਹੀ ਆਇਆ | ਯਮਲਾ ਇਕ ਅਜਿਹਾ ਫਨਕਾਰ ਕਲਾਕਾਰ ਸੀ ਜਿਸ ਨੇ ਆਪਣੀ ਸਾਰੀ ਉਮਰ ਸੱਭਿਆਚਾਰਕ ਮੇਲਿਆਂ, ਅਖਾੜਿਆਂ, ਮਹਿਫ਼ਲਾਂ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰ ਦਿੱਤੀ, ਪਰ ਮਾਇਆ ਦੇ ਲੋਭ ਲਾਲਚ ਤੋਂ ਕੋਹਾਂ ਦੂਰ ਰਹਿ ਕੇ ਸਾਦਗੀ ਅਤੇ ਨਿਮਰਤਾ ਦਾ ਪੱਲਾ ਨਾ ਛੱਡਿਆ | ਆਪਣੇ ਤਿੰਨ ਭਰਾਵਾਂ ਚੂੰਨੀ ਲਾਲ, ਉਜਾਗਰ ਚੰਦ ਅਤੇ ਬਿਹਾਰੀ ਲਾਲ ਵਿਚੋਂ ਉਹ ਸਭ ਤੋਂ ਵੱਡੇ ਸੀ |
ਪੀਰ ਕਟੋਰੇ ਸ਼ਾਹ ਦੀ ਖ਼ਾਨਗਾਹ 'ਤੇ ਸੁੱਖਣਾ ਸੁੱਖਣ ਉਪਰੰਤ ਲਹਿੰਦੇ ਪੰਜਾਬ ਦੇ ਪਿੰਡ ਈਸਪੁਰ, ਚੱਕ ਨੰਬਰ 384, ਤਹਿਸੀਲ ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ ਵਿਖੇ 28 ਮਾਰਚ, 1910 ਨੂੰ (ਕੁਝ ਵਿਦਵਾਨਾਂ ਅਨੁਸਾਰ ਸੰਨ 1911 ਜਾਂ 1914) ਪਿਤਾ ਖੇੜਾ ਰਾਮ ਅਤੇ ਮਾਤਾ ਹਰਨਾਮ ਕੌਰ ਦੇ ਘਰ ਲਾਲ ਚੰਦ ਦਾ ਜਨਮ ਹੋਇਆ | ਨਾਨਕੇ ਅਤੇ ਦਾਦਕੇ ਪਰਿਵਾਰਾਂ ਦਾ ਸੰਗੀਤ ਨਾਲ ਗੂੜ੍ਹਾ ਸੰਬੰਧ ਹੋਣ ਕਾਰਨ ਉਹ ਸੰਗੀਤਕ ਮਾਹੌਲ ਵਿਚ ਹੀ ਵੱਡਾ ਹੋਇਆ | ਦਾਦਾ ਝੰਡਾ ਰਾਮ ਆਪਣੇ ਸਮੇਂ ਦਾ ਪ੍ਰਸਿੱਧ ਵੰਝਲੀ ਵਾਦਕ ਸੀ ਅਤੇ ਪਿਤਾ ਖੇੜਾ ਰਾਮ ਮੇਲਿਆਂ ਵਿਚ ਸੁਰੰਗਾ ਵਜਾ ਕੇ ਮਾਹੀਆ, ਢੋਲਾ, ਤੋਰਾ, ਲਗੜੇ, ਬੈਂਤ ਹੀਰ ਆਦਿ ਲੋਕ ਗਾਥਾਵਾਂ/ਲੋਕ ਕਿੱਸੇ ਗਾ ਕੇ ਲੋਕਾਂ ਦਾ ਮਨੋਰੰਜਨ ਕਰਦਾ ਸੀ |
ਸੰਨ 1921 ਵਿਚ ਖੇੜਾ ਰਾਮ ਦੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ | ਜਿਸ ਉਪਰੰਤ ਹਰਨਾਮ ਕੌਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਪਿੰਡ ਚੂਹੜ ਸਿੰਘ ਵਾਲਾ, ਚੱਕ ਨੰਬਰ 224, ਜ਼ਿਲ੍ਹਾ ਲਾਇਲਪੁਰ ਆ ਗਈ | ਇਥੇ ਹੀ ਯਮਲੇ ਨੇ ਆਪਣੇ ਨਾਨੇ ਗੂੜ੍ਹਾ ਰਾਮ (ਪ੍ਰਸਿੱਧ ਲੋਕ ਗਾਇਕ) ਕੋਲੋਂ ਚਕਾਰਾ ਅਤੇ ਸੁਰੰਗਾ ਵਜਾਉਣਾ ਸਿੱਖਿਆ | ਕਈ ਵਾਰ ਉਹ ਆਪਣੇ ਨਾਨੇ ਨਾਲ ਦੂਰ-ਦੂਰ ਲਗਦੇ ਮੇਲਿਆਂ, ਮੁਸ਼ਾਇਰਿਆਂ ਅਤੇ ਦਰਗਾਹਾਂ 'ਤੇ ਗਾਉਣ ਚਲਾ ਜਾਂਦਾ | ਲਾਇਲਪੁਰ ਦੀ ਸੁਰੀਲੀ ਗਾਇਕਾ ਖੁਰਸ਼ੀਦਾ ਬੇਗਮ ਦੀ ਗਾਇਕੀ ਨੇ ਲਾਲ ਚੰਦ ਨੂੰ ਸੰਗੀਤ ਦਾ ਸ਼ੈਦਾਈ ਬਣਾ ਦਿੱਤਾ ਸੀ | ਪੜ੍ਹਨ ਲਈ ਮਦਰੱਸੇ ਗਏ ਲਾਲ ਚੰਦ ਨੂੰ ਮੌਲਵੀ ਦੀ ਕੁੱਟ ਨੇ ਪੜ੍ਹਾਈ ਤੋਂ ਦੂਰ ਹੀ ਰੱਖਿਆ |
ਸੰਨ 1925 ਵਿਚ ਪਿੰਡ ਸੂਦਕਾਂ ਨੰਗਲ, ਤਹਿਸੀਲ ਪਸਰੂਰ, ਜ਼ਿਲ੍ਹਾ ਲਾਇਲਪੁਰ ਦੇ ਪ੍ਰਸਿੱਧ ਗਾਇਕ ਅਤੇ ਅਨੇਕ ਸਾਜ਼ਾਂ ਦੇ ਗਿਆਤਾ ਪੰਡਿਤ ਸਾਹਿਬ ਦਿਆਲ ਨੂੰ ਲਾਲ ਚੰਦ ਨੇ ਉਸਤਾਦ ਧਾਰ ਕੇ ਸੁਰ ਵਿੱਦਿਆ ਦੇ ਨਾਲ-ਨਾਲ ਦੋ ਤਾਰਾ ਅਤੇ ਢੋਲਕ ਵਜਾਉਣ ਦੀ ਤਾਲੀਮ ਲਈ | ਜ਼ਿਲ੍ਹਾ ਲਾਇਲਪੁਰ ਦੇ ਹੀ ਚੱਕ ਨੰਬਰ 224 ਪਿੰਡ ਫ਼ਤਹਿਦੀਨ ਵਾਸੀ ਚੌਧਰੀ ਅਜ਼ੀਜ਼ ਦੇ ਪੁੱਤਰ ਚੌਧਰੀ ਮਜੀਦ ਕੋਲੋਂ ਸੰਨ 1930 ਦੇ ਕਰੀਬ ਉਹ ਸ਼ਾਸਤਰੀ ਸੰਗੀਤ ਦੀਆਂ ਬਰੀਕੀਆਂ ਸਿੱਖਦਾ ਰਿਹਾ | ਵੰਡ ਤੋਂ ਪਹਿਲਾਂ ਜ਼ਿਲ੍ਹਾ ਲਾਇਲਪੁਰ ਦੇ ਪਿੰਡਾਂ ਵਿਚ ਲੱਗਦੇ ਮੇਲੇ ਯਮਲੇ ਦੇ ਅਖਾੜੇ ਬਿਨਾਂ ਸੁੰਨੇ ਜਾਪਦੇ |
ਭਾਰਤ-ਪਾਕਿ ਵੰਡ ਉਪਰੰਤ ਉਨ੍ਹਾਂ ਦਾ ਪਰਿਵਾਰ ਲੁਧਿਆਣਾ ਦੇ ਜਵਾਹਰ ਨਗਰ ਵਿਚ ਆ ਵਸਿਆ | ਦੋ ਡੰਗ ਦੀ ਰੋਟੀ ਤੋਂ ਮੁਥਾਜ ਲਾਲ ਚੰਦ ਇਥੇ ਰੇਲਵੇ ਸ਼ੈੱਡ ਵਿਚ ਦਿਹਾੜੀ ਕਰ ਕੇ ਪਰਿਵਾਰ ਦਾ ਪੇਟ ਪਾਲਦਾ ਰਿਹਾ | ਕਵੀ ਰਾਮ ਨਰਾਇਣ ਦਰਦੀ ਦੇ ਬਾਗ਼ ਵਿਚ ਮਾਲੀ ਵਜੋਂ ਵੀ ਉਸ ਕੰਮ ਕੀਤਾ | ਤੜਕੇ ਖੂਹ ਜੋੜ ਕੇ ਪਾਣੀ ਲਾਉਣਾ, ਬੱਚਿਆਂ ਨੂੰ ਨਹਾਉਣਾ, ਫੁੱਲ ਤੋੜ ਕੇ ਹਾਰ ਬਣਾਉਣੇ ਤੇ ਚੌੜੇ ਬਜ਼ਾਰ ਵਿਚ ਵੇਚਣ ਜਾਣਾ, ਉਸ ਦਾ ਨਿੱਤ ਦਾ ਕੰਮ ਸੀ | ਇਕ ਵਾਰ ਰਾਤ ਨੂੰ ਕੁੱਲੀ ਵਿਚ ਬੈਠਾ ਲਾਲ ਚੰਦ ਮਸਤੀ ਵਿਚ ਹੀ ਸੁਰੰਗਾ ਫੜ ਕੇ ਗਾਉਣ ਲੱਗਾ ਤਾਂ ਦਰਦੀ ਨੇ ਉਸ ਅੰਦਰ ਛੁਪੀ ਕਲਾ ਪਰਖਣ ਵਿਚ ਦੇਰ ਨਾ ਲਗਾਈ | ਅਗਲੇ ਦਿਨ ਹੀ ਉਹ ਉਸ ਨੂੰ ਆਪਣੇ ਨਾਲ ਇਕ ਪ੍ਰੋਗਰਾਮ 'ਤੇ ਲੈ ਗਿਆ ਜਿਥੇ ਯਮਲੇ ਨੇ ਹਾਸ਼ਮ ਦੀ ਸੱਸੀ ਗਾ ਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ | ਕੋਰਾ ਅਨਪੜ੍ਹ ਹੋਣ ਕਾਰਨ ਦਰਦੀ ਨੇ ਯਮਲੇ ਨੂੰ ਇਕ ਧਾਰਮਿਕ ਗੀਤ 'ਕੋਮਲ ਜਾਨਾਂ ਸ਼ਹਿਨਸ਼ਾਹ ਦੀਆਂ ਹੱਥ ਬੇਦਰਦਾਂ ਦੇ ਆਈਆਂ' ਯਾਦ ਕਰਵਾ ਦਿੱਤਾ ਜਿਸ ਨੂੰ ਉਸ ਨੇ ਪਟਿਆਲਾ ਦੇ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਵਿਖੇ ਕਵੀ ਦਰਬਾਰ ਵਿਚ ਗਾਇਆ | ਸੰਗਤਾਂ ਅਸ਼-ਅਸ਼ ਕਰ ਉਠੀਆਂ | ਕਵੀ ਦਰਬਾਰ ਦੇ ਇੰਚਾਰਜ ਸ. ਬੁੱਧ ਸਿੰਘ ਨੇ ਯਮਲੇ ਨੂੰ 35 ਰੁਪਏ ਦਾ ਇਨਾਮ ਦਿੱਤਾ ਜੋ ਉਨ੍ਹਾਂ ਸਮਿਆਂ ਵਿਚ ਯਮਲੇ ਲਈ ਬਹੁਤ ਵੱਡੀ ਰਾਸ਼ੀ ਸੀ | ਇਸ ਤਰ੍ਹਾਂ ਲੋਕ ਲਾਲ ਚੰਦ ਦੀ ਗਾਇਕੀ ਦੀ ਕਦਰ ਕਰਨ ਲੱਗੇ | ਦਰਦੀ ਦੀ ਪਤਨੀ ਤੇਜ ਕੌਰ ਨੇ ਅਨਪੜ੍ਹ ਲਾਲ ਚੰਦ ਨੂੰ ਦਸਤਖਤ ਕਰਨੇ ਸਿਖਾ ਦਿੱਤੇ | ਇਸੇ ਦੌਰਾਨ ਕਵੀ ਸੁੰਦਰ ਦਾਸ ਆਸੀ ਨੂੰ ਲਾਲ ਚੰਦ ਨੇ ਲੇਖਣੀ ਵਿਚ ਆਪਣਾ ਗੁਰੂ ਬਣਾ ਲਿਆ | ਆਸੀ ਦੇ ਬਾਕੀ ਸ਼ਾਗਿਰਦ ਤਾਂ ਦਿੱਤੇ ਸਬਕ ਨੂੰ ਕਾਪੀ 'ਤੇ ਉਤਾਰ ਲੈਂਦੇ ਪਰ ਲਾਲ ਚੰਦ ਕੋਰਾ ਅਨਪੜ੍ਹ ਹੋਣ ਕਾਰਨ ਇੱਧਰ-ਉਧਰ ਦੇਖਦਾ ਰਹਿੰਦਾ | ਗੋਲ ਮਟੋਲ ਭੋਲਾ ਭਾਲਾ ਚਿਹਰਾ ਦੇਖ ਆਸੀ ਆਖਦਾ, 'ਓਏ ਤੂੰ ਤਾਂ ਨਿਰ੍ਹਾ ਯਮਲਾ ਏ, ....ਯਮਲਾ ਜੱਟ' | ਬੱਸ ਉਸੇ ਦਿਨ ਤੋਂ ਹੀ ਉਹ 'ਲਾਲ ਚੰਦ ਯਮਲਾ ਜੱਟ' ਬਣ ਗਿਆ ਤੇ ਫਿਰ ਪਿਛੇ ਮੁੜ ਕੇ ਨਾ ਵੇਖਿਆ |
ਸੰਨ 1950 ਦੇ ਕਰੀਬ ਅਕਾਸ਼ਵਾਣੀ ਜਲੰਧਰ ਦੇ ਪ੍ਰੋਡਿਊਸਰ ਕਰਤਾਰ ਸਿੰਘ ਦੁੱਗਲ ਨੇ ਯਮਲੇ ਦੇ ਅਕਾਸ਼ਬਾਣੀ ਰੇਡੀਓ 'ਤੇ ਇਹ ਗੀਤ ਰਿਕਾਰਡ ਕਰਵਾਏ 'ਮੈਨੂੰ ਲੈ ਚੱਲ ਨਦੀਓ ਪਾਰ ਘੜੇ ਦੇ ਅੱਗੇ ਹੱਥ ਜੋੜਦੀ', 'ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ' ਆਦਿ | ਯਮਲੇ ਦੀ ਆਵਾਜ਼ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲਣ ਲੱਗਾ | ਇਸ ਉਪਰੰਤ ਅਕਾਸ਼ਵਾਣੀ ਕੇਂਦਰ ਜੰਮੂ, ਸੂਰਤਗੜ੍ਹ, ਸ਼ਿਮਲਾ ਅਤੇ ਪੁਣੇ ਤੋਂ ਯਮਲੇ ਦੇ ਗੀਤਾਂ ਦੀ ਮੰਗ ਵਧਣ ਲੱਗੀ | ਲੋਕ ਸੰਪਰਕ ਵਿਭਾਗ ਅਤੇ ਅਕਾਸ਼ਵਾਣੀ ਨੇ ਉਸ ਦੀ ਆਵਾਜ਼ ਨੂੰ ਘਰ-ਘਰ ਪੁੱਜਦਾ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਈ | ਰਿਕਾਰਡਿੰਗ ਕੰਪਨੀ ਐਚ. ਐਮ. ਵੀ. 'ਤੇ ਤੂੰਬੀ ਨਾਲ ਗਾਉਂਣ ਵਾਲਾ ਯਮਲਾ ਜੱਟ ਪਹਿਲਾ ਕਲਾਕਾਰ ਸੀ | ਸੰਨ 1952 ਵਿਚ ਐਚ.ਐਮ.ਵੀ. ਕੰਪਨੀ ਵਲੋਂ ਉਸ ਦਾ ਪਹਿਲਾ ਗ੍ਰਾਮੋਫੋਨ ਤਵਾ ਮਾਰਕੀਟ ਵਿਚ ਆਇਆ ਜਿਸ ਦੇ ਇਕ ਗੀਤ ਦੇ ਬੋਲ ਸਨ-'ਮੈਨੂੰ ਲੈ ਚੱਲ ਨਦੀਓਾ ਪਾਰ ਘੜੇ ਦੇ ਅੱਗੇ ਹੱਥ ਜੋੜਦੀ' | ਜਿਉਂ-ਜਿਉਂ ਕੰਪਨੀ ਉਸ ਦੇ ਗੀਤ ਰਿਕਾਰਡ ਕਰਦੀ ਗਈ ਉਹ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਦੇ ਗਏ |
ਤਵਿਆਂ ਦੇ ਯੁੱਗ ਦੌਰਾਨ ਸੰਨ 1954-55 ਤੋਂ ਬਾਅਦ ਦੇ ਦਹਾਕਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਦੌਰਾਨ ਕੋਠੇ 'ਤੇ ਮੰਜੇ ਜੋੜ ਬੰਨ੍ਹੇ ਸਪੀਕਰਾਂ ਰਾਹੀਂ ਪੂਰੀ ਫ਼ਿਜ਼ਾ ਵਿਚ ਯਮਲੇ ਦੇ ਗੀਤ ਹੀ ਗੂੰਜਦੇ ਸਨ | ਖੁਸ਼ੀ ਦਾ ਸਮਾਗਮ ਹੋਵੇ ਭਾਵੇਂ ਗ਼ਮੀ ਦਾ, ਸ਼ੁਰੂਆਤ ਯਮਲੇ ਦੇ ਗਾਏ ਗੀਤ 'ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ' ਨਾਲ ਹੁੰਦੀ | ਯਮਲੇ ਦੇ ਅਖਾੜਿਆਂ ਵਿਚ ਤਿਲ ਸੁੱਟਣ ਜੋਗੀ ਜਗ੍ਹਾ ਨਾ ਮਿਲਦੀ | ਦੌਲਤ ਅਤੇ ਸ਼ੁਹਰਤ ਯਮਲੇ ਦੇ ਪੈਰ ਚੁੰਮਣ ਲੱਗੀ | 13 ਅਪ੍ਰੈਲ 1979 ਨੂੰ ਦੂਰਦਰਸ਼ਨ ਕੇਂਦਰ ਜਲੰਧਰ ਦੇ ਹੋਏ ਉਦਘਾਟਨ ਉਪਰੰਤ ਉਹ ਦੂਰਦਰਸ਼ਨ ਕੇਂਦਰ 'ਤੇ ਗਾਉਣ ਵਾਲਾ ਪਹਿਲਾ ਫੱਕਰ ਗਵੱਈਆ ਸੀ |
ਕੇਸਰ ਚੰਦ ਅਤੇ ਬੀਬੀ ਕਰਤਾਰੀ ਦੇਵੀ ਦੀ ਹੋਣਹਾਰ ਧੀ ਰਾਮ ਰੱਖੀ ਨਾਲ 42 ਚੱਕ ਮੁਲਤਾਨ ਵਿਖੇ ਯਮਲੇ ਦਾ ਵਿਆਹ ਹੋਇਆ ਜਿਸ ਤੋਂ ਇਨ੍ਹਾਂ ਦੇ ਘਰ ਪੰਜ ਪੁੱਤਰਾਂ ਕਰਤਾਰ ਚੰਦ, ਜਸਵਿੰਦਰ ਕੁਮਾਰ, ਜਸਦੇਵ ਯਮਲਾ, ਜਗਵਿੰਦਰ ਕੁਮਾਰ, ਜਗਦੀਸ਼ ਕੁਮਾਰ ਅਤੇ ਦੋ ਧੀਆਂ ਸੰਤੋਸ਼ ਰਾਣੀ ਅਤੇ ਸਰੂਪ ਰਾਣੀ ਨੇ ਜਨਮ ਲਿਆ | ਉਨ੍ਹਾਂ ਦੀ ਵਿਰਾਸਤ ਨੂੰ ਪੁੱਤਰ ਜਸਦੇਵ ਯਮਲਾ, ਜਸਵਿੰਦਰ ਕੁਮਾਰ ਅਤੇ ਪੋਤਰੇ ਸੁਰੇਸ਼ ਯਮਲਾ, ਵਿਜੇ ਯਮਲਾ, ਅਮਿਤ ਯਮਲਾ ਅਤੇ ਸ਼ਾਗਿਰਦਾਂ ਕਿਰਪਾਲ ਸਿੰਘ ਭੋਲਾ, ਰੌਸ਼ਨ ਲਾਲ ਸਾਗਰ, ਹਰਭਜਨ ਸਿੰਘ ਹੀਰ, ਨਰਿੰਦਰ ਬੀਬਾ, ਕਰਤਾਰ ਰਮਲਾ, ਨਿੰਦਰ ਘੁਗਿਆਣਵੀ, ਜਗਤ ਸਿੰਘ ਜੱਗਾ, ਚਮਨ ਗੁਰਦਾਸਪੁਰੀ, ਅਮਰਜੀਤ ਗੁਰਦਾਸਪੁਰੀ, ਹਰਦੇਵ ਸਿੰਘ ਖ਼ੁਸ਼ਦਿਲ, ਸਵਰਨ ਯਮਲਾ, ਪੂਰਨ ਚੰਦ ਯਮਲਾ, ਮਚਲਾ ਜੱਟ, ਗਿੱਲ ਰਣਸੀਂਹ ਕਿਆਂ ਵਾਲਾ, ਸਵਿੰਦਰ ਸਿੰਘ ਭਾਗੋਵਾਲੀਆ ਆਦਿ ਨੇ ਉਸੇ ਅੰਦਾਜ਼ ਵਿਚ ਅੱਗੇ ਵਧਾਇਆ |
ਅੱਜ ਦੇ ਧੂਮ-ਧੜੱਕੇ ਵਾਲੇ ਗੀਤ/ਸੰਗੀਤ ਤੋਂ ਹਟ ਕੇ ਯਮਲੇ ਦੇ ਸ਼ੋਰ-ਰਹਿਤ ਗੀਤਾਂ ਨੂੰ ਸੁਣ ਕੇ ਅੱਜ ਵੀ ਸਕੂਨ ਮਿਲਦਾ ਹੈ | ਜਿਵੇਂ : ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਸਖੀਆ ਨਾਮ ਸਾੲੀਂ ਦਾ ਬੋਲ, ਸਤਿਗੁਰ ਨਾਨਕ ਆਜਾ, ਰੂਹ ਤਰਸ ਪਈ ਨਨਕਾਣੇ ਨੂੰ , ਕਲਗੀਆਂ ਵਾਲਾ ਓ ਮਤਵਾਲਾ, ਜਗ ਦਿਆ ਚਾਨਣਾ, ਤਿ੍ਪਤਾ ਦੇ ਰਾਜ ਦੁਲਾਰੇ, ਚੱਲਿਆ ਵਪਾਰੀ ਪੱਲੇ ਬੰਨ੍ਹ ਰੋਕੜਾਂ, ਫੁੱਲਾ ਮਹਿਕ ਨੂੰ ਸੰਭਾਲ, ਤੇਰੇ ਨੀ ਕਰਾਰਾਂ ਮੈਨੂੰ ਪੱਟਿਆ, ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਜਵਾਨੋ ਜ਼ਿੰਦਗੀ ਵਾਰੋ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ਬਾਨੀ, ਮੈਂ ਤੇਰੀ ਤੂੰ ਮੇਰਾ, ਆਰ ਢਾਂਗਾਂ ਪਾਰ ਢਾਂਗਾਂ, ਲੈ ਦੇ ਚਰਖਾ ਸ਼ੀਸ਼ਿਆਂ ਵਾਲਾ, ਖੇਡਣ ਦੇ ਦਿਨ ਚਾਰ, ਤੂੰਬਾ ਵੱਜਦਾ ਨਾ ਤਾਰ ਬਿਨਾਂ, ਚਿੱਟਾ ਹੋ ਗਿਆ ਲਹੂ ਆਦਿ | ਸੰਨ 1965 ਦੇ ਕਰੀਬ ਰੇਡੀਓ ਕਲਾਕਾਰ ਮਹਿੰਦਰਜੀਤ ਸੇਖੋਂ ਨਾਲ ਮਿਲ ਕੇ ਯਮਲੇ ਨੇ ਅਨੇਕ ਦੋਗਾਣੇ ਗਾਏ | ਜਿਵੇਂ : ਹਰ ਚੀਜ਼ ਬਨਾਉਟੀ ਬਣ ਗਈ ਏ, ਜਗਤੇ ਨੂੰ ਛੱਡ ਕੇ ਭਗਤੇ ਨੂੰ ਕਰ ਲੈ, ਏਥੇ ਮੇਰੀ ਨੱਥ ਡਿਗ ਪਈ, ਜਿਸ ਰੁੱਖ ਦਾ ਤੂੰ ਫੁੱਲ ਹੈਂ, ਲਾ ਕੇ ਸੋਨੇ ਦੀ ਜ਼ੰਜੀਰੀ, ਸੁੰਨੀਆਂ ਸੁੰਨੀਆਂ ਗਲੀਆਂ, ਅਸਲੀ ਸੱਜਣ ਜਦ ਵੀ ਮਿਲਿਆ, ਦੋ ਤਾਰਾ ਵੱਜਦਾ ਵੇ, ਸੰਭਲ-ਸੰਭਲ ਕੇ ਚੱਲ ਮੁਟਿਆਰੇ, ਆਹ ਲੈ ਕੁੰਜੀਆਂ ਤੂੰ ਰੱਖ ਲੈ ਸਿਰ੍ਹਾਣੇ, ਜਾਵੀਂ ਵੇ ਜਵਾਨਾ ਤੇਰਾ ਵੀਰ ਗਿਆ ਜੰਗ ਵਿਚ, ਤੈਨੂੰ ਦੁਨੀਆ ਦੀ ਸੈਰ ਕਰਾਵਾਂ, ਨੀ ਦੱਸ ਜਾ ਕਬੂਤਰੀਏ, ਡੋਲੀ ਚੜ੍ਹਦਿਆਂ ਮਾਰੀਆਂ ਹੀਰ ਕੂਕਾਂ, ਜੋੜੀ ਰੱਬ ਨੇ ਮਿਲਾਈ, ਸ਼ੁਭ ਕਾਜ ਤੇਰਾ ਹੋ ਰਿਹਾ, ਜਵਾਨੀ ਮੇਰੀ ਰੰਗਲੀ ਆਦਿ |
ਸੰਨ 1976 ਵਿਚ ਕੈਨੇਡਾ ਅਤੇ 1989 ਵਿਚ ਇੰਗਲੈਂਡ ਦੀ ਧਰਤੀ 'ਤੇ ਲੱਗੇ ਯਮਲੇ ਦੇ ਅਖਾੜਿਆਂ ਨੇ ਗੋਰਿਆਂ ਨੂੰ ਵੀ ਪੰਡਾਲ ਵਿਚ ਬੈਠਣ ਲਈ ਮਜਬੂਰ ਕੀਤਾ | ਅਨੇਕ ਪੁਰਸਕਾਰ ਯਮਲੇ ਦੀ ਝੋਲੀ ਪਏ | ਜਿਵੇਂ ਸੰਨ 1956 ਵਿਚ ਕਾਨਪੁਰ ਵਿਖੇ ਪੰ. ਜਵਾਹਰ ਲਾਲ ਨਹਿਰੂ ਵਲੋਂ ਗੋਲਡ ਮੈਡਲ, ਤਤਕਾਲੀ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਵਲੋਂ ਸਨਮਾਨ, 1987 ਵਿਚ ਪੰਜਾਬ ਆਰਟ ਕੌਂਸਲ ਵਲੋਂ ਪੁਰਸਕਾਰ, 20 ਅਕਤੂਬਰ 1988 ਨੂੰ ਪ੍ਰੋ. ਮੋਹਨ ਸਿੰਘ ਫਾਊਾਡੇਸ਼ਨ ਵਲੋਂ ਪੁਰਸਕਾਰ, 10 ਜਨਵਰੀ 1989 ਨੂੰ 'ਭਾਰਤੀ ਸੰਗੀਤ ਨਾਟਕ ਅਕੈਡਮੀ' ਪੁਰਸਕਾਰ, ਪੰਜਾਬ ਸਰਕਾਰ ਵਲੋਂ 'ਸਰਵੋਤਮ ਲੋਕ ਗਾਇਕ' ਪੁਰਸਕਾਰ, 24 ਨਵੰਬਰ 1989 ਨੂੰ ਇੰਗਲੈਂਡ ਦੀਆਂ ਪ੍ਰਮੁੱਖ ਸੰਸਥਾਵਾਂ ਵਲੋਂ ਪੰਜ ਤੋਲੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਲੋਕ ਸੰਪਰਕ ਵਿਭਾਗ ਪੰਜਾਬ, ਸੱਭਿਆਚਾਰਕ ਤੇ ਪੁਰਾਤੱਤਵ ਵਿਭਾਗ ਪੰਜਾਬ, ਅਕਾਸ਼ਵਾਣੀ ਕੇਂਦਰ ਜਲੰਧਰ ਵਲੋਂ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਨਵਲਪ੍ਰੀਤ ਰੰਗੀ ਦੀ ਨਿਰਦੇਸ਼ਨਾ ਅਧੀਨ ਯਮਲਾ ਜੱਟ ਦੇ ਜੀਵਨ ਅਤੇ ਕਲਾ ਸੰਬੰਧੀ 'ਮੇਰੀਆਂ ਪੈੜਾਂ' ਸਿਰਲੇਖ ਅਧੀਨ ਡਾਕੂਮੈਂਟਰੀ ਫ਼ਿਲਮ ਵੀ ਤਿਆਰ ਕੀਤੀ ਗਈ |
20 ਦਸੰਬਰ, 1991 ਨੂੰ ਗਿਣਾਤਮਿਕ ਪੱਖ ਤੋਂ ਨਹੀਂ, ਗੁਣਾਤਮਿਕ ਪੱਖ ਤੋਂ ਆਪਣੇ ਸਾਫ਼ ਸੁਥਰੇ ਗੀਤਾਂ ਦੇ ਮੁਖੜਿਆਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਉਸਤਾਦ ਲਾਲ ਚੰਦ ਯਮਲਾ ਜੱਟ ਇਸ ਫਾਨੀ ਸੰੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ | ਉਹ ਹਮੇਸ਼ਾ ਕਿਹਾ ਕਰਦੇ ਸਨ, 'ਉਹ ਦਿਨ ਦੂਰ ਨਹੀਂ ਜਦੋਂ ਸ਼ੋਰ ਨੂੰ ਸੁਰ ਸਮਝਿਆ ਜਾਵੇਗਾ', 'ਬੈਂਡ ਮਾਸਟਰਾਂ ਨੂੰ ਸੰਗੀਤਕਾਰ ਅਤੇ ਨਿਰਾਰਥਕ ਤੁਕਬੰਦੀ ਨੂੰ ਕਵਿਤਾ' | ਅੱਜ ਦੇ ਬਹੁਤ ਸਾਰੇ ਗਾਇਕਾਂ ਅਤੇ ਉਨ੍ਹਾਂ ਦੀ ਗਾਇਕੀ ਨੂੰ ਦੇਖ/ਸੁਣ ਕੇ ਯਮਲੇ ਜੱਟ ਦਾ ਕਿਹਾ ਹੋਇਆ ਇਕ-ਇਕ ਸ਼ਬਦ ਅੱਜ ਸੱਚ ਸਾਬਿਤ ਹੋ ਰਿਹਾ ਲੱਗਦਾ ਹੈ |

-ਪਿ੍ੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 9855453539

Ad Position 22
No active advertisement
ਪਿਛਲੀ ਖ਼ਬਰ ਕਿੰਨਾ ਬਦਲ ਗਿਆ ਪੰਜਾਬ ਅਗਲੀ ਖ਼ਬਰ ਘੜੀ ਦੇ ਉਲਟ ਦੌੜਨ ਦਾ ਰਾਜ਼!
Ad Position 24
No active advertisement