ਅਸੀਂ ਹਰ ਰੋਜ਼ ਸਵੇਰੇ ਸ਼ਾਮ ਸੈਰ ਕਰਦੇ ਹਾਂ | ਖਿਡਾਰੀ ਵੀ ਟਰੈਕ ਵਿਚ ਹਰ ਰੋਜ਼ ਦੌੜਨ ਦਾ ਅਭਿਆਸ ਕਰਕੇ ਮੁਕਾਬਲਿਆਂ ਵਿਚ ਭਾਗ ਲੈਂਦੇ ਐ | ਬੈਲ ਗੱਡੀਆਂ ਤੇ ਜਾਨਵਰਾਂ ਦੀਆਂ ਦੌੜਾਂ ਅਤੇ ਮੁਕਾਬਲੇ ਕਰਾਏ ਜਾਂਦੇ ਐ | ਸਾਈਕਲ ਦੀਆਂ ਰੇਸਾਂ ਕਰਵਾਈਆਂ ਜਾਂਦੀਆਂ ਨੇ ਤੇ ਕੁੱਤਿਆਂ ਦੀਆਂ ਦੌੜਾਂ ਦਾ ਵੀ ਅਸੀਂ ਅਨੰਦ ਮਾਣਦੇ ਹਾਂ | ਪਰ ਕੀ ਤੁਸੀਂ ਕਦੇ ਸੋਚਿਐ ਕਿ ਦੌੜਨ, ਤੁਰਨ ਤੇ ਹੋਰ ਮਨੁੱਖੀ ਕਿਰਿਆਵਾਂ ਵਧੇਰੇ ਕਰਕੇ ਘੜੀ ਦੇ ਉਲਟ ਹੀ ਕਿਉਂ ਕੀਤੀਆਂ ਜਾਂਦੀਆਂ ਨੇ | ਆਓ, ਜਾਣਦੇ ਹਾਂ ਇਸਦੇ ਪਿੱਛੇ ਛੁਪੇ ਕੁਝ ਰੋਚਿਕ ਰਾਜ |
ਪੁਰਾਤਨ ਤੇ ਕੁਦਰਤੀ ਪੱਖ
ਇਸ ਰਿਵਾਇਤ ਨੂੰ ਪੁਰਾਤਨ ਰੋਮ ਸਾਮਰਾਜ ਨਾਲ ਜੋੜਿਆ ਜਾਂਦੈ | 600 ਬੀਸੀ ਵਿਚ ਸਰਕਸਾਂ ਅਤੇ ਸਟੇਡੀਅਮ ਦੇ ਵਿਚ ਦੌੜਾਂ ਘੜੀ ਦੀਆਂ ਸੂਈਆਂ ਦੇ ਅਨੁਸਾਰ ਕਰਵਾਈਆਂ ਜਾਂਦੀਆਂ ਸੀ | ਇਕ ਵਾਰ ਰੱਥਾਂ ਦੀ ਦੌੜ ਸਮੇਂ ਸੱਜੇ ਪਾਸੇ ਮੁੜਦਿਆਂ ਉਸ ਸਮੇਂ ਦੇ ਸ਼ਾਸਕ ਨੀਰੋ ਨਾਲ ਇਕ ਰੱਥ ਟਕਰਾ ਗਿਆ ਜੋ ਟਰੈਕ ਦੇ ਉੱਤਰ ਪੂਰਬ ਵੱਲ ਬੈਠਾ ਰੱਥਾਂ ਦੀਆਂ ਦੌੜਾਂ ਦੇਖ ਰਿਹਾ ਸੀ | ਸ਼ਾਸਕ ਨੇ ਰਥਵਾਨ ਨੂੰ ਤੁਰੰਤ ਫਾਂਸੀ 'ਤੇ ਚੜ੍ਹਾਉਣ ਦਾ ਹੁਕਮ ਦੇ ਦਿੱਤਾ ਅਤੇ ਉਸੇ ਦਿਨ ਤੋਂ ਦੌੜਾਂ ਘੜੀ ਦੀਆਂ ਸੂਈਆਂ ਦੇ ਉਲਟ ਕਰਾਉਣ ਦੇ ਹੁਕਮ ਕਰ ਦਿੱਤੇ | ਇਸ ਰਿਵਾਇਤ ਨੂੰ ਯੂਨਾਨ ਨਾਲ ਵੀ ਜੋੜਿਆ ਜਾਂਦੈ | ਯੂਨਾਨ ਹਰ ਖੇਤਰ ਦੇ ਵਿਕਾਸ ਦੀ ਇਕ ਪੁਰਾਤਨ ਸੱਭਿਅਤਾ ਮੰਨੀ ਜਾਂਦੀ ਐ | ਉਹ ਮੰਨਦੇ ਸੀ ਕਿ ਦਰਸ਼ਕ ਅਤੇ ਦੌੜਾਕ ਖੱਬੇ ਤੋਂ ਸੱਜੇ ਘੜੀ ਦੇ ਉਲਟ ਦੇਖਣਾ, ਨਜ਼ਰ ਘੁਮਾਉਣਾ ਸੌਖਾ ਮਹਿਸੂਸ ਕਰਦੇ ਐ | 700 ਬੀ.ਸੀ. ਵਿਚ ਸ਼ੁਰੂ ਹੋਈਆਂ ਪੁਰਾਤਨ ਉਲੰਪਿਕ ਖੇਡਾਂ 'ਚ ਮਨੁੱਖੀ, ਘੋੜਿਆਂ ਅਤੇ ਰੱਥਾਂ ਦੀਆਂ ਦੌੜਾਂ ਘੜੀ ਦੇ ਉਲਟ ਕਰਵਾਈਆਂ ਜਾਂਦੀਆਂ ਰਹੀਆਂ ਨੇ | ਪਰ 1896 ਤੋਂ 1906 ਤੱਕ ਨਵੀਆਂ ਉਲੰਪਿਕ ਖੇਡਾਂ 'ਚ ਦੌੜਾਂ ਦੇ ਮੁਕਾਬਲੇ ਘੜੀ ਦੇ ਅਨੁਸਾਰ ਕਰਵਾਏ ਗਏ | 1908 ਵਿਚ ਉਲੰਪਿਕ ਖੇਡਾਂ ਦੇ ਦੌੜਾਕਾਂ ਨੇ ਇਸ ਸੰਬੰਧੀ ਇਤਰਾਜ਼ ਦਰਜ ਕਰਾਏ ਕਿ ਉਹਨਾਂ ਨੂੰ ਘੜੀ ਦੇ ਅਨੁਸਾਰ ਦੌੜਨਾ ਆਸਾਵਾਂ ਤੇ ਥਕਾਵਾਂ ਲੱਗਦੈ | 1913 ਵਿਚ ਇਸ ਸੰਬੰਧੀ ਫ਼ੈਸਲਾ ਕਰਕੇ ਉਲੰਪਿਕ ਦੌੜਾਂ ਘੜੀ ਦੇ ਉਲਟ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਦੌੜਨ ਦੇ ਟਰੈਕ ਵੀ ਹੁਣ ਤੱਕ ਘੜੀ ਦੇ ਉਲਟ ਹੀ ਬਣਾਏ ਜਾ ਰਹੇ ਐ | ਕੁਦਰਤ ਵਿਚ ਵੀ ਲਗਭਗ ਹਰ ਵਸਤੂ ਘੜੀ ਦੇ ਉਲਟ ਘੁੰਮਦੀ ਐ ਜਿਵੇਂ ਅਮੀਨ ਐਸਿਡ ਦੇ ਅਣੂ ਦੀ ਬਣਤਰ, ਸਿੱਪੀਆਂ ਸੰਖਾਂ ਦੀ ਬਣਤਰ | ਵੀਨਸ ਅਤੇ ਅਰੁਣ (ਯੂਰੇਨਸ) ਗ੍ਰਹਿ ਨੂੰ ਛੱਡ ਕੇ ਧਰਤੀ ਸਮੇਤ ਸਾਰੇ ਗ੍ਰਹਿ ਅਤੇ ਘੜੀ ਦੇ ਉਲਟ ਘੁੰਮਦੇ ਐ | ਇਸ ਕਰਕੇ ਘੜੀ ਦੇ ਉਲਟ ਦੌੜਨ ਵਾਲੇ ਦੌੜਾਕਾਂ ਨੂੰ ਗਤੀ ਲਾਭ ਮਿਲਣ ਕਰਕੇ ਦੌੜਨ ਵਿਚ ਘੱਟ ਸਮਾਂ ਲੱਗਦੈ | ਇਹ ਵੀ ਕਿਹਾ ਜਾਂਦੈ ਕਿ ਸੂਰਜ ਵੀ ਘੜੀ ਦੇ ਉਲਟ ਘੁੰਮਦੈ | ਇਸ ਦਾ ਇਕ ਕੁਦਰਤੀ ਕਾਰਨ ਇਹ ਵੀ ਐ ਕਿ ਮੁਕਾਬਲਿਆਂ ਦੇ ਟਰੈਕ ਵਿਚ ਦੌੜਾਂ ਦੇ ਮੁਕਾਬਲੇ ਭੂਮੱਧ ਰੇਖਾ ਦੇ ਉੱਤਰੀ ਅਰਧ ਗੋਲੇ ਦੇ ਹਿੱਸੇ ਵਿਚ ਹੀ ਕਰਵਾਏ ਜਾਂਦੇ ਐ | ਕਿਹਾ ਜਾ ਸਕਦੈ ਕਿ ਘੜੀ ਦੇ ਉਲਟ ਘੁੰਮਣਾ ਕੁਦਰਤ ਦਾ ਬੁਨਿਆਦੀ ਨਿਯਮ ਐ |
ਭਾਵਨਾਤਮਕ ਅਤੇ ਸਰੀਰਕ ਪੱਖ
ਪੁਰਾਤਨ ਰੋਮ ਸਮੇਂ ਤੋਂ ਹੀ ਘੜੀ ਦੇ ਉਲਟ ਦੌੜਨ ਤੇ ਕੋਈ ਇਤਰਾਜ਼ ਜਾਂ ਸਵਾਲ ਖੜ੍ਹਾ ਨਹੀਂ ਹੋਇਆ | ਮਨੁੱਖੀ ਪਰਵਿਰਤੀ ਐ ਕਿ ਉਹ ਘੜੀ ਦੇ ਉਲਟ ਦੌੜਨਾ ਪਸੰਦ ਕਰਦੈ | ਵਿਗਿਆਨਕ ਤੌਰ 'ਤੇ ਵੀ ਅਜਿਹਾ ਕਰਕੇ ਉਹ ਪਿਛਲੇ ਸਮੇਂ 'ਚ ਯਾਤਰਾ (ਟਰੈਵਲ) ਕਰਦੈ ਜਿਸ ਨਾਲ ਦੌੜਨ 'ਚ ਘੱਟ ਸਮਾਂ ਲੱਗਦੈ | ਘੜੀ ਦੇ ਉਲਟ ਦੌੜਨ ਸਮੇਂ ਵੀ ਇਹੋ ਕੁਝ ਵਾਪਰਦੈ | ਸਰੀਰਕ ਪੱਖ ਤੋਂ ਸਾਡੀ ਖੱਬੀ ਨਾਸ ਰਾਹੀਂ ਸਾਹ ਲੈਣ ਨਾਲ ਠੰਢਕ ਮਿਲਦੀ ਐ ਅਤੇ ਸੱਜੀ ਨਾਸ ਨਾਲ ਗਰਮੀ ਅਤੇ ਊਰਜਾ | ਯੋਗ ਵਿਧੀ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਐ | ਘੜੀ ਦੇ ਉਲਟ ਦੌੜਨ ਨਾਲ ਸੱਜੀ ਨਾਸ ਰਾਹੀਂ ਸਾਹ ਲਿਆ ਜਾਂਦੈ ਇਸ ਨਾਲ ਸਰੀਰ ਨੂੰ ਊਰਜਾ ਅਤੇ ਗਰਮੀ ਮਿਲਦੀ ਐ ਜਿਸ ਕਰਕੇ ਦੌੜਾਕ ਤੇਜ਼ ਦੌੜਦੈ |
ਡਾਰਵਿਨ ਦਾ ਵਿਕਾਸ ਸਿਧਾਂਤ
ਜੀਵ ਵਿਗਿਆਨੀ ਇਸ ਗੱਲ ਦੇ ਪਿੱਛੇ ਚਾਰਲਸ ਡਾਰਵਿਨ ਦੇ ਵਿਕਾਸ ਸਿਧਾਂਤ ਨੂੰ ਵੀ ਜੋੜਦੇ ਐ | ਚੌਪੈਰੀਏ ਜੀਵ ਦੇ ਮੁਕਾਬਲੇ ਦੋ ਪੈਰੀਏ ਜੀਵ ਨੂੰ ਆਪਣਾ ਬੱਚਾ ਖੱਬੇ ਪਾਸੇ ਚੁੱਕ ਕੇ ਉਸਨੂੰ ਸਾਂਭਣਾ ਅਤੇ ਖ਼ਤਰੇ 'ਚ ਭੱਜਣਾ ਆਸਾਨ ਮਹਿਸੂਸ ਹੁੰਦੈ | ਦਿਲ ਖੱਬੇ ਪਾਸੇ ਹੋਣ ਕਰਕੇ ਇਸ ਦਾ ਬੱਚੇ 'ਤੇ ਵੀ ਚੰਗਾ ਭਾਵਨਾਤਮਕ ਪ੍ਰਭਾਵ ਪੈਂਦੈ | ਮਨੁੱਖ ਵੀ ਆਪਣੇ ਬੱਚੇ ਨੂੰ ਅਕਸਰ ਖੱਬੇ ਪਾਸੇ ਹੀ ਚੁੱਕਦੈ ਅਤੇ ਅਜਿਹਾ ਕਰਨਾ ਆਸਾਨ ਅਤੇ ਆਰਾਮਦਾਇਕ ਵੀ ਮਹਿਸੂਸ ਹੁੰਦੈ | ਲੜਾਈ ਦੌਰਾਨ ਵੀ ਸੱਜੇ ਹੱਥ ਦੀ ਵਰਤੋਂ ਕਰਕੇ ਖੱਬਾ ਪਾਸਾ ਬਚਾਇਆ ਜਾਂਦੈ, ਖੱਬੇ ਹੱਥ ਅਤੇ ਖੱਬੀ ਲੱਤ ਦਾ ਸਹਾਰਾ ਲਿਆ ਜਾਂਦੈ | ਮਨੁੱਖ ਦੀ ਸੱਜੀ ਬਾਂਹ ਤੇ ਲੱਤ ਅਤੇ ਖੱਬੀ ਤੇ ਲੱਤ ਬਾਂਹ ਦੇ ਮੁਕਾਬਲੇ ਵੱਧ ਤਾਕਤਵਰ ਅਤੇ ਕਿਰਿਆਸ਼ੀਲ ਹੁੰਦੇ ਐ | ਇਸ ਕਰਕੇ ਦੌੜਾਕ ਨੂੰ ਸੱਜੇ ਪਾਸੇ ਨੂੰ ਕਿਰਿਆਸ਼ੀਲ ਬਣਾ ਕੇ ਖੱਬੇ ਪਾਸੇ ਮੁੜਨਾ ਆਸਾਨ ਹੁੰਦਾ ਇਸ ਕਿਰਿਆ 'ਚ ਸੱਜਾ ਪਾਸਾ ਖਿੱਚਦੈ ਅਤੇ ਖੱਬਾ ਪਾਸਾ ਧੱਕ ਰਿਹਾ ਹੁੰਦੈ | ਅਜਿਹਾ ਹੋਣ ਨਾਲ ਘੜੀ ਦੇ ਉਲਟ ਦੌੜਨ ਨਾਲ ਦੌੜਾਕ ਨੂੰ ਵਿਸ਼ੇਸ਼ ਲਾਭ ਮਿਲਦੈ | ਸੱਜੀ ਲੱਤ (ਬਾਹਰਲੀ) ਤੇਜ਼ੀ ਨਾਲ ਮੋੜ ਕੱਟਦੀ ਹੈ ਤਾਂ ਖੱਬੀ ਲੱਤ (ਅੰਦਰਲੀ) ਉਸ ਨੂੰ ਸਹਾਰਾ ਦਿੰਦੀ ਐ | ਸੱਜੀ ਲੱਤ ਵੱਡੇ ਕਦਮ ਲੈਣ ਦੇ ਸਮਰੱਥ ਵੀ ਹੁੰਦੀ ਐ |
ਦਿਲ ਦਾ ਮਾਮਲਾ ਵੀ
ਬਹੁਤੀਆਂ ਗੱਲਾਂ ਅਤੇ ਕਿਰਿਆਵਾਂ ਵਿਚ ਦਿਲ ਦਾ ਅਹਿਮ ਯੋਗਦਾਨ ਰਹਿੰਦੈ | ਘੜੀ ਦੇ ਉਲਟ ਦੌੜਨ ਅਤੇ ਚੱਲਣ ਦਾ ਮਾਮਲਾ ਵੀ ਦਿਲ ਨਾਲ ਜੋੜਿਆ ਜਾਂਦੈ | ਕੋਮਲਤਾ ਤੇ ਭਾਵਨਾਵਾਂ ਦਾ ਪੱਠਾ ਦਿਲ ਸਾਡੇ ਖੱਬੇ ਪਾਸੇ ਵੱਲ ਝੁਕਿਆ ਹੁੰਦੈ ਜਿਸ ਕਰਕੇ ਖੱਬਾ ਪਾਸਾ ਭਾਰਾ ਲੱਗਦੈ | ਦੌੜਾਕ ਵੀ ਖੱਬੇ ਪਾਸੇ ਵੱਲ ਝੁਕਦੇ ਐ ਤਾਂ ਕਿ ਸਪੀਡ ਅਤੇ ਸੰਤੁਲਨ 'ਤੇ ਕਾਬੂ ਰਹੇ | ਜਦੋਂ ਸਾਡਾ ਸੰਤੁਲਨ ਵਿਗੜਦੈ ਅਸੀਂ ਖੱਬੇ ਪਾਸੇ ਵੱਲ ਹੀ ਡਿਗਦੇ ਹਾਂ ਘੋੜ ਸਵਾਰ ਵੀ ਖੱਬੇ ਪਾਸੇ ਝੁਕਣ ਨਾਲ ਆਰਾਮਦਾਇਕ ਮਹਿਸੂਸ ਕਰਦੇ ਐ | ਸਾਡੀ ਸੁਪੀਰੀਅਰ ਵੀਨਾ ਕਾਵਾ (ਘੱਟ ਆਕਸੀਜਨ ਵਾਲੇ ਖੂਨ ਦੀ ਵੱਡੀ ਨਾੜੀ) ਜੋ ਉਪਰਲੇ ਹਿੱਸੇ ਤੋਂ ਦਿਲ ਨੂੰ ਖੂਨ ਭੇਜਦੀ ਐ | ਦਿਲ ਉਸ ਖੂਨ ਨੂੰ ਚੂਸ ਕੇ ਮੁੜ ਸ਼ੁੱਧੀ ਲਈ ਫੇਫੜਿਆਂ ਨੂੰ ਭੇਜਦੈ | ਘੜੀ ਦੇ ਉਲਟ ਦੌੜਨ ਸਮੇਂ ਸੈਂਟਰੀਫਿਊਗਲ ਫੋਰਸ ਇਸ ਕਿਰਿਆ ਨੂੰ ਸੁਖਾਵੀਂ ਬਣਾਉਂਦੀ ਐ | ਇਸ ਦੇ ਉਲਟ ਘੜੀ ਅਨੁਸਾਰ ਦੌੜਨ ਨਾਲ ਇਹ ਕਿਰਿਆ ਅਕਾਵੀਂ ਅਤੇ ਥਕਾਵੀਂ ਬਣਦੀ ਐ | ਇਸ ਕਰਕੇ ਵੀ ਘੜੀ ਦੇ ਉਲਟ ਦੌੜਨ ਦੀ ਪ੍ਰਥਾ ਨੂੰ ਬਲ ਮਿਲਦੈ |
ਕੁਝ ਹੋਰ ਰੌਚਿਕ ਤੱਤ
ਇਹ ਸਭ ਕੁਝ ਭਾਵੇਂ ਮੁੱਖ ਤੌਰ 'ਤੇ ਸੱਜੇ ਹੱਥ ਨਾਲ ਕੰਮ ਕਰਨ ਵਾਲੇ (ਸੱਜੂਆਂ) ਲਈ ਵਧੇਰੇ ਸੁਖਾਵਾਂ ਹੁੰਦੈ ਪਰ ਖੱਬੂਆਂ ਲਈ ਥੋੜ੍ਹਾ ਘੱਟ | ਵੈਸੇ ਵੀ ਦੁਨੀਆ ਦੇ 90 ਫੀਸਦੀ ਤੋਂ ਵੱਧ ਲੋਕ ਸੱਜੂ ਹੀ ਨੇ | ਵਿਵਹਾਰਕ ਰੂਪ ਵਿਚ ਵੀ ਸੱਜਾ ਪੈਰ ਖੱਬੇ ਮੁਕਾਬਲੇ ਵੱਡਾ ਕਦਮ ਭਰਨ ਦੇ ਸਮਰੱਥ ਹੁੰਦੈ | ਹਿੰਡੋਲ (ਚੱਕਰਦਾਰ ਝੂਲਾ) ਵੀ ਘੜੀ ਦੇ ਉਲਟ ਘੁੰਮਦੈ | ਮੰਦਰਾਂ ਦੀਆਂ ਪੌੜੀਆਂ ਵੀ ਖੱਬੇ ਪਾਸੇ ਨੂੰ ਮੁੜਦੀਆਂ ਨੇ | ਮੁਸਲਿਮ ਲੋਕ ਕਾਬੇ ਦੁਆਲੇ ਘੜੀ ਤੋਂ ਉਲਟ ਹੀ ਪਰਿਕਰਮਾ ਕਰਦੇ ਐ | ਪੇਚ, ਢੱਕਣ ਟੂਟੀਆਂ ਸਭ ਘੜੀ ਦੇ ਉਲਟ ਹੀ ਖੋਲ੍ਹੇ ਜਾਂਦੇ ਐ | ਦੰਦਾਂ 'ਤੇ ਬਰੁਸ਼ ਵੀ ਘੜੀ ਦੇ ਉਲਟ ਹੀ ਸ਼ੁਰੂ ਕੀਤਾ ਜਾਂਦੈ | ਸੱਜਾ ਦਿਮਾਗ ਖੱਬੇ ਪਾਸੇ ਨਜ਼ਰ ਘੁਮਾਉਣ ਦਾ ਵੱਧ ਸੰਦੇਸ਼ ਦਿੰਦੈ ਤੇ ਅਜਿਹਾ ਕਰਨਾ ਆਸਾਨ ਵੀ ਲਗਦੈ | ਅਸੀਂ ਵੀ ਸੱਜੇ ਤੋਂ ਖੱਬੇ ਨਜ਼ਰ ਦੌੜਾਉਣਾ ਸੌਖਾ ਮਹਿਸੂਸ ਕਰਦੇ ਹਾਂ | ਫੁਟਬਾਲ ਖੇਡ ਵਿਚ ਕਿੱਕ ਵੀ ਸੱਜੇ ਪੈਰ ਨਾਲ ਖੱਬੇ ਪਾਸੇ ਵੱਲ ਮਾਰੀ ਜਾਂਦੀ ਐ | ਅਸੀਂ ਗੱਡੀ ਵੀ ਖੱਬੇ ਪਾਸੇ ਨੂੰ ਮੋੜਨ ਵਿਚ ਸੌਖ ਮਹਿਸੂਸ ਕਰਦੇ ਹਾਂ ਅਤੇ ਸੱਜੇ ਪਾਸੇ ਮੋੜਨ ਵਿਚ ਔਖਿਆਈ | ਘੁਮਿਆਰ ਵੀ ਭਾਂਡੇ ਬਣਾਉਣ ਲਈ ਚੱਕਰ ਘੜੀ ਦੇ ਉਲਟ ਹੀ ਘੁਮਾਉਂਦੈ | ਖੇਡਾਂ ਵਿਚ ਡਿਸਕ, ਹੈਮਰਥਰੋ, ਗੋਲਾ ਸੁੱਟਣ ਸਮੇਂ ਵੀ ਘੜੀ ਦੇ ਉਲਟ ਘੁੰਮਿਆ ਜਾਂਦੈ ਤੇ ਹੋਰ ਬਹੁਤ ਕੁਝ |
ਅੰਤਲੀ ਗੱਲ
ਉਪਰੋਕਤ ਪੱਖਾਂ ਅਤੇ ਤੱਥਾਂ ਤੋਂ ਇਕ ਗੱਲ ਨੂੰ ਬਲ ਜ਼ਰੂਰ ਮਿਲਦੈ ਕਿ ਘੜੀ ਤੋਂ ਉਲਟ ਦੌੜਨ, ਸੈਰ ਕਰਨ ਅਤੇ ਹੋਰ ਅਨੇਕਾਂ ਕਿਰਿਆਵਾਂ ਕਰਨ ਵਿਚ ਆਰਾਮਦਾਇਕ ਮਹਿਸੂਸ ਕੀਤਾ ਜਾਂਦੈ ਤੇ ਇਸਦੇ ਉਲਟ ਥਕਾਵਾਂ | ਮੇਰਾ ਯਕੀਨ ਐ ਕਿ ਤੁਸੀਂ ਵੀ ਉਪਰੋਕਤ ਪੱਖਾਂ ਅਤੇ ਤੱਥਾਂ ਨੂੰ ਜ਼ਰੂਰ ਮਹਿਸੂਸ ਕੀਤਾ ਹੋਵੋਗਾ ਜੇ ਨਹੀਂ ਤਾਂ ਵਿਵਹਾਰਕ ਰੂਪ ਵਿਚ ਕਰਕੇ ਜ਼ਰੂਰ ਮਹਿਸੂਸ ਕਰੋਗੇ |
-ਦਸ਼ਮੇਸ਼ ਨਗਰ, ਦੋਰਾਹਾ, ਲੁਧਿਆਣਾ |
ਮੋਬਾਈਲ : 98142-45959