17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗਰਮੀਆਂ ਵਿਚ ਸਵਾਦ ਅਤੇ ਸਿਹਤ ਦਾ ਸੰਗਮ ਪੰਜ ਚਟਨੀਆਂ

Ad Position 21
No active advertisement
ਅਜੀਤ ਡੈਸਕ 19-06-2026

ਤਿੱਖੀ ਧੁੱਪ ਅਤੇ ਸਾਹ ਘੁਟਦੀ ਗਰਮੀ ਦਾ ਮੌਸਮ ਆਉਂਦਿਆਂ ਹੀ ਖਾਣਾ ਘੱਟ ਚੰਗਾ ਲੱਗਣ ਲਗਦਾ ਹੈ, ਇਕ ਤਰ੍ਹਾਂ ਨਾਲ ਗਰਮੀ ਸਾਡੀ ਭੁੱਖ ਮਾਰ ਦਿੰਦੀ ਹੈ। ਪਰ ਜੇਕਰ ਗਰਮੀ ਭੁੱਖ ਮਾਰ ਦਿੰਦੀ ਹੈ, ਤਾਂ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਹਨ ਜੋ ਨਾ ਸਿਰਫ਼ ਸਾਡੀ ਭੁੱਖ ਨੂੰ ਵਧਾਉਂਦੀਆਂ ਹਨ, ਸਗੋਂ ਸਾਡੀ ਸਿਹਤ ਅਤੇ ਸਵਾਦ ਦਾ ਵੀ ਖਿਆਲ ਰੱਖਦੀਆਂ ਹਨ। ਇਹ ਹਨ, ਇਸ ਤਰ੍ਹਾਂ ਦੀਆਂ ਪੰਜ ਚਟਣੀਆਂ ਜੋ ਗਰਮੀਆਂ 'ਚ ਬਹੁਤ ਵਰਤੋਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਗਰਮੀਆਂ ਵਿਚ ਬਹੁਤ ਫ਼ਾਇਦੇਮੰਦ ਵੀ ਹੁੰਦੀਆਂ ਹਨ। ਆਓ, ਇਕ-ਇਕ ਕਰਕੇ ਇਨ੍ਹਾਂ ਦੀ ਖ਼ਾਸੀਅਤ ਨੂੰ ਜਾਣਦੇ ਹਾਂ।
ਧਨੀਏ-ਪੂਤਨੇ ਦੀ ਚਟਨੀ
ਇਹ ਤਿੱਖੀ ਧੁੱਪ ਅਤੇ ਪਸੀਨਾ ਕੱਢਦੀ ਗਰਮੀ ਦੇ ਮੌਸਮ ਵਿਚ ਠੰਢਕ ਦਾ ਖ਼ਜ਼ਾਨਾ ਹੈ। ਪੂਤਨਾ ਅਤੇ ਧਨੀਆ ਮਿਲਾ ਕੇ ਇਸ ਤਰ੍ਹਾਂ ਦੀ ਚਟਨੀ ਬਣਦੀ ਹੈ, ਜੋ ਸਰੀਰ ਨੂੰ ਤੁਰੰਤ ਠੰਢਕ ਪਹੁੰਚਾਉਂਦੀ ਹੈ। ਜਿਥੇ ਪੂਤਨਾ ਪੇਟ ਨੂੰ ਠੰਢਾ ਕਰਦਾ ਹੈ, ਗੈਸ ਅਤੇ ਬਦਹਜ਼ਮੀ ਦੂਰ ਕਰਦਾ ਹੈ, ਉਥੇ ਧਨੀਆ ਸਰੀਰ ਵਿਚ ਪਾਣੀ ਦੀ ਮਾਤਰਾ ਨੂੰ ਸੰਤੁਲਿਤ ਰੱਖਣ ਵਿਚ ਮਦਦ ਕਰਦਾ ਹੈ। ਇਸ ਵਿਚ ਨਿੰਬੂ ਦਾ ਰਸ ਮਿਲਾਉਣ ਨਾਲ ਇਹ ਵਿਟਾਮਿਨ-ਸੀ ਨਾਲ ਵੀ ਭਰਪੂਰ ਹੋ ਜਾਂਦਾ ਹੈ, ਜਿਸ ਨਾਲ ਗਰਮੀ ਦੇ ਦਿਨਾਂ ਵਿਚ ਇਹ ਚਟਨੀ ਇਮਿਊਨਿਟੀ ਬੂਸਟਰ ਵੀ ਬਣ ਜਾਂਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਹ ਚਟਨੀ ਹਰ ਚੀਜ਼ ਨਾਲ ਖਾਧੀ ਜਾ ਸਕਦੀ ਹੈ। ਚਾਹੇ ਪਰੌਂਠਾ ਖਾਓ, ਚਾਹੇ ਦਾਲ-ਚੌਲ ਖਾਓ, ਇਥੋਂ ਤੱਕ ਕਿ ਭਾਵੇਂ ਸਨੈਕਸ ਹੀ ਕਿਉਂ ਨਾ ਖਾ ਰਹੇ ਹੋ, ਇਸ ਚਟਨੀ ਨੂੰ ਸੌਖਿਆਂ ਖਾਧਾ ਜਾਂਦਾ ਹੈ।
ਕੱਚੇ ਅੰਬਾਂ ਦੀ ਚਟਨੀ
ਪਿੰਡਾਂ ਵਿਚ ਤਾਂ ਲੂ ਤੋਂ ਬਚਣ ਦਾ ਇਹ ਰਾਮਬਾਣ ਨੁਸਖਾ ਹੈ। ਉਂਝ ਵੀ ਕੱਚੇ ਅੰਬਾਂ ਨੂੰ ਗਰਮੀਆਂ ਦਾ ਸੁਪਰ ਫੂਡ ਕਿਹਾ ਜਾਂਦਾ ਹੈ। ਇਸ ਦੀ ਚਟਨੀ ਨਾ ਸਿਰਫ਼ ਸਵਾਦ ਵਿਚ ਖੱਟੀ-ਮਿੱਠੀ ਹੁੰਦੀ ਹੈ ਸਗੋਂ ਸਰੀਰ ਨੂੰ ਲੂ ਤੋਂ ਬਚਾਉਣ ਦਾ ਕੰਮ ਵੀ ਕਰਦੀ ਹੈ। ਕੱਚੇ ਅੰਬ ਵਿਚ ਮੌਜੂਦ ਪੈਕਟਿਨ ਅਤੇ ਵਿਟਾਮਿਨ-ਸੀ ਸਰੀਰ ਨੂੰ ਠੰਢਕ ਦਿੰਦੇ ਹਨ। ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਰੱਖਦੇ ਹਨ। ਇਹ ਚਟਨੀ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ਜੋ ਗਰਮੀਆਂ ਵਿਚ ਅਕਸਰ ਘਰ ਤੋਂ ਬਾਹਰ ਰਹਿੰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਧੁੱਪ ਲੱਗ ਜਾਂਦੀ ਹੈ। ਇਸ ਚਟਨੀ ਵਿਚ ਥੋੜ੍ਹਾ ਜਿਹਾ ਗੁੜ ਜਾਂ ਚੀਨੀ ਮਿਲਾ ਲਓ ਤਾਂ ਇਸ ਦੇ ਸਵਾਦ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ।
ਇਮਲੀ-ਗੁੜ ਦੀ ਚਟਨੀ
ਇਮਲੀ ਅਤੇ ਗੁੜ ਇਹ ਦੋਵੇਂ ਹੀ ਚੀਜ਼ਾਂ ਭਾਰਤੀ ਖਾਣੇ ਦਾ ਅਹਿਮ ਹਿੱਸਾ ਹਨ। ਇਸ ਤਰ੍ਹਾਂ ਜਦੋਂ ਗੁੜ ਅਤੇ ਇਮਲੀ ਆਪਸ ਵਿਚ ਇਕੱਠੇ ਮਿਲ ਕੇ ਚਟਨੀ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ ਤਾਂ ਇਹ ਖੱਟੀ-ਮਿੱਠੀ ਚਟਨੀ ਸਾਡੇ ਹਾਜ਼ਮਾ ਤੰਤਰ ਨੂੰ ਦਰੁਸਤ ਰੱਖਦੀ ਹੈ ਅਤੇ ਚਮੜੀ ਵਿਚ ਵੀ ਚਮਕ ਬਣੀ ਰਹਿੰਦੀ ਹੈ। ਦਰਅਸਲ ਇਮਲੀ ਸਰੀਰ ਦੀ ਗਰਮੀ ਘਟ ਕਰਦੀ ਹੈ ਅਤੇ ਗੁੜ ਖੂਨ ਨੂੰ ਸਾਫ਼ ਕਰਦਾ ਹੈ। ਇਸ ਲਈ ਜਿਥੇ ਇਮਲੀ-ਗੁੜ ਦੀ ਚਟਨੀ ਗਰਮੀਆਂ ਵਿਚ ਲਗਾਤਾਰ ਵਰਤਣ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ, ਉਥੇ ਸਰੀਰ ਵੀ ਠੰਢਾ ਰਹਿੰਦਾ ਹੈ ਅਤੇ ਖੂਨ ਸਾਫ਼ ਹੋਣ ਦੀ ਵਜ੍ਹਾ ਕਰਕੇ ਚਮੜੀ ਵਿਚ ਨਿਖਾਰ ਆਉਂਦਾ ਹੈ। ਇਸ ਚਟਨੀ ਨੂੰ ਵੀ ਕਈ ਤਰ੍ਹਾਂ ਨਾਲ ਖਾਧਾ ਜਾ ਸਕਦਾ ਹੈ। ਦਹੀਂ ਵੜਿਆਂ ਨਾਲ, ਸਮੋਸੇ ਨਾਲ, ਚਾਟ ਨਾਲ ਜਾਂ ਭੇਲ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਪਿਆਜ਼-ਟਮਾਟਰ ਦੀ ਚਟਨੀ
ਇਹ ਹਰ ਮੌਸਮ ਵਿਚ ਖਾਣ-ਯੋਗ ਚਟਨੀ ਐਂਟੀਆਕਸੀਡੈਂਟ ਦਾ ਤਾਕਤ ਦਾ ਘਰ ਮੰਨੀ ਜਾਂਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਟਮਾਟਰ ਅਤੇ ਪਿਆਜ਼ ਦੋਵੇਂ ਹੀ ਗਰਮੀਆਂ ਲਈ ਫ਼ਾਇਦੇਮੰਦ ਹੁੰਦੇ ਹਨ। ਟਮਾਟਰ ਵਿਚ ਲਾਈਕੋਪਿਨ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਠੰਢਾ ਰੱਖਦਾ ਹੈ ਅਤੇ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ ਜਦ ਕਿ ਪਿਆਜ਼ ਤਾਂ ਗਰਮੀ ਅਤੇ ਲੂ ਦਾ ਰਾਮਬਾਣ ਇਲਾਜ ਹੈ ਹੀ। ਟਮਾਟਰ ਅਤੇ ਪਿਆਜ਼ ਦੀ ਚਟਨੀ ਦੀ ਲਗਾਤਾਰ ਵਰਤੋਂ ਵਿਸ਼ੇਸ਼ ਕਰਕੇ ਗਰਮੀ ਵਿਚ ਕੀਤੀ ਜਾਵੇ ਤਾਂ ਸਰੀਰ ਦਾ ਤਾਪਮਾਨ ਕੰਟਰੋਲ ਵਿਚ ਰਹਿੰਦਾ ਹੈ। ਹਲਕੇ ਮਸਾਲਿਆਂ ਨਾਲ ਇਸ ਨੂੰ ਰੋਜ਼ਾਨਾ ਖਾਣੇ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਨਾਰੀਅਲ ਦੀ ਚਟਨੀ
ਜੇਕਰ ਹਾਈਡ੍ਰੇਸ਼ਨ ਦਾ ਕੋਈ ਸਭ ਤੋਂ ਵਧੀਆ ਕੁਦਰਤੀ ਸਰੋਤ ਹੈ ਤਾਂ ਉਹ ਹੈ ਨਾਰੀਅਲ ਦੀ ਚਟਨੀ। ਦੱਖਣੀ ਭਾਰਤ ਵਿਚ ਤਾਂ ਇਹ ਵਿਸ਼ੇਸ਼ ਕਰਕੇ ਹਰਮਨਪਿਆਰੀ ਹੈ। ਉਂਝ ਤਾਂ ਹਰ ਮੌਸਮ ਵਿਚ ਨਾਰੀਅਲ ਦੀ ਚਟਨੀ ਬਹੁਤ ਖਾਧੀ ਜਾਂਦੀ ਹੈ, ਪਰ ਗਰਮੀਆਂ ਵਿਚ ਇਹ ਸਭ ਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ, ਕਿਉਂਕਿ ਇਸ ਵਿਚ ਕੁਦਰਤੀ ਪਾਣੀ ਅਤੇ ਖਣਿਜ ਹੁੰਦੇ ਹਨ, ਜੋ ਸਰੀਰ ਨੂੰ ਹਾਈਡ੍ਰੇਟ ਰੱਖਦੇ ਹਨ। ਜਦੋਂ ਇਸ ਵਿਚ ਦਹੀਂ ਜਾਂ ਲੱਸੀ ਮਿਲਾ ਦਿੱਤੀ ਜਾਂਦੀ ਹੈ ਤਾਂ ਇਹ ਹੋਰ ਜ਼ਿਆਦਾ ਠੰਢਕ ਦੇਣ ਵਾਲੀ ਬਣ ਜਾਂਦੀ ਹੈ। ਇਸ ਚਟਨੀ ਨੂੰ ਇਡਲੀ, ਡੋਸਾ ਅਤੇ ਕਈ ਤਰ੍ਹਾਂ ਚੌਲਾਂ ਨਾਲ ਖਾਧਾ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਇਸ਼ਨਾਨ ਅਤੇ ਉਨ੍ਹਾਂ ਦੇ ਲਾਭ ਅਗਲੀ ਖ਼ਬਰ ਬੱਚਿਆਂ ਨੂੰ ਨਿਰੋਗ ਅਤੇ ਸਿਹਤਮੰਦ ਬਣਾਉਣ 'ਚ ਸਹਾਈ ਹੋਣ ਵਾਲੇ ਸੂਖ਼ਮ ਤੱਤ
Ad Position 24