17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਵੱਖ-ਵੱਖ ਇਸ਼ਨਾਨ ਅਤੇ ਉਨ੍ਹਾਂ ਦੇ ਲਾਭ

Ad Position 21
No active advertisement
ਅਜੀਤ ਡੈਸਕ 19-06-2026

ਵੱਖ-ਵੱਖ ਇਸ਼ਨਾਨਾਂ ਦਾ ਨਾਂਅ ਪੜ੍ਹ ਕੇ ਥੋੜ੍ਹੀ ਜਿਹੀ ਹੈਰਾਨੀ ਹੋ ਸਕਦੀ ਹੈ ਕਿ ਨਹਾਉਣਾ ਤਾਂ ਨਹਾਉਣਾ ਹੀ ਹੁੰਦਾ ਹੈ। ਇਸ ਵਿਚ ਵਿਭਿੰਨਤਾ ਕਿਸ ਤਰ੍ਹਾਂ ਦੀ। ਆਮ ਜਨਤਾ ਨਹਾਉਣ ਦਾ ਮਤਲਬ ਸਰੀਰ ਦੀ ਸਫ਼ਾਈ ਸਮਝਦੀ ਹੈ ਅਤੇ ਉਸ ਲਈ ਇਸ਼ਨਾਨ ਤਾਂ ਤਲਾਬ, ਖੂਹ, ਨਦੀ, ਨਲਕੇ ਅਤੇ ਸ਼ਾਵਰ ਹੇਠਾਂ ਹੀ ਹੁੰਦਾ ਹੈ। ਉਂਝ ਤਾਂ ਸਵੇਰੇ ਸਭ ਲੋਕ ਹਰ ਰੋਜ਼ ਇਸ਼ਨਾਨ ਕਰਦੇ ਹਨ, ਪਰ ਕੁਝ ਇਸ ਤਰ੍ਹਾਂ ਦੇ ਇਸ਼ਨਾਨ ਵੀ ਹਨ ਜੋ ਜ਼ਿਆਦਾ ਫੁਰਤੀ ਪ੍ਰਦਾਨ ਕਰਦੇ ਹਨ ਅਤੇ ਸਿਹਤਮੰਦ ਰਹਿਣ ਲਈ ਲਾਭ ਦਿੰਦੇ ਹਨ। ਆਓ, ਜਾਣੀਏ ਕੁਝ ਇਸ ਤਰ੍ਹਾਂ ਦੇ ਇਸ਼ਨਾਨਾਂ ਬਾਰੇ ਜੋ ਰੋਗਾਂ ਤੋਂ ਸਾਨੂੰ ਦੂਰ ਰੱਖਦੇ ਹਨ।
ਕੀਟ ਇਸ਼ਨਾਨ
ਪੇਟ ਦੀਆਂ ਬਿਮਾਰੀਆਂ ਵਿਚ ਕੀਟ ਇਸ਼ਨਾਨ ਬਹੁਤ ਲਾਹੇਵੰਦ ਹੁੰਦਾ ਹੈ। ਜ਼ਿਆਦਾਤਰ ਬਿਮਾਰੀਆਂ ਪੇਟ ਤੋਂ ਹੀ ਹੁੰਦੀਆਂ ਹਨ। ਜੇਕਰ ਸ਼ੁਰੂ ਤੋਂ ਹੀ ਇਨ੍ਹਾਂ ਨੂੰ ਰੋਕ ਦਿੱਤਾ ਜਾਵੇ ਤਾਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਕੀਟ ਇਸ਼ਨਾਨ ਲਈ ਇਕ ਵੱਡੇ ਟੱਬ ਵਿਚ ਪਾਣੀ ਭਰਿਆ ਜਾਂਦਾ ਹੈ। ਪਾਣੀ ਏਨਾ ਹੋਣਾ ਚਾਹੀਦਾ ਹੈ ਜਿਸ ਵਿਚ ਧੁੰਨੀ ਤੋਂ ਉੱਪਰ ਪੇਟ ਤੱਕ ਪਾਣੀ ਰਹੇ। ਟੱਬ ਇਸ ਤਰ੍ਹਾਂ ਦਾ ਹੋਵੇ ਜਿਸ ਵਿਚ ਆਰਾਮ ਨਾਲ ਬੈਠਿਆ ਜਾ ਸਕੇ। ਟੱਬ ਦਾ ਪਾਣੀ ਮੌਸਮ ਅਨੁਸਾਰ ਤਾਜ਼ਾ ਜਾਂ ਹਲਕਾ ਕੋਸਾ ਰੱਖੋ। ਸ਼ੁਰੂ ਵਿਚ ਇਸ ਵਿਚ 5-10 ਮਿੰਟ ਤੱਕ ਬੈਠਣਾ ਚਾਹੀਦਾ ਹੈ। ਹੌਲੀ-ਹੌਲੀ ਇਸ ਨੂੰ ਅੱਧੇ ਘੰਟੇ ਤੱਕ ਵਧਾ ਸਕਦੇ ਹੋ। ਖੁਰਦਰੇ ਤੌਲੀਏ ਨੂੰ ਗੋਲ ਲਪੇਟ ਕੇ ਧੁੰਨੀ ਦੇ ਹੇਠਾਂ ਸੱਜੇ ਤੋਂ ਖੱਬੇ ਰਗੜੋ, ਫਿਰ ਖੱਬੇ ਤੋਂ ਸੱਜੇ ਤਾਂ ਕਿ ਪੇਟ ਵਿਚ ਜੋ ਖਾਣਾ ਜੰਮਿਆ ਪਿਆ ਹੈ, ਉਹ ਹੌਲੀ-ਹੌਲੀ ਢਿੱਲਾ ਹੋ ਕੇ ਬਾਕੀ ਖਾਣੇ ਦੇ ਨਾਲ ਮਿਲ ਕੇ ਮਲ ਰਾਹੀਂ ਬਾਹਰ ਨਿਕਲ ਜਾਵੇ ਅਤੇ ਪੇਟ ਸਾਫ਼ ਅਤੇ ਨਿਰਮਲ ਹੋ ਜਾਵੇ। ਧਿਆਨ ਰੱਖੋ ਬਸ ਸਰੀਰ ਦੇ ਉਹੀ ਹਿੱਸੇ ਭਿੱਜਣ ਜੋ ਟੱਬ ਦੇ ਅੰਦਰ ਹੋਣ। ਬਾਕੀ ਸਰੀਰ ਗਿੱਲਾ ਨਹੀਂ ਨਾ ਹੋਵੇ ਨਹੀਂ ਤਾਂ ਕੀਟ ਇਸ਼ਨਾਨ ਦਾ ਮਹੱਤਵ ਖ਼ਤਮ ਹੋ ਜਾਵੇਗਾ। ਜੇਕਰ ਕੋਈ ਰੋਗੀ ਇਸ ਇਸ਼ਨਾਨ ਦਾ ਲਾਭ ਉਠਾ ਰਿਹਾ ਹੋਵੇ ਤਾਂ ਇਸ਼ਨਾਨ ਤੋਂ ਬਾਅਦ ਰੋਗੀ ਨੂੰ ਲਿਟਾ ਕੇ ਉਸ ਦੇ ਸਰੀਰ ਨੂੰ ਗਰਮ ਕਰਨ ਲਈ ਕੰਬਲ ਜਾਂ ਮੋਟੀ ਚਾਦਰ ਦੇ ਦਿਓ। ਸਾਧਾਰਨ ਵਿਅਕਤੀ ਨੂੰ ਇਸ਼ਨਾਨ ਤੋਂ ਬਾਅਦ ਕੁਝ ਕਸਰਤ ਜਾਂ ਤੇਜ਼ੀ ਨਾਲ ਟਹਿਲਣਾ ਚਾਹੀਦਾ ਹੈ ਤਾਂ ਕਿ ਸਰੀਰ ਵਿਚ ਗਰਮੀ ਬਣੀ ਰਹਿ ਸਕੇ। ਇਸ ਇਸ਼ਨਾਨ ਨਾਲ ਮੋਟਾਪਾ ਘੱਟ ਹੁੰਦਾ ਹੈ, ਕਬਜ਼ ਦੂਰ ਹੁੰਦੀ ਹੈ, ਪੇਟ ਦੇ ਕਈ ਨੁਕਸ ਦੂਰ ਹੁੰਦੇ ਹਨ, ਅਜੀਰਣ ਵਿਚ ਲਾਭ ਹੁੰਦਾ ਹੈ। ਇਸ ਨਾਲ ਹਾਜ਼ਮਾ ਤੰਤਰ ਦੀ ਕਾਰਜਕੁਸ਼ਲਤਾ ਵਧਦੀ ਹੈ ਅਤੇ ਅੰਤੜੀਆਂ ਦੀ ਗੰਦਗੀ ਸਾਫ਼ ਹੁੰਦੀ ਹੈ।
ਪਾਦ ਇਸ਼ਨਾਨ
ਪਾਦ ਇਸ਼ਨਾਨ ਪੈਰਾਂ ਤੇ ਪਿੰਡਲੀਆਂ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਇਸ਼ਨਾਨ ਲਈ ਇਕ ਬਾਲਟੀ ਵਿਚ ਸਹਿਣ ਕਰਨ ਯੋਗ ਗਰਮ ਪਾਣੀ ਪਾਓ ਅਤੇ ਇਕ ਬਾਲਟੀ ਵਿਚ ਸਾਧਾਰਨ ਤਾਪ ਵਾਲਾ ਪਾਣੀ। ਗਰਮ ਪਾਣੀ ਵਾਲੀ ਬਾਲਟੀ ਵਿਚ ਥੋੜ੍ਹਾ ਨਮਕ, ਨਿੰਬੂ ਦਾ ਰਸ ਮਿਲਾ ਲਓ। ਹੁਣ ਇਸ ਬਾਲਟੀ ਵਿਚ ਆਪਣੇ ਪੈਰ ਪਿੰਡਲੀਆਂ ਤੱਕ ਭਿਉਂ ਦਿਓ ਅਤੇ ਸਰੀਰ 'ਤੇ ਤੌਲੀਆ ਲਪੇਟ ਕੇ ਕਿਸੇ ਕੁਰਸੀ 'ਤੇ ਬੈਠ ਜਾਓ। ਜਦੋਂ ਪਾਣੀ ਦਾ ਤਾਪਮਾਨ ਸਾਧਾਰਨ ਹੋਣ ਲੱਗੇ ਤਾਂ ਪੈਰ ਸਾਧਾਰਨ ਪਾਣੀ ਵਿਚ ਪਾ ਦਿਓ। ਇਸ ਤਰ੍ਹਾਂ ਗਰਮ ਪਾਣੀ ਵਿਚ ਕੁੱਲ 20-30 ਮਿੰਟ ਤੱਕ ਪਾਦ ਇਸ਼ਨਾਨ ਕਰੋ। ਇਸ ਇਸ਼ਨਾਨ ਨਾਲ ਪੈਰਾਂ ਦੀ ਅਕੜਨ, ਪਿੰਡਲੀਆਂ ਦਾ ਦਰਦ, ਖੰਘ, ਪੁਰਾਣਾ ਜ਼ੁਕਾਮ, ਸਿਰ ਦਾ ਭਾਰੀਪਨ, ਸਿਰ ਦਰਦ ਵਿਚ ਲਾਭ ਮਿਲਦਾ ਹੈ।
ਮੇਹਨ ਇਸ਼ਨਾਨ
ਇਹ ਇਸ਼ਨਾਨ ਵਿਸ਼ੇਸ਼ ਕਰਕੇ ਔਰਤਾਂ ਲਈ ਜ਼ਿਆਦਾ ਲਾਭਕਾਰੀ ਹੁੰਦਾ ਹੈ ਪਰ ਇਸ ਇਸ਼ਨਾਨ ਦਾ ਲਾਭ ਮਰਦਾਂ ਨੂੰ ਵੀ ਮਿਲਦਾ ਹੈ। ਇਸ ਇਸ਼ਨਾਨ ਵਿਚ ਆਪਣੇ ਗੁਪਤ ਅੰਗਾਂ ਨੂੰ ਪਾਣੀ ਵਿਚ ਰੱਖ ਕੇ ਉਸ ਨੂੰ ਪਾਣੀ ਨਾਲ ਧੋਂਦੇ ਹਨ। ਅੱਧਾ ਟੱਬ ਪਾਣੀ ਨਾਲ ਭਰ ਲਓ। ਇਸ ਵਿਚ ਇਕ ਉੱਚਾ ਲੱਕੜੀ ਦਾ ਫੱਟਾ ਰੱਖ ਲਓ ਜਿਸ ਦੀ ਸਤ੍ਹਾ ਸੁੱਕੀ ਹੋਵੇ, ਟੱਬ ਵਿਚ ਬੈਠ ਕੇ ਆਪਣੇ ਪੈਰ ਬਾਹਰ ਵੱਲ ਰੱਖੋ ਜਿਵੇਂ ਕੀਟ ਇਸ਼ਨਾਨ ਵਿਚ ਰੱਖੇ ਜਾਂਦੇ ਹਨ। ਹੁਣ ਆਪਣੇ ਪ੍ਰਾਈਵੇਟ ਹਿੱਸੇ 'ਤੇ ਨਰਮ ਸਾਫ਼ ਕੱਪੜੇ ਨੂੰ ਪਾਣੀ ਵਿਚ ਭਿਉਂ ਕੇ ਉਸ 'ਤੇ ਪਾਣੀ ਪਾਓ। ਹੌਲੀ-ਹੌਲੀ ਕੱਪੜੇ ਨਾਲ ਆਪਣੇ ਗੁਪਤ ਅੰਗ ਦੇ ਬਾਹਰੀ ਹਿੱਸੇ ਨੂੰ ਸਾਫ਼ ਕਰੋ। ਧਿਆਨ ਰੱਖੋ ਕੱਪੜੇ ਨਾਲ ਉਨ੍ਹਾਂ ਅੰਗਾਂ ਨੂੰ ਰਗੜੋ ਨਾ। ਇਸ ਇਸ਼ਨਾਨ ਨਾਲ ਔਰਤਾਂ ਦੀ ਮਾਸਿਕ ਧਰਮ ਦੀ ਸਮੱਸਿਆ, ਪ੍ਰਦਰ ਰੋਗ, ਪੇਟ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ।
ਭਾਫ਼ ਇਸ਼ਨਾਨ (ਸਟੀਮ ਬਾਥ)
ਭਾਫ਼ ਇਸ਼ਨਾਨ ਘਰ 'ਚ ਵੀ ਲਿਆ ਜਾ ਸਕਦਾ ਹੈ। ਇਸ ਲਈ ਲੱਕੜੀ ਦੀ ਵੱਡੀ ਪੇਟੀ ਹੋਣੀ ਚਾਹੀਦੀ ਹੈ। ਅੱਜਕਲ੍ਹ ਵੱਡੇ ਸ਼ਹਿਰਾਂ ਵਿਚ ਭਾਫ਼ ਇਸ਼ਨਾਨ ਜਿੰਮ, ਬਿਊਟੀ ਪਾਰਲਰ ਆਦਿ ਵਿਚ ਲਿਆ ਜਾਂਦਾ ਹੈ ਕਿਉਂਕਿ ਉਥੇ ਤੁਸੀਂ ਨਿਸਚਿੰਤ ਬੈਠ ਕੇ ਇਸ ਇਸ਼ਨਾਨ ਦਾ ਅਨੰਦ ਲੈ ਸਕਦੇ ਹੋ। ਉਥੇ ਭਾਫ਼ ਇਸ਼ਨਾਨ ਲਈ ਵੱਖਰਾ ਜਿਹਾ ਇਕ ਛੋਟਾ ਕਮਰਾ ਹੁੰਦਾ ਹੈ ਅਤੇ ਬੈਠਣ ਲਈ ਵੀ ਸਹੀ ਥਾਂ ਹੁੰਦੀ ਹੈ। ਕਮਰੇ ਵਿਚ ਭਾਫ਼ ਪਾਈਪ ਨਾਲ ਫੈਲ ਜਾਂਦੀ ਹੈ ਜਿਸ ਨਾਲ ਸਰੀਰ ਨੂੰ ਇਸ ਦਾ ਪੂਰਾ ਲਾਭ ਹਾਸਿਲ ਹੋ ਸਕਦਾ ਹੈ। ਭਾਫ਼ ਇਸ਼ਨਾਨ ਲੈਂਦੇ ਸਮੇਂ ਕੱਪੜਿਆਂ ਨੂੰ ਨਹੀਂ ਪਾਉਣਾ ਚਾਹੀਦਾ। ਜ਼ਿਆਦਾ ਤੋਂ ਜ਼ਿਆਦਾ ਅੰਡਰਵੀਅਰ ਪਾ ਸਕਦੇ ਹੋ। ਜ਼ਿਆਦਾ ਪਤਲੇ ਜਾਂ ਰੋਗੀ ਨੂੰ ਭਾਫ਼ ਇਸ਼ਨਾਨ ਨਹੀਂ ਦੇਣਾ ਚਾਹੀਦਾ। ਭਾਫ਼ ਇਸ਼ਨਾਨ ਲੈਣ ਤੋਂ ਤੁਰੰਤ ਬਾਅਦ ਤਾਜ਼ੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
ਇਸ ਇਸ਼ਨਾਨ ਨਾਲ ਗਠੀਆ ਰੋਗ ਵਿਚ ਲਾਭ ਮਿਲਦਾ ਹੈ, ਮੋਟਾਪਾ ਘੱਟ ਹੁੰਦਾ ਹੈ, ਖੂਨ ਸੰਬੰਧੀ ਰੋਗ ਦੂਰ ਹੁੰਦੇ ਹਨ। ਭਾਫ਼ ਇਸ਼ਨਾਨ ਨਾਲ ਸਰੀਰ ਦੇ ਸਾਰੇ ਰੋਮ ਸੁਰਾਖ਼ ਖੁੱਲ੍ਹ ਕੇ ਸਾਫ਼ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਖਾਰਸ਼, ਦਾਦ ਆਦਿ ਦੀ ਸ਼ਿਕਾਇਤ ਹੋਵੇ, ਉਨ੍ਹਾਂ ਨੂੰ ਇਹ ਇਸ਼ਨਾਨ ਨਹੀਂ ਕਰਨਾ ਚਾਹੀਦਾ।

Ad Position 22
No active advertisement
ਪਿਛਲੀ ਖ਼ਬਰ ਅਮੀਨੋ ਐਸਿਡ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੈ ਸੋਇਆ ਪ੍ਰੋਟੀਨ ਅਗਲੀ ਖ਼ਬਰ ਗਰਮੀਆਂ ਵਿਚ ਸਵਾਦ ਅਤੇ ਸਿਹਤ ਦਾ ਸੰਗਮ ਪੰਜ ਚਟਨੀਆਂ
Ad Position 24