ਇਨ੍ਹਾਂ ਦਿਨਾਂ ਦੌਰਾਨ ਜੇਕਰ ਤੁਸੀਂ ਆਪਣੇ ਮੋਬਾਈਲ ਫੋਨ 'ਤੇ ਪੰਜਾਬ ਦੀ ਹਵਾ ਦੀ ਸ਼ੁੱਧਤਾ (ਏਅਰ ਕੁਆਲਟੀ ਇੰਡੈਕਸ) ਨੂੰ ਚੈੱਕ ਕਰੋਗੇ ਤਾਂ ਪਤਾ ਲੱਗੇਗਾ ਕਿ ਪਿਛਲੇ ਦੋ ਮਹੀਨਿਆਂ ਤੋਂ ਅਸੀਂ ਰੈਡ ਜ਼ੋਨ 'ਚ ਰਹਿ ਰਹੇ ਹਾਂ। ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਹਵਾ ਇਕ ਖ਼ਾਮੋਸ਼ ਕਾਤਲ ਬਣ ਜਾਂਦੀ ਹੈ ਅਤੇ ਇਹ ਸਿਲਸਿਲਾ ਹਰ ਸਾਲ ਪਹਿਲਾਂ ਨਾਲੋਂ ਘਾਤਕ ਹੋ ਰਿਹਾ ਹੈ, ਪਰ ਅਸੀਂ ਇਸ ਪ੍ਰਤੀ ਬੇਖ਼ਬਰ ਹਾਂ। 15 ਜਨਵਰੀ ਨੂੰ ਅਜੀਤ ਅਖ਼ਬਾਰ ਦੇ ਅੰਤਰਰਾਸ਼ਟਰੀ ਪੰਨੇ 'ਤੇ ਲੱਗੀ ਖ਼ਬਰ ਨੇ ਮੇਰੇ ਜ਼ਿਹਨ 'ਚ ਚੱਲ ਰਹੀ ਬੇਚੈਨੀ ਨੂੰ ਕਈ ਗੁਣਾ ਵਧਾ ਦਿੱਤਾ। ਖ਼ਬਰ ਅਨੁਸਾਰ ਡੈਨਮਾਰਕ ਦੇ ਵਿਸ਼ਵ ਨੰਬਰ 3 ਬੈਡਮਿੰਟਨ ਖਿਡਾਰੀ ਐਡਰਸ ਅਟੋਨਸੇਨ ਨੇ ਕਿਹਾ ਕਿ ਦਿੱਲੀ 'ਚ ਗੰਭੀਰ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਉਹ ਟੂਰਨਾਮੈਂਟ 'ਚ ਹਿੱਸਾ ਨਹੀਂ ਲਵੇਗਾ।
ਐਟੋਨਸੇਨ ਨੇ ਇੰਸਟਾਗ੍ਰਾਮ 'ਤੇ ਲਿਖਿਆ- ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਹਨ ਕਿ ਮੈਂ ਲਗਾਤਾਰ ਤੀਜੇ ਸਾਲ ਇੰਡੀਆ ਓਪਨ ਤੋਂ ਕਿਉਂ ਹਟਿਆ ਹਾਂ। ਇਸ ਸਮੇਂ ਦਿੱਲੀ 'ਚ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਬੈਡਮਿੰਟਨ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਸਹੀ ਜਗ੍ਹਾ ਹੈ। ਇਸ ਬੈਡਮਿੰਟਨ ਖਿਡਾਰੀ ਦਾ ਸਾਡੇ ਦੇਸ਼ ਵਿਚ ਨਾ ਆਉਣ ਦਾ ਕਾਰਨ ਪ੍ਰਦੂਸ਼ਣ ਜਾਂ ਕੁਝ ਹੋਰ ਹੋਵੇ, ਪਰ ਇਕ ਗੱਲ ਪੱਕੀ ਹੈ ਕਿ ਦਿੱਲੀ ਸਮੇਤ ਉੱਤਰੀ ਭਾਰਤੀ ਸੂਬੇ- ਪੰਜਾਬ, ਹਰਿਆਣਾ, ਯੂ.ਪੀ. ਤੇ ਹਿਮਾਚਲ ਪ੍ਰਦੇਸ਼ ਵੀ ਪ੍ਰਦੂਸ਼ਣ ਤੋਂ ਨਹੀਂ ਬਚ ਸਕੇ ਅਤੇ ਇਨ੍ਹਾਂ ਸੂਬਿਆਂ 'ਚ ਨਵੰਬਰ 2025 ਤੋਂ ਜਨਵਰੀ 26 ਤੱਕ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਖ਼ਤਰਨਾਕ ਹੱਦ ਤੱਕ ਬਣਿਆ ਹੋਇਆ ਹੈ। ਪਿਛਲੇ ਦੋ ਮਹੀਨਿਆਂ ਤੋਂ ਹਵਾ ਗੁਣਵੱਤਾ ਪੱਧਰ ਜੋ ਸਾਫ਼ ਹਵਾ ਲਈ 50 ਦੇ ਆਸ-ਪਾਸ ਹੋਣਾ ਚਾਹੀਦਾ ਹੈ, ਉਹ ਜ਼ਿਆਦਾਤਰ ਇਲਾਕਿਆਂ 'ਚ 200 ਤੋਂ 550 ਤੱਕ ਰਿਹਾ ਹੈ। ਹਵਾ ਪ੍ਰਦੂਸ਼ਣ ਜੀਵਨ ਲਈ ਇੰਨਾ ਖ਼ਤਰਨਾਕ ਹੋ ਚੁੱਕਾ ਹੈ ਕਿ ਅਸੀਂ ਸਭ ਇਨ੍ਹਾਂ ਦਿਨਾਂ ਦੌਰਾਨ 16 ਤੋਂ 20 ਸਿਗਰਟਾਂ ਜਿੰਨਾ ਧੂੰਆਂ ਆਪਣੇ ਅੰਦਰ ਖਿੱਚ ਰਹੇ ਹਾਂ।
ਸਾਲ 2023 ਦੌਰਾਨ ਦੁਨੀਆ ਭਰ 'ਚ ਹਵਾ ਪ੍ਰਦੂਸ਼ਣ ਨਾਲ 78 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਤਾਂ ਪੰਜਾਬ 'ਚ ਵੀ ਹਵਾ ਪ੍ਰਦੂਸ਼ਣ ਕਾਰਨ ਮੌਤਾਂ ਹੋਣ ਲੱਗੀਆਂ ਹਨ ਅਤੇ ਇਸ ਨਾਲ ਸਾਡੀ ਸਭ ਦੀ ਉਮਰ ਵੀ ਘਟ ਰਹੀ ਹੈ। ਇਕ ਵਿਗਿਆਨਕ ਖੋਜ ਅਨੁਸਾਰ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਜਦੋਂ 200 ਏ.ਕਿਊ. ਆਈ. ਤੱਕ ਜਾਂ ਇਸ ਤੋਂ ਵਧ ਜਾਵੇ ਤਾਂ ਹਵਾ 'ਚ ਜੀਵਨ ਲਈ ਖ਼ਤਰਨਾਕ ਪੀ.ਐਮ. 2.5 ਅਤੇ ਪੀ.ਐਮ. 10 ਕਣਾਂ 'ਚ ਵਾਧਾ ਹੋ ਜਾਂਦਾ ਹੈ। ਸਿਰ ਦੇ ਵਾਲਾਂ ਤੋਂ 30 ਗੁਣਾ ਤੱਕ ਬਰੀਕ ਇਹ ਖ਼ਤਰਨਾਕ ਕਣ ਸਾਹ ਲੈਣ ਸਮੇਂ ਸਾਡੇ ਸਰੀਰ ਅੰਦਰ ਚਲੇ ਜਾਂਦੇ ਹਨ। ਜੋ ਵੱਡੀ ਪੱਧਰ 'ਤੇ ਲੋਕਾਂ ਲਈ ਹਾਰਟ ਅਟੈਕ, ਦਮਾ, ਬਰੇਨ ਸਟਰੋਕ, ਫੇਫੜਿਆਂ ਦਾ ਕੈਂਸਰ, ਗੁਰਦਿਆਂ ਦੇ ਰੋਗ ਤੇ ਬਲੱਡ ਪ੍ਰੈਸ਼ਰ ਵਰਗੇ ਕਈ ਰੋਗਾਂ ਦਾ ਕਾਰਨ ਬਣਦੇ ਹਨ। ਇਹ ਪਲੀਤ ਹਵਾ ਸਾਡੀ ਸਭ ਦੀ 2.2 ਸਾਲ ਤੱਕ ਉਮਰ ਘਟਾ ਰਹੀ ਹੈ। ਹਵਾ ਪ੍ਰਦੂਸ਼ਣ ਲੋਕਾਂ 'ਚ ਡਿਪਰੈਸ਼ਨ, ਐਂਗਜ਼ਾਇਟੀ ਤੇ ਮਾਨਸਿਕ ਤਣਾਅ ਵਧਾਉਂਦਾ ਹੈ, ਬਹੁਤੇ ਲੋਕਾਂ ਨੂੰ ਇੰਝ ਲੱਗਣ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਅਤੇ ਉਹ ਅਜਿਹੀ ਸਥਿਤੀ ਤੋਂ ਡਰ ਕੇ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਜਾਂਦੇ ਹਨ। ਇਸ ਨਾਲ ਵੱਡੀ ਉਮਰ ਦੇ ਲੋਕਾਂ ਵਿਚ ਡੀਮੈਂਸ਼ੀਆ ਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣ ਲੱਗਦਾ ਹੈ ਅਤੇ ਕਈ ਤਰ੍ਹਾਂ ਦੀਆਂ ਲਾਗਾਂ (ਇਨਫੈਕਸ਼ਨਾਂ) ਦਾ ਖ਼ਤਰਾ ਵਧ ਜਾਂਦਾ ਹੈ। ਇਹ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਕਰਕੇ ਉਨ੍ਹਾਂ 'ਚ ਸਿੱਖਣ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ। ਇਹ ਸਥਿਤੀ ਸਿਗਰਟ ਪੀਣ ਨਾਲੋਂ ਵੀ ਕਿਤੇ ਵੱਧ ਘਾਤਕ ਹੈ ਅਤੇ ਸ਼ਰਾਬ ਪੀਣ ਨਾਲੋਂ 3 ਗੁਣਾ ਵੱਧ ਖ਼ਤਰਨਾਕ ਹੈ। ਭਾਰਤ ਦੇ ਲੋਕ ਰਾਜਨੀਤਕ, ਸਮਾਜਿਕ ਜਾਂ ਧਾਰਮਿਕ ਸਭ ਤਰ੍ਹਾਂ ਦੇ ਮਸਲਿਆਂ ਨੂੰ ਲੈ ਕੇ ਸੜਕਾਂ 'ਤੇ ਨਿਕਲ ਆਉਂਦੇ ਹਨ, ਪਰ ਜਦੋਂ ਕੋਈ ਮਸਲਾ ਸਿੱਧਾ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਵੇ ਤਾਂ ਅਸੀਂ ਅਕਸਰ ਖਾਮੋਸ਼ ਹੀ ਰਹਿੰਦੇ ਹਾਂ। ਮਨੁੱਖ ਵਲੋਂ ਸਿਰਜੇ ਇਸ ਧੀਮੀ ਮੌਤ ਦੇ ਬਿਰਤਾਂਤ 'ਚ ਵੱਡੇ ਸਿਆਸੀ ਲੋਕਾਂ ਤੋਂ ਲੈ ਕੇ ਸਭ ਆਮ ਲੋਕ ਸਾਹ ਲੈਂਦੇ ਹਨ, ਪਰ ਕੀ ਮਜਾਲ ਕਿ ਕਿਸੇ ਵੀ ਮੰਚ, ਕਿਸੇ ਚੈਂਨਲ ਜਾਂ ਕਿਸੇ ਇਕੱਠ 'ਚ ਇਸ ਸੰਬੰਧੀ ਕੋਈ ਗੰਭੀਰ ਚਰਚਾ ਹੋਈ ਹੋਵੇ।
ਕਰੋੜਾਂ ਲੋਕ ਪਿਛਲੇ 2 ਮਹੀਨਿਆਂ ਤੋਂ ਇਸ ਭਿਆਨਕ ਮੌਤ ਦੇ ਮਾਹੌਲ 'ਚ ਸਾਹ ਲੈ ਰਹੇ ਹਨ, ਪਰ ਇਸ ਪ੍ਰਤੀ ਜੋ ਫਿਕਰਮੰਦੀ ਹੋਣੀ ਚਾਹੀਦੀ ਸੀ ਉਹ ਫਿਕਰ ਕਿੱਥੇ ਹੈ? ਇਸ ਸੰਬੰਧੀ ਜਦੋਂ ਮੈਂ ਆਪਣੇ ਇਕ ਦੋਸਤ ਮੋਗੇ ਦੇ ਮਸ਼ਹੂਰ ਦਿਲ ਦੇ ਮਾਹਿਰ ਡਾਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਬਹੁਤ ਛੋਟੀ ਉਮਰ ਦੇ ਲੋਕ ਵੀ ਦਿਲ ਦੇ ਰੋਗਾਂ ਦੇ ਮਰੀਜ਼ ਬਣ ਕੇ ਆ ਰਹੇ ਹਨ। ਹਰ ਸਾਲ ਮੌਤ ਦੇ ਇਸ ਬਿਰਤਾਂਤ ਦੀ ਸ਼ੁਰੂਆਤ ਨਵੰਬਰ ਮਹੀਨੇ ਤੋਂ ਹੋ ਜਾਂਦੀ ਹੈ, ਇਸੇ ਸਮੇਂ ਦਿਵਾਲੀ, ਗੁਰਪੁਰਬ, ਵਿਆਹਾਂ ਤੇ ਜਨਮ ਦਿਨਾਂ ਦੌਰਾਨ ਪਟਾਕੇ ਵੀ ਚਲਾਏ ਜਾਂਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ 'ਚ ਪਟਾਕੇ ਬਣਾਉਣ, ਵੇਚਣ ਤੇ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਵੇ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਟਾਕੇ ਇਤਿਹਾਸਕ ਤੌਰ 'ਤੇ ਕਿਸੇ ਤਿਉਹਾਰ ਨਾਲ ਜੁੜੀ ਹੋਈ ਕੋਈ ਰਸਮ ਨਹੀਂ ਹੈ। ਅਸੀਂ ਦਿਵਾਲੀ ਦੇ ਤਿਉਹਾਰ ਦੌਰਾਨ ਮਹਾਨਗਰਾਂ, ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਪਟਾਕੇ ਚਲਾ ਕੇ ਬੇਹੱਦ ਪਲੀਤ ਕਰ ਦਿੰਦੇ ਹਾਂ, ਜ਼ਹਿਰੀਲਾ ਧੂੰਆਂ ਸਭ ਲਈ ਜਾਨ ਦਾ ਖੌਅ ਬਣ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਹੀ ਝੋਨੇ ਦੀ ਪਰਾਲੀ ਨੂੰ ਅੱਗਾਂ ਲਗਾਈਆਂ ਜਾਂਦੀਆਂ ਹਨ, ਇਸ ਰਾਹੀਂ ਮੀਥੇਨ ਗੈਸ ਵੱਡੀ ਮਾਤਰਾ 'ਚ ਹਵਾ 'ਚ ਘੁਲ ਜਾਂਦੀ ਹੈ। ਅਸੀਂ ਧਾਰਮਿਕ ਅਸਥਾਨਾਂ 'ਤੇ ਵੱਖ-ਵੱਖ ਸਮਾਗਮਾਂ ਦੌਰਾਨ ਪਟਾਕੇ ਚਲਾ ਕੇ ਆਪਣੇ ਆਪ ਨੂੰ ਵੱਧ ਤੋਂ ਵੱਧ ਸ਼ਰਧਾਵਾਨ ਹੋਣ ਦਾ ਸਬੂਤ ਦਿੰਦਿਆਂ ਹਵਾ ਨੂੰ ਵੱਧ ਤੋਂ ਵੱਧ ਪਲੀਤ ਕਰਨ ਵਿਚ ਫਖਰ ਮਹਿਸੂਸ ਕਰਦੇ ਹਾਂ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਤਾਕੀਦ ਕੀਤੀ ਸੀ ਕਿ ਸਾਡੇ ਲਈ ਧਰਤੀ ਮਾਂ, ਪਾਣੀ ਪਿਤਾ ਤੇ ਹਵਾ ਗੁਰੂ ਸਮਾਨ ਹਨ। ਧਾਰਮਿਕ, ਸਮਾਜਿਕ, ਰਾਜਨੀਤਕ ਤੇ ਪ੍ਰਸ਼ਾਸਨਿਕ ਮੰਚਾਂ ਤੋਂ ਲੋਕਾਂ ਨੂੰ ਪਟਾਕਿਆਂ ਦੇ ਖ਼ਤਰਨਾਕ ਪ੍ਰਭਾਵ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਪਟਾਕਿਆਂ 'ਤੇ ਪੂਰਨ ਪਾਬੰਦੀ ਲਗਾਈ ਜਾਵੇ ਜਾਂ ਇਨ੍ਹਾਂ ਦੀ ਵਿਕਰੀ 'ਤੇ ਇੰਨਾ ਟੈਕਸ ਲਗਾਇਆ ਜਾਵੇ ਕਿ ਇਨ੍ਹਾਂ ਨੂੰ ਖਰੀਦਣ ਵਾਲਾ ਸੌ ਵਾਰ ਸੋਚੇ। ਪ੍ਰਦੂਸ਼ਿਤ ਹਵਾ ਦੀ ਇਸ ਖਾਮੋਸ਼ ਮੌਤ ਪ੍ਰਤੀ ਅਸੀਂ ਫਿਲਹਾਲ ਬੇਹੱਦ ਅਵੇਸਲੇ ਹਾਂ। ਇਹ ਭਿਆਨਕ ਸਥਿਤੀ ਸਾਲ ਵਿਚ ਕਈ ਵਾਰ ਬਣਦੀ ਹੈ, ਪਰ ਹਰ ਸਾਲ ਨਵੰਬਰ ਮਹੀਨੇ ਤੋਂ ਜਨਵਰੀ ਤੱਕ ਤਾਂ ਇਹ ਇਕ ਤਰ੍ਹਾਂ ਮੌਤ ਦੇ ਦਿਨ ਹੁੰਦੇ ਹਨ। ਸਭ ਲੋਕਾਂ ਤੇ ਸਰਕਾਰਾਂ ਨੂੰ ਇਸ ਮਸਲੇ ਬਾਰੇ ਸੁਚੇਤ ਹੋਣ ਦੀ ਲੋੜ ਹੈ, ਪਰਾਲੀ ਨੂੰ ਸਾੜਨ ਦੀ ਬਜਾਏ ਸਰਕਾਰ ਨੂੰ ਇਸ ਲਈ ਬਦਲਵੀਂ ਵਿਵਸਥਾ ਕਰਨੀ ਚਾਹੀਦੀ ਹੈ। ਪ੍ਰਦੂਸ਼ਣ ਫੈਲਾਉਣ ਵਾਲੇ ਪੁਰਾਣੇ ਵਾਹਨਾਂ 'ਤੇ ਪੂਰਨ ਪਾਬੰਦੀ ਲਗਾਉਣ ਤੋਂ ਇਲਾਵਾ ਫੈਕਟਰੀਆਂ, ਕਾਰਖਾਨਿਆਂ, ਮਿੱਲਾਂ ਦੀਆਂ ਚਿਮਨੀਆਂ ਉੱਚੀਆਂ ਕਰਵਾ ਕੇ ਇਨ੍ਹਾਂ 'ਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਾਲੇ ਯੰਤਰ ਲਗਾਉਣੇ ਚਾਹੀਦੇ ਹਨ।
ਪੰਜਾਬੀਆਂ ਦਾ ਖਾਸਾ ਹੈ ਕਿ ਅਸੀਂ ਰਾਜਨੀਤਕ ਤੇ ਧਾਰਮਿਕ ਮਾਮਲਿਆਂ ਬਾਰੇ ਤਾਂ ਬਹੁਤ ਸੰਵੇਦਨਸ਼ੀਲ ਰਹਿੰਦੇ ਹਾਂ, ਪਰ ਜੀਵਨ ਨਾਲ ਜੁੜੇ ਮਸਲਿਆਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਾਂ। ਇਹ ਮਸਲੇ ਭਾਵੇਂ ਸਿਹਤ ਸਬੰਧੀ ਹੋਣ, ਦਰਿਆਵਾਂ ਦਾ ਪਲੀਤ ਹੋ ਰਿਹਾ ਪਾਣੀ ਹੋਵੇ, ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਜਾਂ ਹਵਾ ਪ੍ਰਦੂਸ਼ਣ ਦੇ ਹੋਣ ਅਸੀਂ ਇਨ੍ਹਾਂ ਪ੍ਰਤੀ ਉਤਨੇ ਗੰਭੀਰ ਨਹੀਂ ਹਾਂ ਜਿੰਨੇ ਸਾਨੂੰ ਹੋਣਾ ਚਾਹੀਦਾ ਹੈ। ਸ਼ਾਇਦ ਇਸੇ ਕਰਕੇ ਅਸੀਂ ਆਪਣੇ ਆਲੇ-ਦੁਆਲੇ ਮੌਤ ਦਾ ਬਿਰਤਾਂਤ ਸਿਰਜ ਲਿਆ ਹੈ। ਜੇਕਰ ਅਸੀਂ ਹਵਾ ਪ੍ਰਦੂਸ਼ਣ ਦੇ ਗੰਭੀਰ ਸੰਕਟ ਪ੍ਰਤੀ ਹੁਣ ਵੀ ਚਿੰਤਤ ਨਾ ਹੋਏ ਤਾਂ ਅਜਿਹਾ ਨਾ ਹੋ ਜਾਵੇ ਕਿ ਆਉਣ ਵਾਲੇ ਕੱਲ੍ਹ ਤੱਕ ਬਹੁਤ ਦੇਰ ਹੋ ਜਾਵੇ। ਹਵਾ ਕਿਸੇ ਇਕ ਦੀ ਮਲਕੀਅਤ ਨਹੀਂ ਹੈ, ਇਹ ਵੀ ਸੂਰਜ ਦੀ ਰੌਸ਼ਨੀ ਵਾਂਗ ਸਾਰਿਆਂ ਲਈ ਹੈ। ਜਦੋਂ ਸਾਰਿਆਂ ਨੇ ਇਸ ਹਵਾ 'ਚ ਸਾਹ ਲੈਣਾ ਹੈ ਤਾਂ ਇਸ ਨੂੰ ਸਾਫ ਰੱਖਣ ਲਈ ਰੁੱਖਾਂ ਦੀ ਕਟਾਈ ਨੂੰ ਰੋਕ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਹੁਣ ਪ੍ਰਦੂਸ਼ਣ ਪੈਦਾ ਕਰਨ ਵਾਲੇ ਸਰੋਤਾਂ ਨੂੰ ਬੰਦ ਕਰਵਾ ਕੇ ਸਿਹਤਮੰਦ ਜੀਵਨ ਲਈ ਢੁਕਵੀਆਂ ਹਾਲਤਾਂ ਸਿਰਜਣ ਦੀ ਬੇਹੱਦ ਜ਼ਰੂਰਤ ਹੈ।
-ਜ਼ੀਰਾ।
ਮੋਬਾਈਲ : 98550-51099