ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਵਿਚ ਸੁਤੰਤਰ ਤੇ ਨਿਰਪੱਖ ਚੋਣਾਂ ਕਰਾਉਣ ਦੇ ਉਦੇਸ਼ ਨਾਲ 25 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਭਾਰਤੀ ਸੰਵਿਧਾਨ ਵਿਚ ਧਾਰਾ 324 ਤੋਂ 329 ਤੱਕ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਅਤੇ ਕੰਮਾਂ ਬਾਰੇ ਵਿਵਸਥਾਵਾਂ ਦਰਜ ਕੀਤੀਆਂ ਗਈਆਂ ਹਨ। 25 ਜਨਵਰੀ ਭਾਵ ਭਾਰਤੀ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਨੂੰ ਚਿਰਸਥਾਈ ਬਣਾਉਣ ਲਈ 25 ਜਨਵਰੀ 2011 ਤੋਂ ਹਰ ਸਾਲ ਕੌਮੀ ਵੋਟਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਰ੍ਹੇ 16ਵਾਂ ਕੌਮੀ ਵੋਟਰ ਦਿਵਸ 25 ਜਨਵਰੀ 2026 ਨੂੰ 'ਮਾਈ ਇੰਡੀਆ ਮਾਈ ਵੋਟ ਮੈਂ ਭਾਰਤ ਹਾਂ' ਦੇ ਥੀਮ ਅਤੇ ਟੈਗਲਾਈਨ 'ਭਾਰਤ ਦੇ ਲੋਕਤੰਤਰ ਦੇ ਕੇਂਦਰ ਵਿਚ ਨਾਗਰਿਕ' ਅਧੀਨ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਵੋਟਰ ਦਿਵਸ ਮਨਾਉਣ ਦਾ ਮੁੱਖ ਉਦੇਸ਼ ਸਭ ਵੋਟਰਾਂ ਦੀ ਭਾਰਤੀ ਰਾਜਨੀਤਕ ਪ੍ਰਕਿਰਿਆ ਅਤੇ ਚੋਣ ਪ੍ਰਕਿਰਿਆ 'ਚ ਭਾਗੀਦਾਰੀ ਨੂੰ ਜਿੱਥੇ ਵਧਾਉਣਾ ਹੈ, ਉੱਥੇ ਨਵੇਂ ਵੋਟਰਾਂ ਨੂੰ ਵੋਟਰ ਸੂਚੀਆਂ 'ਚ ਵੱਧ ਤੋਂ ਵੱਧ ਦਰਜ ਕਰਕੇ ਉਨ੍ਹਾਂ 'ਚ ਵੋਟ ਦੇ ਅਧਿਕਾਰ ਦੀ ਮਹੱਤਤਾ ਸਬੰਧੀ ਵੋਟਰ ਜਾਗਰੂਕਤਾ ਪੈਦਾ ਕਰਨਾ ਹੈ। ਇਸੇ ਕਰਕੇ ਕੌਮੀ ਵੋਟਰ ਦਿਵਸ ਮੌਕੇ ਪੂਰੇ ਰਾਸ਼ਟਰ ਵਿਚ ਰਾਜਧਾਨੀ ਦਿੱਲੀ ਤੋਂ ਲੈ ਕੇ ਸਮੁੱਚੇ ਰਾਜਾਂ ਅਤੇ ਜ਼ਿਲ੍ਹਾ ਪੱਧਰ ਤੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰ ਦਿਵਸ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵੋਟਰ ਕਾਰਡ ਵੰਡੇ ਜਾਂਦੇ ਹਨ, ਵੋਟਰ ਪ੍ਰਣ ਕਰਵਾਇਆ ਜਾਂਦਾ ਹੈ ਅਤੇ ਸਮੁੱਚੀ ਚੋਣ ਪ੍ਰਕਿਰਿਆ 'ਚੋਂ ਉੱਤਮ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਪ੍ਰੋਗਰਾਮ 'ਚ ਮੁੱਖ ਮਹਿਮਾਨ ਭਾਰਤ ਦੇ ਰਾਸ਼ਟਰਪਤੀ ਵਲੋਂ ਰਾਸ਼ਟਰੀ ਪੁਰਸਕਾਰ ਦਿੱਤੇ ਜਾਂਦੇ ਹਨ। 16ਵਾਂ ਕੌਮੀ ਵੋਟਰ ਦਿਵਸ ਚੋਣ ਕਮਿਸ਼ਨ ਵਲੋਂ ਰਾਸ਼ਟਰੀ ਪੱਧਰ 'ਤੇ ਨਵੀਂ ਦਿੱਲੀ 'ਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਅਨੁਸਾਰ ਭਾਰਤ ਦੇ 98 ਕਰੋੜ ਤੋ ਵੱਧ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਪ੍ਰਣ ਕਰਨਗੇ। ਅਸੀਂ ਭਾਰਤ ਦੇ ਲੋਕ ਵਡਭਾਗੇ ਹਾਂ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੀ ਆਜ਼ਾਦ ਫ਼ਿਜ਼ਾ ਵਿਚ ਰਹਿ ਰਹੇ ਹਾਂ ਅਤੇ ਸਾਡੇ ਕੋਲ ਵੋਟ ਦਾ ਅਧਿਕਾਰ ਹੋਣ ਕਾਰਨ ਸਾਨੂੰ ਆਪਣੀ ਇੱਛਾ ਅਨੁਸਾਰ ਆਪਣੀ ਸਰਕਾਰ ਬਣਾਉਣ ਦਾ ਹੱਕ ਹੈ। ਇਸ ਲਈ ਸਾਨੂੰ ਆਪਣੇ ਦੇਸ਼ ਅਤੇ ਭਾਰਤੀ ਸੰਵਿਧਾਨ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਹਰ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਵੱਧ ਹੈ, ਉਸ ਨੂੰ ਬਾਲਗ ਮੱਤ ਅਧਿਕਾਰ ਬਿਨਾਂ ਕਿਸੇ ਧਰਮ, ਜਾਤ, ਰੰਗ, ਨਸਲ ਤੇ ਲਿੰਗ ਦੇ ਵਿਤਕਰੇ ਦੇ ਦਿੱਤਾ ਗਿਆ ਹੈ। ਇਹੀ ਭਾਰਤੀ ਲੋਕਤੰਤਰ ਦੀ ਖ਼ੂਬਸੂਰਤੀ ਹੈ। ਭਾਰਤੀ ਸੰਵਿਧਾਨ 'ਚ 61ਵੀਂ ਸੋਧ ਕਰਕੇ ਵੋਟ ਦੇ ਅਧਿਕਾਰ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ ਸੀ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਭਾਰਤੀ ਲੋਕਤੰਤਰ ਦਾ ਹਿੱਸਾ ਬਣਾਇਆ ਜਾ ਸਕੇ। ਅੱਜ ਇਹ ਸੁਪਨਾ ਪੂਰਾ ਹੋ ਚੁੱਕਾ ਹੈ। ਅੱਜ ਭਾਰਤ ਦੀ ਕੁੱਲ 145 ਕਰੋੜ ਤੋਂ ਵੱਧ ਆਬਾਦੀ ਵਿਚ 98 ਕਰੋੜ ਤੋਂ ਵੱਧ ਵੋਟਰ ਹਨ, ਜਿਸ 'ਚ ਨੌਜਵਾਨ ਵੋਟਰਾਂ ਦੀ ਬਹੁਤਾਤ ਹੈ। ਭਾਰਤੀ ਚੋਣਾਂ ਨੂੰ ਕਾਫੀ ਹੱਦ ਤਕ ਆਜ਼ਾਦ ਤੇ ਨਿਰਪੱਖ ਮੰਨਿਆ ਜਾਂਦਾ ਰਿਹਾ ਹੈ। 18ਵੀਂ ਲੋਕ ਸਭਾ ਚੋਣ ਵਿਚ ਲਗਭਗ 10.5 ਲੱਖ ਦੇ ਕਰੀਬ ਪੋਲਿੰਗ ਬੂਥਾਂ ਦਾ ਪ੍ਰਬੰਧ ਤੇ ਸਮੁੱਚੇ ਰਾਸ਼ਟਰ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੀ.ਵੀ. ਪੈਟਜ਼ ਦਾ ਪ੍ਰਯੋਗ ਕਰਕੇ ਸਮੁੱਚੀ ਚੋਣ ਪ੍ਰਕਿਰਿਆਂ ਨੂੰ ਨੇਪਰੇ ਚੜ੍ਹਾਉਣਾ ਚੋਣ ਕਮਿਸ਼ਨ ਲਈ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਦੇ ਬਰਾਬਰ ਸੀ। ਜ਼ਿਕਰਯੋਗ ਹੈ ਕਿ 18ਵੀਂ ਲੋਕ ਸਭਾ ਚੋਣ-2024 ਦੌਰਾਨ ਜ਼ਿਲ੍ਹਾ ਗੁਰਦਾਸਪੁਰ ਆਪਣੇ ਕੁੱਲ 16 ਲੱਖ 5 ਹਜ਼ਾਰ ਵੋਟਰਾਂ 'ਚੋਂ 66.67 ਫ਼ੀਸਦੀ ਮਤਦਾਨ ਕਰਾ ਕੇ ਪੰਜਾਬ ਰਾਜ ਦੇ ਵੱਧ ਮੱਤਦਾਨ ਕਰਵਾਉਣ ਵਾਲੇ ਜ਼ਿਲ੍ਹਿਆਂ ਵਿਚ ਆਪਣਾ ਨਾਂਅ ਦਰਜ ਕਰਵਾ ਚੁੱਕਾ ਹੈ।
ਆਓ, ਅਸੀਂ ਸਾਰੇ ਇਕ ਜਾਗਰੂਕ ਨਾਗਰਿਕ ਬਣੀਏ ਅਤੇ ਚੋਣ ਕਮਿਸ਼ਨ ਦੇ ਜਾਗਰੂਕਤਾ ਅਭਿਆਨ ਪ੍ਰੋਗਰਾਮ ਸਵੀਪ (ਪ੍ਰਣਾਲੀਬੱਧ ਵੋਟਰ ਦੀ ਸਿੱਖਿਆ ਤੇ ਚੋਣਕਾਰ ਭਾਗੀਦਾਰੀ) ਦਾ ਹਿੱਸਾ ਬਣੀਏ। ਇਸੇ ਤਰ੍ਹਾਂ ਵੋਟਰਾਂ ਸੰਬੰਧੀ ਰਾਸ਼ਟਰੀ ਨਾਅਰੇ ਕਿ 'ਕੋਈ ਵੀ ਵੋਟਰ ਰਹਿ ਨਾ ਜਾਵੇ' ਨੂੰ ਵਿਵਹਾਰਕ ਬਣਾਈਏ। ਸਾਨੂੰ ਆਪਣੇ ਵੋਟ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਲਾਲਚ, ਭੈਅ, ਜਾਤ, ਧਰਮ, ਰੰਗ, ਨਸਲ, ਲਿੰਗ ਆਦਿ ਰੂੜੀਵਾਦੀ ਧਾਰਨਾਵਾਂ ਨੂੰ ਤਿਆਗ ਕੇ ਇਕ ਸੁਚੇਤ ਨਾਗਰਿਕ ਬਣ ਕੇ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਨੂੰ ਪੂਰੀ ਸਾਵਧਾਨੀ ਨਾਲ ਦੇਸ਼ ਦੇ ਨੀਤੀ ਘਾੜਿਆਂ ਤੇ ਪ੍ਰਤੀਨਿਧਾਂ ਦੀ ਚੋਣ ਵੀ ਕਰਨੀ ਚਾਹੀਦੀ ਹੈ, ਤਾਂ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਵਲੋਂ 'ਮਜ਼ਬੂਤ ਲੋਕਤੰਤਰ ਵਿਕਸਿਤ ਭਾਰਤ' ਦਾ ਲਿਆ ਗਿਆ ਸੁਪਨਾ ਸਾਰਥਕ ਹੋ ਸਕੇ ਤੇ ਸਾਡੇ ਨੌਜਵਾਨਾਂ ਨੂੰ ਹੋਰ ਮੁਲਕਾਂ ਵੱਲ ਭੱਜਣ ਦੀ ਲੋੜ ਨਾ ਪਵੇ।
ਚੁਣੋ ਚੰਗੀ ਸਰਕਾਰ ਤੁਹਾਡੇ ਹੱਥ ਹੈ ਡੋਰ,
ਸਾਰਿਆਂ ਦੀ ਵੋਟ ਵਿਚ ਇਕੋ ਜਿਹਾ ਜ਼ੋਰ।
-ਸਟੇਟ ਐਵਾਰਡੀ ਸਹਾਇਕ ਨੋਡਲ ਅਫਸਰ,
ਸਵੀਪ ਟੀਮ, ਗੁਰਦਾਸਪੁਰ।
ਮੋਬਾਈਲ : 97815-35440