ਰਾਸ਼ਟਰੀ ਸੈਰ-ਸਪਾਟਾ ਦਿਵਸ ਹਰ ਸਾਲ 25 ਜਨਵਰੀ ਨੂੰ ਭਾਰਤ ਵਿਚ ਦੇਸ਼ ਦੀ ਸੱਭਿਆਚਾਰਕ ਵਿਰਾਸਤ, ਕੁਦਰਤੀ ਸੁੰਦਰਤਾ ਅਤੇ ਸੈਰ-ਸਪਾਟੇ ਦੇ ਆਰਥਿਕ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਵਲੋਂ 'ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ' ਵਰਗੇ ਸਮਾਗਮਾਂ ਅਧੀਨ ਵੀ ਮਨਾਇਆ ਜਾਂਦਾ ਹੈ, ਜਿਸ ਵਿਚ 'ਦੇਖੋ ਆਪਣਾ ਦੇਸ਼', 'ਸਵਦੇਸ਼ ਦਰਸ਼ਨ' ਅਤੇ 'ਨੈਸ਼ਨਲ ਗਰੀਨ ਟੂਰਿਜ਼ਮ ਮਿਸ਼ਨ' ਵਰਗੇ ਉਪਰਾਲੇ ਸ਼ਾਮਿਲ ਹਨ।
ਵਿਸ਼ਵ ਪੱਧਰ 'ਤੇ ਭਾਰਤ ਆਪਣੇ ਸ਼ਾਨਦਾਰ ਸੈਰ-ਸਪਾਟਾ ਸਥਾਨਾਂ ਕਾਰਨ ਇਕ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਭਾਰਤ ਵਿਚ ਸੈਰ-ਸਪਾਟੇ ਦਾ ਇਤਿਹਾਸ ਪ੍ਰਾਚੀਨ ਸਮੇਂ ਤੋਂ ਹੀ ਹੈ, ਜਿਸ ਦੀ ਸ਼ੁਰੂਆਤ ਧਾਰਮਿਕ ਤੀਰਥ ਸਥਾਨਾਂ ਅਤੇ ਵਪਾਰਕ ਮਾਰਗਾਂ ਤੋਂ ਹੋਈ ਅਤੇ ਆਜ਼ਾਦੀ ਤੋਂ ਬਾਅਦ ਇਹ ਹੋਰ ਵਿਕਸਿਤ ਹੋਈ। 1945 ਵਿਚ ਸਰ ਜੌਹਨ ਸਾਰਜੈਂਟ ਕਮੇਟੀ ਦੇ ਗਠਨ ਨਾਲ ਇਸ ਨੇ ਰਫ਼ਤਾਰ ਫੜੀ ਅਤੇ ਰਾਸ਼ਟਰੀ ਸੈਰ-ਸਪਾਟਾ ਦਿਵਸ ਪਹਿਲੀ ਵਾਰ ਭਾਰਤ ਸਰਕਾਰ ਨੇ 1948 ਵਿਚ ਮਨਾਇਆ ਸੀ, ਜਿਸ ਦਾ ਉਦੇਸ਼ ਵਿਸ਼ਵ ਪੱਧਰ 'ਤੇ ਭਾਰਤ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ ਅਤੇ ਰੁਜ਼ਗਾਰ ਵਧਾਉਣਾ ਸੀ। ਅੱਜ 'ਇਨਕ੍ਰੈਡੀਬਲ ਇੰਡੀਆ' ਵਰਗੀ ਮੁਹਿੰਮ ਰਾਹੀਂ ਈਕੋ ਸੈਰ ਸਪਾਟੇ, ਮੈਡੀਕਲ ਸੈਰ-ਸਪਾਟੇ ਅਤੇ ਸੱਭਿਆਚਾਰਕ ਸੈਰ-ਸਪਾਟੇ ਦੇ ਰੂਪ ਵਿਚ ਇਕ ਵੱਡਾ ਆਰਥਿਕ ਰੁਜ਼ਗਾਰ ਪੈਦਾ ਕਰਨ ਵਾਲਾ ਉਦਯੋਗ ਬਣ ਗਿਆ ਹੈ।
ਆਜ਼ਾਦੀ ਤੋਂ ਬਾਅਦ ਸੈਰ-ਸਪਾਟੇ ਨੂੰ ਆਰਥਿਕ ਵਿਕਾਸ ਵਜੋਂ ਦੇਖਿਆ ਗਿਆ ਅਤੇ ਇਸ ਨੂੰ ਦੂਜੀ ਅਤੇ ਤੀਜੀ ਪੰਜ ਸਾਲਾ ਯੋਜਨਾਵਾਂ ਵਿਚ ਸ਼ਾਮਿਲ ਕੀਤਾ ਗਿਆ। 1966 ਵਿਚ ਭਾਰਤੀ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ ਦੀ ਸਥਾਪਨਾ ਨੇ ਸੈਰ ਸਪਾਟੇ ਦੇ ਵਿਕਾਸ ਅਤੇ ਪ੍ਰਚਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। 1980 ਦੇ ਦਹਾਕੇ ਤੋਂ ਬਾਅਦ ਇਸ ਨੇ ਰੁਜ਼ਗਾਰ, ਆਮਦਨ ਅਤੇ ਵਿਦੇਸ਼ੀ ਮੁਦਰਾ ਦੇ ਸਰੋਤ ਵਜੋਂ ਗਤੀ ਪ੍ਰਾਪਤ ਕੀਤੀ।
ਹਿਮਾਲਿਆ ਤੋਂ ਲੈ ਕੇ ਸਮੁੰਦਰੀ ਕੰਢਿਆਂ ਤੱਕ, ਯੋਗ ਤੋਂ ਲੈ ਕੇ ਸਥਾਨਕ ਦਸਤਕਾਰੀ ਤੱਕ ਭਾਰਤ ਕੋਲ ਸੈਰ-ਸਪਾਟੇ ਲਈ ਅਸੀਮਤ ਵਿਭਿੰਨਤਾ ਹੈ। ਅੱਜ ਭਾਰਤ ਵਿਚ ਸੈਰ-ਸਪਾਟਾ ਤੇਜ਼ੀ ਨਾਲ ਵਧ ਰਿਹਾ ਹੈ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। 2024 ਵਿਚ ਭਾਰਤ ਨੂੰ ਵਿਸ਼ਵ ਯਾਤਰਾ ਅਤੇ ਸੈਰ ਸਪਾਟਾ ਵਿਕਾਸ ਸੂਚਕਾਂਕ ਵਿਚ 39ਵਾਂ ਸਥਾਨ ਮਿਲਿਆ ਹੈ, ਜੋ ਦੇਸ਼ ਦੇ ਕੁਦਰਤੀ ਅਤੇ ਸੱਭਿਆਚਾਰਕ ਸਰੋਤਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। 2023 ਵਿਚ ਵਿਦੇਸ਼ੀ ਯਾਤਰੀਆਂ ਦੀ ਆਮਦ 90 ਲੱਖ ਸੀ ਜੋ ਵਧ ਕੇ 2025 ਵਿਚ 2 ਕਰੋੜ ਹੋ ਗਈ ਹੈ।
ਆਰਥਿਕ ਸਰਵੇਖਣ ਅਨੁਸਾਰ ਸੈਰ ਸਪਾਟਾ ਕੁੱਲ ਘਰੇਲੂ ਉਤਪਾਦ ਵਿਚ ਲਗਭਗ 5 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ ਅਤੇ 7 ਕਰੋੜ, 60 ਲੱਖ ਨੌਕਰੀਆਂ ਵੀ ਪੈਦਾ ਕਰਦਾ ਹੈ। 2025 ਵਿਚ ਭਾਰਤ ਵਿਚ ਸੈਲਾਨੀਆਂ ਦੀ ਆਮਦ ਵਧੀ ਹੈ। ਭਾਰਤ ਵਿਚ ਅਮਰੀਕਾ, ਬੰਗਲਾਦੇਸ਼, ਬਰਤਾਨੀਆ ਤੇ ਆਸਟ੍ਰੇਲੀਆ ਤੋਂ ਯਾਤਰੀ ਆਉਂਦੇ ਹਨ। ਗੋਆ, ਰਾਜਸਥਾਨ ਅਤੇ ਅੰਡੇਮਾਨ ਟਾਪੂ ਵਰਗੇ ਸਥਾਨ ਯਾਤਰੀਆਂ ਲਈ ਹਰਮਨ ਪਿਆਰੇ ਰਹੇ ਹਨ। 2025 ਵਿਚ ਭਾਰਤ ਦਾ ਸੈਰ-ਸਪਾਟਾ ਉਦਯੋਗ 22 ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਜੋ ਭਾਰਤ ਦੀ ਅਰਥਵਿਵਸਥਾ ਵਿਚ ਮਹੱਤਵਪੂਰਨ ਯੋਗਦਾਨ ਹੈ।
ਭਾਰਤ ਵਿਚ 50 ਤੋਂ ਵੱਧ ਅਜਿਹੇ ਖ਼ੂਬਸੂਰਤ ਅਤੇ ਇਤਿਹਾਸ ਨਾਲ ਭਰਪੂਰ ਸੈਰ ਸਪਾਟਾ ਸਥਾਨ ਹਨ, ਜਿੱਥੇ ਜਾਣਾ ਆਪਣੇ-ਆਪ ਵਿਚ ਮਾਣ ਵਾਲੀ ਗੱਲ ਹੈ। ਇਨ੍ਹਾਂ ਮੁੱਖ ਸੈਰ ਸਪਾਟਾ ਸਥਾਨਾਂ ਵਿਚ ਤਾਜ ਮਹੱਲ (ਆਗਰਾ), ਜੈਪੁਰ ਦੇ ਕਿਲ੍ਹੇ ਅਤੇ ਦਿੱਲੀ ਦਾ ਲਾਲ ਕਿਲ੍ਹਾ ਵਰਗੇ ਇਤਿਹਾਸਕ ਸਥਾਨ, ਵਾਰਾਨਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਰਗੇ ਅਧਿਆਤਮਿਕ ਸਥਾਨ, ਕੇਰਲਾ ਦੇ ਬੈਕਵਾਟਰਜ਼, ਗੋਆ ਦੇ ਸਮੁੰਦਰੀ ਤੱਟ ਅਤੇ ਹਿਮਾਲਿਆ ਦੇ ਲੱਦਾਖ, ਮਨਾਲੀ, ਦਾਰਜਲਿੰਗ ਵਰਗੇ ਕੁਦਰਤੀ ਦ੍ਰਿਸ਼ ਅਤੇ ਕੋਚੀ, ਮੈਸੂਰ ਤੇ ਉਦੈਪੁਰ ਵਰਗੇ ਸੱਭਿਆਚਾਰਕ ਤੌਰ 'ਤੇ ਅਮੀਰ ਸ਼ਹਿਰ ਸ਼ਾਮਿਲ ਹਨ, ਜੋ ਇਤਿਹਾਸ, ਕੁਦਰਤ, ਅਧਿਆਤਮਿਕਤਾ ਅਤੇ ਜੀਵੰਤ ਸੱਭਿਆਚਾਰ ਦਾ ਮਿਸ਼ਰਨ ਪੇਸ਼ ਕਰਦੇ ਹਨ। ਜੰਮੂ-ਕਸ਼ਮੀਰ ਨੂੰ 'ਧਰਤੀ ਦਾ ਸਵਰਗ' ਮੰਨਿਆ ਜਾਂਦਾ ਹੈ, ਇੱਥੇ ਬਹੁਤ ਸਾਰੇ ਸੈਰ-ਸਪਾਟਾ ਸਥਾਨ ਹਨ। ਇਹ ਰਾਜ ਆਪਣੀ ਰਵਾਇਤੀ ਦਸਤਕਾਰੀ, ਸੇਬਾਂ ਅਤੇ ਸੁੱਕੇ ਮੇਵਿਆਂ ਲਈ ਪ੍ਰਸਿੱਧ ਹੈ। ਲੱਦਾਖ ਸ਼ਾਨਦਾਰ ਪਹਾੜੀ ਦ੍ਰਿਸ਼ਾਂ ਅਤੇ ਵੱਡੀ ਗਿਣਤੀ ਵਿਚ ਮੱਠਾਂ ਤੇ ਮੰਦਰਾਂ ਲਈ ਪ੍ਰਸਿੱਧ ਹੈ। 'ਪਹਾੜਾਂ ਦੀ ਰਾਣੀ' ਕਿਹਾ ਜਾਣ ਵਾਲਾ ਸ਼ਿਮਲਾ ਭਾਰਤ ਦੇ ਸਭ ਤੋਂ ਪ੍ਰਸਿੱਧ ਯਾਤਰਾ ਸਥਾਨਾਂ ਵਿਚੋਂ ਇਕ ਹੈ। ਇਹ ਸਾਰੇ ਸੈਰ-ਸਪਾਟਾ ਸਥਾਨ ਭਾਰਤ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ। ਭਾਰਤ ਦੇ ਹਰ ਕੋਨੇ ਵਿਚ ਸੈਲਾਨੀਆਂ ਲਈ ਦੇਖਣਯੋਗ ਕੁਝ ਨਾ ਕੁਝ ਖ਼ਾਸ ਹੈ। ਦੁਨੀਆ ਭਰ ਵਿਚ ਵਿਸ਼ਵ ਸੈਰ ਸਪਾਟਾ ਦਿਵਸ 27 ਸਤੰਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਪ੍ਰਸਤਾਵ ਨਾਈਜੀਰੀਅਨ ਨਾਗਰਿਕ ਇਰਾਨਾਟੀਅਮ ਅਮਾਦੁਵਾ ਅਤੀਗਰਬੀ ਦੁਆਰਾ ਪੇਸ਼ ਕੀਤਾ ਗਿਆ ਸੀ। ਫਰਾਂਸ ਲਗਾਤਾਰ 30 ਸਾਲਾਂ ਤੋਂ ਦੁਨੀਆ ਦਾ ਨੰਬਰ ਇਕ ਸੈਰ-ਸਪਾਟਾ ਸਥਾਨ ਰਿਹਾ ਹੈ। 2024 ਵਿਚ 102 ਮਿਲੀਅਨ ਤੋਂ ਵੱਧ ਸੈਲਾਨੀਆਂ ਨੇ ਫਰਾਂਸ ਦਾ ਦੌਰਾ ਕੀਤਾ। ਭਾਰਤ ਵਿਚ ਵੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਅੱਜ ਭਾਰਤ ਵਿਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ ਅਤੇ ਸੁਰੱਖਿਅਤ ਡਿਜੀਟਲ ਮਾਰਕੀਟਿੰਗ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਦੂਰ-ਦੁਰਾਡੇ ਸੈਰ-ਸਪਾਟਾ ਸਥਾਨਾਂ ਤੱਕ ਪਹੁੰਚਣ ਲਈ ਆਵਾਜਾਈ, ਸੜਕਾਂ ਅਤੇ ਹਵਾਈ ਅੱਡਿਆਂ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਸੈਰ-ਸਪਾਟਾ ਸਥਾਨਾਂ 'ਤੇ ਬਿਹਤਰ ਸਹੂਲਤਾਂ ਜਿਵੇਂ ਸਫ਼ਾਈ, ਪਖਾਨੇ ਅਤੇ ਸੈਲਾਨੀ ਕੇਂਦਰ ਆਦਿ ਸਹੂਲਤਾਂ ਉਪਲਬਧ ਕਰਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਦੇ ਰੱਖ-ਰਖਾਅ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਸੈਰ ਸਪਾਟਾ ਪੁਲਿਸ ਦੀ ਤਾਇਨਾਤੀ, ਸਖ਼ਤ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨਾ, ਸੈਲਾਨੀਆਂ ਲਈ 24 ਘੰਟੇ ਹੈਲਪਲਾਈਨ ਅਤੇ ਬਹੁਭਾਸ਼ਾਈ ਮਦਦ ਪ੍ਰਦਾਨ ਕਰਨਾ, ਸੋਸ਼ਲ ਮੀਡੀਆ ਅਤੇ ਯਾਤਰਾ ਵੈੱਬਸਾਈਟਾਂ ਰਾਹੀਂ ਆਨਲਾਈਨ ਮੌਜੂਦਗੀ ਵਧਾਉਣ ਲਈ ਯਤਨ ਹੋਣੇ ਚਾਹੀਦੇ ਹਨ। ਸਾਲ 2026 ਦੇ ਰਾਸ਼ਟਰੀ ਸੈਰ-ਸਪਾਟਾ ਪ੍ਰੋਗਰਾਮ ਵਿਚ ਡਿਜੀਟਲ ਤਕਨਾਲੋਜੀ, ਮੈਡੀਕਲ ਟੂਰਿਜ਼ਮ ਅਤੇ ਟਿਕਾਊ ਯਾਤਰਾ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਵਿਚ ਸੈਰ-ਸਪਾਟੇ ਦਾ ਭਵਿੱਖ ਬਹੁਤ ਚੰਗਾ ਹੈ। ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਵਧਦੀ ਗਿਣਤੀ ਨਾਲ ਜੀ.ਡੀ.ਪੀ., ਰੁਜ਼ਗਾਰ ਅਤੇ ਵਿਦੇਸ਼ੀ ਮੁਦਰਾ ਵਿਚ ਮਹੱਤਵਪੂਰਨ ਵਾਧਾ ਹੋਣ ਦੀ ਉਮੀਦ ਹੈ। ਜੇਕਰ ਅਸੀਂ ਆਪਣੇ ਸੈਰ-ਸਪਾਟਾ ਦੇ ਸਥਾਨਾਂ ਦੀ ਸਾਂਭ-ਸੰਭਾਲ ਅਤੇ ਸਫ਼ਾਈ ਵੱਲ ਹੋਰ ਧਿਆਨ ਦੇਈਏ ਤਾਂ ਭਾਰਤ ਦੁਨੀਆ ਦਾ ਨੰਬਰ ਇਕ ਸੈਰ-ਸਪਾਟਾ ਦੇਸ਼ ਬਣ ਸਕਦਾ ਹੈ।
-ਸਾਬਕਾ ਸੰਪਾਦਕ, ਨੈਸ਼ਨਲ ਬੁੱਕ ਟਰੱਸਟ,
ਇੰਡੀਆ, ਨਵੀਂ ਦਿੱਲੀ।
ਮੋਬਾਈਲ : 92132-25752