ਇਸ ਮਹੀਨੇ ਦੀ 'ਏਕਮ' ਤੇ 'ਪ੍ਰੀਤ ਲੜੀ' 'ਚ ਸਆਦਤ ਹਸਨ ਮੰਟੋ ਤੇ ਇਸਮਤ ਚੁਗਤਾਈ ਦੀ ਚਰਚਾ ਪੜ੍ਹ ਕੇ ਉਰਦੂ ਅਫ਼ਸਾਨਾ ਨਿਗਾਰੀ ਦਾ ਉਹ ਯੁੱਗ ਚੇਤੇ ਆ ਗਿਆ, ਜਿਸ ਵਿਚ ਅੱਬਾਸ, ਕ੍ਰਿਸ਼ਨ ਚੰਦਰ ਤੇ ਰਾਜਿੰਦਰ ਸਿੰਘ ਬੇਦੀ ਦਾ ਵੀ ਬੋਲਬਾਲਾ ਸੀ। ਪਿਛਲੀ ਸ਼ਤਾਬਦੀ ਦੇ 30ਵਿਆਂ ਦਾ ਇਹ ਦੌਰ ਅਗਾਂਹਵਧੂ ਸਾਹਿਤਕਾਰੀ ਨੂੰ ਪ੍ਰਣਾਇਆ ਹੋਇਆ ਸੀ। ਗੱਲ ਕਹਿਣ ਦਾ ਅੰਦਾਜ਼ ਤੇ ਪੇਸ਼ਕਾਰੀ ਹਰ ਇਕ ਦੀ ਆਪੋ-ਆਪਣੀ ਸੀ। ਇਨ੍ਹਾਂ 'ਚੋਂ ਸਭ ਤੋਂ ਛੋਟੀ ਉਮਰ (11 ਮਈ 1912 ਤੋਂ 18 ਜਨਵਰੀ 1955) ਭੋਗਣ ਵਾਲੇ ਮੰਟੋ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤਹਿਸੀਲ 'ਚ ਪੈਂਦੇ ਪਿੰਡ ਪਪੜੌਦੀ ਦਾ ਸੀ। ਛੋਟੀ ਉਮਰੇ ਵੱਡੀ ਛਾਲ ਮਾਰਨ ਵਾਲਾ ਮੰਟੋ ਹੈਦਰਾਬਾਦ ਤੇ ਮੁੰਬਈ ਤੱਕ ਜਾਣਿਆ ਜਾਂਦਾ ਸੀ। ਇਸਮਤ ਚੁਗਤਾਈ ਵੀ ਮੰਟੋ ਜਿੰਨੀ ਹੀ ਮਕਬੂਲ ਹੋਈ, ਉਸੇ ਵਾਂਗ ਤਲਖ਼, ਤੁਰਸ਼ ਤੇ ਸ਼ੀਰੀਂ ਪੇਸ਼ਕਾਰੀ ਲਈ ਜਾਣੀ ਜਾਂਦੀ ਸੀ।
ਮੈਂ ਇਨ੍ਹਾਂ ਪੰਜਾਂ 'ਚੋਂ ਕੇਵਲ ਰਾਜਿੰਦਰ ਸਿੰਘ ਬੇਦੀ ਨੂੰ ਮਿਲਿਆ ਸਾਂ। ਉਹ ਮੇਰੇ ਨਾਲੋਂ ਵੀਹ ਸਾਲ ਵੱਡਾ ਹੋਣ ਦੇ ਬਾਵਜੂਦ ਹਾਣੀਆਂ ਵਾਂਗ ਮਿਲਦਾ ਤੇ ਚਿੱਠੀ ਪੱਤਰ ਕਰਦਾ ਸੀ। ਇਹ ਸਤਰਾਂ ਲਿਖਣ ਸਮੇਂ ਮੈਨੂੰ ਉਸ ਦੀ ਉਹ ਚਿੱਠੀ ਮਿਲੀ, ਜਿਹੜੀ ਉਸ ਨੇ 30 ਅਪ੍ਰੈਲ 1961 ਨੂੰ ਲਾਜਵੰਤੀ ਕਹਾਣੀ ਦੇ ਅੰਗਰੇਜ਼ੀ ਅਨੁਵਾਦ ਦੀ ਪ੍ਰਵਾਨਗੀ ਦਿੰਦਿਆਂ ਮੈਨੂੰ ਲਿਖੀ ਸੀ। ਬੇਦੀ ਵੀ ਉਸ ਯੁੱਗ ਦਾ ਅਨੋਖਾ ਥੰਮ੍ਹ ਸੀ। ਸਆਦਤ ਹਸਨ ਮੰਟੋ ਤੇ ਇਸਮਤ ਚੁਗਤਾਈ ਵਾਂਗ ਚੁਸਤ, ਚਤਰ ਤੇ ਨਿਸ਼ੰਗ।
ਮੈਂ ਹਥਲੇ ਲੇਖ ਵਿਚ ਆਪਣੇ ਵਲੋਂ ਹੋਰ ਕੁਝ ਲਿਖੇ ਬਿਨਾਂ ਹੋਰਨਾਂ ਦਾ ਲਿਖਿਆ ਹੀ ਦੇ ਰਿਹਾ ਹਾਂ। ਮੰਟੋ ਦੇ ਦਿਹਾਂਤ ਸਮੇਂ ਲਿਖੀ ਕ੍ਰਿਸ਼ਨ ਚੰਦਰ ਦੀ ਸ਼ਰਧਾਂਜਲੀ ਅਤੇ ਇਸਮਤ ਚੁਗਤਾਈ ਤੇ ਮੰਟੋ ਦੀ ਆਪਸੀ ਨੋਕ-ਝੋਕ। ਮੰਟੋ ਵਲੋਂ ਲਿਖੀ ਨੋਕ-ਝੋਕ ਦਾ ਸਿਰਲੇਖ ਹੈ 'ਇਸਮਤ ਚੁਗਤਾਈ ਤੇ ਮੈਂ'। ਏਥੇ ਦਿੱਤਾ ਪੰਜਾਬੀ ਅਨੁਵਾਦ ਸੁਰਿੰਦਰ ਰਾਮਪੁਰੀ ਦਾ ਹੈ। ਇਹ ਪਿੰਡ ਵੀ ਮੰਟੋ ਦੀ ਪਪੜੌਦੀ ਤੋਂ ਕੇਵਲ ਦਸ ਕਿਲੋਮੀਟਰ ਹੈ। ਪੇਸ਼ ਹਨ ਮੰਟੋ ਵਾਲੇ ਲੇਖ ਦੇ ਕੁਝ ਭਾਗ:-
ਉਨ੍ਹੀਂ ਦਿਨੀ ਜਦੋਂ ਮੈਂ ਬੰਬਈ 'ਚ ਸੀ, ਹੈਦਰਾਬਾਦ ਦੇ ਇਕ ਸਾਹਿਤਕਾਰ ਦਾ ਪੱਤਰ ਮਿਲਿਆ। ਉਸ ਨੇ ਲਿਖਿਆ ਸੀ, 'ਇਹ ਕੀ ਗੱਲ ਬਣੀ ਕਿ ਇਸਮਤ ਚੁਗਤਾਈ ਨੇ ਤੁਹਾਡੇ ਨਾਲ ਸ਼ਾਦੀ ਨਹੀਂ ਕੀਤੀ। ਮੰਟੋ ਤੇ ਇਸਮਤ ਜੇ ਇਹ ਦੋ ਹਸਤੀਆਂ ਮਿਲ ਜਾਂਦੀਆਂ ਤਾਂ ਕਿੰਨਾ ਚੰਗਾ ਹੁੰਦਾ। ਅਫ਼ਸੋਸ ਹੈ ਕਿ ਇਸਮਤ ਨੇ ਸਾਹਿਤ ਨਾਲ ਸ਼ਾਦੀ ਕਰ ਲਈ ਅਤੇ ਮੰਟੋ...।
ਉਨ੍ਹੀਂ ਦਿਨੀ ਹੀ ਹੈਦਰਾਬਾਦ ਵਿਚ ਪ੍ਰਗਤੀਸ਼ੀਲ ਲੇਖਕਾਂ ਦਾ ਸੰਮੇਲਨ ਹੋਇਆ। ਮੈਂ ਤਾਂ ਉਸ ਸੰਮੇਲਨ 'ਚ ਗਿਆ ਨਹੀਂ ਸੀ ਪਰ ਕੁੜੀਆਂ ਦੀ ਇਕ ਟੋਲੀ ਨੇ ਇਸਮਤ ਨੂੰ ਘੇਰ ਕੇ ਪੁੱਛਿਆ, 'ਤੁਸੀਂ ਮੰਟੋ ਨਾਲ ਸ਼ਾਦੀ ਕਿਉਂ ਨਹੀਂ ਕੀਤੀ?' ਇੰਨਾ ਜ਼ਰੂਰ ਹੈ ਕਿ ਜੇ ਮੰਟੋ ਅਤੇ ਇਸਮਤ ਦੀ ਸ਼ਾਦੀ ਹੋ ਜਾਂਦੀ ਤਾਂ ਉਰਦੂ ਕਹਾਣੀ ਸਾਹਿਤ ਦੇ ਇਤਿਹਾਸ 'ਤੇ ਇਸ ਦਾ ਐਟਮੀ ਪ੍ਰਭਾਵ ਪੈਂਦਾ।
ਐਡਲਫੀ ਚੈਂਬਰ, ਕਲੇਮਰੇ ਰੋਡ, ਬੰਬਈ ਦੇ 16 ਨੰਬਰ ਫਲੈਟ ਵਿਚ ਜਿੱਥੇ ਮੈਂ ਰਹਿੰਦਾ ਸੀ, ਸ਼ਾਹਿਦ ਲਤੀਫ ਉਥੇ ਆਪਣੀ ਪਤਨੀ ਨਾਲ ਦਾਖ਼ਲ ਹੋਇਆ। ਇਹ ਅਗਸਤ 1942 ਦੀ ਗੱਲ ਹੈ। ਇਕ ਮਹੀਨਾ ਪਹਿਲਾਂ 'ਅਦਬੋ-ਲਤੀਫ' ਰਸਾਲੇ ਵਿਚ ਇਸਮਤ ਦੀ ਕਹਾਣੀ 'ਲਿਹਾਫ਼' ਛਪੀ ਸੀ। ਮੈਨੂੰ ਯਾਦ ਹੈ ਕਿ ਕਹਾਣੀ ਪੜ੍ਹ ਕੇ ਮੈਂ ਕ੍ਰਿਸ਼ਨ ਚੰਦਰ ਨੂੰ ਕਿਹਾ ਸੀ, 'ਕਹਾਣੀ ਬਹੁਤ ਵਧੀਆ ਹੈ ਪਰ ਆਖ਼ਰੀ ਵਾਕ ਕਲਾਹੀਣ ਹੈ। ਅਹਿਮਦ ਨਦੀਮ ਦੀ ਥਾਂ ਜੇ ਮੈਂ ਸੰਪਾਦਕ ਹੁੰਦਾ ਤਾਂ ਕੱਟ ਦੇਣਾ ਸੀ।'
ਇਸੇ ਲਈ ਜਦੋਂ ਕਹਾਣੀਆਂ ਬਾਰੇ ਗੱਲਾਂ ਹੋਣ ਲੱਗੀਆਂ ਤਾਂ ਮੈਂ ਇਸਮਤ ਨੂੰ ਕਿਹਾ, ''ਤੁਹਾਡੀ ਕਹਾਣੀ 'ਲਿਹਾਫ' ਮੈਨੂੰ ਬਹੁਤ ਪਸੰਦ ਆਈ। ਕਹਾਣੀ ਬਿਆਨ ਕਰਦਿਆਂ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਤੁਹਾਡਾ ਵਿਸ਼ੇਸ਼ ਗੁਣ ਹੈ। ਪਰ ਮੈਨੂੰ ਹੈਰਾਨੀ ਹੈ ਕਿ ਇਸ ਕਹਾਣੀ ਦੇ ਅੰਤ ਵਿਚ ਤੁਸੀਂ ਫ਼ਜ਼ੂਲ ਜਿਹਾ ਫ਼ਿਕਰਾ ਕਿਉਂ ਲਿਖ ਦਿੱਤਾ?''
ਇਸਮਤ ਬੋਲੀ, 'ਕੀ ਦੋਸ਼ ਹੈ ਉਸ ਵਾਕ ਵਿਚ।'
ਮੈਂ ਜਵਾਬ ਵਿਚ ਕੁਝ ਕਹਿਣ ਹੀ ਲੱਗਿਆ ਸੀ ਕਿ ਮੈਨੂੰ ਇਸਮਤ ਦੇ ਚਿਹਰੇ 'ਤੇ ਸਿਮਟੀ ਉਹੀ ਲੱਜਾ ਨਜ਼ਰ ਆਈ, ਜੋ ਆਮ ਸਾਧਾਰਨ ਘਰੇਲੂ ਕੁੜੀਆਂ ਦੇ ਚਿਹਰੇ 'ਤੇ ਕਿਸੇ ਵਰਜਿਤ ਚੀਜ਼ ਦਾ ਨਾਂਅ ਸੁਣ ਕੇ ਆ ਜਾਂਦੀ ਹੈ। ਜਦੋਂ ਇਸਮਤ ਚਲੀ ਗਈ, ਤਾਂ ਮੇਰੇ ਦਿਲ ਨੇ ਕਿਹਾ, 'ਇਹ ਕਮਬਖ਼ਤ ਤਾਂ ਬਿਲਕੁਲ ਹੀ ਔਰਤ ਨਿਕਲੀ।'
ਫਿਰ ਇਕ ਦਿਨ ਮੇਰੀ ਪਤਨੀ ਨੇ 'ਲਿਹਾਫ਼' ਬਾਰੇ ਇਸਮਤ ਨੂੰ ਕਿਹਾ, 'ਤੂੰ ਇਹ ਕੀ ਬਕਵਾਸ ਕਹਾਣੀ ਲਿਖੀ ਹੈ। ਇਸਮਤ ਝੱਟ ਬੋਲੀ, 'ਬਕੋ ਨਾ, ਬਰਫ਼ ਲਿਆਓ ਕਿੱਥੇ ਹੈ?' ਇਸਮਤ ਨੂੰ ਬਰਫ਼ ਖਾਣ ਦਾ ਬਹੁਤ ਸ਼ੌਕ ਹੈ। ਬੱਚਿਆਂ ਵਾਂਗ ਡਲੀ ਹੱਥ 'ਚ ਫੜ ਦੰਦੀਆਂ ਵੱਢਦੀ ਰਹਿੰਦੀ ਸੀ। ਆਪਸੀ ਟਕਰਾਅ ਦੇ ਭੈਅ ਵਿਚ ਅਸੀਂ ਬਹੁਤ ਘੱਟ ਗੱਲਾਂ ਕਰਦੇ ਸੀ। ਮੇਰੀ ਕਹਾਣੀ ਛਪਦੀ ਤਾਂ ਪੜ੍ਹ ਕੇ ਦਾਦ ਦੇ ਦਿੰਦੀ। 'ਨੀਲਮ' ਦੇ ਛਪਣ 'ਤੇ ਉਸ ਨੇ ਵਿਸ਼ੇਸ਼ ਤੌਰ 'ਤੇ ਮੇਰੀ ਪ੍ਰਸੰਸਾ ਕੀਤੀ ਸੀ।
ਕ੍ਰਿਸ਼ਨ ਚੰਦਰ ਨੇ ਮੰਟੋ ਦੇ ਦਿਹਾਂਤ 'ਤੇ ਲੇਖ ਦੇ ਰੂਪ ਵਿਚ ਲਿਖੀ ਸ਼ਰਧਾਂਜਲੀ ਇੰਜ ਪੇਸ਼ ਕੀਤੀ ਸੀ-
ਇਕ ਅਨੋਖੀ ਘਟਨਾ ਵਾਪਰੀ ਹੈ, ਮੰਟੋ ਮਰ ਗਿਆ ਹੈ। ਉਂਝ ਤਾਂ ਉਹ ਇਕ ਅਰਸੇ ਦਾ ਮਰ ਰਿਹਾ ਸੀ। ਕਦੇ ਸੁਣਿਆ ਉਹ ਪਾਗਲਪਣ ਵਿਚ ਹੈ, ਕਦੇ ਸੁਣਿਆ ਉਹ ਵਧੇਰੇ ਸ਼ਰਾਬ ਪੀਣ ਕਾਰਨ ਹਸਪਤਾਲ 'ਚ ਪਿਆ ਹੈ, ਕਦੇ ਸੁਣਿਆ ਉਸ ਦੇ ਯਾਰ-ਮਿੱਤਰ ਵੀ ਸਾਥ ਛੱਡ ਗਏ ਹਨ, ਕਦੇ ਸੁਣਿਆ ਉਹ ਤੇ ਉਸ ਦੇ ਬੀਵੀ-ਬੱਚੇ ਭੁੱਖਾਂ ਕੱਟ ਰਹੇ ਹਨ। ਪਰ ਵਿਸ਼ਵਾਸ ਨਹੀਂ ਆਇਆ, ਕਿਉਂਕਿ ਉਦੋਂ ਵੀ ਉਸ ਦੀਆਂ ਕਹਾਣੀਆਂ ਲਗਾਤਾਰ ਛਪ ਰਹੀਆਂ ਸਨ, ਚੰਗੀਆ ਵੀ ਤੇ ਮਾੜੀਆਂ ਵੀ। ਇਨ੍ਹਾਂ ਨੂੰ ਪੜ੍ਹ ਕੇ ਮੰਟੋ ਦਾ ਮੂੰਹ ਵਲੂੰਧਰ ਦੇਣ ਨੂੰ ਦਿਲ ਕਰਦਾ ਅਤੇ ਕਈ ਕਹਾਣੀਆਂ ਪੜ੍ਹ ਕੇ ਉਸ ਦਾ ਮੂੰਹ ਚੁੰਮ ਲੈਣ ਨੂੰ ਜੀਅ ਕਰਦਾ। ਇਹ ਕਹਾਣੀਆਂ ਮੰਟੋ ਦੇ ਠੀਕ-ਠਾਕ ਹੋਣ ਦਾ ਸਬੂਤ ਸਨ।
ਪਰ ਜਦੋਂ ਰੇਡੀਓ ਪਾਕਿਸਤਾਨ ਨੇ ਇਹ ਖ਼ਬਰ ਸੁਣਾਈ ਕਿ ਮੰਟੋ ਧੜਕਨ ਬੰਦ ਹੋ ਜਾਣ ਕਰਕੇ ਚੱਲ ਵਸਿਆ ਤਾਂ ਦਿਲ ਤੇ ਦਿਮਾਗ ਨੇ ਇਹ ਮੰਨਿਆ ਹੀ ਨਹੀਂ ਕਿ ਇੰਝ ਵੀ ਹੋ ਸਕਦਾ ਹੈ। ਪਰ ਅਗਲੇ ਛਿਣ ਵਿਸ਼ਵਾਸ ਕਰਨਾ ਪਿਆ, ਕਿਉਂਕਿ ਰੇਡੀਓ 'ਤੇ ਪੱਤਰਕਾਰਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ। ਅੱਜ ਤੋਂ ਬਾਅਦ ਉਹ ਨਵੀਆਂ ਕਹਾਣੀਆਂ ਨਹੀਂ ਲਿਖੇਗਾ। ਅੱਜ ਤੋਂ ਪਿੱਛੋਂ ਉਸ ਦੀ ਰਾਜ਼ੀ-ਖ਼ੁਸ਼ੀ ਦਾ ਕੋਈ ਖ਼ਤ ਨਹੀਂ ਆਵੇਗਾ।
'ਨਿੱਕ-ਸੁੱਕ' ਹੱਦਾਂ ਟੱਪ ਰਿਹਾ ਹੈ ਪਰ ਮੈਂ ਕ੍ਰਿਸ਼ਨ ਚੰਦਰ ਵਲੋਂ ਲਿਖੀ ਹੇਠਲੀ ਗੱਲ ਲਿਖੇ ਬਿਨਾਂ ਨਹੀਂ ਰਹਿ ਸਕਦਾ:-
ਅੱਜ ਸਰਦੀ ਬੜੀ ਹੈ ਅਤੇ ਅਸਮਾਨ 'ਚ ਹਲਕੇ-ਹਲਕੇ ਬੱਦਲ ਹਨ, ਪਰ ਮੀਂਹ ਦੀ ਇਕ ਬੂੰਦ ਵੀ ਨਹੀਂ। ਮੇਰੀ ਅੱਖ ਵਿਚ ਵੀ ਹੰਝੂ ਦਾ ਕਤਰਾ ਤੱਕ ਨਹੀਂ। ਮੰਟੋ ਨੂੰ ਰੋਣ-ਰੁਆਉਣ ਤੋਂ ਬੜੀ ਨਫ਼ਰਤ ਸੀ। ਬੜਾ ਅਦਭੁੱਤ ਸੰਯੋਗ ਹੈ ਕਿ ਜਿਸ ਦਿਨ ਮੰਟੋ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ, ਉਸ ਦਿਨ ਮੈਂ ਦਿੱਲੀ ਵਿਚ ਸਾਂ। ਉਸੇ ਘਰ ਵਿਚ ਜਿਸ 'ਚ ਉਹ ਇਕ ਗਰੀਬ ਸਤਾਈ ਹੋਈ ਭਾਸ਼ਾ ਦਾ, ਗਰੀਬ ਤੇ ਸਤਾਇਆ ਹੋਇਆ ਲੇਖਕ ਸੀ। ਉਹ ਮੋਚੀਆ, ਵੇਸਵਾਵਾਂ ਅਤੇ ਤਾਂਗੇ ਵਾਲਿਆਂ ਦਾ ਪਿਆਰਾ ਲੇਖਕ ਸੀ। ਅਜਿਹੇ ਲੇਖਕ ਲਈ ਕੌਣ ਰੋਏਗਾ? ਅਜੇ ਉਸ ਦੇ ਕੁਝ ਕਹਿਣ ਅਤੇ ਸੁਣਨ ਦੇ ਦਿਨ ਰਹਿੰਦੇ ਸਨ। ਅਜੇ ਜ਼ਿੰਦਗੀ ਦੇ ਕੌੜੇ ਤਜਰਬਿਆਂ ਨੇ, ਸਮਾਜ ਦੀ ਕਠੋਰਤਾ ਨੇ, ਮੁਸੀਬਤ ਭਰੀ ਜ਼ਿੰਦਗੀ ਦੇ ਛਿਣਾਂ ਵਿਚ, ਇਸ ਦੇ ਟੁੱਟੇ-ਤਿੜਕੇ ਵਿਅਕਤੀਤਵ ਦੇ ਕ੍ਰੋਧ ਤੇ ਵਿਰੋਧ ਦੇ ਜ਼ਖ਼ਮਾਂ ਨੇ ਉਸ ਤੋਂ 'ਟੋਭਾ ਟੇਕ ਸਿੰਘ' ਵਰਗੀਆਂ ਕਈ ਹੋਰ ਕਹਾਣੀਆਂ ਲਿਖਵਾਉਣੀਆਂ ਸਨ। ਦੁੱਖ ਮੰਟੋ ਦੀ ਮੌਤ ਦਾ ਨਹੀਂ, ਮੌਤ ਤਾਂ ਹਰੇਕ ਨੂੰ ਆਉਣੀ ਹੈ, ਦੁੱਖ ਤਾਂ ਇਸ ਗੱਲ ਦਾ ਹੈ ਕਿ ਉਸ ਨੇ ਸਾਹਿਤ ਨੂੰ ਜਿਹੜੇ ਹੀਰੇ, ਪੰਨੇ ਤੇ ਜਵਾਹਰਾਤ ਦੇਣੇ ਸਨ, ਉਹ ਨਹੀਂ ਮਿਲ ਸਕੇ, ਜੋ ਸਿਰਫ਼ ਉਹੀ ਦੇ ਸਕਦਾ ਸੀ। ਉਸ ਦੀ ਜਗ੍ਹਾ ਕੋਈ ਪੂਰੀ ਨਹੀਂ ਕਰ ਸਕੇਗਾ। ਇਹ ਗੱਲ ਮੈਂ ਵੀ ਜਾਣਦਾ ਹਾਂ, ਰਾਜਿੰਦਰ ਸਿੰਘ ਬੇਦੀ ਵੀ, ਇਸਮਤ ਚੁਗਤਾਈ ਵੀ, ਖਵਾਜ਼ਾ ਅਹਿਮਦ ਅੱਬਾਸ ਵੀ ਅਤੇ ਉਪਿੰਦਰ ਨਾਥ ਅਸ਼ਕ ਵੀ। ਅਸੀਂ ਸਾਰੇ ਉਸ ਨੂੰ ਚਾਹੁਣ ਵਾਲੇ, ਉਸ ਨਾਲ ਝਗੜਣ ਵਾਲੇ, ਉਸ ਨੂੰ ਪਿਆਰ ਕਰਨ ਵਾਲੇ, ਉਸ ਨਾਲ ਨਫ਼ਰਤ ਕਰਨ ਵਾਲੇ, ਉਸ ਦੇ ਸਾਥੀ ਤੇ ਹਮਸਫ਼ਰ ਸੀ। ਅੱਜ ਸਾਡੇ 'ਚੋਂ ਹਰੇਕ ਦੀ ਜ਼ਿੰਦਗੀ ਦਾ ਇਕ ਹਿੱਸਾ ਮਰ ਗਿਆ ਹੈ, ਉਸ ਦੀ ਪੂਰਤੀ ਨਹੀਂ ਹੋ ਸਕਣੀ। ਅੱਜ ਸਾਡੇ 'ਚੋਂ ਹਰੇਕ ਜਣਾ ਮੰਟੋ ਦੇ ਨਜ਼ਦੀਕ ਹੈ ਅਤੇ ਇਕ-ਦੂਜੇ ਨਾਲੋਂ ਵੱਧ।
ਈ-ਮੇਲ : sandhugulzar@yahoo.com