ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਨਸਪਤਿ ਮਉਲੀ ਚੜਿਆ ਬਸੰਤੁ॥

Ad Position 21
No active advertisement
ਅਜੀਤ ਡੈਸਕ 25-01-2026

 ਬਸੰਤ ਪੰਚਮੀ ਦੇ ਦਿਹਾੜੇ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਬਸੰਤ ਖੁਸ਼ੀਆਂ ਖੇੜਿਆਂ ਦੀ, ਰੁੱਤਾਂ ਦੀ ਰਾਣੀ ਰੁੱਤ ਹੈ। ਸ਼੍ਰੋਮਣੀ ਰੁੱਤ ਬਸੰਤ ਬਾਲਾਂ ਤੇ ਬੁੱਢੇ ਠੇਰਿਆਂ ਨੂੰ ਠੰਢ ਤੋਂ ਨਿਜਾਤ ਦਿਵਾਉਣ ਵਾਲੀ ਰੁੱਤ ਹੈ। ਇਸੇ ਕਰਕੇ ਤਾਂ ਸਦੀਆਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ 'ਆਈ ਬਸੰਤ ਪਾਲਾ ਉਡੰਤ'। ਪ੍ਰੰਤੂ ਪਿਛਲੇ ਕੁਝ ਦਹਾਕਿਆਂ ਤੋਂ ਸਾਡੇ ਦੁਆਰਾ ਵਾਤਾਵਰਨ ਨਾਲ ਕੀਤੀ ਜਾ ਰਹੀ ਛੇੜਛਾੜ, ਖਿਲਵਾੜ ਕਾਰਨ ਵਾਤਾਵਰਨ ਵਿਚ ਵਿਗਾੜ ਆਇਆ ਹੈ ਵਾਤਾਵਰਨਕ ਤਬਦੀਲੀਆਂ ਕਾਰਨ ਹੁਣ ਰੁੱਤਾਂ ਤੇ ਮੌਸਮ ਵਿਚ ਵੀ ਨਿਸਚਿਤਤਾ ਨਹੀਂ ਰਹੀ। ਕਈ ਵਾਰ ਬਸੰਤ ਤੋਂ ਬਾਅਦ ਵੀ ਪਾਲੇ ਕੋਹਰੇ ਦਾ ਜ਼ੋਰ ਰਹਿੰਦਾ ਹੈ ਅਤੇ ਹੁਣ ਨਵੀਂ ਕਹਾਵਤ 'ਆਈ ਬਸੰਤ ਪਾਲਾ ਪੜੰਤ' ਵੀ ਸਹੀ ਜਾਪਦੀ ਹੈ। ਲੋਹੜੀ-ਮਾਘੀ ਤੋਂ ਪਿੱਛੋਂ ਆਉਣ ਵਾਲੀ ਸ਼ੁਕਲ ਪੱਖ ਦੀ ਪੰਚਮੀ ਬਸੰਤ ਪੰਚਮੀ ਵਜੋਂ ਜਾਣੀ ਜਾਂਦੀ ਹੈ। ਇਸ ਸਮੇਂ ਚਾਰੇ ਪਾਸੇ ਹੀ ਕਾਦਰ ਦੀ ਕੁਦਰਤ ਮੌਲਦੀ ਹੈ। ਥਾਂ-ਥਾਂ ਵੰਨ- ਸੁਵੰਨੇ ਫੁੱਲ ਖਿੜਨੇ ਇਸ ਰੁੱਤ ਵਿਚ ਸ਼ੁਰੂ ਹੁੰਦੇ ਹਨ। ਕਿਧਰੇ ਖੇਤਾਂ ਵਿਚ ਸਰ੍ਹੋਂ ਦੇ ਖਿੜੇ ਪੀਲੇ ਫੁੱਲ ਅਤੇ ਕਿਧਰੇ ਅਲਸੀ ਦੇ ਖਿੜੇ ਨੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਠੰਢ ਦੇ ਝੰਬੇ ਹੋਏ ਰੁੱਖ ਇਸੇ ਸਮੇਂ ਪੁੰਗਰਦੇ ਹਨ। ਰੁੱਖਾਂ ਦੀ ਹਰਿਆਲੀ ਮਨ ਨੂੰ ਸਕੂਨ ਦਿੰਦੀ ਹੈ।
ਬਸੰਤ ਰੁੱਤ ਦੌਰਾਨ ਨਾ ਬਹੁਤੀ ਸਰਦੀ ਅਤੇ ਨਾ ਬਹੁਤੀ ਗਰਮੀ ਹੁੰਦੀ ਹੈ। ਸਾਰੇ ਪਾਸੇ ਕਾਇਨਾਤ ਵਿਚ ਬਹਾਰ ਆ ਜਾਂਦੀ ਹੈ। ਕੁਦਰਤ ਪੂਰਾ ਸ਼ਿੰਗਾਰ ਲਾ ਕੇ ਜੋਬਨ ਮੱਤੀ ਜਾਪਦੀ ਹੈ। ਜਿੱਥੇ ਇਹ ਇਕ ਮੌਸਮੀ ਤਿਉਹਾਰ ਹੈ ਉੱਥੇ ਇਸ ਨਾਲ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਵੀ ਜਿਹੜੀਆਂ ਹੋਈਆਂ ਹਨ।
ਪੌਰਾਣਿਕ ਕਥਾ ਅਨੁਸਾਰ ਇਸ ਦਿਨ ਨੂੰ ਗਿਆਨ ਪੰਚਮੀ, ਸਰਸਵਤੀ ਪੰਚਮੀ ਵੀ ਕਿਹਾ ਜਾਂਦਾ ਹੈ ਅਤੇ ਸਨਾਤਨ ਹਿੰਦੂ ਧਰਮ ਵਿਚ ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਲੋਕਾਂ ਵੱਲੋਂ ਪੀਲੇ ਵਸਤਰ ਪਹਿਨ ਕੇ ਪੀਲੇ ਫੁੱਲਾਂ ਅਤੇ ਪੀਲੇ ਖਾਧ ਪਦਾਰਥਾਂ ਨਾਲ ਸ਼ਰਧਾ ਨਾਲ ਕੀਤੀ ਜਾਂਦੀ ਹੈ।
ਭਗਤ ਕਬੀਰ ਜੀ ਬਸੰਤ ਰਾਗ ਵਿਚ ਆਪਣੀ ਬਾਣੀ ਰਾਹੀਂ ਬਸੰਤ ਰੁੱਤ ਦਾ ਵਰਨਣ ਕਰਦੇ ਹੋਏ ਫ਼ੁਰਮਾਉਂਦੇ ਹਨ:-
ਮਉਲੀ ਧਰਤੀ ਮਉਲਿਆ ਆਕਾਸੁ।
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ।
ਰਾਜਾ ਰਾਮੁ ਮਉਲਿਆ ਅਨਤ ਭਾਇ।
ਜਹਿ ਦੇਖਉ ਤਹ ਰਹਿਆ ਸਮਾਇ॥ ਰਹਾਉ॥
ਦੁਤੀਆ ਮਉਲੇ ਚਾਰਿ ਬੇਦ॥
ਸਿੰਮ੍ਰਤਿ ਮਉਲੀ ਸਿਉ ਕਤੇਬ॥
ਸੰਕਰੁ ਮਉਲਿਓ ਜੋਗ ਧਿਆਨ॥
ਕਬੀਰ ਕੋ ਸੁਆਮੀ ਸਭ ਸਮਾਨ॥
ਸ੍ਰੀ ਗੁਰੂ ਅਮਰਦਾਸ ਜੀ ਨੇ ਬਸੰਤ ਰਾਗ ਵਿਚ ਬਸੰਤ ਰੁੱਤ ਦਾ ਵਰਣਨ ਕਰਦੇ ਹੋਏ ਫਰਮਾਇਆ ਹੈ ਕਿ ਸਾਨੂੰ ਸੱਚੇ ਸੁੱਖ ਦੀ ਪ੍ਰਾਪਤੀ ਤਾਂ ਹੀ ਸੰਭਵ ਹੈ ਜੇ ਸੱਚੇ ਮਨੋੋਂ ਸਤਿਗੁਰ ਦੀ ਅਰਾਧਨਾ ਕਰੀਏ।
ਬਨਸਪਤਿ ਮਉਲੀ ਚੜਿਆ ਬਸੰਤੁ॥
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ॥1॥
ਤੁਮ੍ਹ ਸਾਚੁ ਧਿਆਵਹੁ ਮੁਗਧ ਮਨਾ।
ਤਾਂ ਸੁਖੁ ਪਾਵਹੁ ਮੇਰੇ ਮਨਾ॥੧॥
ਗੁਰਮਤਿ ਵਿਚ ਬਸੰਤ ਰੁੱਤ ਦੇ ਅਨੰਦ ਨੂੰ ਅਧਿਆਤਮਕ ਅਨੰਦ ਨਾਲ ਜੋੜਿਆ ਗਿਆ ਹੈ। ਗੁਰਬਾਣੀ ਵਿਚ ਬਸੰਤ ਰੁੱਤ ਦੀ ਪ੍ਰਕਿਰਤਕ ਖੂਬਸੂਰਤੀ ਦਾ ਸੁੰਦਰ ਵਰਣਨ ਹੈ:-
ਮਾਹਾ ਰੁਤੀ ਮਹਿ ਸਦ ਬਸੰਤੁ॥
ਜਿਤੁ ਹਰਿਆ ਸਭੁ ਜੀਅ ਜੰਤੁ॥
ਪੁਰਾਤਨ ਕਾਲ ਤੋਂ ਭਾਰਤ ਨੂੰ ਛੇ ਰੁੱਤਾਂ ਵਾਲਾ ਦੇਸ਼ ਮੰਨਿਆ ਗਿਆ ਹੈ। ਇਕ ਪੌਰਾਣਿਕ ਕਥਾ ਅਨੁਸਾਰ ਕਿਹਾ ਜਾਂਦਾ ਹੈ ਕਿ ਬਾਕੀ ਦੀਆਂ ਪੰਜ ਰੁੱਤਾਂ ਨੇ ਬਸੰਤ ਰੁੱਤ ਨੂੰ ਆਪਣਾ ਰਾਜਾ ਮੰਨਿਆ ਅਤੇ ਇਸਦਾ ਅਭਿਨੰਦਨ ਕੀਤਾ। ਉਹਨਾਂ ਪੰਜ ਰੁੱਤਾਂ ਨੇ ਆਪਣੇ ਹਿੱਸੇ ਦੇ ਦੋ ਦੋ ਮਹੀਨਿਆਂ ਵਿਚੋਂ ਅੱਠ-ਅੱਠ ਦਿਨ ਬਸੰਤ ਰੁੱਤ ਨੂੰ ਦੇ ਦਿੱਤੇ, ਜਿਸ ਕਰਕੇ ਬਸੰਤ ਰੁੱਤ ਸਭ ਤੋਂ ਵੱਡੀ ਬਣ ਗਈ।
ਬਸੰਤ ਰੁੱਤ ਦਾ ਆਗਮਨ ਭਾਵੇਂ ਦੇਸੀ ਮਹੀਨੇ ਮਾਘ (ਜਨਵਰੀ- ਫਰਵਰੀ) ਦੌਰਾਨ ਸ਼ੁਰੂ ਹੁੰਦਾ ਹੈ, ਪਰ ਇਹ ਰੁੱਤ ਦੇਸੀ ਮਹੀਨਿਆਂ ਫੱਗਣ-ਚੇਤਰ ਦੌਰਾਨ ਆਪਣੇ ਜੋਬਨ ਦੇ ਸਿਖਰ 'ਤੇ ਪਹੁੰਚਦੀ ਹੈ। ਇਹਨਾਂ ਮਹੀਨਿਆਂ ਦੌਰਾਨ ਕਿਸਾਨਾਂ ਦੀਆਂ ਹਾੜ੍ਹੀ ਦੀਆਂ ਫਸਲਾਂ ਜਵਾਨ ਹੋ ਰਹੀਆਂ ਹੁੰਦੀਆਂ ਹਨ। ਅੰਬਾਂ ਦੇ ਬੂਟਿਆਂ ਨੂੰ ਬੂਰ ਪੈ ਰਿਹਾ ਹੁੰਦਾ ਹੈ। ਸਰ੍ਹੋਂ ਦੇ ਪੀਲੇ ਪੀਲੇ ਫੁੱਲਾਂ ਨਾਲ ਭਰੇ ਹੋਏ ਖੇਤ ਇਸ ਤਰ੍ਹਾਂ ਜਾਪਦੇ ਹਨ ਕਿ ਕੁਦਰਤ ਸੋਨੇ ਰੂਪੀ ਗਹਿਣੇ ਪਾ ਕੇ ਧਰਤੀ ਨੂੰ ਭਾਗ ਲਾ ਰਹੀ ਹੈ। ਇਸ ਰੁੱਤ ਵਿਚ ਕੁਦਰਤ ਸੱਜ ਵਿਆਹੀ ਦੁਲਹਨ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ। ਭਾਂਤ-ਭਾਂਤ ਦੇ ਖਿੜੇ ਹੋਏ ਫੁੱਲ ਹਵਾ ਨੂੰ ਸੁਗੰਧਿਤ ਕਰਦੇ ਹਨ। ਬਾਗਾਂ ਵਿਚ ਭੌਰੇ (ਭੰਵਰੇ) ਗੂੰਜਦੇ ਹਨ। ਬੁਲਬੁਲਾਂ ਅਤੇ ਕੋਇਲਾਂ ਮਿੱਠੇ-ਮਿੱਠੇ ਰਾਗ ਅਲਾਪਦੀਆਂ ਹਨ। ਇਸ ਰੁੱਤ ਦੇ ਖੇੜੇ ਦਾ ਵਰਨਣ ਪੰਜਾਬੀ ਕਵੀ ਲਾਲਾ ਕਿਰਪਾ ਸਾਗਰ ਨੇ ਬਹੁਤ ਹੀ ਬਾਖੂਬੀ ਕੀਤਾ ਹੈ।
ਜਿੰਨੇ ਫੁੱਲ ਜਹਾਨ ਦੇ, ਥਾਂ ਥਾਂ ਖਿੜੇ ਨਿਸ਼ੰਗ।
ਬਿਰਛਾਂ ਦੇ ਸੰਗ ਲੱਦੀਆਂ, ਵੇਲਾਂ ਰੰਗ ਬਰੰਗ।
ਲਪਟਾਂ ਦਿੰਦਾ 'ਵਾ ਨੂੰ, ਕਿਤੇ ਚੰਬੇਲੀ ਫੁੱਲ।
ਨਰਗਸ ਮਾਰੇ ਅੱਖੀਆਂ, ਬਾਹਰ ਤ੍ਰੇੜੋਂ ਝੁੱਲ।
ਵੱਡਾ ਝਾੜ ਗੁਲਾਬ ਦਾ, ਭਰਿਆ ਫੁੱਲਾਂ ਨਾਲ।
ਪੋਸਤ ਨੇ ਮੂੰਹ ਅੱਡਿਆ, ਜਾਪੇ ਰੰਗ ਗੁਲਾਲ ।
ਨੀਲੇ, ਪੀਲੇ, ਕਿਰਮਚੀ, ਦਿਸਣ ਫੁੱਲ ਹਜ਼ਾਰ।
ਕੱਜੀ ਜਿਮੀਂ ਬਨਫ਼ਸਿਆਂ, ਸਾਵੇ ਫੂਹੜ ਖਿਲਾਰ।
ਖਿੜੇ ਫੁੱਲ ਹਰੇਕ ਨੂੰ ਚੰਗੇ ਲਗਦੇ ਹਨ। ਇਹ ਸਾਨੂੰ ਤਾਜ਼ਗੀ ਪ੍ਰਦਾਨ ਕਰਦੇ ਹਨ। ਇਹ ਮਨੁੱਖ ਨੂੰ ਪ੍ਰੇਰਨਾ ਕਰਦੇ ਹਨ ਕਿ ਤੁਸੀਂ ਵੀ ਸਾਡੇ ਵਾਂਗ ਖਿੜੇ ਰਹੋ। ਹਰ ਭਾਸ਼ਾ ਵਿਚ ਸ਼੍ਰੋਮਣੀ ਰੁੱਤ ਬਸੰਤ ਸਬੰਧੀ ਅਣਗਿਣਤ ਕਵਿਤਾਵਾਂ ਮਿਲਦੀਆਂ ਹਨ। ਪੰਜਾਬੀ ਦੇ ਪ੍ਰਸਿੱਧ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਬਸੰਤ ਰੁੱਤ ਦਾ ਦ੍ਰਿਸ਼ ਇਉ ਪੇਸ਼ ਕੀਤਾ ਹੈ:-
ਕੱਕਰਾਂ ਨੇ ਲੁੱਟ ਪੁੱਟ, ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ ।
ਡਾਲੀਆਂ ਕਚਾਰ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਬੋਟ ਵਾਂਗ ਖੰਭੀਆਂ ਉਛਾਲੀਆਂ।
ਬਾਗਾਂ ਵਿਚ ਬੂਟਿਆਂ 'ਤੇ ਡੋਡੀਆਂ ਉਭਾਰੀਆਂ ਨੇ,
ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ ।
ਖੇਡ ਖੇਡ ਹੱਸਦੀਆਂ, ਵਸਦਾ ਜਹਾਨ ਵੇਖ,
ਗੁੱਟੇ ਉੱਤੇ ਕੇਸਰ, ਗੁਲਾਬ ਉੱਤੇ ਲਾਲੀਆਂ।
ਬਸੰਤ ਪੰਚਮੀ ਦਾ ਸੰਬੰਧ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਨਾਲ ਵੀ ਜੁੜਦਾ ਹੈ। ਇਹ ਦਿਹਾੜਾ ਪ੍ਰਭੂ ਅਤੇ ਭਗਤ ਪ੍ਰੇਮ, ਬੀਰਤਾ, ਸੂਰਮਗਤੀ, ਕੁਰਬਾਨੀ, ਧਰਮ ਰੱਖਿਆ ਅਤੇ ਭਾਰਤੀ ਸੰਸਕ੍ਰਿਤੀ ਦੀ ਯਾਦ ਦਿਵਾਉਂਦਾ ਹੈ।
ਬਹਾਦਰ ਵੀਰ ਹਕੀਕਤ ਰਾਏ ਦੀ ਸ਼ਹਾਦਤ ਦਾ ਸਬੰਧ ਇਸੇ ਦਿਨ ਨਾਲ ਹੈ। ਸਿਆਲਕੋਟ ਦੇ ਮਦਰੱਸੇ ਜਿੱਥੇ ਹਕੀਕਤ ਰਾਏ ਪੜ੍ਹਾਈ ਕਰ ਰਿਹਾ ਸੀ, ਉਸ ਵਿਚ ਮੁਸਲਮਾਨ ਵਿਦਿਆਰਥੀਆਂ ਦਾ ਬਹੁਤ ਬੋਲਬਾਲਾ ਸੀ। ਇਕ ਦਿਨ ਮਦਰੱਸੇ ਦੇ ਮੁਸਲਮਾਨ ਵਿਦਿਆਰਥੀਆਂ ਨੇ ਹਿੰਦੂ ਧਰਮ ਦੀ ਪੂਜਨੀਕ ਦੇਵੀ ਮਾਂ ਦੁਰਗਾ ਬਾਰੇ ਅਪਸ਼ਬਦ ਕਹੇ। ਵੀਰ ਹਕੀਕਤ ਰਾਏ ਧਰਮ ਦਾ ਅਪਮਾਨ ਸਹਿਣ ਨਾ ਕਰ ਸਕਿਆ। ਉਸਨੇ ਮੁਸਲਮਾਨ ਵਿਦਿਆਰਥੀਆਂ ਨੂੰ ਸਮਝਾਇਆ ਕਿ ਹਿੰਦੂ ਧਰਮ ਵਿਚ ਮਾਂ ਦੁਰਗਾ ਉਸੇ ਤਰ੍ਹਾਂ ਸਤਿਕਾਰ ਯੋਗ ਹੈ ਜਿਵੇਂ ਮੁਸਲਿਮ ਧਰਮ ਵਿਚ ਹਜਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫਾਤਿਮਾ ਹੈ। ਮੁਸਲਮਾਨ ਵਿਦਿਆਰਥੀਆਂ ਨੇ ਹਕੀਕਤ ਰਾਏ ਦੀ ਸ਼ਿਕਾਇਤ ਮੌਲਵੀ ਅਤੇ ਕਾਜ਼ੀ ਪਾਸ ਕਰ ਦਿੱਤੀ ਕਿ ਇਸਨੇ ਬੀਬੀ ਫ਼ਾਤਿਮਾ ਦਾ ਨਿਰਾਦਰ ਕੀਤਾ ਹੈ। ਕਾਜੀ ਨੇ ਹਕੀਕਤ ਰਾਏ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਆਪਣੇ ਲਾਹੌਰ ਦਰਬਾਰ ਵਿਚ ਬਸੰਤ ਪੰਚਮੀ ਵਾਲੇ ਦਿਨ ਵਿਸ਼ੇਸ਼ ਦਰਬਾਰ ਸਜਾਉਂਦੇ ਸਨ, ਜਿਸ ਵਿਚ ਸਾਰੇ ਦਰਬਾਰੀ ਪੀਲੇ ਕੱਪੜੇ ਪਹਿਨ ਕੇ ਹਾਜ਼ਰ ਹੁੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਬਹਾਦਰ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀ ਵਾਲੇ ਨੇ ਮਹਾਰਾਜੇ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ। ਅੰਗਰੇਜ਼-ਸਿੱਖਾਂ ਦੀ ਦੂਸਰੀ ਲੜਾਈ ਦੌਰਾਨ ਖਾਲਸਾ ਰਾਜ ਦੀ ਰਾਖੀ ਲਈ 10 ਫਰਵਰੀ, 1846 ਨੂੰ ਬਸੰਤ ਪੰਚਮੀ ਵਾਲੇ ਦਿਨ ਬਹਾਦਰ ਜਰਨੈਲ ਸ਼ਾਮ ਸਿੰਘ ਅਟਾਰੀ ਨੇ ਸਭਰਾਵਾਂ ਦੇ ਮੈਦਾਨ ਵਿਚ ਸ਼ਹੀਦੀ ਪ੍ਰਾਪਤ ਕੀਤੀ। ਨਾਮਧਾਰੀ ਸੰਪਰਦਾਇ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਵੀ ਭੈਣੀ ਅਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ 3 ਫ਼ਰਵਰੀ, 1816 ਈਸਵੀ ਨੂੰ ਬਸੰਤ ਪੰਚਮੀ ਵਾਲੇ ਦਿਨ ਸਰਦਾਰ ਜੱਸਾ ਸਿੰਘ ਦੇ ਘਰ ਹੋਇਆ। ਬਾਬਾ ਰਾਮ ਸਿੰਘ ਜੀ ਨਿਡਰ ਦੇਸ਼ ਭਗਤ ਸਨ। ਉਹਨਾਂ ਦੀ ਦੇਖਰੇਖ ਹੇਠ ਨਾਮਧਾਰੀ ਸੰਪਰਦਾਇ ਦਾ ਬਹੁਤ ਵਿਕਾਸ ਹੋਇਆ। ਉਨ੍ਹਾਂ ਨੇ ਮਹਾਤਮਾ ਗਾਂਧੀ ਜੀ ਤੋਂ ਬਹੁਤ ਚਿਰ ਪਹਿਲਾਂ ਅੰਗਰੇਜ਼ੀ ਸਰਕਾਰ ਵਿਰੁੱਧ ਨਾ-ਮਿਲਵਰਤਣ ਦਾ ਮੁੱਢ ਬੰਨ੍ਹਿਆ ਸੀ। 1873 ਵਿਚ ਬਸੰਤ ਪੰਚਮੀ ਵਾਲੇ ਦਿਨ ਹੀ ਬਾਬਾ ਜੀ ਨੂੰ ਜਲਾਵਤਨ ਕਰਕੇ ਬਰਮਾ ਵਿਖੇ ਭੇਜਿਆ ਗਿਆ।
ਮਹਾਤਮਾ ਮਦਨ ਮੋਹਨ ਮਾਲਵੀਆ ਉਹ ਮਹਾਨ ਦੇਸ਼ ਭਗਤ ਸਨ। ਜਿਹਨਾਂ ਨੇ ਰਾਜਨੀਤੀ ਦੇ ਖੇਤਰ ਵਿਚ ਕਾਫੀ ਨਾਮਣਾ ਖੱਟਿਆ। ਪਰ ਉਨ੍ਹਾਂ ਮੋਹਨ ਮਾਲਵੀਆ ਜੀ ਦੇ ਜੀਵਨ ਦਾ ਸਭ ਤੋਂ ਅਹਿਮ ਕੰਮ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਸੀ। ਉਹਨਾਂ 4 ਫ਼ਰਵਰੀ, 1916 ਨੂੰ ਬਸੰਤ ਪੰਚਮੀ ਵਾਲੇ ਦਿਨ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂਹ ਰਖਵਾਈ। ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਦੇਸ਼ ਦੀ ਪਹਿਲੀ ਭਾਰਤੀ ਸੰਸਕ੍ਰਿਤੀ ਵਾਲੀ ਯੂਨੀਵਰਸਟੀ ਹੋਣ ਦਾ ਮਾਣ ਜਾਂਦਾ ਹੈ। ਚਿਸ਼ਤੀ ਵੰਸ਼ ਦੇ ਸੂਫੀ ਫਕੀਰ ਹਜ਼ਰਤ ਨਿਜ਼ਾਮੁਦੀਨ ਔਲੀਆ ਦੇ ਮਕਬਰੇ ਉੱਪਰ ਦਿੱਲੀ ਵਿਖੇ ਬਸੰਤ ਪੰਚਮੀ ਦਾ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਪੀਲੇ ਕੱਪੜੇ ਪਹਿਨ ਕੇ ਅਤੇ ਹੱਥਾਂ ਵਿਚ ਪੀਲੇ ਫੁੱਲਾਂ ਦੇ ਗੁਲਦਸਤੇ ਲੈ ਕੇ ਮਕਬਰੇ 'ਤੇ ਸਜਦਾ ਕਰਨ ਲਈ ਪਹੁੰਚਦੇ ਹਨ।
ਇਸ ਤਰ੍ਹਾਂ ਬਸੰਤ ਪੰਚਮੀ ਦੇ ਦਿਨ ਨਾਲ ਬਹੁਤ ਸਾਰੀਆਂ ਅਹਿਮ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ। ਇਸ ਦਿਨ ਲੋਕ ਘਰਾਂ ਵਿਚ ਪੀਲੇ ਚੌਲ, ਅਤੇ ਕੇਸਰੀ ਖੀਰਾਂ ਬਣਾ ਕੇ ਬੜੇ ਚਾਅ ਨਾਲ ਖਾਂਦੇ ਹਨ। ਪਟਿਆਲੇ ਅਤੇ ਛੇਹਰਟਾ ਸਾਹਿਬ ਦੀ ਬਸੰਤ ਪੰਚਮੀ ਬਹੁਤ ਪ੍ਰਸਿੱਧ ਹੈ। ਇਸ ਤੋਂ ਇਲਾਵਾ ਇਸ ਦਿਨ ਥਾਂ-ਥਾਂ ਮੇਲੇ ਭਰਦੇ ਹਨ। ਮੇਲਿਆਂ ਵਿਚ ਮੁਟਿਆਰਾਂ ਬਸੰਤੀ ਚੁੰਨੀਆਂ ਅਤੇ ਗੱਭਰੂ ਬਸੰਤੀ ਪੱਗਾਂ ਬੰਨ੍ਹ ਕੇ ਆਉਂਦੇ ਹਨ।
ਬਸੰਤ ਦੇ ਤਿਉਹਾਰ ਨਾਲ ਪਤੰਗਬਾਜ਼ੀ ਦਾ ਕੋਈ ਸਿੱਧਾ ਸਬੰਧ ਨਹੀਂ ਹੈ। ਪਤੰਗਬਾਜ਼ੀ ਦਾ ਰਿਵਾਜ ਹਜ਼ਾਰਾਂ ਸਾਲ ਪਹਿਲਾਂ ਚੀਨ ਵਿਚ ਸ਼ੁਰੂ ਹੋਇਆ ਸੀ ਅਤੇ ਉੱਥੋਂ ਕੋਰੀਆ ਅਤੇ ਜਪਾਨ ਵਿਚ ਪ੍ਰਚਲਤ ਹੋਣ ਪਿੱਛੋਂ ਭਾਰਤ ਵਿਚ ਵੀ ਪ੍ਰਚੱਲਿਤ ਹੋ ਗਿਆ। ਹੁਣ ਦੇਸ਼ ਦੇ ਹੋਰ ਹਿੱਸਿਆਂ ਵਾਂਗ ਪਤੰਗਬਾਜ਼ੀ ਦਾ ਰਿਵਾਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਆਮ ਹੈ। ਬਸੰਤ ਪੰਚਮੀ ਵਾਲੇ ਦਿਨ ਸਵੇਰ ਤੋਂ ਹੀ ਨੌਜਵਾਨ ਪਤੰਗਬਾਜ਼ੀ ਸ਼ੁਰੂ ਕਰ ਦਿੰਦੇ ਹਨ। ਸਾਰਾ ਆਸਮਾਨ ਰੰਗ ਬਿਰੰਗੇ ਪਤੰਗਾਂ ਨਾਲ ਭਰਿਆ ਹੋਇਆ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਇਸ ਦਾ ਸਹੀ ਲੁਤਫ਼ ਉਠਾਉਣ ਲਈ ਇਸ ਦਿਹਾੜੇ ਨਾਲ ਸਬੰਧਤ ਘਟਨਾਵਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਕਾਦਰ ਦੀ ਕੁਦਰਤ ਦੀ ਬਹਾਰ ਦਾ ਅਨੰਦ ਮਾਨਣਾ ਚਾਹੀਦਾ ਹੈ।

-ਮੋਬਾਈਲ : 97812-00168

Ad Position 22
No active advertisement
ਪਿਛਲੀ ਖ਼ਬਰ ਲੰਘੇ ਪਾਣੀ ਮੁੜ ਨਹੀਂ ਆਉਂਦੇ... ਅਗਲੀ ਖ਼ਬਰ ਕ੍ਰਿਸ਼ਨ ਚੰਦਰ, ਅੱਬਾਸ, ਮੰਟੋ, ਬੇਦੀ ਤੇ ਚੁਗਤਾਈ
Ad Position 24
No active advertisement