ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਲੰਘੇ ਪਾਣੀ ਮੁੜ ਨਹੀਂ ਆਉਂਦੇ...

Ad Position 21
No active advertisement
ਅਜੀਤ ਡੈਸਕ 25-01-2026

ਜਲ ਜ਼ਿੰਦਗੀ ਹੈ× ਆਬ-ਏ-ਹਯਾਤੀ। ਹੋਂਦ ਸਜੀਵਤਾ ਹੈ....ਅਣਹੋਂਦ ਨਿਰਜੀਵਤਾ। ਆਲੇ ਦੁਆਲਿਉਂ ਬੇਖ਼ਬਰ× ਵਗਦੀ ਜੀਵਨ-ਧਾਰਾ ਦਾ ਨਾਂਅ× ਰਾਹ ਦੇ ਰੋੜਿਆਂ ਨੂੰ ਸੰਗੀਤਮਈ ਬਣਾਉਣ ਦੀ ਚਾਹਤ× ਦਿਨ ਰਾਤ ਮੁਕਾਮ ਸਰ ਕਰਨ ਦਾ ਆਵੇਗ× ਪ੍ਰਕਿਰਤੀ ਦਾ ਨਾਯਾਬ ਨਜ਼ਰਾਨਾ। ਜੀਵਨ ਦਾ ਮੂਲ ਤੱਤ ਹੈ- ਨਿਰਮਲ ਨੀਰ!
ਸ੍ਰਿਸ਼ਟੀ ਸਰਬਉੱਚ ਹੈ। ਜਲ ਨੂੰ ਸਾਡੇ ਰਹਿਬਰਾਂ ਨੇ ਬੁਲੰਦ ਰੁਤਬਾ ਬਖਸ਼ਿਐ: 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' ਮਾਨਵ ਜਾਤੀ, ਪਸ਼ੂ ਪੰਛੀ, ਜੀਵ ਜੰਤੂ, ਜੜ੍ਹ ਜੀਵਨ ਤਾਂ ਹੀ ਮੌਲਦੇ ਹਨ ਜੇ ਅੰਮ੍ਰਿਤ-ਰੂਪੀ ਦਾਤ ਦੀ ਰਵਾਨੀ ਬਣੀ ਰਹੇ। ਬੂੰਦਾਂ ਦੀ ਆਮਦ ਦਾ ਅਹਿਸਾਸ ਸੁਖ਼ਦ ਹੁੰਦੈ। ਧਰਤੀ ਦੀ ਹਿੱਕ ਠਰਦੀ ਹੈ। ਚੁਫੇਰਾ ਮਹਿਕਦਾ ਹੈ। ਖੁਸ਼ਬੂਆਂ ਖਿੱਲਰਦੀਆਂ ਨੇ× ਕਾਲੀਆਂ ਘਟਾਵਾਂ ਛਾਉਂਦੀਆਂ ਨੇ, ਮੋਰ ਪੈਲਾਂ ਪਾਉਂਦੇ ਨੇ, ਕੋਇਲਾਂ ਗੀਤ ਗਾਉਂਦੀਆਂ ਨੇ× ਤੇ ਅੰਬਰੀਂ ਸਤਰੰਗੀ ਪੀਂਘ ਬਣਦੀ ਹੈ।
ਪਾਣੀਆਂ ਨੇ ਸੱਭਿਆਤਾਵਾਂ ਨੂੰ ਜਨਮ ਦਿੱਤੈ। ਇਤਿਹਾਸ ਗਵਾਹ ਹੈ ਕਿ ਪੁਰਾਤਨ ਮਨੁੱਖ ਨੇ ਦਰਿਆਵਾਂ ਕੰਢੇ ਰੈਣ-ਬਸੇਰੇ ਸਿਰਜਣ ਨੂੰ ਤਰਜੀਹ ਦਿੱਤੀ। ਮੋਹੰਜੋਦੜੋ ਅਤੇ ਹੜੱਪਾ ਦੀ-ਅੱਜ ਵੀ ਸਿੰਧ ਦੇ ਨਾਂਅ ਨਾਲ ਪਛਾਣ ਹੈ। ਚਾਰ ਉਦਾਸੀਆਂ ਦੇ ਸਫ਼ਰ ਤੋਂ ਬਾਅਦ ਬਾਬਾ ਨਾਨਕ ਨੇ ਕਿਰਤ ਦਾ ਹਲ ਚਲਾ ਕੇ ਸੱਚੀ ਸੁੱਚੀ ਕਮਾਈ ਕਰਨ ਲਈ ਰਾਵੀ ਦਾ ਕਿਨਾਰਾ ਚੁਣਿਆ- ਕਰਤਾਰਪੁਰ ਵਾਲਾ ਮੁਕੱਦਸ ਟਿਕਾਣਾ! ਮਹਾਨ ਵੇਦਾਂ ਗ੍ਰੰਥਾਂ ਦੀ ਰਚਨਾ ਦੇ ਗਵਾਹ ਪਾਣੀ ਬਣੇ। ਪੰਜਾਬ ਤਾਂ ਹੈ ਹੀ ਪਾਣੀਆਂ ਦਾ ਦੇਸ਼। ਪੰਜ-ਆਬ ਹੋਵੇ ਜਾਂ ਸਪਤ-ਸਿੰਧੂ: ਮਸਤਕ ਵਿਚ ਨੀਰ ਦੀ ਕਲਪਨਾ ਆ ਦਸਤਕ ਦਿੰਦੀ ਹੈ। ਖੇਤੀ ਪ੍ਰਧਾਨ ਖਿੱਤੇ ਨੂੰ ਕੁਦਰਤ ਨੇ ਆਪਣੇ ਹੱਥਾਂ ਨਾਲ ਸ਼ਿੰਗਾਰਿਆ ਹੈ। ਲਹਿਲਹਾਉਂਦੀਆਂ ਫ਼ਸਲਾਂ, ਪਰਵਰਦਿਗਾਰ ਨੂੰ ਜਿਵੇਂ ਅਹਿਸਾਨਮੰਦ ਹੋ ਕੇ ਕਹਿ ਰਹੀਆਂ ਹੋਣ: 'ਸਾਡੀ ਹੋਂਦ ਤੇਰੇ ਬਖ਼ਸ਼ੇ ਜਲ-ਰੂਪੀ ਸਰੋਤਾਂ ਕਰ ਕੇ ਹੀ ਹੈ।'
ਪਾਣੀ ਦਰਗਾਹੀ ਪੈਗ਼ੰਬਰਾਂ ਦਾ ਧਰਤੀ ਦੇ ਜੀਵਾਂ ਲਈ ਭੇਜਿਆ ਰੱਬੀ ਪੈਗ਼ਾਮ ਹੈ। ਅਨੰਤ ਗੁਣ ਸਮੋਈ ਬੈਠਾ ਹੈ ਆਪਣੇ ਅੰਦਰ। ਅਸੀਂ ਮਨੁੱਖੀ ਮਨ ਤਾ-ਉਮਰ ਆਪਣੇ ਅਸਤਿਤਵ ਨੂੰ ਚਮਕਾਉਣ ਦੇ ਆਹਰ ਵਿਚ ਰੁੱਝੇ ਰਹਿੰਦੇ ਹਾਂ, ਪਰ ਕੁਦਰਤ ਦੇ ਰੰਗਾਂ ਦੇ ਗੁਣਾਂ ਨੂੰ ਚਿਤਵਣ ਦੀ ਸਮਰੱਥਾ ਨਹੀਂ ਰੱਖਦੇ। ਪਾਣੀ ਦੀ ਨਿਮਰਤਾ, ਸਮਰਪਣ, ਪਰਉਪਕਾਰ ਅਤੇ ਸੀਤਲਤਾ ਦੇ ਜਜ਼ਬੇ ਦਾ ਕੋਈ ਸਾਨੀ ਨਹੀਂ। ਭਾਈ ਗੁਰਦਾਸ ਜੀ ਦੀ ਅਠਾਈਵੀਂ ਵਾਰ ਦੀ ਤੇਰ੍ਹਵੀਂ ਪਉੜੀ ਵਿਚ ਇਕ ਗੁਰਸਿੱਖ ਦੇ ਜੀਵਨ ਨੂੰ ਪਾਣੀ ਦੇ ਸਦਗੁਣਾਂ ਨਾਲ ਨਿਹਾਰਿਆ ਗਿਆ ਹੈ:
ਧਰਤੀ ਪੈਰਾਂ ਹੇਠਿ ਹੈ ਧਰਤੀ ਹੇਠਿ ਵਸੰਦਾ ਪਾਣੀ
ਪਾਣੀ ਚਲੈ ਨੀਵਾਣੁ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ
ਬਹੁ ਰੰਗੀ ਇਕ ਰੰਗੁ ਹੈ ਸਭਨਾਂ ਅੰਦਰਿ ਇਕੋ ਜਾਣੀ
ਤਤਾ ਹੋਵੈ ਧੁਪ ਵਿਚਿ ਛਾਵੈ ਠੰਢਾ ਵਿਰਤੀ ਹਾਣੀ
ਤਪਦਾ ਪਰਉਪਕਾਰ ਨੋ ਠੰਢੇ ਪਰਉਪਕਾਰ ਵਿਹਾਣੀ
ਅਗਨਿ ਬੁਝਾਏ ਤਪਤਿ ਵਿਚਿ ਠੰਢਾ ਹੋਵੈ ਬਿਲਮੁ ਨ ਆਣੀ...।×
ਕੀ ਸਾਡੇ ਕੋਲ ਇਨ੍ਹਾਂ ਵਿਚੋਂ ਕੋਈ ਇਕ ਅੱਧ ਗੁਣ ਹੈ? ਸੋਚ ਕੇ ਸਾਡੀਆਂ ਨਜ਼ਰਾਂ ਨੀਵੀਆਂ ਹੋ ਜਾਂਦੀਆਂ ਹਨ।
ਸਾਡੀ ਧਰਤੀ ਦੇ ਦੁਆਲੇ ਤਿੰਨ ਚੌਥਾਈ ਪਾਣੀ ਹੈ, ਗਹਿਰੇ ਤੇ ਡੂੰਘੇ ਸਮੁੰਦਰ। ਪਚੰਨਵੇਂ ਫ਼ੀਸਦ ਪਾਣੀ ਪੀਣ ਯੋਗ ਨਹੀਂ। ਅਸੀਂ ਪੰਜ ਫ਼ੀਸਦ ਪਾਣੀ-ਜੋ ਸਾਡੀ ਸਾਹ ਰਗ ਹੈ- ਨੂੰ ਵੀ ਸੰਭਾਲਣ ਦੇ ਕਾਬਲ ਨਹੀਂ। ਯਾਦ ਰੱਖੀਏ, ਪਾਣੀ ਅਮੁੱਕ ਨਹੀਂ। ਭੰਡਾਰ ਘਟਦੇ ਜਾ ਰਹੇ ਹਨ। ਪਹਾੜ ਖੁਰਨ ਅਤੇ ਗਲੇਸ਼ੀਅਰ ਪਿਘਲਣ ਲੱਗੇ ਹਨ। ਜਲਵਾਯੂ ਸੰਕਟ ਦੈਂਤ ਦਾ ਰੂਪ ਧਾਰੀ ਸਾਹਮਣੇ ਖੜ੍ਹੈ। ਸਾਰਾ ਸਾਲ ਠਰਿਆ ਰਹਿਣ ਵਾਲਾ ਖਿੱਤਾ ਉੱਬਲ ਰਿਹੈ। ਮਾਰੂਥਲ ਹੜ੍ਹਾਂ ਦੀ ਮਾਰ ਹੇਠ ਆ ਰਹੇ ਨੇ। ਮਨੁੱਖੀ ਬੰਨ੍ਹ ਭੁਰ ਰਹੇ ਨੇ। ਪਾਣੀ ਆਪਣੇ ਰਸਤੇ ਬਦਲ ਰਹੇ ਨੇ। ਮੀਂਹ ਕਣੀ ਦੀ ਕੋਈ ਰੁੱਤ ਹੀ ਨਹੀਂ ਰਹੀ। ਕੁਦਰਤ ਨਾਲ ਖਿਲਵਾੜ ਮਹਿੰਗਾ ਸੌਦਾ ਸਾਬਤ ਹੋ ਰਿਹੈ। ਭਵਿੱਖੀ ਤਸਵੀਰ ਧੁੰਦਲੀ ਹੀ ਨਹੀਂ, ਡਰਾਉਣੀ ਵੀ ਹੈ।
ਸਾਲ 1993 ਤੋਂ ਹਰ ਸਾਲ 22 ਮਾਰਚ ਨੂੰ 'ਵਿਸ਼ਵ ਜਲ ਦਿਵਸ' ਮਨਾਇਆ ਜਾਂਦਾ ਹੈ- ਪਾਣੀ ਦੀ ਸੰਭਾਲ ਬਾਰੇ ਮਨੁੱਖਤਾ ਨੂੰ ਜਾਗਰੂਕ ਕਰਨ ਦੇ ਉਪਰਾਲੇ ਹਿੱਤ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੱਸਦੀ ਹੈ ਕਿ ਚਾਰ ਅਰਬ ਲੋਕਾਂ ਕੋਲ ਪਾਣੀ ਦੀ ਕਮੀ ਹੈ ਅਤੇ 160 ਕਰੋੜ ਲੋਕ ਸਾਫ਼ ਪਾਣੀ ਪੀਣ ਤੋਂ ਵਾਂਝੇ ਹਨ। ਦੇਸ਼ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੰਨਣਾ ਹੈ ਕਿ ਗੰਗਾ ਸਮੇਤ 62 ਫ਼ੀਸਦ ਨਦੀਆਂ ਦਾ ਪਾਣੀ ਨ੍ਹਾਉਣ ਦੇ ਵੀ ਲਾਇਕ ਨਹੀਂ। ਜੀਵਨ ਦਾਤੀਆਂ ਖੁਦ ਖ਼ਤਰੇ ਵਿਚ ਹਨ। ਖੂਹਾਂ ਅਤੇ ਨਲਕਿਆਂ ਨੂੰ ਅਸੀਂ ਆਪਣੀਆਂ ਅੱਖਾਂ ਸਾਹਮਣੇ ਮਰਦੇ ਤੱਕਿਐ। ਕਿੱਧਰ ਜਾ ਰਹੀ ਹੈ ਸਾਡੀ ਇੱਕੀਵੀਂ ਸਦੀ? ਤਰੱਕੀ ਦਾ 'ਮਾਨਵੀ ਚਿਹਰਾ' ਕਿਤੇ ਦਿਖਾਈ ਨਹੀਂ ਦਿੰਦਾ। ਚਿੰਤਕ ਫ਼ਿਕਰਮੰਦ ਨੇ-ਕਿਤੇ ਅਜਿਹਾ ਨਾ ਹੋਵੇ ਕਿ ਅਗਲੀ ਸੰਸਾਰ ਜੰਗ ਦਾ ਆਧਾਰ ਪਾਣੀ ਬਣੇ!
ਉੱਘੇ ਈਰਾਨੀ-ਅਮਰੀਕੀ ਵਿਦਵਾਨ ਅਤੇ ਫਿਲਾਸਫ਼ੀ ਦੇ ਪ੍ਰੋਫ਼ੈਸਰ ਸੱਯਦ ਹੁਸੈਨ ਨਾਸਰ ਦੀ ਕਿਤਾਬ 'ਰਿਲੀਜਨ ਐਂਡ ਦਿ ਆਰਡਰ ਆਫ਼ ਨੇਚਰ' ਨੇ ਮਨੁੱਖੀ ਸੁਭਾਅ ਦੇ ਖੁਰਦਰੇਪਣ ਦੀ ਗੱਲ ਕੀਤੀ ਹੈ : 'ਮਨੁੱਖੀ ਸਮਾਜ ਤਕਰੀਬਨ ਸਰਵ-ਵਿਆਪੀ ਤੌਰ 'ਤੇ ਮੰਨੇ ਜਾਂਦੇ ਕੁਦਰਤ ਦੀ ਪਵਿੱਤਰਤਾ ਦੇ ਵਿਚਾਰ ਤੋਂ ਲਾਂਭੇ ਹੋ ਕੇ ਅਜਿਹੀ ਸਥਿਤੀ ਵਿਚ ਚਲਾ ਗਿਆ ਹੈ, ਜਿਹੜੀ ਇਨਸਾਨ ਨੂੰ ਕੁਦਰਤ ਤੋਂ ਵੱਖ ਕਰਦੀ ਹੈ ਅਤੇ ਇਹ ਹੁਣ ਕੁਦਰਤ ਨੂੰ ਵੀ ਜੀਵਨ-ਪਾਲਕ ਨਹੀਂ, ਸਗੋਂ ਬੇਜਾਨ ਸ਼ੈਅ ਸਮਝਦੀ ਹੈ× । ਕਿੰਨਾ ਸਟੀਕ ਤੇ ਕੌੜਾ ਵਿਖਿਆਨ ਹੈ ਇਸ ਸਮੀਖਿਆ ਵਿਚ? ਮਨੁੱਖ ਨੇ ਪਾਣੀ ਦੇ ਕੁਦਰਤੀ ਵਹਾਅ ਦੇ ਸੋਮੇ ਰੋਕ ਦਿੱਤੇ ਹਨ। ਕੰਕਰੀਟ ਜੰਗਲ ਉੱਗ ਰਿਹਾ ਹੈ। ਕਾਰਪੋਰੇਟੀ ਲਾਲਸਾ ਆਖ਼ਰੀ ਬੂੰਦ ਤੱਕ ਮੁਨਾਫ਼ੇਖੋਰੀ ਦੀ ਹੋੜ ਵਿਚ ਹੈ। ਟੀਹਰੀ ਡੈਮ ਨੇ ਜੋਸ਼ੀ ਮੱਠ ਨੂੰ ਧਰਾਸ਼ਾਈ ਕਰ ਕੇ ਸ਼ੀਸ਼ਾ ਦਿਖਾਇਐ। ਚਿਪਕੋ ਅੰਦੋਲਨ ਕਿਤੇ ਪਿੱਛੇ ਛੁੱਟ ਗਿਐ। ਖੇਤੀ ਲਈ ਵਰਤੀਆਂ ਜਾਂਦੀਆਂ ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ਨੇ ਧਰਤੀ ਹੇਠਲੇ ਪਾਣੀ ਵਿਚ ਜ਼ਹਿਰ ਘੋਲ ਦਿੱਤੀ ਹੈ। ਜ਼ਿੰਦਗੀ ਚੌਰਾਹੇ 'ਤੇ ਹੈ।
ਪੰਜਾਂ ਪਾਣੀਆਂ ਦੀ ਧਰਤੀ ਦੀ ਪੁਕਾਰ ਦਿਲ-ਚੀਰਵੀਂ ਹੈ। ਸੰਤਾਲੀ ਆਇਆ, ਪਾਣੀ ਵੰਡੇ ਗਏ। ਧਰਤੀ ਢਾਈ ਦਰਿਆਵਾਂ ਦੀ ਰਹਿ ਗਈ। ਹਰੀ ਕ੍ਰਾਂਤੀ ਨੇ ਮੁਲਕ ਦਾ ਪੇਟ ਜ਼ਰੂਰ ਭਰਿਆ, ਪਰ ਪੰਜਾਬੀਆਂ ਦੇ ਚਿਹਰੇ ਤੇ ਪਿਲੱਤਣ ਦੇ ਦਾਗ਼ ਛੱਡ ਗਈ ਅਤੇ 'ਕੈਂਸਰ ਟਰੇਨਾਂ' ਨੂੰ ਜਨਮ ਦੇ ਦਿੱਤਾ। ਪੰਜਾਬ ਦੇ 138 ਵਿਚੋਂ 109 ਬਲਾਕਾਂ ਦਾ ਪਾਣੀ ਜੜ੍ਹੀਂ ਲੱਗ ਗਿਐ। ਐਸ.ਵਾਈ.ਐਲ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ। ਬੱਬਨਪੁਰ ਦੀ ਧਰਤੀ ਵਿਚੋਂ ਨਿੱਕਲੇ ਲਾਲ ਰੰਗ ਦੇ ਪਾਣੀ ਨੇ ਫ਼ਿਕਰਾਂ ਨੂੰ ਹੋਰ ਸੂਹਾ ਕਰ ਦਿੱਤਾ ਹੈ। ਪੰਜਾਬ ਦਾ ਪਾਣੀ ਪੀਣ ਯੋਗ ਹੀ ਨਹੀਂ ਰਿਹਾ। ਘਰ-ਘਰ ਲੱਗੇ ਆਰ.ਓ. ਸਾਡਾ ਮੂੰਹ ਚਿੜਾਉਂਦੇ ਨੇ। ਡੱਬਾ-ਬੰਦ ਪਾਣੀ ਸਾਡੀ ਹੋਣੀ ਬਣ ਗਿਐ। ਲੋਕ ਕਲਾਕਾਰ ਜਗਸੀਰ ਜੀਦੇ ਦੀ ਹੂਕ ਇਸ ਦਰਦ ਨੂੰ ਬਿਆਨ ਕਰਦੀ ਹੈ:
ਜਿੱਥੇ ਪੀਣ ਨੂੰ ਮਿਲੇ ਮੁੱਲ ਪਾਣੀ,
ਓਸ ਨੂੰ ਪੰਜਾਬ ਆਖਦੇ
ਪੰਜਾਬ ਦੀ ਪਾਣੀਆਂ ਨਾਲ ਮੁੱਢ ਤੋਂ ਭਾਵਨਾਤਮਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਾਂਝ ਰਹੀ ਹੈ। ਜਨਮ ਤੋਂ ਅਖੀਰ ਤੱਕ ਪਾਣੀ ਸਾਡਾ ਅਨਿੱਖੜਵਾਂ ਅੰਗ ਰਿਹਾ ਹੈ, ਸਾਡੀਆਂ ਖ਼ੁਸ਼ੀਆਂ ਗ਼ਮੀਆਂ ਦਾ ਰੂਹਦਾਰ। ਰਾਵੀ ਦਾ ਪਾਣੀ ਹੁਣ ਵੀ ਤੱਤੀ ਤਵੀ ਨੂੰ ਯਾਦ ਕਰ ਕੇ ਪਾਣੀ ਪਾਣੀ ਹੋ ਜਾਂਦੈ। ਇਸ ਨੇ ਕਈ ਸਲਤਨਤਾਂ ਨੂੰ ਬਣਦਿਆਂ ਢਹਿੰਦਿਆਂ ਵੇਖਿਆ× ਹਮਲੇ ਦੇਖੇ, ਕਤਲੇਆਮ ਦੇਖਿਆ, ਬੇਪਤੀਆਂ ਦੇਖੀਆਂ। ਸਰਸਾ ਨਦੀ ਦੇ ਪਾਣੀਆਂ ਵਿਚ ਉਮਰਾਂ ਭਰ ਦੇ ਖ਼ਜ਼ਾਨੇ ਦੱਬੇ ਪਏ ਨੇ ਅਤੇ ਪਰਿਵਾਰ ਵਿਛੋੜਿਆਂ ਦੀ ਦਰਦਨਾਕ ਦਾਸਤਾਨ ਉੱਕਰੀ ਹੋਈ ਹੈ। ਕੁਦਰਤ ਦੇ ਕਵੀ ਪ੍ਰੋ. ਪੂਰਨ ਸਿੰਘ ਨੂੰ ਪਾਣੀ ਆਵਾਜ਼ਾਂ ਮਾਰਦੇ ਹਨ:
ਰਾਵੀ ਸੋਹਣੀ ਪਈ ਵਗਦੀ,
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿੱਚਦੀ,
ਮੈਨੂੰ ਝਨਾਂ 'ਵਾਜ਼ਾਂ ਮਾਰਦੀ
ਮੈਨੂੰ ਜੇਹਲਮ ਪਿਆਰਦਾ,
ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 89684-3350

Ad Position 22
No active advertisement
ਪਿਛਲੀ ਖ਼ਬਰ ਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾ ਅਗਲੀ ਖ਼ਬਰ ਬਨਸਪਤਿ ਮਉਲੀ ਚੜਿਆ ਬਸੰਤੁ॥
Ad Position 24
No active advertisement