ਮੋੜੀਂ ਬਾਬਾ ਕੱਛ ਵਾਲਿਆ,
ਰੰਨ ਬਸਰੇ ਨੂੰ ਗਈ।
ਬਾਬਾ ਤੇਰੀਆਂ ਘੁਮਾ ਦਿਓ ਗੁੱਡੀਆਂ,
ਵੇਖੀ ਸਈ।
ਨਾਦਰ ਸ਼ਾਹ ਦੇ ਹਮਲੇ ਸਮੇਂ ਭਾਰਤ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਅਤੇ ਲਾਹੌਰ ਦਾ ਸੂਬੇਦਾਰ ਜ਼ਕਰੀਆ ਖ਼ਾਨ (ਖ਼ਾਨ ਬਹਾਦਰ) ਸੀ। ਸੰਨ 1721 ਤੋਂ 1 ਜੁਲਾਈ, 1740 ਤੱਕ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਰਿਹਾ ਹੈ।
ਜ਼ਕਰੀਆ ਖਾਨ ਦੇ ਪਿਤਾ ਜਰਨੈਲ ਸਮਦ ਖਾਨ ਨੇ 10,000 ਫ਼ੌਜ ਜਿਸ ਵਿਚ ਪਹਾੜੀ ਅਤੇ ਰਾਜਸਥਾਨ ਦੇ ਰਾਜਿਆਂ ਅਤੇ ਮੁਗ਼ਲਾਂ ਦੀ ਫ਼ੌਜ ਨਾਲ ਗੁਰਦਾਸ ਨੰਗਲ ਦੀ ਗੜ੍ਹੀ ਨੂੰ ਘੇਰ ਲਿਆ। ਘੇਰੇ ਤੋਂ 9 ਮਹੀਨੇ ਬਆਦ ਗੜ੍ਹੀ ਵਿਚ ਰਸਦ ਮੁੱਕ ਗਈ। ਬਾਬਾ ਬੰਦਾ ਸਿੰਘ ਨੇ ਗੜ੍ਹੀ ਦਾ ਗੇਟ ਖੋਲ੍ਹ ਕੇ ਫ਼ੌਜ ਦਾ ਮੁਕਾਬਲਾ ਕੀਤਾ। ਕਈ ਦਿਨਾਂ ਤੋਂ ਭੁੱਖੇ ਸਿੰਘ ਲੜਾਈ ਕਰਦੇ ਗਸ਼ ਖਾ ਕੇ ਡਿੱਗ ਜਾਂਦੇ। ਫ਼ੌਜ ਨੇ 100 ਸਿੰਘਾਂ ਨੂੰ ਕੈਦ ਕਰਕੇ ਖਿਚੜੀ ਖਵਾਈ। ਕਮਜ਼ੋਰ ਅਤੇ ਰੋਗੀ ਸਿੰਘਾਂ ਨੂੰ ਕਤਲ ਕਰਕੇ ਉਨ੍ਹਾਂ ਦੇ ਸਿਰ ਨੇਜਿਆਂ ਉੱਤੇ ਟੰਗ ਕੇ ਬਾਬਾ ਬੰਦਾ ਸਿੰਘ ਉਨ੍ਹਾਂ ਦੀ ਧਰਮਪਤਨੀ ਅਤੇ 3 ਸਾਲ ਦੇ ਲੜਕੇ ਅਤੇ ਕੈਦੀ ਸਿੰਘਾਂ ਨੂੰ ਗੱਡਿਆਂ ਉੱਤੇ ਲੱਦ ਕੇ ਲਾਹੌਰ ਲੈ ਗਿਆ। ਬਾਦਸ਼ਾਹ ਫਰਖਸ਼ੀਅਰ ਨੇ ਸਮਦ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਕੇ ਖਾਨ ਬਹਾਦਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਸਮਦ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਬੇਟਾ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣ ਗਿਆ। ਜ਼ਕਰੀਆ ਖਾਨ ਨੂੰ ਵੀ ਖਾਨ ਬਹਾਦਰ ਹੀ ਕਿਹਾ ਜਾਂਦਾ ਸੀ।
ਸਿੰਘਾਂ ਉੱਤੇ ਬਿਪਤਾ : ਜ਼ਕਰੀਆ ਖਾਨ ਨੇ ਸਾਰੇ ਚੌਧਰੀਆਂ, ਜਿਨ੍ਹਾਂ ਵਿੱਚੋਂ ਪ੍ਰਮੁੱਖ-ਰਾਮਾ ਰੰਧਾਵਾ ਘਣੀਏ, ਕਰਮਾਂ ਪਿੰਡ ਛੀਨਾ, ਲਾਲੂ ਭਿੱਖੀ ਵਿੰਡ, ਸਿਆਮੇ ਸ਼ਾਹ ਖ਼ੱਤਰੀ, ਦਿਆਨਤ ਰਾਏ, ਅਕਲ ਦਾਸ ਜੰਡਿਆਲਾ, ਕਜਲਾ ਰੰਧਾਵਾ ਬਟਾਲਾ, ਭੀਮਾ ਢਿਲੋਂ ਕਸੂਰ, ਪੀਰ ਮਹੰਮਦ ਚੱਠਾ, ਇਸਮਾਈਲ ਖਾਨ ਸਿਆਲਕੋਟ ਨੂੰ ਇਕ ਦਿਨ ਲਾਹੌਰ ਬੁਲਾ ਕੇ ਪਹਿਲਾਂ ਇਨ੍ਹਾਂ ਨੂੰ ਕੁੱਟਿਆ ਫਿਰ ਪੁੱਛਿਆ, 'ਤੁਸੀਂ ਕਹਿੰਦੇ ਹੋ, ਸਾਡੇ ਇਲਾਕੇ ਵਿਚ ਕੋਈ ਵੀ ਸਿੱਖ ਨਹੀਂ ਹੈ, ਤੁਹਾਡੇ ਇਹ ਜਵਾਈ ਕਿੱਥੋਂ ਆ ਗਏ? ਮੱਸੇ ਦਾ ਸਿਰ ਵੱਢ ਕੇ ਕੌਣ ਲੈ ਗਏ? ਜਲੰਧਰ ਦੇ ਹਾਕਮ ਕੁਤਬਦੀਨ ਨੂੰ ਮਾਰ ਕੇ ਦਿੱਲੀ ਜਾਣ ਵਾਲੇ 40 ਘੋੜੇ ਕਿਸ ਨੇ ਲੁੱਟੇ? ਸਿਆਲਕੋਟ ਦਾ ਸੂਬੇਦਾਰ ਤਾਹਰ ਅਲੀ 180 ਘੋੜੇ ਅਤੇ 30 ਘੋੜ ਸਵਾਰਾਂ ਨਾਲ ਸਰਹਿੰਦ ਜਾ ਰਿਹਾ ਸੀ, ਤਾਹਰ ਅਲੀ ਅਤੇ 30 ਘੋੜ ਸਵਾਰਾਂ ਨੂੰ ਮਾਰ ਕੇ 210 ਘੋੜੇ ਕੌਣ ਲੈ ਗਏ? ਇਨ੍ਹਾਂ ਖ਼ੂਨੀ ਕਾਤਲਾਂ ਨੂੰ ਮੇਰੇ ਪੇਸ਼ ਕਰੋ। ਸਿੱਖਾਂ ਨੂੰ ਖ਼ਤਮ ਕਰੋ ਤੇ ਇਨਾਮ ਪ੍ਰਾਪਤ ਕਰੋ।'
ਨਾਦਰ ਸ਼ਾਹ ਦੀ ਚੜ੍ਹਾਈ : ਨਾਦਰ ਸ਼ਾਹ ਨੇ ਕਾਬਲ ਜਿੱਤ ਕੇ 1738 ਈ: ਨੂੰ 80,000 ਫ਼ੌਜ ਅਤੇ ਤੋਪਾਂ ਨਾਲ ਲੈਸ ਹੋ ਕੇ ਭਾਰਤ ਉੱਤੇ ਹਮਲਾ ਕਰ ਦਿੱਤਾ। ਹਮਲੇ ਦੀ ਖ਼ਬਰ ਸੁਣ ਕੇ ਸਿੰਘਾਂ ਉੱਤੇ ਜ਼ੁਲਮ ਕੀ ਹੋਣੇ ਸੀ, ਸਰਕਾਰ ਨੂੰ ਹੋਰ ਬਿਪਤਾ ਪੈ ਗਈ। ਜ਼ਕਰੀਆ ਖਾਨ ਨੇ ਅਟਕ ਨੇੜੇ ਜਾ ਕੇ ਨਾਦਰ ਸ਼ਾਹ ਦੀ ਈਨ ਮੰਨ ਲਈ। ਨਾਦਰ ਸ਼ਾਹ ਲਾਹੌਰ ਆ ਗਿਆ। ਖਾਨ ਬਹਾਦਰ ਨੇ 21 ਲੱਖ ਰੁਪਏ, 11 ਕਿਸ਼ਤੀਆਂ ਅਤੇ 50 ਹਾਥੀ ਦੇ ਕੇ ਨਾਦਰ ਸ਼ਾਹ ਤੋਂ ਪਿੱਛਾ ਛੁਡਾਇਆ। ਨਾਦਰ ਸ਼ਾਹ ਨੇ 21 ਜਨਵਰੀ, 1739 ਨੂੰ ਦਿੱਲੀ ਜਾਣ ਲਈ ਕੂਚ ਕਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਵੀ ਨਾਦਰ ਸ਼ਾਹ ਦੀ ਫ਼ੌਜ ਵਿਚ ਜਰਨੈਲ ਸੀ।
ਨਾਦਰ ਸ਼ਾਹ ਦਾ ਪਿਛੋਕੜ : ਨਾਦਰ ਸ਼ਾਹ ਈਰਾਨ ਵਿਚ ਕੈਪਸੀਅਨ ਸਾਗਰ ਦੇ ਕੰਢੇ ਗਰੀਬ ਆਯਲੀ ਦਾ ਪੁੱਤਰ ਸੀ। ਇਸ ਦਾ ਜਨਮ 13 ਨਵੰਬਰ, 1688 ਦਾ ਹੈ। 12 ਸਾਲ ਦੀ ਉਮਰ ਵਿਚ ਪਿਤਾ ਮਰ ਗਿਆ। ਜੰਗਲ ਵਿੱਚੋਂ ਲੱਕੜਾਂ ਵੱਢ ਕੇ ਵੇਚ ਕੇ ਘਰ ਦਾ ਗੁਜ਼ਾਰਾ ਕੀਤਾ। ਵੱਡਾ ਹੋਇਆ, ਕਿਸਮਤ ਨੇ ਸਾਥ ਦਿੱਤਾ। ਸੰਨ 1717 ਵਿਚ ਧਾੜਵੀਆਂ ਦਾ ਸਰਦਾਰ ਬਣ ਗਿਆ।
1725 ਈ: ਨੂੰ ਪਠਾਣਾਂ ਨੇ ਈਰਾਨ ਉੱਤੇ ਹਮਲਾ ਕਰ ਦਿੱਤਾ। ਨਾਦਰ ਸ਼ਾਹ 5,000 ਧਾੜਵੀਆਂ ਨਾਲ, ਬਾਦਸ਼ਾਹ ਵਲੋਂ ਲੜ ਕੇ ਪਠਾਣਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ। ਬਾਦਸ਼ਾਹ ਨੇ ਨਾਦਰ ਸ਼ਾਹ ਨੂੰ ਫ਼ੌਜ ਦਾ ਬਖ਼ਸ਼ੀ ਬਣਾ ਲਿਆ। ਬਾਦਸ਼ਾਹ ਦੀ ਮੌਤ ਤੋਂ ਬਾਅਦ ਸੰਨ 1736 ਵਿਚ ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਬਣ ਗਿਆ। ਨਾਦਰ ਸ਼ਾਹ ਨੇ ਹਿਰਾਤ ਅਤੇ ਕੰਧਾਰ ਨੂੰ ਜਿੱਤ ਕੇ ਕਾਬਲ ਉੱਤੇ ਕਬਜ਼ਾ ਕਰਕੇ ਭਾਰਤ ਉੱਤੇ ਹਮਲਾ ਕਰ ਦਿੱਤਾ। ਹਮਲੇ ਨੂੰ ਗਨੀਮਤ ਸਮਝ ਕੇ ਜੰਗਲਾਂ ਵਿੱਚੋਂ ਬਾਹਰ ਆ ਕੇ ਜਿਨ੍ਹਾਂ ਚੌਧਰੀਆਂ ਨੇ ਸਿੰਘਾਂ ਅਤੇ ਹਿੰਦੂਆਂ ਉੱਤੇ ਜ਼ੁਲਮ ਕੀਤੇ ਸਨ, ਉਨ੍ਹਾਂ ਨੂੰ ਚੁਣ-ਚੁਣ ਕੇ ਸੋਧਾ ਲਾਇਆ।
ਲੜਾਈ ਸ਼ੁਰੂ ਹੋ ਗਈ : ਮੁਗ਼ਲ 2,00,000 ਫ਼ੌਜੀ, 1,500 ਹਾਥੀ ਅਤੇ 800 ਤੋਪਾਂ ਲੈ ਕੇ ਦਿੱਲੀ ਤੋਂ ਕਰਨਾਲ ਤੱਕ 59 ਮੀਲ 2 ਮਹੀਨੇ ਵਿਚ ਪਹੁੰਚੇ। ਨਾਦਰ ਸ਼ਾਹ ਲਾਹੌਰ ਤੋਂ ਕਰਨਾਲ ਤੱਕ ਇਕ ਮਹੀਨੇ ਵਿਚ ਹੀ ਪਹੁੰਚ ਗਿਆ। ਮੁਗ਼ਲਾਂ ਦਾ ਤੋਪਖਾਨਾ ਆਉਣ ਤੋਂ ਪਹਿਲਾਂ ਹੀ 24 ਫਰਵਰੀ, 1739 ਨੂੰ ਲੜਾਈ ਸ਼ੁਰੂ ਹੋ ਗਈ। 3 ਘੰਟੇ ਵਿਚ ਮੁਗ਼ਲਾਂ ਦੇ 20,000 ਤੋਂ ਵੱਧ ਫ਼ੌਜੀ ਮਾਰੇ ਗਏ। ਮੁਹੰਮਦ ਸ਼ਾਹ ਹਾਰ ਮਨ ਕੇ ਆਪਣੇ ਵਜ਼ੀਰਾਂ ਨਾਲ ਨਾਦਰ ਸ਼ਾਹ ਦੇ ਪੈਰੀਂ ਪੈ ਗਿਆ। ਨਾਦਰ ਸ਼ਾਹ ਅਤੇ ਮੁਹੰਮਦ ਸ਼ਾਹ 13 ਮਾਰਚ, 1739 ਨੂੰ ਲਾਲ ਕਿਲ੍ਹੇ ਪਹੁੰਚ ਗਏ ਅਤੇੇ ਨਾਦਰ ਸ਼ਾਹ ਤਖ਼ਤ-ਏ-ਤਾਊਸ ਉੱਤੇ ਬੈਠ ਗਿਆ। ਅਗਲੇ ਦਿਨ ਮਸੀਤ ਵਿਚ ਨਾਦਰ ਸ਼ਾਹ ਦੇ ਨਾਂਅ ਦਾ ਖ਼ਤਬਾ (ਧਨਵਾਦ) ਪੜ੍ਹਿਆ। ਮੌਤ ਦਾ ਖ਼ਤਬਾ ਸਮਝ ਕੇ, ਕਿਸੇ ਨੇ ਨਾਦਰ ਸ਼ਾਹ ਨੂੰ ਮਾਰ ਦਿੱਤੇ, ਦੀ ਖ਼ਬਰ ਉਡਾ ਦਿੱਤੀ। ਦਿੱਲੀ ਵਿਚ ਨਾਦਰ ਸ਼ਾਹ ਦੇ 700 ਫ਼ੌਜੀ ਕਤਲ ਕਰ ਦਿੱਤੇ। ਖ਼ਬਰ ਸੁਣ ਕੇ, ਨਾਦਰ ਸ਼ਾਹ ਨੇ ਮਿਆਨ ਵਿੱਚੋਂ ਇਕ ਚੱਪਾ ਤਲਵਾਰ ਖਿੱਚ ਲਈ। 6 ਘੰਟੇ ਵਿਚ ਨਾਦਰ ਸ਼ਾਹ ਦੀ ਫ਼ੌਜ ਨੇ ਦਿੱਲੀ ਵਿਚ ਕੋਈ 33,000 ਹਿੰਦੂ ਅਤੇ ਮੁਸਲਮਾਨ, ਇਸਤਰੀ, ਪੁਰਸ਼ ਅਤੇ ਬੱਚੇ ਕਤਲ ਕਰ ਦਿੱਤੇ। ਮੁਹੰਮਦ ਸ਼ਾਹ ਨੇ ਹੱਥ ਜੋੜ ਕੇ ਨਾਦਰ ਸ਼ਾਹ ਦੇ ਅੱਗੇ ਖੜ੍ਹੇ ਹੋ ਕੇ ਬੇਨਤੀ ਕੀਤੀ। ਨਾਦਰ ਸ਼ਾਹ ਨੇ ਤਲਵਾਰ ਮਿਆਨ ਵਿਚ ਕੱਢ ਲਈ, ਜਰਨੈਲਾਂ ਨੇ ਕਤਲੇਆਮ ਰੋਕ ਦਿੱਤਾ।
ਤਖ਼ਤ-ਏ-ਤਾਊਸ
ਸਿੰਘਾਂ ਵਲੋਂ ਨਾਦਰ ਦੀਆਂ ਗੁੱਡੀਆਂ ਘੁਮਾਈਆਂ : ਨਾਦਰ ਸ਼ਾਹ 58 ਦਿਨ ਦਿੱਲੀ ਵਿਚ ਰਿਹਾ। ਅਹਿਮਦ ਸ਼ਾਹ ਅਬਦਾਲੀ ਨੇ ਮਥੁਰਾ ਤੱਕ ਲੁੱਟ-ਮਾਰ ਕੀਤੀ। ਅਬਦਾਲੀ ਦੌਲਤ ਅਤੇ ਹਿੰਦੂ ਕੁੜੀਆਂ ਕੈਦ ਕਰਕੇ ਦਿੱਲੀ ਭੇਜ ਦਿੰਦਾ ਅਤੇ ਨਾਦਰ ਸ਼ਾਹ ਕੁੜੀਆਂ ਅਤੇ ਦੌਲਤ ਗੱਡੇ, ਹਾਥੀ, ਘੋੜੇ ਅਤੇ ਖਚਰਾਂ ਉੱਤੇ ਲੱਦ ਕੇ ਹੁਕਮ ਦੇ ਕੇ ਕਾਬਲ ਵੱਲ ਤੋਰ ਦਿੰਦਾ। ਇਹ ਖ਼ਬਰ ਸਿੰਘਾਂ ਨੂੰ ਵੀ ਮਿਲ ਗਈ। ਸ: ਜੱਸਾ ਸਿੰਘ ਆਹਲੂਵਾਲੀਆ, ਸ: ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ ਅਤੇ ਹੋਰ ਜਥੇਦਾਰਾਂ ਨੇ ਸਿੰਘਾਂ ਦੇ ਜਥੇ ਕੁਰੂਕਸ਼ੇਤਰ ਤੋਂ ਅੱਟਕ ਤੀਕ ਜਰਨੈਲੀ ਸੜਕ ਦੇ ਦੋਵੀਂ ਪਾਸੀਂ 15 ਤੋਂ 20 ਮੀਲ ਤੱਕ ਜੰਗਲਾਂ ਵਿਚ ਬਿਠਾ ਦਿੱਤੇ। ਘੋੜ ਸਵਾਰ 2 ਸਿੰਘ ਭੇਤ ਦਿੰਦੇ ਰਹੇ ਅਤੇ ਜਥੇ ਦੇ ਸਿੰਘ ਵਹੀਰ ਉੱਤੇ ਹਮਲਾ ਕਰਕੇ ਕੁੜੀਆਂ ਨੂੰ ਛੁਡਾ ਕੇ ਲੁੱਟਿਆ ਹੋਇਆ ਮਾਲ ਅਤੇ ਰਸਦ ਖੋਹ ਲੈਂਦੇ। ਫ਼ੌਜੀ ਪਿੱਛਾ ਕਰਦੇ ਸਿੰਘ ਉਨ੍ਹਾਂ ਨੂੰ ਸੋਧ ਦਿੰਦੇ। ਜਥੇਦਾਰ ਕੁੜੀਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੰਦੇ ਅਤੇ ਲੁੱਟਿਆ ਹੋਇਆ ਮਾਲ ਲੋੜਵੰਦਾਂ ਨੂੰ ਵੰਡ ਦਿੰਦੇ। ਕਈ ਫ਼ੌਜੀਆਂ ਖਾਲੀ ਹੱਥ ਦਿੱਲੀ ਜਾ ਕੇ ਸਾਰਾ ਹਾਲ ਨਾਦਰ ਸ਼ਾਹ ਨੂੰ ਦੱਸਿਆ। ਨਾਦਰ ਸ਼ਾਹ ਦੇ ਫ਼ੌਜੀਆਂ ਨੂੰ ਹੌਲਾ ਕਰਕੇ ਸਿੰਘਾਂ ਨੇ ਕਾਬਲ ਭੇਜ ਕੇ ਭਾਰਤ ਮਾਤਾ ਦੀ ਇੱਜ਼ਤ ਬਚਾਈ।
ਨਾਦਰ ਸ਼ਾਹ ਦਾ ਕਾਬਲ ਜਾਣਾ : ਨਾਦਰ ਸ਼ਾਹ ਨੇ ਤਖ਼ਤ-ਏ-ਤਾਊਸ, ਇਕ ਜੋੜੀ ਲਾਲਾਂ ਦੀ (ਇਨ੍ਹਾਂ ਦੀ ਰੋਸ਼ਨੀ ਨਾਲ ਬਾਦਸ਼ਾਹ ਰਾਤ ਨੂੰ ਕੁਰਾਨ ਪੜ੍ਹਦਾ ਸੀ), ਇਕ ਗੁਲਾਬੀ ਹੀਰਾ (ਇਸ ਦੀ ਰੌਸ਼ਨੀ ਨਾਲ ਕਮਰਾ ਗੁਲਾਬੀ ਹੋ ਜਾਂਦਾ ਸੀ, ਕੋਹੇਨੂਰ ਹੀਰਾ ਅਤੇ ਬੇਗਮਾਂ ਦੇ ਜੇਵਰ ਅਤੇ ਬੇਸ਼ੁਮਾਰ ਦੌਲਤ ਲੁੱਟ ਕੇ ਪਹਾੜੀ ਰਸਤੇ ਫ਼ੌਜ ਨਾਲ ਕਾਬਲ ਜਾਣ ਲਈ ਕੂਚ ਕਰ ਦਿੱਤਾ। ਸਿੰਘਾਂ ਨੇ ਦਰਿਆ ਬਿਆਸ ਜਾਣ ਤੋਂ ਪਹਿਲਾਂ ਤਖ਼ਤ-ਏ-ਤਾਊਸ ਅਤੇ ਲੁੱਟਿਆ ਹੋਇਆ ਮਾਲ ਨਾਦਰ ਸ਼ਾਹ ਕੋਲੋਂ ਖੋਹ ਲਿਆ। ਜਥੇਦਾਰਾਂ ਨੇ ਤਖ਼ਤ ਨੂੰ ਤੋੜ ਕੇ ਸੋਨਾ ਆਪਸ ਵਿਚ ਵੰਡ ਲਿਆ। ਤਖ਼ਤ-ਏ-ਤਾਊਸ ਨੂੰ ਬਾਦਸ਼ਾਹ ਸਾਹਜਹਾਨ ਨੇ 32 ਮਣ ਸੋਨਾ (ਉਸ ਸਮੇਂ ਅੱਧਾ ਪਾ ਇਕ ਸੇਰ ਦੇ ਬਰਾਬਰ ਹੁੰਦਾ ਸੀ) ਅਤੇ ਕਈ ਕੀਮਤੀ ਹੀਰੇ ਅਤੇ ਮੋਤੀ ਲਗਾਏ ਹੋਏ ਸਨ। ਇਸ ਤਖ਼ਤ ਨੂੰ ਲਾਲ ਕਿਲ੍ਹੇ ਦੇ ਦੀਵਾਨ-ਏ-ਖ਼ਾਸ ਵਿਚ ਹੀ ਰੱਖਿਆ ਹੋਇਆ ਸੀ।
ਨਾਦਰ ਸ਼ਾਹ ਦਾ ਸੂਬੇਦਾਰ ਤੋਂ ਸਿੰਘਾਂ ਬਾਰੇ ਪੁੱਛਣਾ : ਵਾਪਸੀ ਸਮੇਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਅਖਨੂਰ ਸੱਦ ਕੇ ਪੁੱਛਿਆ, 'ਉਹ ਕੌਣ ਹਨ ਜਿਨ੍ਹਾਂ ਨੇ ਮੇਰੀ ਦੌਲਤ ਲੁੱਟੀ ਹੈ? ਮੇਰਾ ਨਾਂਅ ਜ਼ਾਲਮ ਨਾਦਰ ਹੈ, ਸ਼ੇਰ ਦੇ ਮੂੰਹ ਵਿੱਚੋਂ ਮਾਸ ਖਿੱਚਿਆ! ਮੈਂ ਉਨ੍ਹਾਂ ਦਾ ਦੇਸ਼ ਤਬਾਹ ਕਰ ਕੇ ਉਨ੍ਹਾਂ ਦਾ ਨਾਮ-ਓ-ਨਿਸ਼ਾਨ ਮਿਟਾ ਦਿਆਂਗਾ'।
ਜ਼ਕਰੀਆ ਖਾਨ : ਜਹਾਂ ਪਨਾਹ, ਇਹ ਸਿੰਘ ਨਾਮੀ ਖਾਲਸਾ ਪੰਥ ਹੈ। ਇਨ੍ਹਾਂ ਦਾ ਘਰ, ਘਾਟ, ਪਿੰਡ, ਦੇਸ਼ ਕੋਈ ਨਹੀਂ ਹੈ। ਬਰਸਾਤ ਦੀਆਂ ਖੁੰਬਾਂ ਵਾਂਗ ਪਲੇ-ਪਲਾਏ ਆਪੇ ਹੀ ਪੰਥ ਵਿਚ ਆ ਜਾਂਦੇ ਹਨ। ਇਹ ਤਾਂ ਖੁਦਾਈ ਕ੍ਰਿਸ਼ਮਾ ਹੀ ਸਮਝੋ। ਅਸੀਂ ਇਨ੍ਹਾਂ ਨੂੰ ਮਾਰਦੇ ਹਾਰ ਗਏ ਹਾਂ, ਇਹ ਮੁੱਕਦੇ ਹੀ ਨਹੀਂ। ਮੌਤ ਤੋਂ ਡਰਦੇ ਨਹੀਂ, 500 ਨਾਲ 5 ਮੱਥਾ ਡਾਹ ਲੈਂਦੇ ਹਨ। ਸਿਰ ਉੱਤੇ ਪਗੜੀ, ਤੇੜ ਕਛਹਿਰਾ, ਖੇਸ ਦੀ ਬੁਕਲ ਪਰ ਆਪਣੇ ਕੋਲ ਹਥਿਆਰ ਰੱਖਦੇ ਹਨ। ਤੁਰਦੇ-ਫਿਰਦੇ ਸੌਂ ਲੈਂਦੇ ਹਨ, ਘੋੜੇ ਦੀ ਕਾਠੀ ਇਨ੍ਹਾਂ ਦਾ ਪਲੰਘ ਹੈ। ਇੱਕੋ ਜਿਹਾ ਵੰਡ ਕੇ ਖਾਂਦੇ ਹਨ। ਬਿਨਾਂ ਲੂਣ-ਮਿਰਚ, ਕੱਚਾ ਪੱਕਾ, ਗਾਜਰ, ਮੂਲੀ, ਰੁੱਖੀ, ਸੁੱਕੀ ਖਾ ਕੇ ਵੀ ਰੱਬ ਦਾ ਸ਼ੁਕਰ ਕਰਦੇ ਹਨ। ਅਸੀਂ ਹਿੰਦੂਆਂ ਨੂੰ ਮਾਰਨਾ ਸਵਾਬ ਸਮਜਦੇ ਹਾਂ, ਇਹ ਜ਼ੁਲਮ ਦਾ ਨਾਸ ਕਰਨਾ ਧਰਮ ਸਮਝਦੇ ਹਨ। ਲੋੜਵੰਦ ਦੀ ਲੋੜ ਵੀ ਪੂਰੀ ਕਰਦੇ ਹਨ। ਨਾਦਰ ਸ਼ਾਹ ਨੇ ਕਿਹਾ 'ਜੇ ਇਹ ਕੌਮ ਇਸ ਤਰ੍ਹਾਂ ਦੀ ਹੈ, ਕਦੇ ਨਾ ਕਦੇ ਇਹ ਪੰਥ ਮੁਲਕ ਦਾ ਮਾਲਕ ਬਣ ਜਾਏਗਾ। ਇਨ੍ਹਾਂ ਨਾਲ ਵਿਰੋਧ ਨਾ ਕਰੋ। ਇਹ ਸਾਡੇ ਤੁਹਾਡੇ ਮਾਰਨ ਨਾਲ ਨਹੀਂ ਮੁੱਕਣੇ।'
ਜ਼ਕਰੀਆ ਖਾਨ ਸਿੰਘਾਂ ਦੀ ਬਹਾਦਰੀ ਉੱਤੇ ਖੁਸ਼ ਸੀ, ਫਿਰ ਵੀ ਡਰ ਸੀ ਕਿ ਜਿਹੜੇ ਸਿੰਘ ਨਾਦਰ ਸ਼ਾਹ ਤੋਂ ਨਹੀਂ ਡਰੇ, ਸਾਡਾ ਰਾਜ ਨਹੀਂ ਖੋਹ ਲੈਣਗੇ? ਸਿੰਘਾਂ ਦਾ ਖੁਰਾ ਖੋਜ ਹੀ ਮਿਟਾਉਣਾ ਚਾਹੀਦਾ ਹੈ। ਜ਼ਕਰੀਆਂ ਖਾਨ ਨੇ ਸਿੰਘਾਂ ਨੂੰ ਆਖ ਭੇਜਿਆ, ਨਾਦਰ ਸ਼ਾਹ ਦੇ ਲੁੱਟੇ ਹੋਏ ਮਾਲ ਵਿੱਚੋਂ ਅੱਧਾ ਮੈਨੂੰ ਦਿਓ। ਸਿੰਘ ਨਹੀਂ ਮੰਨੇ। ਉਸ ਨੇ ਸਿੰਘਾਂ ਉੱੇਤੇ ਜੁਲਮ ਕਰਨੇ ਸ਼ੁਰੂ ਕਰ ਦਿੱਤੇ। ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਸ਼ਾਹਬੇਗ ਸਿੰਘ ਅਤੇ ਭਾਈ ਸ਼ਾਹਬਾਜ ਸਿੰਘ ਅਤੇ ਹਜ਼ਾਰਾਂ ਸਿੰਘ ਹੀ ਸ਼ਹੀਦ ਕੀਤੇ। ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ। ਜਥੇ ਬਣਾ ਕੇ ਕਈ ਸਿੰਘ ਜੰਗਲਾਂ ਵਿਚ ਅਤੇ ਦੋ ਜਥੇ ਰਾਜਸਥਾਨ ਚਲੇ ਗਏ।
ਪਾਪੀ ਨੂੰ ਸਜ਼ਾ ਮਿਲੀ : ਜ਼ਕਰੀਆ ਖਾਨ ਦੇ ਹੁਕਮ ਨਾਲ 4 ਜੂਨ, 1740 ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰੀ ਗਈ ਸੀ। ਤਾਰੂ ਸਿੰਘ ਨੇ ਜ਼ਕਰੀਆ ਖਾਨ ਨੂੰ ਆਖਿਆ, 'ਮੈਂ ਤੜਫ ਤੜਫ ਕੇ ਮਰਾਂਗਾ, ਪਰ ਤੈਨੂੰ ਆਪਣੀ ਜੁੱਤੀ ਨਾਲ ਲੈ ਕੇ ਜਾਵਾਂਗਾ।' ਤਾਰੂ ਸਿੰਘ ਦੀ ਸੇਵਾ ਇਕ ਤਰਖਾਣ ਸਿੰਘ ਨੇ ਕੀਤੀ। ਖਾਨ ਬਹਾਦਰ ਨੂੰ ਬੰਨ੍ਹ ਪੈ ਗਿਆ ਅਤੇ ਭਾਈ ਤਾਰੂ ਸਿੰਘ ਦੀ ਜੁੱਤੀ ਆਪਣੇ ਸਿਰ ਵਿਚ ਖਾਂਦਾ ਹੋਇਆ 1 ਜੁਲਾਈ, 1740 ਨੂੰ ਮਰ ਗਿਆ। ਭਾਈ ਤਾਰੂ ਸਿੰਘ ਨੇ ਵੀ 1 ਜੁਲਾਈ, 1740 ਨੂੰ ਪ੍ਰਾਣ ਤਿਆਗ ਦਿੱਤੇ।
-ਪਿੰਡ ਹਯਾਤ ਨਗਰ, ਗੁਰਦਾਸਪਰ
ਮੋਬਾਈਲ : 8872946612