ਸੋਮਨਾਥ ਇਕ ਪ੍ਰਸਿੱਧ ਸਤਿਕਾਰਯੋਗ ਪ੍ਰਾਚੀਨ ਹਿੰਦੂ ਤੀਰਥ ਸਥਾਨ ਹੈ, ਜਿਸ ਨੂੰ ਸੰਸਾਰ ਵਿਚ ਸ਼ਿਵ ਉਪਾਸਨਾ, ਇਤਿਹਾਸ ਅਤੇ ਅਧਿਆਤਮਿਕਤਾ, ਸੁੰਦਰ ਭਵਨ ਨਿਰਮਾਣ ਕਲਾ, ਆਕਰਸ਼ਣ ਅਤੇ ਪ੍ਰਸਿੱਧੀ ਲਈ ਜਾਣਿਆ ਜਾਂਦਾ ਹੈ। ਇਹ ਮੰਦਰ ਗੁਜਰਾਤ ਦੇ ਵੇਰਾਵਾਲ ਦੇ ਪ੍ਰਭਾਸ ਵਿਚ ਸਥਿਤ ਹੈ, ਜਿਸ ਨੂੰ ਭਗਵਾਨ ਸ਼ਿਵ ਨੂੰ ਸਮਰਪਿਤ 12 ਜਯੋਤਿਰਲਿੰਗਾਂ ਵਿਚੋਂ ਪਹਿਲਾ ਮੰਨਿਆ ਜਾਂਦਾ ਹੈ, ਕਿਉਂਕਿ ਇਹ ਪੱਛਮੀ ਤੱਟ 'ਤੇ, ਤ੍ਰਿਵੇਣੀ ਸੰਗਮ (ਤਿੰਨ ਨਦੀਆਂ) ਕਪਿਲਾ, ਹੀਰਨ ਅਤੇ ਸਰਸਵਤੀ ਦਾ ਸੰਗਮ (ਅਰਬ ਸਾਗਰ ਤੱਟ) 'ਤੇ ਸਥਿਤ ਹੈ।
ਹਿੰਦੂ ਕਥਾਵਾਂ ਅਨੁਸਾਰ ਸੋਮਨਾਥ ਦਾ ਅਰਥ ਹੈ 'ਚੰਨ ਦੇਵਤਾ'। ਆਪਣੇ ਵਾਰ-ਵਾਰ ਵਿਨਾਸ਼ ਅਤੇ ਪੁਨਰ ਨਿਰਮਾਣ ਕਾਰਨ ਮੰਦਰ ਨੂੰ 'ਸਦੀਵੀ ਤੀਰਥ' ਅਤੇ 'ਅਟੱਲ ਵਿਸ਼ਵਾਸ ਦਾ ਪ੍ਰਤੀਕ' ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 2026, ਸੋਮਨਾਥ ਮੰਦਰ ਲਈ ਮਹੱਤਵਪੂਰਨ ਹੈ। ਇਸ ਤੀਰਥ ਸਥਾਨ 'ਤੇ ਪਹਿਲੇ ਹਮਲੇ ਨੂੰ 1,000 ਸਾਲ ਹੋ ਗਏ ਹਨ। ਇਹ ਜਨਵਰੀ 1026 ਈ. ਵਿਚ ਮਹਿਮੂਦ ਗਜ਼ਨਵੀ ਵਲੋਂ ਕੀਤਾ ਗਿਆ ਧਾਰਮਿਕ ਅਸਹਿਣਸ਼ੀਲਤਾ, ਹਿੰਸਕ ਅਤੇ ਵਹਿਸ਼ੀ ਕੱਟੜਤਾ ਵਾਲਾ ਹਮਲਾ ਸੀ। ਕਈ ਮੁਸਲਿਮ ਸ਼ਾਸਕਾਂ ਵਲੋਂ ਵਾਰ-ਵਾਰ ਹਮਲੇ ਕਰਨ ਦੇ ਬਾਵਜੂਦ 1000 ਸਾਲ ਬਾਅਦ, ਸੋਮਨਾਥ ਮੰਦਰ ਵਿਸ਼ਵਾਸ ਅਤੇ ਸੱਭਿਅਤਾ ਦੇ ਇਕ ਮਹਾਨ ਪ੍ਰਤੀਕ ਵਜੋਂ ਸ਼ਾਨ ਨਾਲ ਖੜ੍ਹਾ ਹੈ। ਇਸ ਮੰਦਰ ਦਾ ਇਤਿਹਾਸ ਆਪਣੇ ਆਪ ਵਿਚ ਅਚੰਭਿਤ ਕਰਨ ਵਾਲਾ ਹੈ, ਜੋ 1026 ਈ. (11ਵੀਂ ਸਦੀ) ਵਿਚ ਮਹਿਮੂਦ ਗਜ਼ਨਵੀ ਦੇ ਹਮਲੇ ਤੋਂ ਬਾਅਦ, 20ਵੀਂ ਸਦੀ ਵਿਚ ਪੁਨਰ ਨਿਰਮਾਣ ਅਤੇ 21ਵੀ ਸਦੀ (2026) ਦੀ ਸ਼ੁਰੂਆਤ ਵਿਚ ਵੇਖਣ ਨੂੰ ਮਿਲਦਾ ਹੈ।
ਸੋਮਨਾਥ ਮੰਦਰ ਦਾ ਇਤਿਹਾਸ ਪਹਿਲੀ ਵਾਰ 5ਵੀਂ ਸਦੀ ਦੀਆਂ ਕਾਲੀਦਾਸ ਦੀਆਂ ਕਵਿਤਾਵਾਂ ਵਿਚ ਦਰਜ ਕੀਤਾ ਗਿਆ ਹੈ। ਉਸ ਦੀਆਂ ਕਵਿਤਾਵਾਂ ਵਿਚ ਬ੍ਰਾਹਮੀ ਲਿਪੀ ਦੇ ਸ਼ਿਲਾਲੇਖਾਂ ਵਿਚ ਪਾਇਆ ਜਾਣ ਵਾਲਾ ਪ੍ਰਸਿੱਧ ਸਥਾਨ, ਪ੍ਰਭਾਸ ਹੀ ਹੈ। ਉਸ ਦੀ ਕਵਿਤਾ ਰਘੂਵੰਸ਼ ਵਿਚ ਵੀ ਸੋਮਨਾਥ-ਪ੍ਰਭਾਸ ਦਾ ਪ੍ਰਯਾਗ, ਪੁਸ਼ਕਰ, ਗੋਕਰਨ ਦੇ ਨਾਲ-ਨਾਲ ਇਕ ਤੀਰਥ ਵਜੋਂ ਜ਼ਿਕਰ ਕੀਤਾ ਗਿਆ ਹੈ।
ਸੋਮੇਸ਼ਵਰ ਨਾਂਅ 9ਵੀਂ ਸਦੀ ਵਿਚ ਗੁਰਜਰ-ਪ੍ਰਤਿਹਾਰ ਰਾਜਾ ਨਾਗਭੱਟ 99 (805-833 ਈ.) ਨੇ ਦਰਜ ਕੀਤਾ ਹੈ, ਜੋ ਕਿ ਚਾਲੂਕਿਆ (ਸੋਲੰਕੀ) ਰਾਜਾ ਮੂਲਰਾਜ ਨੇ ਲਗਭੱਗ 997 ਈ. ਵਿਚ ਇਸ ਸਥਾਨ 'ਤੇ ਸੋਮ (ਚੰਦਰਮਾ ਦੇਵਤਾ) ਨੂੰ ਸਮਰਪਿਤ ਪਹਿਲਾ ਮੰਦਰ ਬਣਾਇਆ ਸੀ। ਜਨਵਰੀ 1026 ਈ. ਵਿਚ, ਗੁਜਰਾਤ ਦੇ ਚਾਲੂਕਿਆ ਰਾਜਾ ਭੀਮ ਪਹਿਲੇ ਦੇ ਰਾਜ ਦੌਰਾਨ, ਗਜ਼ਨਵੀ ਦੇ ਸ਼ਾਸਕ ਮਹਿਮੂਦ ਨੇ ਥਾਰ ਮਾਰੂਥਲ ਪਾਰ ਕਰਕੇ ਸੋਮਨਾਥ ਮੰਦਰ ਨੂੰ ਲੁੱਟਿਆ (ਪੰਦਰ੍ਹਵਾਂ ਹਮਲਾ) ਅਤੇ ਸ਼ਿਵਲਿੰਗ ਨੂੰ ਟੁਕੜੇ-ਟੁਕੜੇ ਕਰਕੇ ਅਪਵਿੱਤਰ ਕੀਤਾ। ਉਸਨੇ ਮੰਦਰ ਨੂੰ ਸਾੜਿਆ ਅਤੇ ਪੁਜਾਰੀਆਂ ਨੂੰ ਬੇਰਹਿਮੀ ਨਾਲ ਕਤਲ ਕੀਤਾ। ਮੰਦਰ ਵਿਚ 10,000 ਪਿੰਡਾਂ ਦੀ ਆਮਦਨ ਅਤੇ ਸ਼ਰਧਾਲੂਆਂ ਦੇ ਚੜ੍ਹਾਵੇ ਤੋਂ ਇਕੱਠਾ ਕੀਤਾ ਸੋਨਾ, ਚਾਂਦੀ, ਹੀਰੇ, ਮੋਤੀ, ਜਵਾਹਰਾਤ ਅਤੇ ਅਮੀਰ ਗਹਿਣਿਆਂ ਦੀ ਵਿਸ਼ਾਲ ਦੌਲਤ ਸੀ, ਜਿਸ ਨੂੰ ਸਦੀਆਂ ਦੌਰਾਨ ਇਕੱਠਾ ਕੀਤਾ ਗਿਆ ਸੀ, ਨੂੰ ਲੁੱਟ ਕੇ ਕਾਫ਼ਲਿਆਂ ਰਾਹੀਂ ਗਜ਼ਨੀ ਭੇਜਿਆ ਗਿਆ। ਸਮਕਾਲੀ ਫ਼ਾਰਸੀ ਇਤਿਹਾਸਕਾਰ ਅਲ-ਬਰੂਨੀ, ਜੋ ਕਦੇ-ਕਦਾਈਂ 1017 ਅਤੇ 1030 ਈ. ਦੇ ਵਿਚਕਾਰ ਮਹਿਮੂਦ ਦੀਆਂ ਫ਼ੌਜਾਂ ਦੇ ਨਾਲ ਆਉਂਦਾ ਹੁੰਦਾ ਸੀ ਅਤੇ ਉੱਤਰ-ਪੱਛਮੀ ਭਾਰਤੀ ਉਪ-ਮਹਾਂਦੀਪ ਖੇਤਰ ਵਿਚ ਰੁਕ-ਰੁਕ ਕੇ ਰਹਿੰਦਾ ਸੀ, ਅਨੁਸਾਰ ਹਮਲੇ ਦੌਰਾਨ 20,000,000 ਦੀਨਾਰ ਦੀ ਲੁੱਟ ਹੋਈ, ਜਿਸ ਵਿਚ ਸ਼ਹਿਰ ਦਾ ਸੋਨਾ ਵੀ ਸ਼ਾਮਿਲ ਸੀ। ਅਲ-ਬਰੂਨੀ ਇਨ੍ਹਾਂ ਹਮਲਿਆਂ ਨੂੰ ਭਾਰਤ ਦੀ 'ਖੁਸ਼ਹਾਲੀ ਨੂੰ ਬਰਬਾਦ ਕਰਨ', 'ਸਾਰੇ ਵਿਦੇਸ਼ੀਆ ਲਈ ਹਿੰਦੂਆਂ ਵਿਚ ਦੁਸ਼ਮਣੀ ਪੈਦਾ ਕਰਨ' ਵਾਲਾ ਕਹਿ ਕੇ ਤਿੱਖੀ ਆਲੋਚਨਾ ਕਰਦਾ ਹੈ। ਇਸ ਹਮਲੇ ਦੀ ਪੁਸ਼ਟੀ ਹੋਰ ਇਸਲਾਮੀ ਇਤਿਹਾਸਕਾਰਾਂ ਅਤੇ ਫ਼ਾਰਸੀ ਸਰੋਤਾਂ ਵਿਚ ਵੀ ਕੀਤੀ ਗਈ ਹੈ। ਇਤਿਹਾਸਕਾਰ ਰੋਮਿਲਾ ਥਾਪਰ ਅਨੁਸਾਰ, ਇਸ ਤੋਂ ਬਾਅਦ ਸੋਮਨਾਥ ਮੰਦਰ ਬਾਰਾਂ ਸਾਲਾਂ ਦੇ ਅੰਦਰ ਮੁਰੰਮਤ ਕਰ ਦਿੱਤਾ ਗਿਆ ਸੀ ਅਤੇ 1038 ਈ. ਤੱਕ ਇਹ ਇਕ ਸਰਗਰਮ ਤੀਰਥ ਸਥਾਨ ਬਣਿਆ ਹੋਇਆ ਸੀ।
ਅਲ-ਬਰੂਨੀ ਅਨੁਸਾਰ ਸੋਮਨਾਥ ਇੰਨਾ ਮਸ਼ਹੂਰ ਸੀ, ਕਿਉਂਕਿ ਇਹ ਸਮੁੰਦਰੀ ਲੋਕਾਂ ਲਈ ਬੰਦਰਗਾਹ ਸੀ ਅਤੇ ਜ਼ੰਜ (ਪੂਰਬੀ ਅਫਰੀਕਾ) ਅਤੇ ਚੀਨ ਦੇ ਦੇਸ਼ ਵਿਚ ਸੁਫਾਲਾ ਦੇ ਵਿਚਕਾਰ ਆਉਣ-ਜਾਣ ਵਾਲਿਆਂ ਲਈ ਇਕ ਠਾਹਰ ਭਾਵ ਸਟੇਸ਼ਨ ਸੀ । ਸੋਮਨਾਥ ਮੰਦਰ ਸਰਸਵਤੀ ਨਦੀ ਦੇ ਮੁੱਖ ਤੋਂ ਤਿੰਨ ਮੀਲ ਪੱਛਮ ਵੱਲ ਸੀ। ਇਹ ਮੰਦਰ ਹਿੰਦ ਮਹਾਂਸਾਗਰ ਦੇ ਤੱਟ 'ਤੇ ਸਥਿਤ ਸੀ ਤਾਂ ਜੋ ਪ੍ਰਵਾਹ ਦੇ ਸਮੇਂ ਮੂਰਤੀ ਨੂੰ ਇਸਦੇ ਪਾਣੀ ਨਾਲ ਇਸ਼ਨਾਨ ਕਰਵਾਇਆ ਜਾ ਸਕੇ।
1169 ਈ. ਵਿਚ ਗੁਜਰਾਤ ਦੇ ਰਾਜਾ ਕੁਮਾਰਪਾਲ (1143-72 ਈ) ਨੇ ਸੋਮਨਾਥ ਮੰਦਰ ਨੂੰ ਸ਼ਾਨਦਾਰ ਪੱਥਰ ਅਤੇ ਗਹਿਣਿਆਂ ਨਾਲ ਜੜ੍ਹ ਕੇ ਇਸਦਾ ਪੁਨਰ ਨਿਰਮਾਣ ਕਰਵਾਇਆ। 1299 ਈ. ਵਿਚ ਅਲਾਉਦੀਨ ਖ਼ਿਲਜੀ ਦੇ ਸੈਨਾਪਤੀ ਉਲੂਗ ਖਾਨ ਨੇ ਗੁਜਰਾਤ ਦੇ ਵਾਘੇਲਾ ਰਾਜਾ ਨੂੰ ਹਰਾਇਆ ਅਤੇ ਸੋਮਨਾਥ ਮੰਦਰ ਨੂੰ ਫਿਰ ਤਬਾਹ ਕੀਤਾ। ਅਮੀਰ ਖੁਸਰੋ ਦੀ ਖਜ਼ੈਨੁਲ-ਫੁਤੁਹ, ਜ਼ਿਆਉਦੀਨ ਬਰਨੀ ਦੀ ਤਾਰੀਖ-ਏ-ਫਿਰੋਜ਼ ਸ਼ਾਹੀ ਅਤੇ ਜੀਨਪ੍ਰਭਾ ਸੂਰੀ ਦੀ ਵਿਵਿਧਾ-ਤੀਰਥ-ਕਲਪ ਵਰਗੇ ਸਰੋਤ ਦੱਸਦੇ ਹਨ ਕਿ ਮੰਦਰ ਵਿਚਲੀ ਮੂਰਤੀ ਨੂੰ ਦਿੱਲੀ ਲਿਜਾ ਕੇ ਜਾਮਾ ਮਸਜਿਦ ਦੀਆਂ ਪੌੜੀਆਂ ਵਿਚ ਮੁਸਲਮਾਨਾਂ ਦੇ ਪੈਰਾਂ ਹੇਠ ਮਿੱਧਣ ਲਈ ਸੁੱਟ ਦਿੱਤਾ ਗਿਆ ਸੀ।
ਫਿਰ 1308 ਈ. ਵਿਚ ਸੌਰਾਸ਼ਟਰ ਦੇ ਚੁੜਾਸਮਾ ਰਾਜਾ ਮਹੀਪਾਲ ਪਹਿਲੇ ਵਲੋਂ ਸੋਮਨਾਥ ਮੰਦਰ ਨੂੰ ਦੁਬਾਰਾ ਬਣਾਇਆ ਗਿਆ ਅਤੇ ਲਿੰਗਮ ਨੂੰ ਉਸ ਦੇ ਪੁੱਤਰ ਖੇਂਗੜਾ ਨੇ 1331 ਈ. ਅਤੇ 1351 ਈ. ਦੇ ਵਿਚਕਾਰ ਸਥਾਪਿਤ ਕੀਤਾ। 1395 ਈ. ਵਿਚ, ਦਿੱਲੀ ਸਲਤਨਤ ਦੇ ਅਧੀਨ ਗੁਜਰਾਤ ਦੇ ਗਵਰਨਰ ਜ਼ਫਰ ਖਾਨ ਨੇ ਮੰਦਰ ਨੂੰ ਤਬਾਹ ਕੀਤਾ ਅਤੇ ਫਿਰ 1451 ਈ. ਵਿਚ ਇਸਨੂੰ ਗੁਜਰਾਤ ਦੇ ਸੁਲਤਾਨ ਮਹਿਮੂਦ ਬੇਗੜਾ ਵਲੋਂ ਵੀ ਅਪਵਿੱਤਰ ਕੀਤਾ ਗਿਆ ਸੀ।
ਮੁਗਲ ਬਾਦਸ਼ਾਹ ਔਰੰਗਜ਼ੇਬ ਵਲੋਂ ਜਿਨ੍ਹਾਂ ਮੰਦਰਾਂ ਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਉਸ ਵਿਚ, ਸੋਮਨਾਥ ਮੰਦਰ ਵੀ ਸ਼ਾਮਿਲ ਸੀ। ਔਰੰਗਜ਼ੇਬ ਨੇ 1706 ਈ. ਵਿਚ ਸੋਮਨਾਥ ਮੰਦਰ ਨੂੰ ਤਬਾਹ ਕਰਨ ਅਤੇ ਇਸਨੂੰ ਮਸਜਿਦ ਵਿਚ ਬਦਲਣ ਦਾ ਹੁਕਮ ਦਿੱਤਾ।
1783 ਤੋਂ 1786 ਈ. ਵਿਚ ਮਾਲਵੇ ਦੀ ਮਹਾਰਾਣੀ ਅਹਿਲਿਆਬਾਈ ਹੋਲਕਰ ਨੇ ਮੁੱਖ ਤੀਰਥ ਸਥਾਨ, ਜੋ ਉਸ ਸਮੇਂ ਖੰਡਰ ਬਣ ਚੁੱਕੇ ਸਨ, ਦੇ ਨੇੜੇ ਇਕ ਵੱਖਰੇ ਛੋਟੇ ਮੰਦਰ ਦਾ ਪੁਨਰ ਨਿਰਮਾਣ ਕਰਵਾਇਆ ਜਿਸ ਨੂੰ ਅਕਸਰ ਪੁਰਾਣਾ ਸੋਮਨਾਥ ਮੰਦਰ ਜਾਂ ਅਹਿਲਿਆਬਾਈ ਮੰਦਰ ਵਜੋਂ ਜਾਣਿਆ ਜਾਂਦਾ ਹੈ, ਮੌਜੂਦਾ ਮੰਦਰ ਇਸਦੇ ਨਾਲ ਸਥਿਤ ਹੈ।
1842 ਈ. ਵਿਚ, ਪਹਿਲੇ ਐਂਗਲੋ-ਅਫਗਾਨ ਯੁੱਧ ਦੌਰਾਨ, ਭਾਰਤ ਦੇ ਗਵਰਨਰ-ਜਨਰਲ ਲਾਰਡ ਐਲਨਬਰੋ ਨੇ ਆਪਣੀਆਂ ਫ਼ੌਜਾਂ ਨੂੰ ਅਫ਼ਗਾਨਿਸਤਾਨ ਦੇ ਗਜ਼ਨੀ ਵਿਚ ਮਹਿਮੂਦ ਦੇ ਮਕਬਰੇ ਤੋਂ ਸੋਮਨਾਥ ਮੰਦਰ ਦੇ ਚੰਦਨ ਦੀ ਲੱਕੜ ਦੇ ਦਰਵਾਜ਼ੇ ਭਾਰਤ ਵਾਪਸ ਲਿਆਉਣ ਦਾ ਹੁਕਮ ਦਿੱਤਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਸੋਮਨਾਥ ਮੰਦਰ : ਇਕ ਹਜ਼ਾਰ ਸਾਲ ਦਾ ਸਫ਼ਰ
ਅਜੀਤ ਡੈਸਕ
25-01-2026