ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਇਕ ਘਰ ਧੀ ਦੇ ਨਾਂਅ ਦਾ....

Ad Position 21
No active advertisement
ਅਜੀਤ ਡੈਸਕ 25-01-2026

ਧੀ ਜੰਮੀ ਤਾਂ ਮਾਪੇ ਕਹਿਣ, ਪਰਾਈ ਐ ਧੀਏ
ਸਹੁਰੇ ਘਰ ਵਿਚ ਕਹਿਣ, ਬੇਗਾਨੀ ਜਾਈ ਐ ਧੀਏ
ਕਿਸ ਘਰ ਦੀ ਮੈਂ ਆਖਾਂ
ਤੈਨੂੰ ਕਿੰਝ ਸਤਿਕਾਰ ਦੇਵਾ
ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦੇਵਾਂ
ਗੁਰਦਾਸ ਮਾਨ ਦੀ ਕਲਮ ਦੇ ਇਹ ਬੋਲ ਹਰ ਇਕ ਨੇ ਹੀ ਸੁਣੇ ਹੋਣਗੇ, ਜਦ ਮੈਂ ਸੁਣਦੀ ਹਾਂ ਤਾਂ ਇਨ੍ਹਾਂ ਸ਼ਬਦਾਂ ਨੂੰ ਵਾਰ-ਵਾਰ ਘੋਖਿਆ, ਇਹਦੀ ਸਤਰ 'ਕਿਸ ਘਰ ਦੀ ਮੈਂ ਆਖਾਂ' ਉੱਪਰ ਜਿਉਂ ਹੀ ਮੇਰੀ ਨਜ਼ਰ ਟਿਕੀ ਮੇਰੇ ਦਿਮਾਗ 'ਚ ਜਿਵੇਂ ਟਿਕ-ਟਿਕ ਜਿਹੀ ਹੋਣ ਲੱਗ ਪਈ ਕਿ ਵਾਕਿਆ ਹੀ ਧੀ ਦੇ ਨਾਂਅ ਦਾ ਘਰ ਤਾਂ ਕੋਈ ਵੀ ਸਦੀਵੀ ਨਹੀਂ ਹੁੰਦਾ, ਬੇਸ਼ੱਕ ਧੀਆਂ ਪ੍ਰਤੀ ਸਮਾਜ ਬਦਲ ਰਿਹਾ ਹੈ। ਧੀਆਂ ਨੂੰ ਹੁਣ ਵਾਕਿਆ ਹੀ ਲਾਡ-ਪਿਆਰ ਮਿਲ ਰਿਹਾ ਹੈ, ਬਰਾਬਰਤਾ ਮਿਲ ਰਹੀ ਹੈ, ਪਿਓ ਦੇ ਰਿਸ਼ਤੇ ਦਾ ਨਿੱਘ ਮਿਲ ਰਿਹਾ ਹੈ, ਦਿਲ ਦੀ ਗੱਲ ਸੁਣਨ ਤੇ ਕਹਿਣ ਦੇ ਸਮਰੱਥ ਹੁੰਦੀ ਜਾ ਰਹੀ ਹੈ ਅੱਜ ਦੀ ਧੀ। ਹਾਲਾਤ ਬਦਲ ਰਹੇ ਨੇ, ਸੋਚ ਬਦਲ ਰਹੀ ਹੈ,ਤੇ ਸਮਾਜ ਦੀ ਤਰੱਕੀ ਵਿਚ ਔਰਤ ਦੁਆਰਾ ਪਾਏ ਜਾ ਰਹੇ ਯੋਗਦਾਨ ਨੂੰ ਵੀ ਹੁਣ ਵਿਚਾਰਿਆ ਜਾ ਰਿਹਾ ਹੈ। ਦੇਸ਼ ਹੋਵੇ ਚਾਹੇ ਵਿਦੇਸ਼ ਹਰ ਖੇਤਰ ਦੇ ਵਿਚ ਹੀ ਧੀਆਂ ਅੱਗੇ ਵੱਧ ਰਹੀਆਂ ਹਨ। ਬੇਸ਼ੱਕ ਚੁਣੌਤੀਆਂ ਤੇ ਸਮਾਜ ਕਈ ਵਾਰ ਰਾਹ 'ਚ ਅਟਕਲਾਂ ਬਣ ਮੂਹਰੇ ਆਉਂਦੇ ਹਨ, ਪਰ ਜਿਸ ਹਿੰਮਤ ਅਤੇ ਹੌਸਲੇ ਨਾਲ ਹਰ ਮੁਸ਼ਕਲ ਨੂੰ ਪਾਰ ਕਰਦੀਆਂ ਹਨ, ਉਹੀ ਜਜ਼ਬਾ ਉਨ੍ਹਾਂ ਨੂੰ ਸਮਾਜ ਵਿਚ ਵਿਲੱਖਣਤਾ ਪ੍ਰਦਾਨ ਕਰਦਾ ਹੈ। ਮੈਨੂੰ ਕਈ ਵਾਰ ਇੰਝ ਪ੍ਰਤੀਤ ਹੁੰਦਾ ਜਦ ਧੀ ਹਾਲਾਤਾਂ ਤੋਂ ਥੱਕ ਕੇ, ਹਾਰ ਕੇ,ਚੂਰ ਹੋ ਕੇ ਟੁੱਟਣ ਲੱਗਦੀ ਹੈ ਤਾਂ ਸ਼ੀਸ਼ੇ ਵਿਚ ਆਪਣੇ-ਆਪ ਨੂੰ ਵੇਖ ਕੇ, ਮੁਸਕਰਾਉਂਦਿਆਂ ਹੋਇਆਂ ਆਪਣੇ ਮੋਢੇ ਖੁਦ ਹੀ ਥਪਥਪਾ ਕੇ ਉੱਠ ਖੜ੍ਹਦੀ ਹੈ ਇਹ ਕਹਿੰਦਿਆਂ ਹੋਇਆਂ ਕਿ:
ਹਾਲੇ ਮੈਂ ਸਫ਼ਰ 'ਚ ਹਾਂ, ਥੱਕ ਵੀ ਚੁੱਕੀ ਹਾਂ,
ਅੱਕ ਵੀ ਚੁੱਕੀ ਹਾਂ,
ਪਰ ਚੂਰ-ਚੂਰ ਨਹੀਂ ਹਾਂ,
ਵਜੂਦ ਸਿਸਕਦਾ ਹੈ ਮੇਰਾ..
ਮੇਰੀ ਪਹਿਚਾਣ ਲਈ।
ਜਿਹੜੀਆਂ ਧੀਆਂ ਪਿੰਡ ਦੀ ਬੱਸ ਵਿਚੋਂ ਸ਼ਹਿਰ ਤੱਕ ਦਾ ਸਫ਼ਰ ਇਕੱਲਿਆਂ ਕਰਨ ਤੋਂ ਹਿਚਕਿਚਾਉਂਦੀਆਂ ਸੀ, ਉਨ੍ਹਾਂ ਨੂੰ ਅੱਜ ਮੀਲਾਂ ਦਾ ਹਵਾਈ ਸਫ਼ਰ ਕਿਸੇ ਅਣਦਿਸਦੀ ਮੰਜ਼ਿਲ, ਆਜ਼ਾਦੀ ਤੇ ਨਵੀਂ ਜ਼ਿੰਦਗੀ ਦੀ ਭਾਲ ਵਿਚ ਕਰਦਿਆਂ ਬੇਹੱਦ ਹੈਰਾਨੀ ਵੀ ਹੁੰਦੀ ਹੈ ਤੇ ਫ਼ਖ਼ਰ ਵੀ ਮਹਿਸੂਸ ਹੁੰਦਾ ਕਿ ਉਹ ਆਤਮ-ਨਿਰਭਰ ਹੋਣ ਵੱਲ ਕਦਮ ਵਧਾ ਰਹੀਆਂ ਹਨ। ਸਭ ਤੋਂ ਅਹਿਮ ਖੁਦ ਦੇ ਲਈ ਕਮਾਊ ਬਣ ਕੇ ਭਵਿੱਖ ਨੂੰ ਸੁਰੱਖਿਅਤ ਕਰ ਰਹੀਆਂ ਹਨ। ਕਿਸੇ ਦੀ ਮੁਥਾਜ਼ ਨਾ ਰਹਿਣ ਦੀ ਕੋਸ਼ਿਸ਼ ਵਿਚ ਸਫ਼ਲਤਾਪੂਰਵਕ ਕਦਮ ਵਧਾ ਰਹੀਆਂ ਹਨ। ਵਿਦੇਸ਼ ਹੀ ਨਹੀਂ, ਸਾਡੇ ਦੇਸ਼ ਵਿਚ ਵੀ ਹਰ ਖੇਤਰ ਦੇ ਵਿਚ ਅੱਜ ਧੀਆਂ ਜ਼ਿੰਮੇਵਾਰੀ ਚੁੱਕਣ ਦੇ ਵਿਚ ਸਮਰੱਥ ਹੁੰਦੀਆਂ ਨਜ਼ਰ ਆ ਰਹੀਆਂ ਹਨ। ਖੁਦ ਦੇ ਲਈ ਤਾਂ ਜਿੱਥੇ ਸਹਾਰਾ ਬਣ ਹੀ ਰਹੀਆਂ ਹਨ, ਆਪਣੇ ਪਰਿਵਾਰ ਨੂੰ ਵੀ ਵਿੱਤੀ ਤੌਰ 'ਤੇ ਮਜ਼ਬੂਤੀ ਪ੍ਰਦਾਨ ਕਰ ਰਹੀਆਂ ਹਨ। ਅੱਜ ਇਕੱਲੀ ਧੀ ਵੀ ਔਲਾਦ ਦੇ ਰੂਪ ਵਿਚ ਮਾਂ-ਬਾਪ ਵਲੋਂ ਪ੍ਰਵਾਨਿਤ ਹੈ, ਉਸ ਦਾ ਪਿਆਰ ਨਾਲ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ। ਪਰ ਕਿੰਨਾ ਵਧੀਆ ਪ੍ਰਤੀਤ ਹੋਵੇ ਜਦ ਇਕ ਧੀ ਨੂੰ ਧੀ ਹੋਣ ਦਾ ਹੀ ਸਨਮਾਨ ਦਈਏ ਐਨਾ ਸਮਰੱਥ ਬਣਾਇਆ ਜਾਵੇ ਕਿ ਉਸ ਦੀ ਤੁਲਨਾ ਪੁੱਤ ਨਾਲ ਨਾ ਕੀਤੀ ਜਾਵੇ,ਨਾ ਹੀ ਧੀ ਨੂੰ ਇਹ ਕਹਿਣਾ ਪਵੇ ਕਿ ਮੈਂ ਪੁੱਤ ਬਣ ਕੇ ਤੁਹਾਡਾ ਸਾਥ ਦਿੱਤਾ। ਉਸਨੂੰ ਇਹ ਕਹਿ ਕੇ ਸਤਿਕਾਰਿਤ ਕਰੀਏ ਕਿ ਉਸ ਨੇ ਇਕ ਧੀ ਹੋਣ ਦੇ ਆਪਣੇ ਪਰਿਵਾਰ ਪ੍ਰਤੀ ਸਭ ਫਰਜ਼ ਨਿਭਾਏ, ਕੀ ਅਸੀਂ ਉਸ ਦੀ ਤੁਲਨਾ ਪੁੱਤ ਨਾਲ ਕਰਕੇ ਉਸ ਦੀ ਹੋਂਦ ਅਤੇ ਵਜੂਦ ਨੂੰ ਛੋਟਾ ਨਹੀਂ ਕਰ ਦਿੰਦੇ। ਉਸ ਦਾ ਦਿਲ ਦੁਖੀ ਹੁੰਦਾ ਹੈ, ਚਾਹੇ ਉਹ ਮਹਿਸੂਸ ਕਰਾਵੇ ਜਾਂ ਨਾ ਕਿ ਮੈਂ ਆਪਣੇ ਪਰਿਵਾਰ ਲਈ ਹਰ ਇਕ ਫਰਜ਼ ਨਿਭਾਇਆ ਫਿਰ ਵੀ ਮੈਨੂੰ ਪੁੱਤ ਦੇ ਤਰਾਜੂ ਵਿਚ ਤੋਲ ਕੇ ਮੇਰਾ ਵਜ਼ਨ ਘਟਾ ਦਿੱਤਾ ਜਾਂਦਾ ਹੈ। ਸ਼ਬਦਾਂ ਵਿਚਲੀ ਬਰਾਬਰਤਾ ਕੀ ਸਾਡੇ ਦਿਲ ਵਿਚ ਵੀ ਹੈ ਜਾਂ ਨਹੀਂ? ਇੱਥੇ ਸੋਚਣਾ ਪਵੇਗਾ! ਕੀ ਮਾਂ-ਪਿਓ ਦੇ ਘਰ ਵਿਚ ਉਸ ਦੀ ਬਰਾਬਰਤਾ ਹੈ? ਕਿੰਨਾ ਚੰਗਾ ਹੋਵੇ ਜੇ ਪਿਓ ਆਪਣੀ ਧੀ ਨੂੰ ਕੋਈ ਜਾਇਦਾਦ ਬੇਸ਼ੱਕ ਨਾ ਦੇਵੇ, ਪਰ ਉਸ ਨੂੰ ਇਕ ਘਰ ਜ਼ਰੂਰ ਬਣਾ ਕੇ ਦੇਵੇ, ਜਿਸ ਨੂੰ ਉਹ ਫ਼ਖ਼ਰ ਨਾਲ ਕਹਿ ਸਕੇ ਕਿ ਇਹ ਸਿਰਫ਼ ਮੇਰਾ ਘਰ ਹੈ, ਜਿੱਥੇ ਉਹ ਸਕੂਨ ਨਾਲ ਇਕਲਿਆਂ ਖ਼ੁਦ ਨਾਲ ਵਖ਼ਤ ਬਿਤਾ ਸਕੇ, ਕਦੀ ਜ਼ਿੰਦਗੀ ਕੋਈ ਦਗ਼ਾ ਕਰ ਜਾਵੇ ਤਾਂ ਇਹ ਘਰ ਉਸ ਨਾਲ ਵਫ਼ਾ ਨਿਭਾ ਜਾਵੇ। ਸੋ ਇਕ ਘਰ ਧੀ ਦੇ ਲਈ ਜੋ ਨਾ ਪੇਕਿਆਂ ਦਾ ਹੋਵੇ ਨਾ ਸਹੁਰਿਆਂ ਦਾ, ਜੋ ਉਸ ਦਾ ਆਪਣਾ ਹੋਵੇ। ਉਸ ਨੂੰ ਕੋਈ ਇਹ ਨਾ ਕਹਿ ਸਕੇ ਕਿ ਇਹ ਤੇਰਾ ਘਰ ਨਹੀਂ ਹੈ। ਹੁਣ ਖੁਦ ਸਮਰੱਥ ਹੋ ਰਹੀਆਂ ਧੀਆਂ ਦੀ ਲੋਹੜੀ ਉਨ੍ਹਾਂ ਦੇ ਲਈ ਇਕ ਘਰ ਬਣਾ ਕੇ ਮਨਾਈਏ, ਇਕ ਘਰ ਧੀ ਦੇ ਨਾਂਅ' ਦੀ ਕੋਈ ਨਵੀਂ ਰੀਤ ਪਾ ਪ੍ਰੀਤ ਨਿਭਾਈਏ। ਜਿਵੇਂ ਲੇਖਕ ਗੁਰਨਾਮ ਸਿੰਘ ਤੀਰ ਨੇ ਆਪਣੀ ਬੇਟੀ ਬੱਬੂ ਤੀਰ ਲਈ ਬਣਾਇਆ, ਜਿੱਥੇ ਉਹ ਜਦੋਂ ਵੀ ਉਦਾਸ ਹੋਵਣ ਤਾਂ ਆਪਣੇ ਪਿਤਾ ਦਾ ਉਸ ਘਰ ਵਿਚੋਂ ਨਿੱਘ ਮਾਨਣ ਲਈ ਚਲੇ ਜਾਂਦੇ ਹਨ। ਉਹ ਦੱਸਦੇ ਕਿ ਅਕਸਰ ਜਦ ਮੈਂ ਇਸ ਘਰ ਵਿਚ ਆਉਂਦੀ ਹਾਂ ਤਾਂ ਮੈਨੂੰ ਇੰਝ ਲੱਗਦਾ ਜਿਵੇਂ ਮੇਰਾ ਪਿਓ ਆਪ ਮੇਰੇ ਲਈ ਦਰਵਾਜ਼ਾ ਖੋਲ੍ਹ ਕੇ, ਮੇਰਾ ਇੰਤਜ਼ਾਰ ਕਰ ਰਿਹਾ ਹੋਵੇ। ਬਾਬੁਲ ਦਾ ਘਰ ਧੀ ਨੂੰ ਜਹਾਨ ਵਿਚ ਸਭ ਤੋਂ ਪਿਆਰਾ ਹੁੰਦਾ ਹੈ।
ਮੇਰੀ ਇਕ ਬਹੁਤ ਹੀ ਖਾਸ ਸਹੇਲੀ, ਜਿਸ ਨੂੰ ਜ਼ਿੰਦਗੀ ਨੇ ਬੇਹੱਦ ਦੁੱਖ ਦਿੱਤੇ, ਪਰ ਉਸ ਦੇ ਪਿਤਾ ਦੇ ਸ਼ਬਦਾਂ ਨੇ ਕਿ ਮੇਰੀ ਧੀ ਕਿਸੇ ਦੀ ਵੀ ਮੁਥਾਜ਼ ਨਹੀਂ ਰਹੇਗੀ ਨੇ ਉਸ ਨੂੰ ਹਿੰਮਤ ਦਿੱਤੀ। ਉਸ ਨੂੰ ਇਕ ਖੁਦ ਦਾ ਘਰ ਬਣਾ ਕੇ ਦਿੱਤਾ, ਅੱਜ ਉਹ ਖੁਦ ਕਾਨਵੈਂਟ ਸਕੂਲ ਵਿਚ ਬਤੌਰ ਅਧਿਆਪਿਕਾ ਨੌਕਰੀ ਕਰ ਰਹੀ ਹੈ, ਆਪਣੇ ਬੇਟੇ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਆਪਣੇ ਭਰਾਵਾਂ ਨਾਲ ਸੋਹਣੇ ਰਿਸ਼ਤੇ ਨਿਭਾ ਰਹੀ ਹੈ। ਪਿਤਾ ਦਾ ਸਿਰ ਤੋਂ ਸਾਇਆ ਉੱਠ ਜਾਣ ਤੋਂ ਬਾਅਦ ਵੀ ਉਹ ਕਹਿੰਦੀ ਕਿ 'ਮੈਂ ਅਨਾਥ ਨਹੀਂ ਹਾਂ।' ਮੇਰਾ ਘਰ ਮੇਰਾ ਬਾਬੁਲ ਹੈ। ਮੈਂ ਆਪਣੇ ਪਿਤਾ ਦੀ ਸ਼ੁਕਰਗੁਜ਼ਾਰ ਹਾਂ। ਰਿਣੀ ਹਾਂ। ਕੀ ਆਪਾਂ ਧੀਆਂ ਨੂੰ ਸਮਰੱਥ ਬਣਾਉਣ ਵੱਲ ਇਕ ਹੋਰ ਆਸ਼ਾਵਾਦੀ ਕਦਮ ਵਧਾ ਸਕਦੇ ਹਾਂ। ਆਓ ਵਿਚਾਰ ਕਰੀਏ। ਉਸਨੂੰ ਸੁਪਨਿਆਂ ਦਾ ਘਰ ਤੇ ਦਰ ਦਈਏ। ਆਓ, ਧੀਆਂ ਨਾਲ ਵੀ ਵਫ਼ਾ ਨਿਭਾਈਏ। ਆਓ, ਆਪਣੇ ਹਿੱਸੇ ਦੀ ਥੋੜ੍ਹੀ ਜਿਹੀ ਦੁਨੀਆ ਉਨ੍ਹਾਂ ਤੋਂ ਵੀ ਵਾਰ ਦਈਏ। ਉਨ੍ਹਾਂ ਦੀ ਹੋਂਦ ਨੂੰ ਉਜਾਗਰ ਕਰ, ਆਤਮ ਨਿਰਭਰ ਬਣਾ, ਧੀ ਹੋਣ ਦਾ ਸਥਾਪਿਤ ਰੁਤਬਾ ਦਈਏ ਉਹ ਫ਼ਖ਼ਰ ਨਾਲ ਕਹੇ:
ਹਾਂ ਮੈਂ ਧੀ ਹਾਂ...
ਘਰ ਦਾ ਅਹਿਮ ਜੀਅ ਹਾਂ
ਬੁਨਿਆਦ ਹਾਂ, ਨੀਂਹ ਹਾਂ....
ਮੈਂ ਆਪਣੇ ਬਾਬੁਲ ਦੀ....
ਲਾਡਲੀ ਧੀ ਹਾਂ.....

-ਮੋਬਾਈਲ : 79739-80928

Ad Position 22
No active advertisement
ਪਿਛਲੀ ਖ਼ਬਰ ਹੀਰ-ਰਾਂਝੇ ਨੂੰ ਅਮਰ ਕਰਨ ਵਾਲਾ ਕਵੀਆਂ ਦਾ ਬਾਬਾ ਬੋਹੜ-ਸੱਯਦ ਵਾਰਿਸ ਸ਼ਾਹ ਅਗਲੀ ਖ਼ਬਰ ਸੋਮਨਾਥ ਮੰਦਰ : ਇਕ ਹਜ਼ਾਰ ਸਾਲ ਦਾ ਸਫ਼ਰ
Ad Position 24
No active advertisement