ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਹੀਰ-ਰਾਂਝੇ ਨੂੰ ਅਮਰ ਕਰਨ ਵਾਲਾ ਕਵੀਆਂ ਦਾ ਬਾਬਾ ਬੋਹੜ-ਸੱਯਦ ਵਾਰਿਸ ਸ਼ਾਹ

Ad Position 21
No active advertisement
ਅਜੀਤ ਡੈਸਕ 25-01-2026

ਕੋਈ ਵੀ ਮਨੁੱਖ ਕਿਸੇ ਨੂੰ ਅਮਰ ਕਰਨ ਦੀ ਸਮਰੱਥਾ ਰੱਖਦਾ ਹੈ, ਤਾਂ ਉਹ ਆਪ ਵੀ ਅਮਰ ਹੋ ਜਾਂਦਾ ਹੈ। ਅਥਾਹ ਗਿਆਨ ਹੋਣਾ, ਸ਼ਬਦਾਂ ਦਾ ਭੰਡਾਰ ਹੋਣਾ, ਬੋਲੀ ਵਿਚ ਮਿਠਾਸ ਹੋਣਾ, ਯਾਦਾਸ਼ਤ ਪੂਰੀ ਕਾਇਮ ਹੋਣੀ, ਲਗਨ ਹੋਣੀ, ਮਿਹਨਤ ਕਰਨ ਤੋਂ ਨਾ ਅੱਕਣਾ, ਨਾ ਥੱਕਣਾ, ਆਸ਼ਾਵਾਦੀ ਹੋਣਾ ਅਤੇ ਹੌਸਲਾ ਰੱਖਣ ਵਾਲਾ ਇਨਸਾਨ ਪ੍ਰਸਿੱਧੀ ਵੀ ਖੱਟਦਾ ਹੈ, ਆਪਣੀ ਮੰਜ਼ਿਲ ਵੀ ਪਾਉਂਦਾ ਹੈ ਅਤੇ ਲੋਕਾਂ ਲਈ ਚਾਨਣ ਮੁਨਾਰਾ ਵੀ ਬਣਦਾ ਹੈ। ਲੋਕ ਉਸ ਨੂੰ ਆਪਣਾ ਬਣਾ ਲੈਂਦੇ ਹਨ ਤੇ ਉਹ ਸਦਾ ਲਈ ਲੋਕਾਂ ਦਾ ਹੋ ਜਾਂਦਾ ਹੈ। ਉਹ ਸਮਾਜ ਲਈ ਰਾਹ ਦਸੇਰਾ ਬਣ ਜਾਂਦਾ ਹੈ, ਹੱਟੀ, ਭੱਠੀ, ਸੱਥੀਂ ਉਸ ਦੀਆਂ ਗੱਲਾਂ ਤੁਰਦੀਆਂ ਹਨ। ਲੋਕ ਉਸ ਦੀ ਜ਼ੁਬਾਨੋਂ ਨਿਕਲੇ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਂਦੇ ਰਹਿੰਦੇ ਹਨ। ਉਸ ਦੇ ਕਹੇ, ਲਿਖੇ ਵਾਕ ਲੋਕਾਂ ਦੀ ਜ਼ੁਬਾਨ 'ਤੇ ਆਪ ਮੂਹਾਰੇ ਆ ਚੜ੍ਹਦੇ ਹਨ। ਇਕ ਅਜਿਹਾ ਹੀ ਸ਼ਖ਼ਸ ਹੋਇਆ ਹੈ, ਜੋ ਕਿੱਸਾ ਹੀਰ-ਰਾਂਝੇ ਨੂੰ ਅਮਰ ਕਰਦਾ-ਕਰਦਾ ਆਪ ਵੀ ਅਮਰ ਹੋ ਗਿਆ। ਉਹ ਹੈ ਸੱਯਦ ਵਾਰਿਸ ਸ਼ਾਹ।
ਸੱਯਦ ਵਾਰਿਸ ਸ਼ਾਹ ਦੀ ਅਸਲ ਜਨਮ ਤਰੀਖ ਦਾ ਤਾਂ ਸਹੀ ਪਤਾ ਨਹੀਂ ਪਰ ਵਾਰਿਸ ਸ਼ਾਹ ਦੀਆਂ ਇਤਿਹਾਸਕਾਰ ਵੱਖ-ਵੱਖ ਜਨਮ ਮਿਤੀਆਂ ਦੱਸਦੇ ਹਨ। ਕੁਝ ਇਤਿਹਾਸਕਾਰਾਂ ਦੇ ਮੁਤਾਬਕ 23 ਜਨਵਰੀ, 1722 ਈ: ਹੈ। ਵਾਰਿਸ ਸ਼ਾਹ ਦਾ ਜਨਮ ਗੁਲਸ਼ੇਰ ਖਾਂ ਦੇ ਘਰ ਪਿੰਡ ਜੰਡਿਆਲਾ ਸ਼ੇਰ ਖਾਂ, ਜ਼ਿਲ੍ਹਾ ਸ਼ੇਖੂਪੁਰ (ਪਾਕਿਸਤਾਨ) 'ਚ ਹੋਇਆ। ਉਨ੍ਹਾਂ ਨੇ ਕਸੂਰ ਅਤੇ ਪਾਕ ਪਟਨ ਤੋਂ ਵਿੱਦਿਆ ਹਾਸਿਲ ਕੀਤੀ। ਉਹ ਮੁੱਢ ਤੋਂ ਹੀ ਗਾਉਣ ਦਾ ਸ਼ੌਂਕ ਰੱਖਦਾ ਸੀ, ਹੌਲੀ-ਹੌਲੀ ਲਿਖਣ ਦੀ ਚੇਟਕ ਵੀ ਲੱਗ ਗਈ ਅਤੇ ਗਾਉਣ ਵੀ ਲੱਗ ਪਏ। ਲੋਕ ਉਨ੍ਹਾਂ ਦੀ ਲਿਖਤ ਦੀ ਤਰੀਫ਼ ਕਰਦੇ ਅਤੇ ਬੜੇ ਧਿਆਨ ਨਾਲ ਸੁਣਦੇ। ਇਸੇ ਤਰ੍ਹਾਂ ਜਦ ਲੇਖਕ ਦੇ ਪਾਠਕ ਤੇ ਗਾਇਕ ਦੇ ਸਰੋਤੇ ਹੌਸਲਾ ਦੇਣ ਲੱਗ ਪੈਣ ਤਾਂ ਲੇਖਕ, ਕਲਾਕਾਰ ਅਗਾਂਹ ਵੱਧਦਾ ਹੈ। ਇਵੇਂ ਹੀ ਇਹ ਕਿੱਸਾਕਾਰ ਅੱਗੇ ਵਧਿਆ।
ਵਾਰਿਸ ਸ਼ਾਹ ਨੇ ਕਿੱਸਾ ਹੀਰ ਨੂੰ ਨਿਵੇਕਲੇ ਢੰਗ ਨਾਲ ਲਿਖਿਆ, ਜੋ ਪੰਜਾਬੀ ਸਾਹਿਤ ਦੀ ਉੱਤਮ ਰਚਨਾ ਅਖਵਾਈ। ਅਹਿਮਦ ਤੇ ਮਕਬੂਲ ਦਾ ਪ੍ਰਭਾਵ ਕਬੂਲਣ ਵਾਲੇ ਨੇ ਅਹਿਮਦ ਤੇ ਬਖ਼ਸ਼ ਜਿਹਲਮੀ ਦੇ ਮੁੱਖੋਂ ਇਹ ਕਿੱਸਾ ਲਾਸਾਨੀ ਕ੍ਰਿਤ ਅਖਵਾਇਆ। ਕਿੱਸਾ ਹੀਰ ਵਿਚ ਕਵੀ ਨੇ ਸੱਭਿਆਚਾਰ ਦੇ ਪਿਛੋਕੜ ਦਾ ਵਿਰਾਟ ਚਿੱਤਰ ਪੇਸ਼ ਕਰ ਵਿਖਾਇਆ ਹੈ। ਆਪਣੇ ਲੋਕਾਂ ਨਾਲ ਕਿੱਸਾਕਾਰ ਦੀ ਗੂੜ੍ਹੀ ਸਾਂਝ ਹੋਣ ਕਰਕੇ ਜਨਜੀਵਨ ਦੇ ਦਰਸ਼ਨ ਕਰਵਾਏ ਹਨ। ਉਸ ਸਮੇਂ ਦੇ ਲੋਕਾਂ ਦੀ ਰਹਿਣੀ-ਬਹਿਣੀ, ਰਸਮੋ-ਰਿਵਾਜ, ਖੁਸ਼ੀਆਂ-ਗ਼ਮੀਆਂ ਸਭ ਲਿਖ ਧਰੀਆਂ ਹਨ।
ਵਾਰਿਸ ਸ਼ਾਹ ਨੇ ਕਿੱਸਾ 'ਹੀਰ' ਨੂੰ ਬੈਂਤ ਛੰਦਾਂ 'ਚ ਪਰੋਇਆ ਹੈ। ਸਾਰੀ ਬੋਲੀ ਮੁਹਾਵਰੇਦਾਰ ਅਪਣਾਈ ਹੈ। ਇਤਿਹਾਸਕ ਪੱਖ ਮੁਗ਼ਲ ਸਾਮਰਾਜ ਦਾ ਪੂਰਨ ਸੀਨ ਖਿੱਚ ਵਿਖਾਇਆ ਹੈ। ਕਵੀ ਕਿੱਸੇ ਵਿਚ ਗੱਲ ਨੂੰ ਇਕ-ਦੋ ਵਾਕਾਂ 'ਚ ਆਖ ਕੇ ਸੰਤੁਸ਼ਟ ਨਹੀਂ ਹੁੰਦਾ, ਸਗੋਂ ਉਸ ਦਾ ਅੱਗਾ, ਪਿੱਛਾ ਖੋਜ ਧਰਦਾ ਹੈ। ਲੋਕਾਂ ਦੇ ਨਿੱਜੀ ਅਤੇ ਸ਼੍ਰੇਣੀ ਧਰਮ ਦਾ ਵਿਸਥਾਰ ਲੰਬਾ ਹੀ ਲੰਬਾ ਲੈ ਕੇ ਗਿਆ।
ਕਵੀ ਨੇ ਕਈ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜੋ ਅਜੋਕੀ ਪੰਜਾਬੀ ਵਿਚ ਨਹੀਂ ਮਿਲਦੇ। ਹਰ ਗੱਲ ਸਪੱਸ਼ਟ ਆਖਣ ਵਾਲੇ ਦੀ ਬੋਲੀ ਢੁਕਵੀਂ-ਫੱਬਣੀ, ਸੋਹਣੀ ਤੇ ਗੁਣਾਂ ਨਾਲ ਭਰਪੂਰ ਹੈ। ਸੱਯਦ ਦੂਰ ਤੱਕ ਵੇਖਣ, ਪਰਖਣ ਦੀ ਸੋਝੀ ਰੱਖਦੈ। ਉਹ ਇਸ਼ਕ ਨੂੰ ਅੱਗ ਦਾ ਮੂਲ ਬਣਾ ਪੀਰੀ, ਫ਼ਕੀਰੀ ਦਾ ਮਰਤਬਾ ਗਾਉਂਦਾ, ਪੰਜਾਂ ਪੀਰਾਂ ਦੀ ਗੱਲ ਕਰਦਾ ਹੈ ਅਤੇ ਕੁਦਰਤੀ ਸੁੰਦਰਤਾ ਤੋਂ ਮਨੁੱਖੀ ਸੁੰਦਰਤਾ ਦੇ ਵਧੀਆ ਤੋਂ ਵਧੀਆ ਨਮੂਨੇ ਪੇਸ਼ ਕਰਕੇ ਸਾਹਮਣੇ ਲਿਆ ਧਰਦਾ ਹੈ।
ਵਾਰਿਸ ਸ਼ਾਹ ਨੇ ਕਿੱਸਾ ਹੀਰ ਬਹੁਤ ਮਿਹਨਤ ਨਾਲ ਤਿਆਰ ਕੀਤਾ, ਤਾਹੀਓਂ ਇਹ ਲੋਕ ਦਿਲਾਂ ਨੂੰ ਬਹੁਤ ਭਾਇਆ ਹੈ। ਕਵੀ ਨੇ ਹੀਰ-ਰਾਂਝੇ ਨੂੰ ਅਮਰ ਕੀਤਾ, ਤਾਹੀਓਂ ਆਪ ਵੀ ਅਮਰ ਹੋ ਗਿਆ। ਉਸ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ, ਇਸ ਲਈ ਸਮਾਜ ਵੀ ਉਸ ਨੂੰ ਕਦੇ ਨਹੀਂ ਭੁਲਾ ਸਕਦਾ। ਵਾਰਿਸ ਨੇ ਪੰਜਾਬੀ ਸਾਹਿਤ ਵਿਚ ਅਜਿਹੀਆਂ ਵਿਲੱਖਣ ਪੈੜਾਂ ਪਾਈਆਂ ਕਿ ਅੱਜ ਕਵੀ ਦਾ ਨਾਂਅ ਸੰਸਾਰ ਵਿਚ ਧਰੂ ਤਾਰੇ ਵਾਂਗ ਚਮਕਦਾ ਹੈ। ਵਾਰਿਸ ਸ਼ਾਹ ਨੇ ਸਮਾਜ ਦੀਆਂ ਅਟੱਲ ਸੱਚਾਈਆਂ ਨੂੰ ਕਿੱਸੇ ਰਾਹੀਂ ਪੇਸ਼ ਕੀਤਾ। ਜਿਵੇਂ ਵਾਰਿਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ, ਵਾਰਿਸ ਸ਼ਾਹ ਨੇ ਇਸ ਕਿੱਸੇ ਵਿਚ ਉਹ ਰੱਬੀ ਰੂਹਾਨੀ ਪਿਆਰ ਭਰਿਆ, ਜੋ ਅੱਜ ਤੱਕ ਕੋਈ ਕਿੱਸਾਕਾਰ ਨਹੀਂ ਭਰ ਸਕਿਆ।
ਸੱਯਦ ਵਾਰਿਸ ਸ਼ਾਹ 1798 ਈ: ਵਿਚ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਮਿਤੀ 1, 2 ਅਤੇ 3 ਜੁਲਾਈ ਨੂੰ ਵਾਰਿਸ ਸ਼ਾਹ ਦੀ ਮਜ਼ਾਰ 'ਤੇ ਮੇਲਾ ਲਾਇਆ ਜਾਂਦਾ ਹੈ। ਕਵੀਆਂ ਦੇ ਬੋਹੜ ਬਾਬੇ ਦੀ ਯਾਦ ਹਮੇਸ਼ਾ ਤਰੋ-ਤਾਜ਼ਾ ਰਹੇਗੀ। ਮਾਂ ਬੋਲੀ ਪੰਜਾਬੀ ਦੇ ਲਾਡਲੇ ਇਸ ਲਾਲ ਦਾ ਨਾਂਅ ਹਮੇਸ਼ਾ ਚਮਕਦਾ ਰਹੇਗਾ।

-ਪਿੰਡ ਤੇ ਡਾਕ: ਰਾਮਪੁਰਾ, ਤਹਿਸੀਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ (ਪੰਜਾਬ)-151103
ਮੋ: 97792-97682

Ad Position 22
No active advertisement
ਪਿਛਲੀ ਖ਼ਬਰ ...ਮੌਕੇ ਤੋਂ ਦੌੜਨ ਵਾਲੇ ਅਗਲੀ ਖ਼ਬਰ ਇਕ ਘਰ ਧੀ ਦੇ ਨਾਂਅ ਦਾ....
Ad Position 24
No active advertisement