ਪੰਜਾਬ ਸਮੇਤ ਦੇਸ਼ ਦੇ ਬਹੁਤੇ ਸੂਬਿਆਂ ਵਿਚ ਪਤੰਗਬਾਜ਼ੀ ਸ਼ੌਕ ਨਾਲ ਕੀਤੀ ਜਾਂਦੀ ਹੈ। ਇਸ ਦਾ ਸੰਬੰਧ ਬਦਲਦੇ ਮੌਸਮ ਨਾਲ ਜੋੜਿਆ ਜਾਂਦਾ ਹੈ। ਖ਼ਾਸ ਕਰਕੇ ਲੋਹੜੀ ਅਤੇ ਬਸੰਤ ਮੌਕੇ ਬੱਚੇ ਤੇ ਨੌਜਵਾਨ ਚਾਈਂ-ਚਾਈਂ ਪਤੰਗ ਉਡਾਉਂਦੇ ਹਨ। ਪਰ ਇਹ ਕਿਸੇ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਚਾਵਾਂ ਨਾਲ ਕੀਤੀ ਪਤੰਗਬਾਜ਼ੀ ਇਕ ਦਿਨ ਮੌਤਾਂ ਦਾ ਸਬੱਬ ਵੀ ਬਣ ਸਕਦੀ ਹੈ। ਨਵੀਂ ਤਕਨਾਲੋਜੀ ਨਾਲ ਬਣਾਈ ਗਈ ਡੋਰ ਜਿਸ ਨੂੰ ਆਮ ਕਰਕੇ 'ਚਾਈਨਾ ਡੋਰ' ਕਿਹਾ ਜਾਂਦਾ ਹੈ, ਕਾਰਨ ਹੋ ਰਹੀਆਂ ਮੌਤਾਂ ਨੇ ਅੱਜ ਹਰ ਪਾਸੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੰਜਾਬ ਵਿਚ ਇਸ ਡੋਰ ਨੇ ਦੋ ਦਿਨਾਂ 'ਚ ਦੋ ਹੋਰ ਜਾਨਾਂ ਲੈ ਲਈਆਂ। ਸਮਰਾਲਾ 'ਚ 15 ਸਾਲਾ ਇਕ ਲੜਕੇ ਦੇ ਗਲ ਦੁਆਲੇ ਫਸੀ ਇਸ ਡੋਰ ਨੇ ਡੂੰਘਾ ਜ਼ਖ਼ਮ ਕਰਦਿਆਂ ਉਸ ਦੀ ਜਾਨ ਲੈ ਲਈ ਸੀ। ਦੂਜੀ ਘਟਨਾ ਵਿਚ ਮੁੱਲਾਂਪੁਰ ਦਾਖਾ ਨੇੜੇ ਰਾਏਕੋਟ ਰੋਡ 'ਤੇ ਖਰੀਦਦਾਰੀ ਲਈ ਬਾਜ਼ਾਰ ਜਾ ਰਹੀ ਇਕ ਮਹਿਲਾ ਦੇ ਗਲੇ 'ਤੇ ਇਸ ਡੋਰ ਦਾ ਅਜਿਹਾ ਕੱਟ ਲੱਗਾ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਬਸੰਤ ਰੁੱਤ ਆਉਂਦਿਆਂ ਤੱਕ ਪੰਜਾਬ ਵਿਚ ਇਸ ਡੋਰ ਨੇ ਛੇ ਜਾਨਾਂ ਲੈ ਲਈਆਂ ਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਅਨੇਕਾਂ ਪੰਛੀ ਵੀ ਇਸ ਡੋਰ ਦੀ ਲਪੇਟ 'ਚ ਆਏ। ਸਮੱਸਿਆ ਇਹ ਹੈ ਕਿ ਏਨਾ ਕੁਝ ਹੋਣ ਦੇ ਬਾਵਜੂਦ ਇਸ ਡੋਰ ਪ੍ਰਤੀ ਪਤੰਗਬਾਜ਼ਾਂ ਦੀ ਨਾ ਤਾਂ ਖਿੱਚ ਘਟੀ ਹੈ ਤੇ ਨਾ ਹੀ ਇਸ ਦੇ ਕਾਰੋਬਾਰ 'ਤੇ ਰੋਕ ਲੱਗ ਸਕੀ ਹੈ।
ਬਸੰਤ ਵਾਲੇ ਦਿਨ ਹਾਲਾਂਕਿ ਸੂਬੇ ਦੇ ਵਧੇਰੇ ਹਿੱਸਿਆਂ 'ਚ ਦੁਪਹਿਰ ਬਾਅਦ ਤੱਕ ਮੀਂਹ ਪੈਂਦਾ ਰਿਹਾ ਪਰ ਜਿੰਨਾ ਕੁ ਸਮਾਂ ਪਤੰਗਬਾਜ਼ਾਂ ਨੇ ਪਤੰਗ ਉਡਾਏ, ਓਨੇ ਕੁ ਸਮੇਂ ਵਿਚ ਹੀ ਪੰਜਾਬ ਦੇ ਕਈ ਸ਼ਹਿਰਾਂ 'ਚ ਲਗਭਗ 10 ਲੋਕਾਂ ਨੂੰ ਚਾਈਨਾ ਡੋਰ ਨੇ ਲਹੂ-ਲੁਹਾਨ ਕਰ ਦਿੱਤਾ। ਬਠਿੰਡੇ ਵਿਚ ਚਾਈਨਾ ਡੋਰ ਨਾਲ 23 ਸਾਲਾ ਇਕ ਲੜਕੇ ਦੇ ਬੁੱਲ੍ਹ ਕੱਟੇ ਗਏ, ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਉਣਾ ਪਿਆ। ਫ਼ਿਰੋਜ਼ਪੁਰ 'ਚ ਇਸ ਡੋਰ ਨਾਲ ਦੋ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਇਸੇ ਤਰ੍ਹਾਂ ਅਬੋਹਰ, ਸੁਨਾਮ, ਮਮਦੋਟ, ਸੰਗਰੂਰ ਤੇ ਖੰਨਾ ਵਿਚ ਵੀ ਅਜਿਹੇ ਹਾਦਸੇ ਵਾਪਰੇ। ਜਲੰਧਰ ਵਿਚ ਵੀ ਇਕ ਲੜਕਾ ਚਾਈਨਾ ਡੋਰ ਦਾ ਕੱਟ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜਲੰਧਰ ਦੇ ਲੋਹੀਆਂ ਖੇਤਰ 'ਚ ਬਿਜਲੀ ਦੀਆਂ ਤਾਰਾਂ 'ਚੋਂ ਚਾਈਨਾ ਡੋਰ ਕੱਢਦੇ ਹੋਏ ਕਰੰਟ ਆ ਜਾਣ ਨਾਲ ਇਕ ਲੜਕਾ ਬੁਰੀ ਤਰ੍ਹਾਂ ਝੁਲਸ ਗਿਆ। ਇਹ ਸਿਰਫ਼ ਇਕ ਦਿਨ ਦੇ ਹਾਦਸੇ ਹਨ। ਪੰਜਾਬ ਵਿਚ ਇਸ ਡੋਰ ਦੇ ਵੇਚਣ ਅਤੇ ਖਰੀਦਣ 'ਤੇ ਰੋਕ ਲੱਗੀ ਹੋਈ ਹੈ। ਰਾਜ ਸਰਕਾਰ ਤੇ ਪ੍ਰਸ਼ਾਸਨ ਸਮੇਂ-ਸਮੇਂ ਇਸ ਕਾਰੋਬਾਰ ਵਿਚ ਸ਼ਾਮਿਲ ਲੋਕਾਂ ਵਿਰੁੱਧ ਕਾਰਵਾਈ ਵੀ ਕਰਦੇ ਰਹਿੰਦੇ ਹਨ। ਸਰਕਾਰੀ ਪ੍ਰਚਾਰ ਤੰਤਰ ਵਲੋਂ ਵੀ ਇਸ ਡੋਰ ਨਾਲ ਹੋਣ ਵਾਲੇ ਨੁਕਸਾਨ 'ਤੇ ਚਰਚਾ ਹੁੰਦੀ ਰਹਿੰਦੀ ਹੈ। ਪੁਲਿਸ ਇਸ ਡੋਰ ਦੀ ਵਰਤੋਂ ਕਰਨ ਵਾਲਿਆਂ ਨੂੰ ਫੜਦੀ ਵੀ ਹੈ ਪਰ ਮੌਕੇ 'ਤੇ ਕੋਈ ਸਬੂਤ ਨਾ ਮਿਲਣ ਕਾਰਨ ਇਨ੍ਹਾਂ 'ਤੇ ਕਾਨੂੰਨੀ ਕਾਰਵਾਈ ਨਹੀਂ ਹੋ ਪਾਉਂਦੀ। ਇਸ ਸਭ ਕੁਝ ਦੇ ਬਾਵਜੂਦ ਇਸ ਦੀ ਵਿਕਰੀ ਤੇ ਕਾਰੋਬਾਰ 'ਤੇ ਕੋਈ ਪ੍ਰਭਾਵ ਪੈਂਦਾ ਦਿਖਾਈ ਨਹੀਂ ਦਿੰਦਾ। ਮੌਜੂਦਾ ਬਸੰਤ ਰੁੱਤ ਦੌਰਾਨ ਵੀ ਪ੍ਰਸ਼ਾਸਨ ਨੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਵਿਰੁੱਧ ਰੋਕ ਲਈ ਵੱਡੇ ਪ੍ਰਬੰਧ ਕੀਤੇ। ਨਿਗਰਾਨੀ ਲਈ ਡਰੋਨ ਆਦਿ ਦੀ ਵਿਵਸਥਾ ਕੀਤੀ ਗਈ। ਸ਼ਹਿਰਾਂ ਦੇ ਵੱਖ-ਵੱਖ ਥਾਈਂ ਪੁਲਿਸ ਤੋਂ ਇਲਾਵਾ ਗਸ਼ਤ ਟੁਕੜੀਆਂ ਵੀ ਤਾਇਨਾਤ ਰਹੀਆਂ। ਇਸ ਦੇ ਬਾਵੂਜਦ ਜੇ ਇਕ ਹੀ ਦਿਨ ਵਿਚ ਤੇ ਥੋੜ੍ਹੇ ਸਮੇਂ ਦੀ ਪਤੰਗਬਾਜ਼ੀ ਦੌਰਾਨ ਏਨੀਆਂ ਘਟਨਾਵਾਂ ਹੋ ਗਈਆਂ ਤਾਂ ਸਥਿਤੀ ਦੀ ਗੰਭੀਰਤਾ ਆਪਣੇ-ਆਪ ਸਮਝ ਆਉਂਦੀ ਹੈ।
ਅਸੀਂ ਸਮਝਦੇ ਹਾਂ ਕਿ ਹਾਲਾਤ ਹੁਣ ਪਾਣੀ ਸਿਰ 'ਤੋਂ ਲੰਘ ਜਾਣ ਵਰਗੇ ਬਣ ਗਏ ਹਨ। ਪਰ ਕੁਝ ਲੋਕਾਂ ਦੇ ਸ਼ੌਕ ਅਤੇ ਕੁਝ ਗਿਣੇ-ਚੁਣੇ ਕਾਰੋਬਾਰੀਆਂ ਵਲੋਂ ਵੱਧ ਲਾਭ ਕਮਾਉਣ ਦੀ ਲਾਲਸਾ ਨਾਲ ਨਿਰਦੋਸ਼ ਲੋਕਾਂ ਤੇ ਪੰਛੀਆਂ ਦੀ ਜਾਨ ਨੂੰ ਖ਼ਤਰੇ 'ਚ ਨਹੀਂ ਪਾਇਆ ਜਾ ਸਕਦਾ। ਬਿਨਾਂ ਸ਼ੱਕ ਇਸ ਗ਼ੈਰ-ਕਾਨੂੰਨੀ ਤੇ ਗ਼ੈਰ-ਮਨੁੱਖੀ ਕਾਰੋਬਾਰ ਪਿੱਛੇ ਵੱਡੇ ਵਪਾਰੀਆਂ, ਕੁਝ ਪ੍ਰਸ਼ਾਸਨਿਕ ਤੱਤਾਂ ਤੇ ਪੁਲਿਸ ਦੀ ਮਿਲੀਭੁਗਤ ਜ਼ਿੰਮੇਵਾਰ ਹੈ। ਵੱਡੇ ਵਪਾਰੀ ਅਜਿਹੀ ਡੋਰ ਦੋ-ਤਿੰਨ ਗੁਣਾ ਮੁਨਾਫ਼ੇ 'ਚ ਵੇਚਦੇ ਹਨ। ਉਹ ਬੱਚਿਆਂ ਨੂੰ 100-200 ਰੁਪਏ ਘੱਟ ਕਰ ਕੇ ਉਨ੍ਹਾਂ ਨੂੰ ਨਵੇਂ ਗਾਹਕ ਲਿਆਉਣ ਦਾ ਝਾਂਸਾ ਦੇ ਕੇ ਇਸ ਅਪਰਾਧ 'ਚ ਭਾਗੀਦਾਰ ਬਣਾਉਂਦੇ ਹਨ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਸਰਕਾਰ ਤੇ ਪ੍ਰਸ਼ਾਸਨ ਆਪਣੀ ਕਾਰਵਾਈ ਨੂੰ ਥੋੜ੍ਹਾ ਜਿਹਾ ਵੱਧ ਕਿਰਿਆਸ਼ੀਲ ਬਣਾ ਕੇ ਇਸ ਅਸਮਾਜਿਕ ਕਾਰੇ 'ਤੇ ਰੋਕ ਲਾ ਸਕਦੇ ਹਨ। ਇਸ ਰੋਕ ਨੂੰ ਜਿੰਨਾ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ, ਓਨਾ ਹੀ ਵਧੇਰੇ ਲੋਕਾਂ ਦੀ ਜਾਨ ਦੀ ਰਾਖੀ ਕੀਤੀ ਜਾ ਸਕੇਗੀ। ਲੋਕਤੰਤਰ ਵਿਚ ਆਪਣੇ ਨਾਗਰਿਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਤੇ ਪ੍ਰਸ਼ਾਸਨ ਦੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ। ਪਤੰਗਬਾਜ਼ੀ ਦੇ ਸ਼ੌਕੀਨ ਲੋਕਾਂ ਨੂੰ ਵੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਡੋਰ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।