ਅਸੀਂ ਆਮ ਤੌਰ 'ਤੇ ਜਦੋਂ ਕਿਤੇ ਬਾਹਰੋਂ ਕੁਝ ਦਿਨਾਂ ਬਾਅਦ ਆਪਣੇ ਘਰ ਵਾਪਸ ਆਉਂਦੇ ਹਾਂ ਜਾਂ ਬਜ਼ੁਰਗਾਂ ਨੂੰ ਆਮ ਹੀ ਕਹਿੰਦੇ ਸੁਣਦੇ ਹਾਂ ਕਿ 'ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ', ਜਿਨ੍ਹਾਂ ਦਾ ਮਤਲਬ ਇਹ ਹੁੰਦਾ ਹੈ ਕਿ ਜੋ ਸੁੱਖ ਆਪਣੇ ਘਰ ਵਿਚ ਮਿਲਦਾ ਹੈ, ਉਹ ਬਾਹਰ ਕਿਤੇ ਨਹੀਂ। ਸੋ, ਇਹ ਸ਼ਬਦਾਵਲੀ ਇਕ ਕਹਾਵਤ ਹੀ ਬਣ ਗਈ। ਅੱਜ ਵੀ ਅਸੀਂ ਆਮ ਤੌਰ 'ਤੇ ਇਹ ਗੱਲ ਕਹਿੰਦੇ ਰਹਿੰਦੇ ਹਾਂ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਇਸ ਕਹਾਵਤ ਦਾ ਪਿਛੋਕੜ ਕੀ ਹੈ ਤੇ ਇਹ ਕਿੱਥੋਂ ਸ਼ੁਰੂ ਹੋਈ? ਇਹ ਖੋਜ ਕਰਨ ਦੀ ਜਾਂ ਜਾਣਕਾਰੀ ਪ੍ਰਾਪਤ ਕਰਨ ਦੀ ਅਸੀਂ ਕੋਸ਼ਿਸ ਹੀ ਨਹੀਂ ਕੀਤੀ, ਬਸ ਨਿਰੰਤਰ ਇਸ ਕਹਾਵਤ ਨੂੰ ਵਰਤਦੇ ਆ ਰਹੇ ਹਾਂ। ਕੁਝ ਵਿਦਵਾਨਾਂ ਨੇ ਖੋਜ ਕਰ ਕੇ ਇੰਝ ਦੱਸਿਆ ਹੈ ਕਿ ਇਹ ਛੱਜੂ ਦਾ ਚੁਬਾਰਾ ਕੋਈ ਫੋਕੀ ਕਹਾਵਤ ਨਹੀਂ, ਸਗੋਂ ਇਹ ਚੁਬਾਰਾ ਵਾਕਿਆ ਹੀ ਹੈ ਸੀ ਅਤੇ ਅੱਜ ਵੀ ਮੌਜੂਦ ਹੈ, ਜੋ ਲਾਹੌਰ ਦੇ ਪੁਰਾਣੇ ਅਨਾਰਕਲੀ ਇਲਾਕੇ ਵਿਚ ਹੈ।
ਇਸ ਬਿਹਤਰੀਨ ਇਮਾਰਤ ਦਾ ਨਿਰਮਾਣ ਕਰਾਉਣ ਵਾਲੇ ਛੱਜੂ ਭਾਟੀਆ ਮੁਗ਼ਲ ਬਾਦਸ਼ਾਹ ਜਹਾਂਗੀਰ ਵੇਲੇ ਲਾਹੌਰ ਵਿਖੇ ਸੋਨੇ ਦੇ ਬਹੁਤ ਵੱਡੇ ਵਪਾਰੀ ਸਨ। 1640 ਈ. ਵਿਚ ਛੱਜੂ ਮੱਲ ਦੇ ਮਰਨ ਉਪਰੰਤ ਇਸ ਥਾਂ 'ਤੇ ਉਸ ਦੀ ਯਾਦਗਾਰ ਬਣਾਈ ਗਈ ਸੀ। ਭੰਗੀ ਮਿਸਲ ਦਾ ਲਾਹੌਰ 'ਤੇ ਕਬਜ਼ਾ ਹੋ ਗਿਆ ਅਤੇ ਬਾਅਦ ਵਿਚ ਇਸ ਵਿਸ਼ਾਲ ਇਮਾਰਤ ਨੂੰ ਧਰਮਸ਼ਾਲਾ ਤੇ ਮੰਦਰ ਵਿਚ ਤਬਦੀਲ ਕਰ ਕੇ ਇਸ ਦਾ ਨਾਂਅ 'ਛੱਜੂ ਦਾ ਚੁਬਾਰਾ' ਰੱਖ ਦਿੱਤਾ ਗਿਆ। ਇਸ ਡੇਰੇ ਨੂੰ ਚਾਰ ਚੰਨ ਉਦੋਂ ਲੱਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਸੋਹਣੇ ਬਾਗ- ਬਗੀਚੇ, ਸੋਹਣੇ ਤਲਾਬ ਅਤੇ ਸੋਹਣੇ ਕਮਰਿਆਂ ਨਾਲ ਇਸ ਨੂੰ ਸ਼ਿੰਗਾਰਿਆ, ਜਿਸ ਕਰਕੇ ਇਹ ਇਮਾਰਤ ਲਾਹੌਰ ਦੀ ਸ਼ਾਨਦਾਰ ਵਿਰਾਸਤ ਬਣ ਗਈ। ਅੱਜ ਉਹ ਛੱਜੂ ਦਾ ਚੁਬਾਰਾ ਮੌਜੂਦ ਤਾਂ ਹੈ ਪਰ ਇਸ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਸ ਦੀ ਹਾਲਤ ਖ਼ਸਤਾ ਹੋਈ ਪਈ ਹੈ।
ਬਲਖ: ਹੁਣ ਆਪਾਂ ਗੱਲ ਕਰਦੇ ਹਾਂ ਬਲਖ ਦੀ। ਬਲਖ ਅਫ਼ਗਾਨਿਸਤਾਨ ਦਾ ਸ਼ਹਿਰ ਹੈ ਜੋ 3000 ਸਾਲ ਪੁਰਾਣਾ ਹੈ, ਜਿਸ ਦੀ ਸਰਹੱਦ ਉਜ਼ਬੇਕਿਸਤਾਨ ਨਾਲ ਲੱਗਦੀ ਹੈ ਤੇ ਮਜ਼੍ਹਾਰ-ਏ-ਸ਼ਰੀਫ਼ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਹੈ। ਕਿਸੇ ਸਮੇਂ ਇਹ ਬੁੱਧ ਤੇ ਪਾਰਸੀ ਧਰਮ ਦਾ ਵੱਡਾ ਕੇਂਦਰ ਸੀ। ਉਸ ਸਮੇਂ ਇਹ ਬਹੁਤ ਅਮੀਰ ਸੀ ਅਤੇ ਸ਼ਾਨਦਾਰ ਸਮਾਰਕਾਂ ਨਾਲ ਲਬਰੇਜ਼ ਸੀ ਪਰ ਸਦੀਆਂ ਦੀ ਲੁੱਟਮਾਰ ਤੇ ਅਫ਼ਗਾਨਿਸਤਾਨ ਦੀ ਘਰੇਲੂ ਜੰਗ ਨੇ ਇਸ ਨੂੰ ਬਰਬਾਦ ਕਰ ਕੇ ਰੱਖ ਦਿੱਤਾ।
ਬੁਖਾਰਾ: ਬੁਖਾਰਾ ਉਜ਼ਬੇਕਿਸਤਾਨ ਦਾ ਇਕ ਅਲੀਸ਼ਾਨ ਸ਼ਹਿਰ ਹੈ ਜੋ 2500 ਸਾਲ ਪੁਰਾਣਾ ਹੈ। ਇਸ ਦੇ 140 ਸ਼ਾਨਦਾਰ ਪ੍ਰਾਚੀਨ ਸਮਾਰਕਾਂ ਕਾਰਨ ਇਸ ਨੂੰ 'ਅਜਾਇਬ ਘਰ ਸ਼ਹਿਰ' ਵੀ ਕਿਹਾ ਜਾਂਦਾ ਹੈ। ਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ, ਜਿਸ ਦੀ ਆਬਾਦੀ ਲਗਭਗ ਢਾਈ ਲੱਖ ਦੇ ਕਰੀਬ ਹੈ। ਯੂਨੈਸਕੋ ਨੇ ਇਸ ਨੂੰ 'ਹੋਲਡ ਹੈਰੀਟੇਜ ਸਾਈਟ' ਐਲਾਨਿਆ ਹੋਇਆ ਹੈ, ਕਿਉਂਕਿ ਉੱਥੇ ਬਿਹਤਰੀਨ ਕਲਾਕਾਰੀ ਦੇ ਸੋਮੇ ਅੱਜ ਵੀ ਮੌਜੂਦ ਹਨ, ਜਿਸ 'ਚ ਅਨੇਕਾਂ ਅਜਿਹੇ ਸ਼ਾਨਦਾਰ ਸਮਾਰਕ ਹਨ, ਜਿਨ੍ਹਾਂ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਇਸੇ ਕਰਕੇ ਬਲਖ ਤੇ ਬੁਖਾਰੇ ਏਨੇ ਪ੍ਰਸਿੱਧ ਸਨ ਕਿ ਲੋਕ ਦੂਰੋਂ-ਦੂਰੋਂ ਵੇਖਣ ਆਉਂਦੇ ਸਨ।
ਜੋ ਵਪਾਰੀ ਛੱਜੂ ਦੇ ਚੁਬਾਰੇ ਤੋਂ ਬਲਖ ਤੇ ਬੁਖਾਰੇ ਵੱਲ ਵਪਾਰ ਕਰਨ ਲਈ ਜਾਂਦੇ ਸਨ ਤਾਂ ਉੱਥੇ ਉਹ ਕਈ ਦਿਨ ਗੁਜ਼ਾਰ ਕੇ ਜਦ ਵਾਪਸ ਛੱਜੂ ਦੇ ਚੁਬਾਰੇ (ਪਾਕਿਸਤਾਨ) 'ਚ ਆਉਂਦੇ ਸਨ ਤਾਂ ਉਨ੍ਹਾਂ ਦੇ ਮੂੰਹੋਂ ਸਹਿਜ-ਸੁਭਾਅ ਹੀ ਨਿਕਲ ਜਾਂਦਾ ਸੀ, ਕਿ ਜੋ ਸੁੱਖ ਸਾਨੂੰ ਛੱਜੂ ਦੇ ਚੁਬਾਰੇ ਵਿਚ ਆ ਕੇ ਮਿਲਿਆ ਹੈ, ਉਹ ਬਲਖ ਤੇ ਬੁਖਾਰੇ 'ਚ ਨਹੀਂ ਮਿਲਿਆ। ਇਸੇ ਕਰਕੇ ਹੀ ਇਹ ਅਖਾਣ ਬਣ ਗਿਆ 'ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ' ਜੋ ਅੱਜ ਵੀ ਪ੍ਰਚੱਲਿਤ ਹੈ। ਇਸੇ ਕਰਕੇ ਹੀ ਇਕ ਵਿਦਵਾਨ ਨੇ ਕਿਹਾ ਹੈ ਕਿ ਚਿਹਰੇ ਦੀ ਚਮਕ ਅਤੇ ਮਕਾਨ ਦੀ ਉਚਾਈ 'ਤੇ ਨਾ ਜਾਓ, ਜਿਸ ਘਰ ਦੇ ਬਜ਼ੁਰਗ ਹੱਸਦੇ ਹੋਏ ਮਿਲਣ ਤਾਂ ਸਮਝ ਲੈਣਾ ਕਿ ਉਹ ਘਰ ਅਮੀਰਾਂ ਦਾ ਹੈ। ਭਾਵ ਆਪਣੇ ਗਰੀਬ ਘਰ 'ਚ ਬੈਠ ਕੇ ਜੋ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ, ਉਹ ਕਿਸੇ ਪਰਾਏ ਦੇ ਅਮੀਰ ਘਰ ਵਿਚ ਬੈਠ ਕੇ ਨਹੀਂ ਮਿਲੇਗਾ।
ਪਟਿਆਲਾ।
ਮੋਬਾਈਲ : 86993-22704