19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਛੋਟੇ ਨੋਟਾਂ ਦੀ ਕਮੀ ਕਾਰਨ ਵਿਆਹਾਂ ਦੀਆਂ ਰਸਮਾਂ ਵਿਚ ਪੈ ਰਿਹਾ ਹੈ ਵਿਘਨ

Ad Position 21
No active advertisement
ਅਜੀਤ ਡੈਸਕ 24-04-2026

ਪੰਜਾਬ ਵਿਚ ਹੋ ਰਹੇ ਵਿਆਹਾਂ ਦੌਰਾਨ ਛੋਟੇ ਕਰੰਸੀ ਨੋਟਾਂ ਦੀ ਕਮੀ ਨੇ ਸਿਰਫ਼ ਆਮ ਲੋਕਾਂ ਦੀਆਂ ਤਿਆਰੀਆਂ 'ਤੇ ਹੀ ਨਹੀਂ, ਸਗੋਂ ਪੂਰੇ ਪ੍ਰਬੰਧ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਆਹਾਂ ਵਾਲੇ ਘਰਾਂ 'ਚ ਸ਼ਗਨ, ਮਿਲਣੀ ਅਤੇ ਵਿਦਾਈ ਵਰਗੀਆਂ ਰਸਮਾਂ ਲਈ ਛੋਟੇ ਨੋਟਾਂ ਦੀ ਵਧੇਰੇ ਵਰਤੋਂ ਹੁੰਦੀ ਹੈ, ਪਰ ਇਸ ਵਾਰ ਇਹ ਸਾਧਾਰਨ ਲੋੜ ਦੀ ਪੂਰਤੀ ਵੀ ਮੁਸ਼ਕਿਲ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬੈਂਕਾਂ ਦੇ ਕਈ ਚੱਕਰ ਲਗਾਉਣ ਦੇ ਬਾਵਜੂਦ ਉਨ੍ਹਾਂ ਨੂੰ ਲੋੜ ਅਨੁਸਾਰ ਨੋਟ ਨਹੀਂ ਮਿਲ ਰਹੇ, ਜਿਸ ਨਾਲ ਸਮਾਰੋਹਾਂ ਦੀ ਤਿਆਰੀ ਵਿਚ ਅੜਚਣਾਂ ਪੈ ਰਹੀਆਂ ਹਨ।
ਦੂਜੇ ਪਾਸੇ ਬਾਜ਼ਾਰਾਂ ਦੀ ਤਸਵੀਰ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਜਿੱਥੇ ਇਕ ਪਾਸੇ ਬੈਂਕ ਬਾਜ਼ਾਰ ਵਿਚ ਛੋਟੇ ਨੋਟਾਂ ਦੀ ਘਾਟ ਦੀ ਗੱਲ ਕਰ ਰਹੇ ਹਨ, ਉੱਥੇ ਕੁਝ ਨਿੱਜੀ ਸਰੋਤਾਂ ਰਾਹੀਂ ਇਹੀ ਨੋਟ ਗਠੜੀਆਂ ਦੇ ਰੂਪ ਵਿਚ ਵੱਧ ਕੀਮਤ 'ਤੇ ਬਾਜ਼ਾਰ ਵਿਚ ਉਪਲਬਧ ਹੋ ਰਹੇ ਹਨ। ਮਜਬੂਰੀ ਵਿਚ ਕਈ ਪਰਿਵਾਰ ਵਧੇਰੇ ਰਕਮ ਦੇ ਕੇ ਇਹ ਨੋਟ ਖਰੀਦਣ ਲਈ ਤਿਆਰ ਹੋ ਜਾਂਦੇ ਹਨ ਤਾਂ ਜੋ ਰਸਮਾਂ ਵਿਚ ਕੋਈ ਅੜਿੱਕਾ ਨਾ ਪਵੇ। ਇਹ ਹਾਲਾਤ ਸਿਰਫ਼ ਆਰਥਿਕ ਬੋਝ ਹੀ ਨਹੀਂ ਵਧਾ ਰਹੇ, ਸਗੋਂ ਪ੍ਰਣਾਲੀ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ। ਸਮਾਜਿਕ ਵਰਗਾਂ ਦਾ ਮੰਨਣਾ ਹੈ ਕਿ ਜੇਕਰ ਬੈਂਕਾਂ ਕੋਲ ਸਪਲਾਈ ਘੱਟ ਹੈ ਤਾਂ ਬਾਜ਼ਾਰਾਂ ਵਿਚ ਇਹ ਉਪਲਬਧਤਾ ਕਿਵੇਂ ਬਣੀ ਰਹਿੰਦੀ ਹੈ, ਇਹ ਇਕ ਗੰਭੀਰ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਕਿਸੇ ਵਿਅਕਤੀ ਜਾਂ ਸੰਸਥਾ ਦਾ ਨਾਂਅ ਸਾਹਮਣੇ ਨਹੀਂ ਆਇਆ, ਪਰ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਜ਼ਿੰਮੇਵਾਰ ਏਜੰਸੀਆਂ ਤੋਂ ਤੁਰੰਤ ਕਾਰਵਾਈ ਦੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ। ਵਿਆਹਾਂ ਦੌਰਾਨ ਛੋਟੇ ਨੋਟਾਂ ਦੀ ਮੰਗ ਹਰ ਸਾਲ ਵਧਦੀ ਹੈ, ਪਰ ਇਸ ਵਾਰ ਸਥਿਤੀ ਆਮ ਤੋਂ ਵੱਖਰੀ ਦਿਖਾਈ ਦੇ ਰਹੀ ਹੈ। ਸਥਾਨਕ ਪੱਧਰ 'ਤੇ ਚੱਲ ਰਹੇ ਚਰਚਿਆਂ ਅਨੁਸਾਰ ਕੁਝ ਥਾਵਾਂ 'ਤੇ 1000 ਰੁਪਏ ਦੀ ਗੱਠੀ 1400 ਤੋਂ 1500 ਰੁਪਏ ਤੱਕ ਵੇਚੀ ਜਾ ਰਹੀ ਹੈ। ਇਹ ਅੰਤਰ ਸਿਰਫ਼ ਮੰਗ ਅਤੇ ਸਪਲਾਈ ਦਾ ਮਾਮਲਾ ਨਹੀਂ ਲਗਦਾ, ਸਗੋਂ ਇਸ ਦੇ ਪਿੱਛੇ ਕਿਸੇ ਉਲਝੀ ਹੋਈ ਪ੍ਰਣਾਲੀ ਜਾਂ ਗੈਰ-ਪਾਰਦਰਸ਼ੀ ਲੈਣ-ਦੇਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਤਰ੍ਹਾਂ ਦੀ ਸਥਿਤੀ ਨਾ ਸਿਰਫ਼ ਆਮ ਲੋਕਾਂ ਨੂੰ ਆਰਥਿਕ ਤੌਰ 'ਤੇ ਪ੍ਰਭਾਵਿਤ ਕਰ ਰਹੀ ਹੈ, ਸਗੋਂ ਪ੍ਰਣਾਲੀ 'ਤੇ ਭਰੋਸੇ ਨੂੰ ਵੀ ਕਮਜ਼ੋਰ ਕਰ ਰਹੀ ਹੈ।
ਲੋਕਾਂ ਅਤੇ ਸਮਾਜਿਕ ਸੰਗਠਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਛੋਟੇ ਨੋਟਾਂ ਦੀ ਉਪਲਬਧਤਾ ਸੁਚੱਜੀ ਬਣਾਈ ਜਾਵੇ ਅਤੇ ਬਾਜ਼ਾਰਾਂ ਵਿਚ ਚਲ ਰਹੇ ਸੰਭਾਵਿਤ ਗ਼ਲਤ ਅਮਲਾਂ 'ਤੇ ਰੋਕ ਲਗਾਈ ਜਾਵੇ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਉਚਿਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਇਹ ਸਮੱਸਿਆ ਹੋਰ ਵੱਡਾ ਰੂਪ ਧਾਰ ਸਕਦੀ ਹੈ।

-ਮਕਸੂਦਾਂ (ਜਲੰਧਰ) ਮੋਬਾ : 97803-89428

Ad Position 22
No active advertisement
ਪਿਛਲੀ ਖ਼ਬਰ ਸਿਹਤ ਦਾ ਖਿਆਲ ਇੰਝ ਰੱਖੋ ਅਗਲੀ ਖ਼ਬਰ ਜੇ ਕਿਡਨੀ ਫੇਲ੍ਹ ਹੋ ਜਾਵੇ
Ad Position 24