13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੋਕਾਂ ਦੀ ਮਨੋਦਸ਼ਾ ਸਮਝਣ ਵਿਚ ਅਸਫ਼ਲ ਰਹੀ ਮਮਤਾ ਬੈਨਰਜੀ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਪੱਛਮੀ ਬੰਗਾਲ 'ਚ 15 ਸਾਲ ਬਾਅਦ ਜਿਸ ਤਰ੍ਹਾਂ ਤ੍ਰਿਣਮੂਲ ਕਾਂਗਰਸ ਤੇ ਮਮਤਾ ਬੈਨਰਜੀ ਨੂੰ ਹਾਰ ਕੇ ਸੱਤਾ ਤੋਂ ਬਾਹਰ ਜਾਣਾ ਪਿਆ, ਇਸ ਬਾਰੇ ਇੱਥੇ ਹੀ ਨਹੀਂ, ਸਗੋਂ ਦੁਨੀਆ ਵਿਚ ਲੇਖਾ-ਜੋਖਾ ਕੀਤਾ ਜਾ ਰਿਹਾ ਹੈ। ਤਕਰੀਬਨ ਸਾਰੇ ਮੰਨਦੇ ਹਨ ਕਿ ਜਿਸ ਤਰ੍ਹਾਂ ਬੰਗਾਲ ਫ਼ਤਹਿ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਜਬਰਦਸ਼ਤ ਵਿਉਂਤਬੰਦੀ ਤੇ ਪ੍ਰਸ਼ਾਸਨ ਦੀ ਵਰਤੋਂ ਕੀਤੀ, ਤ੍ਰਿਣਮੂਲ ਲਈ ਟਾਕਰਾ ਕਰਨਾ ਬੇਹੱਦ ਮੁਸ਼ਕਿਲ ਹੋ ਗਿਆ ਸੀ। ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐਸ.ਆਈ.ਆਰ.) ਕਾਰਨ 91 ਲੱਖ ਵੋਟਰਾਂ ਦੇ ਨਾਂਅ ਕੱਟੇ ਗਏ ਤੇ 35 ਲੱਖ ਦੇ ਕਰੀਬ ਵੋਟਰਾਂ ਤੋਂ ਬਿਨਾਂ ਲੋਕਤੰਤਰਿਕ ਢੰਗ ਨਾਲ ਚੋਣਾਂ ਕਰਾਈਆਂ ਗਈਆਂ। ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਇਸ ਤਰਾਂ ਇਕ-ਇਕ ਸੀਟ 'ਤੇ ਚੁਣ-ਚੁਣ ਕੇ ਵੋਟਾਂ (ਖ਼ਾਸ ਤੌਰ 'ਤੇ ਮੁਸਲਮਾਨਾਂ ਦੀਆਂ) ਕੱਟੀਆਂ ਗਈਆਂ ਤਾਂ ਕਿ ਉਨ੍ਹਾਂ ਨੂੰ ਹਰਾਇਆ ਜਾ ਸਕੇ, ਪਰ ਇਹ ਵੀ ਸੱਚ ਹੈ ਕਿ ਭਾਜਪਾ ਵਲੋਂ ਆਰ.ਐਸ.ਐਸ. ਤੇ ਪ੍ਰਸ਼ਾਸਨ ਨਾਲ ਮਿਲ ਕੇ ਜਿਸ ਤਰਾਂ ਲੰਮੇ ਸਮੇਂ ਤੋਂ ਹਿੰਦੂਆਂ ਨੂੰ ਇਕੱਠੇ ਕਰਨ ਅਤੇ ਮਮਤਾ ਸਰਕਾਰ ਨੂੰ ਮੁਸਲਿਮ ਪੱਖੀ ਸਰਕਾਰ ਦੱਸਣ ਲਈ ਅੰਦਰਖਾਤੇ ਕਿਸ-ਕਿਸ ਤਰ੍ਹਾਂ ਦੀ ਵਿਉਤਬੰਦੀ ਕੀਤੀ ਜਾ ਰਹੀ ਸੀ, ਇਸ ਬਾਰੇ ਤ੍ਰਿਣਮੂਲ ਸੋਚ ਹੀ ਨਾ ਸਕੀ।
ਬੰਗਾਲ ਬਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਧਰਮ ਨਿਰਪੱਖ ਖੇਤਰ ਹੈ, ਜਿੱਥੇ ਕੱਟੜਪੰਥੀ ਕਦੇ ਭਾਰੀ ਨਹੀਂ ਪੈ ਸਕਦੇ। ਇੱਥੋਂ ਦੇ ਭੱਦਰ ਲੋਕ (ਮੱਧ ਵਰਗ) ਪੜ੍ਹੇ-ਲਿਖੇ, ਸਮਝਦਾਰ ਤੇ ਫਿਰਕਾਪ੍ਰਸਤੀ ਤੋਂ ਦੂਰ ਹਨ। ਰਵਿੰਦਰ ਨਾਥ ਟੈਗੋਰ, ਸਤਿਆਜੀਤ ਰੇਅ, ਅਮਰਤਿਆ ਸੇਨ ਜਿਹੇ ਵਿਦਵਾਨਾਂ ਦਾ ਆਮ ਤੌਰ 'ਤੇ ਜ਼ਿਕਰ ਕੀਤਾ ਜਾਂਦਾ ਹੈ। ਪਰ ਉਹ ਕੱਟੜ ਹਿੰਦੂਵਾਸੀ ਬੰਕਿਮ ਚੈਟਰਜੀ, ਚੰਦਰਨਾਥ ਬਾਸੂ ਜਿਹੇ ਵਿਦਵਾਨਾਂ ਨੂੰ ਭੁੱਲ ਜਾਂਦੇ ਹਨ। ਜਦੋਂ 1952 'ਚ 238 ਸੀਟਾਂ ਲਈ ਮਤਦਾਨ ਹੋਇਆ ਤਾਂ ਹਿੰਦੂ ਮਹਾਸਭਾ ਤੇ ਜਨਸੰਘ (ਅੱਜ ਦੀ ਭਾਜਪਾ) ਨੂੰ 13, ਖੱਬੇ ਪੱਖੀਆਂ ਨੂੰ 39 ਸੀਟਾਂ ਮਿਲੀਆਂ ਸਨ। ਹਿੰਦੂ ਮਹਾਸਭਾ ਦੇ ਪ੍ਰਧਾਨ ਨਿਰਮਲ ਚੈਟਰਜੀ (ਕਾ. ਸੋਮਨਾਥ ਚੈਟਰਜੀ ਦੇ ਪਿਤਾ) ਦਾ ਰੁਝਾਨ ਬਾਅਦ 'ਚ ਖੱਬੇ ਪੱਖੀਆਂ ਵੱਲ ਚਲਾ ਗਿਆ। ਜਨਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ਹੋ ਗਈ। ਦੇਸ਼ ਦੀ ਵੰਡ ਮਗਰੋਂ ਪੂਰਬੀ ਪਾਕਿਸਤਾਨ ਤੋਂ ਸ਼ਰਨਾਰਥੀ ਇੱਥੇ ਆਉਣ ਲੱਗੇ। ਖੱਬੇ ਪੱਖੀਆਂ ਵਲੋਂ ਉਨ੍ਹਾਂ ਨੂੰ ਪਨਾਹ ਦਿੱਤੀ ਗਈ, ਜਿਸ ਕਾਰਨ ਰਾਤੋ-ਰਾਤ ਉਨ੍ਹਾਂ ਦੀ ਪ੍ਰਸਿੱਧੀ, ਭਰੋਸਾ ਤੇ ਵੋਟ ਬੈਂਕ ਮਜ਼ਬੂਤ ਹੋ ਗਿਆ। ਕਈ ਅੰਦੋਲਨਾਂ ਤੋਂ ਬਾਅਦ ਖੱਬੇ ਪੱਖੀ ਸੱਤਾ 'ਚ ਆਏ ਤੇ ਦੱਖਣ ਪੱਖੀ ਸੱਤਾ ਤੋਂ ਬਾਹਰ ਚਲੇ ਗਏ, ਪਰ ਫਿਰ ਵੀ ਉਹ ਬੰਗਾਲ 'ਚ ਸਰਗਰਮ ਸਨ। 1952 ਤੋਂ ਬਾਅਦ 2016 'ਚ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬਸੀਰਹਾਟ 'ਚ ਭਾਜਪਾ ਨੂੰ 3 ਸੀਟਾਂ 'ਤੇ ਜਿੱਤ ਮਿਲੀ ਸੀ। 80 ਵਰ੍ਹਿਆਂ ਦੇ ਇਕ ਬਜ਼ੁਰਗ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਸਰਹੱਦ ਪਾਰ ਕਰਕੇ ਔਖੇ ਵੇਲੇ ਇੱਥੇ ਆਏ ਸੀ, ਕਮਿਊਨਿਸਟਾਂ ਨੇ ਰਹਿਣ ਲਈ ਜ਼ਮੀਨ ਦਿੱਤੀ ਤੇ ਅਸੀਂ ਕਮਿਊਨਿਸਟ ਹੋ ਗਏ। ਪਰ ਮਨ 'ਚ ਆਪਣਾ ਘਰ ਛੱਡ ਕੇ ਆਉਣ ਦਾ ਗੁੱਸਾ ਸੀ, ਮੌਕਾ ਮਿਲਿਆ ਤਾਂ ਗੁੱਸਾ ਕੱਢ ਦਿੱਤਾ। ਭਾਜਪਾ ਦੀਆਂ ਸੀਟਾਂ 3 ਤੋਂ ਵਧ ਕੇ 207 ਤੱਕ ਪੁੱਜਣ ਦੇ ਪਿੱਛੇ ਇਸ ਵਾਰ ਚੋਣਾਂ ਦਾ ਮੁੱਖ ਮੁੱਦਾ ਘੁਸਪੈਠ ਰਿਹਾ। ਸਰਹੱਦ ਪਾਰ ਕਰਕੇ ਆਉਣ ਵਾਲਿਆਂ ਦੇ ਮਨ 'ਚ ਮੁਸਲਮਾਨਾਂ ਲਈ ਨਫ਼ਰਤ ਤਾਂ ਹੈ, ਇੱਥੋਂ ਦੇ ਮੂਲ ਵਸਨੀਕਾਂ ਦੇ ਮਨ 'ਚ ਵੀ ਨਫ਼ਰਤ ਭਰੀ ਪਈ ਹੈ, ਸਿਰਫ਼ ਮੌਕੇ ਦੀ ਭਾਲ 'ਚ ਸਨ। ਭਾਜਪਾ ਨੇ ਆਰ.ਐਸ.ਐਸ. ਦੀ ਮਦਦ ਨਾਲ ਬੀਤੇ 10-12 ਵਰ੍ਹਿਆਂ 'ਚ ਲੋਕਾਂ ਦੇ ਮਨ ਵਿਚ ਸੁਲਘਦੀ ਚਿੰਗਾਰੀ ਨੂੰ ਜਵਾਲਾਮੁਖੀ ਬਣਾ ਦਿੱਤਾ।
ਅਸਲ ਵਿਚ ਮਮਤਾ ਨੂੰ ਪਤਾ ਹੀ ਨਹੀਂ ਸੀ ਕਿ ਹਿੰਦੂ ਵੋਟਰਾਂ ਦੇ ਅੰਦਰ ਕਿੰਨਾ ਗੁੱਸਾ ਹੈ। ਇਮਾਮ ਭੱਤਾ ਚਾਲੂ ਕਰਨ ਤੋਂ ਬਾਅਦ ਇਹ ਹੋਰ ਵੀ ਵਧ ਗਿਆ ਸੀ। ਸੁਵੇਂਦੂ ਅਧਿਕਾਰੀ ਨੇ ਉਨ੍ਹਾਂ ਨੂੰ ਬੇਗਮ ਕਹਿਣਾ ਸ਼ੁਰੂ ਕਰ ਦਿੱਤਾ ਸੀ। ਭਾਜਪਾ ਦਾ ਮੁੱਖ ਮੰਤਰੀ ਬਣਦਿਆਂ ਹੀ ਅਧਿਕਾਰੀ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਦੇ ਲੈਟਰਹੈੱਡ ਤੋਂ ਹਿੰਦੀ ਤੇ ਊਰਦੂ ਹਟਾ ਕੇ ਸਿਰਫ਼ ਅੰਗਰੇਜ਼ੀ ਤੇ ਬੰਗਲਾ ਭਾਸ਼ਾ ਰੱਖਣ, ਬੰਗਲਾਦੇਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਨ ਦੀ ਥਾਂ ਸਿੱਧਾ ਬੀ.ਐਸ.ਐਫ. ਹਵਾਲੇ ਕਰਨ ਦੇ ਦਿੱਤੇ ਆਦੇਸ਼ਾਂ ਤੋਂ ਸਾਫ਼ ਹੈ ਕਿ ਭਾਜਪਾ ਨੂੰ ਪਤਾ ਹੈ ਕਿ ਚੋਣਾਂ ਜਿੱਤਣ ਦਾ ਮੁੱਖ ਕਾਰਨ ਕੀ ਹੈ? ਮਮਤਾ ਨੇ ਭਾਵੇਂ ਪੰਡਿਤਾਂ ਨੂੰ ਵੀ ਭੱਤਾ ਚਾਲੂ ਕੀਤਾ, ਦੁਰਗਾ ਪੂਜਾ ਕਮੇਟੀਆਂ ਨੂੰ ਆਰਥਿਕ ਮਦਦ ਦੇਣੀ ਸ਼ੁਰੂ ਕੀਤੀ, ਕਈ ਮੰਦਰ ਬਣਵਾਏ, ਪਰ ਲੋਕ ਮਨਾਂ 'ਚ ਇਹ ਧਾਰਨਾ ਬਣ ਗਈ ਕਿ ਮਮਤਾ ਬੰਗਾਲ ਨੂੰ ਬੰਗਲਾਦੇਸ਼ ਬਣਾ ਰਹੀ ਹੈ, ਜਿੱਥੇ ਮੁਸਲਮਾਨਾਂ ਦਾ ਰਾਜ ਹੋਵੇਗਾ ਤੇ ਹਿੰਦੂ ਪਛਾਣ ਖ਼ਤਮ ਹੋ ਜਾਵੇਗੀ।
ਮਮਤਾ ਦੀ ਹਾਰ ਦਾ ਇਕ ਹੋਰ ਕਾਰਨ ਭ੍ਰਿਸ਼ਟਾਚਾਰ ਤੇ ਦੂਜਿਆਂ ਦੀ ਪ੍ਰਵਾਹ ਨਾ ਕਰਨਾ ਵੀ ਮੰਨਿਆ ਜਾਂਦਾ ਹੈ। ਜਦੋਂ ਚੋਣ ਨਤੀਜੇ ਐਲਾਨੇ ਜਾ ਰਹੇ ਸਨ ਤਾਂ ਇਕ ਖੱਬੇ ਪੱਖੀ ਬੁਲਾਰੇ ਨੇ ਕਿਹਾ ਕਿ ਅਸੀਂ (ਵਿਰੋਧੀ ਪਾਰਟੀਆਂ) ਭਾਵੇਂ ਇਕੱਠੇ ਨਹੀਂ ਸੀ ਪਰ ਮਮਤਾ ਨੂੰ ਹਰਾਉਣ ਲਈ ਗੱਠਜੋੜ ਬਣਾ ਲਿਆ ਸੀ। ਭਾਜਪਾ ਭਾਵੇਂ 294 ਸੀਟਾਂ 'ਤੇ ਚੋਣ ਲੜ ਰਹੀ ਸੀ, ਪਰ ਉਸ ਨੇ 200-220 ਸੀਟਾਂ 'ਤੇ ਜ਼ੋਰ ਦਿੱਤਾ ਤੇ ਬਾਕੀ ਸੀਟਾਂ ਵਿਰੋਧੀਆਂ ਲਈ ਛੱਡ ਦਿੱਤੀਆਂ। ਅਸੀਂ ਵੀ ਜਿੱਥੇ ਮਜ਼ਬੂਤ ਸੀ, 30-40 ਸੀਟਾਂ 'ਤੇ ਜ਼ੋਰ ਦਿੱਤਾ, ਕਾਂਗਰਸ ਨੇ ਵੀ, ਜਿਸ ਦਾ ਨਤੀਜਾ ਇਹ ਹੋਇਆ ਕਿ ਖੱਬਾ ਮੋਰਚਾ, ਕਾਂਗਰਸ, ਆਈ.ਐਸ.ਐਫ., ਏ.ਜੇ.ਓ.ਪੀ. ਸੀਟਾਂ ਜਿੱਤਣ 'ਚ ਸਫ਼ਲ ਰਹੇ। ਪਰ ਤ੍ਰਿਣਮੂਲ ਕਾਂਗਰਸ ਨੇ ਕਿਸੇ ਲਈ ਵੀ ਸੀਟ ਨਹੀਂ ਛੱਡੀ, ਸਿਰਫ਼ ਪਹਾੜ 'ਚ 3 ਸੀਟਾਂ ਤੋਂ ਇਲਾਵਾ।
ਤ੍ਰਿਣਮੂਲ ਕਾਂਗਰਸ ਦਾ ਫਾਰਮੂਲਾ ਸੀ ਕਿ 70-75 ਫ਼ੀਸਦੀ ਮੁਸਲਿਮ ਵੋਟ ਤੇ 30-35 ਫ਼ੀਸਦੀ ਹਿੰਦੂ ਵੋਟਰਾਂ ਕਾਰਨ ਉਨ੍ਹਾਂ ਨੂੰ 50 ਫ਼ੀਸਦੀ ਵੋਟਾਂ ਮਿਲ ਜਾਣਗੀਆਂ। ਐਸ.ਆਈ.ਆਰ. ਕਾਰਨ ਇਹ ਫਾਰਮੂਲਾ ਫ਼ੇਲ੍ਹ ਹੋ ਗਿਆ। ਮਮਤਾ ਨੂੰ ਭਵਾਨੀਪੁਰ 'ਚ ਸਿਰਫ਼ ਮੁਸਲਿਮ ਬਹੁ ਗਿਣਤੀ ਵਾਲੇ ਇਕ ਵਾਰਡ 'ਚ ਲੀਡ ਮਿਲੀ, ਬਾਕੀ ਸਾਰੇ ਵਾਰਡਾਂ 'ਚ ਭਾਜਪਾ ਉਮੀਦਵਾਰ ਅੱਗੇ ਰਿਹਾ। ਇਸ ਵਾਰ 24 ਬੂਥ ਅਜਿਹੇ ਸਨ, ਜਿੱਥੇ ਮਮਤਾ ਨੂੰ ਇਕ ਵੀ ਵੋਟ ਨਹੀਂ ਮਿਲੀ। ਜਿਸ ਤਰਾਂ ਹਿੰਦੂਆਂ 'ਚ ਇਹ ਗੱਲ ਯਕੀਨੀ ਸੀ ਕਿ ਮਮਤਾ ਬੰਗਾਲ ਨੂੰ ਬੰਗਲਾਦੇਸ਼ ਬਣਾ ਰਹੀ ਹੈ, ਮੁਸਲਮਾਨਾਂ ਨੂੰ ਵੀ ਯਕੀਨ ਹੋ ਗਿਆ ਕਿ ਦੂਜੇ ਭਾਈਚਾਰੇ ਦਾ ਉਮੀਦਵਾਰ ਉਨ੍ਹਾਂ ਲਈ ਕੁਝ ਨਹੀਂ ਕਰ ਸਕਦਾ। ਇਸ ਲਈ ਮੁਸਲਮਾਨਾਂ ਦੀ ਗੱਲ ਕਰਨ ਵਾਲੇ ਮੁਸਲਿਮ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ। ਨਤੀਜਾ, ਪਹਿਲੀ ਵਾਰ ਬੰਗਾਲ ਦੇ ਮੁਸਲਮਾਨਾਂ ਨੇ ਫਿਰਕੂ ਆਧਾਰ 'ਤੇ ਮਤਦਾਨ ਕੀਤਾ। ਦੱਖਣੀ ਬੰਗਾਲ 'ਚ ਖੱਬਾ ਮੋਰਚਾ ਦੇ ਭਾਈਵਾਲ ਗਰਮ ਖਿਆਲੀ ਆਗੂ ਨੌਸ਼ਾਦ ਸਿੱਦਕੀ ਦੀ ਆਈ.ਐਸ.ਐਫ. ਤੇ ਉੱਤਰ ਬੰਗਾਲ 'ਚ ਬਾਬਰੀ ਮਸਜਿਦ ਬਣਾਉਣ ਜਾ ਰਹੇ ਆਮ ਜਨਤਾ ਉਨੰਯਨ ਪਾਰਟੀ ਦੇ ਹੁਮਾਯੂੰ ਕਬੀਰ ਦੀ ਮੁਸਲਮਾਨਾਂ ਨੇ ਹਮਾਇਤ ਕੀਤੀ। ਤ੍ਰਿਣਮੂਲ ਦੇ 80 ਵਿਧਾਇਕਾਂ 'ਚ 32 ਮੁਸਲਿਮ ਹਨ ਤੇ ਸੀ.ਪੀ.ਐਮ., ਕਾਂਗਰਸ, ਆਈ.ਐਸ.ਐਫ., ਉਨੰਯਨ ਪਾਰਟੀ ਦੇ ਸਭ ਜੇਤੂ ਉਮੀਦਵਾਰ ਮੁਸਲਿਮ ਹੀ ਹਨ।
ਇਸ ਵਾਰ ਮਮਤਾ ਬੈਨਰਜੀ ਲੋਕਾਂ ਦੀ ਮਨੋਦਸ਼ਾ ਨਹੀਂ ਸਮਝ ਸਕੀ। ਇਸ ਦਾ ਕਾਰਨ 2021 ਤੋਂ ਬਾਅਦ ਉਨ੍ਹਾਂ ਨੇ ਪਾਰਟੀ ਦੀ ਕਮਾਨ ਅਭਿਸ਼ੇਕ ਬੈਨਰਜੀ ਦੇ ਸਪੁਰਦ ਕਰਨੀ ਸ਼ੁਰੂ ਕਰ ਦਿੱਤੀ ਸੀ। ਅਭਿਸ਼ੇਕ ਆਈਪੈਕ ਸੰਸਥਾ ਦੇ ਸਹਾਰੇ ਪਾਰਟੀ ਚਲਾ ਰਿਹਾ ਸੀ। 74 ਵਿਧਾਇਕਾਂ ਨੂੰ ਟਿਕਟ ਨਾ ਦੇਣ ਜਿਹੇ ਫ਼ੈਸਲੇ ਇਸ ਦਾ ਕਾਰਨ ਸਨ। ਸੰਸਥਾ ਪਾਰਟੀ ਅੰਦਰਲੀ ਖਬਰ ਲੀਡਰਸ਼ਿਪ ਨੂੰ ਦੇ ਰਹੀ ਸੀ ਕਿ ਕਿਸ ਤਰ੍ਹਾਂ ਪਾਰਟੀ ਚਲਾਉਣੀ ਚਾਹੀਦੀ ਹੈ, ਕਿਹੜੇ ਉਮੀਦਵਾਰਾਂ ਨੂੰ ਟਿਕਟ ਦੇਣੀ ਜਾਂ ਨਹੀਂ ਦੇਣੀ, ਉਹ ਦੱਸਦੇ ਸਨ। ਪਾਰਟੀ ਵਰਕਰਾਂ/ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਖ਼ਤਮ ਹੋ ਗਿਆ ਸੀ। ਹੁਣ ਲੋਕ ਸੰਸਦ ਮੈਂਬਰਾਂ ਤੱਕ ਸ਼ਿਕਾਇਤ ਕਰਨ ਲੱਗੇ ਕਿ ਅਭਿਸ਼ੇਕ ਨੂੰ ਮਿਲਣ ਲਈ ਦੋ-ਦੋ ਘੰਟੇ ਦੀ ਉਡੀਕ ਪਿੱਛੋਂ ਵੀ ਮੁੜਨਾ ਪੈਂਦਾ ਹੈ, ਕਿਉਂਕਿ ਉਨ੍ਹਾਂ ਕੋਲ ਸਮਾਂ ਨਹੀਂ ਹੁੰਦਾ ਸੀ। ਇਕ ਹੋਰ ਕਾਰਨ, ਬੀਤੇ ਕਈ ਵਰ੍ਹਿਆਂ ਤੋਂ ਖੱਬੇ ਪੱਖੀਆਂ ਦਾ ਇਹ ਪ੍ਰਚਾਰ ਵੀ ਰਿਹਾ ਹੈ ਕਿ ਇਸ ਵਾਰ ਰਾਮ, ਫੇਰ ਵਾਮ (ਹੁਣ ਭਾਜਪਾ, ਫੇਰ ਖੱਬਾ), ਚੋਣਾਂ ਜਿੱਤਣ ਮਗਰੋਂ ਸੁਵੇਂਦੂ ਅਧਿਕਾਰੀ ਨੇ ਕਿਹਾ ਕਿ ਭਵਾਨੀਪੁਰ 'ਚ 13 ਹਜ਼ਾਰ ਕਮਿਊਨਿਸਟ ਵੋਟਰ ਸਨ, ਜਿਨਾਂ 'ਚੋਂ ਉਸ ਨੂੰ 10 ਹਜ਼ਾਰ ਵੋਟ ਮਿਲੇ ਹਨ। ਤ੍ਰਿਣਮੂਲ ਕੌਂਸਲਰਾਂ ਵਲੋਂ ਧੜਾਧੜ ਅਸਤੀਫ਼ੇ, ਫਲਤਾ ਦੇ ਦਬੰਗ ਜਹਾਂਗੀਰ ਦੇ ਚੋਣ ਮੈਦਾਨ 'ਚੋਂ ਭੱਜਣ ਨੂੰ ਵੇਖ ਕੇ ਸੀ.ਪੀ.ਐਮ. ਦੇ ਰਾਜ ਸਕੱਤਰ ਮੁਹੰਮਦ ਸਲੀਮ ਦਾ ਕਹਿਣਾ ਹੈ ਕਿ ਤ੍ਰਿਣਮੂਲ ਗਰਮੀ 'ਚ ਬਰਫ਼ ਵਾਂਗ ਪਿਘਲ ਰਹੀ ਹੈ। ਬੰਗਾਲ 'ਚ ਹੁਣ ਮੁੱਖ ਵਿਰੋਧੀ ਕਮਿਊਨਿਸਟ ਹੀ ਹੋਣਗੇ।

-ਮੋਬਾਈਲ : 090384-13112

Ad Position 22
No active advertisement
ਪਿਛਲੀ ਖ਼ਬਰ 29-05-26 ਅਗਲੀ ਖ਼ਬਰ ਕੋਸ਼ਿਸ਼ ਹਮੇਸ਼ਾ ਜਿੱਤਦੀ ਹੈ
Ad Position 24