13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੋਸ਼ਿਸ਼ ਹਮੇਸ਼ਾ ਜਿੱਤਦੀ ਹੈ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਅਕਸਰ ਗੱਲਾਂ ਚੱਲ ਪੈਂਦੀਆਂ ਹਨ ਕਿ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਜ਼ਰੂਰਤਾਂ ਵਿਚ ਕੀ ਆਉਂਦਾ ਹੈ। ਆਪਾਂ ਜਾਣਦੇ ਹੀ ਹਾਂ, ਰੋਟੀ, ਕੱਪੜਾ ਤੇ ਮਕਾਨ। ਪਰ ਇਹ ਜ਼ਰੂਰਤਾਂ ਪੂਰੀਆਂ ਕਰਨ ਲਈ ਤੇ ਸਾਂਭਣ ਲਈ ਕੀ ਚਾਹੀਦਾ ਹੈ, ਉਹ ਕਦੇ ਸੋਚਿਆ ਹੈ? ਅੱਜ ਦਾ ਮਨੁੱਖ ਸੋਚਦਾ ਨਹੀਂ, ਸੁਫ਼ਨੇ ਵੇਖਦਾ ਹੈ ਬਸ। ਸੁਫ਼ਨੇ ਵੀ ਸਪਾਂਸਰਡ (Sponsered) ਜੋ ਕਿ ਸਿਰਫ਼ ਛਲਾਵੇ ਹੀ ਹੁੰਦੇ ਹਨ। ਬਚਪਨ ਤੋਂ ਹੀ ਰੀਸ ਦਾ ਰੋਗ ਲੱਗ ਜਾਂਦਾ ਹੈ।
ਕਿਥੇ ਮਾਂ-ਬਾਪ ਨਹੀਂ ਕਹਿੰਦੇ ਕਿ ਫਲਾਣੇ ਦੇ ਬੱਚੇ ਇਹੋ-ਜਿਹੇ ਚੰਗੇ ਹਨ, ਉੱਥੇ ਬੱਚੇ ਕਹਿੰਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਦੇ ਮਾਂ-ਬਾਪ ਉਨ੍ਹਾਂ ਖ਼ਾਤਰ ਕੀ ਕੁਝ ਕਰਦੇ ਹਨ, ਅਸੀਂ ਤਾਂ ਅਜਿਹਾ ਕੁਝ ਵੇਖਿਆ ਹੀ ਨਹੀਂ। ਹੱਦ ਟੱਪਦਾ ਸ਼ੌਕ ਬਿਮਾਰੀ ਬਣ ਜਾਂਦਾ ਹੈ। ਮਿਲ ਕੇ ਦੁੱਖ-ਸੁੱਖ ਸਾਂਝਾ ਕਰਨਾ ਜਦੋਂ ਸ਼ਹਿਰੀ ਤਬੀਅਤ ਵਿਚ ਆਇਆ, ਉਦੋਂ ਕਿੱਟੀ ਪਾਰਟੀਜ਼ ਦਾ ਦੌਰ ਸ਼ੁਰੂ ਹੋ ਗਿਆ। ਪਹਿਲਾਂ ਮਨ ਪਰਚਾਵਾ, ਫਿਰ ਮੁਕਾਬਲਾ ਤੇ ਅਖ਼ੀਰ ਵਿਚ ਪਛਤਾਵਾ ਬਣ ਕੇ ਹੀ ਨਿੱਬੜਿਆ। ਪਹਿਰਾਵੇ ਤੋਂ ਲੈ ਕੇ ਗੱਡੀ ਤੀਕ ਸਭ ਕੁਝ ਨੁਮਾਇਸ਼ 'ਤੇ ਰਿਹਾ। ਦੁੱਖ-ਸੁੱਖ ਹੌਲੇ ਹੋਣ ਦੀ ਬਜਾਏ ਹੋਰ ਭਾਰੇ ਹੁੰਦੇ ਚਲੇ ਗਏ। ਲੋਕਾਂ ਨੇ ਅੱਡੀਆਂ ਚੁੱਕਣ ਦੀ ਕੋਈ ਕਸਰ ਨਾ ਛੱਡੀ। ਇਕ ਵਾਰਤਾਲਾਪ ਸੁਣੀ, ਪਿਓ-ਪੁੱਤ ਦੇ ਦਰਮਿਆਨ। ਪੁੱਤ ਕਹਿੰਦਾ, ਪਾਪਾ ਜੀ ਘਰ ਇੰਨੇ ਮਾੜੇ ਥਾਂ 'ਤੇ ਬਣਾ ਬੈਠੇ ਹੋ। ਬੱਚਿਆਂ ਨੂੰ ਸਕੂਲ ਜਾਣਾ ਦੂਰ ਪੈਂਦਾ। ਕਿਸੇ ਚੱਜ ਹਾਲ ਦੇ ਬੰਦੇ ਨੂੰ ਇਹੋ ਜਿਹੇ ਮੁਹੱਲੇ 'ਚ ਸੱਦ ਵੀ ਨਹੀਂ ਸਕਦੇ। ਪਿਓ ਕਹਿੰਦਾ, ਕਾਕਾ ਮੈਂ 200 ਕਿਲੋਮੀਟਰ ਆਪਣੇ ਪਿੰਡ ਤੋਂ ਇੱਥੇ ਤੱਕ ਲੈ ਆਇਆ ਹਾਂ, ਆਪਣੇ ਪਿਤਾ ਦੀ ਦਿੱਤੀ ਸਰਕਾਰੀ ਸਕੂਲ ਦੀ ਵਿੱਦਿਆ 'ਤੇ। ਤੂੰ ਤਾਂ ਸੈਕਟਰ ਹੀ ਬਦਲਣਾ ਹੈ, ਪਬਲਿਕ ਸਕੂਲ ਤੋਂ ਲੈ ਕੇ ਮਕਬੂਲ ਯੂਨੀਵਰਸਿਟੀ ਤੱਕ ਮੈਂ ਤੈਨੂੰ ਪੜ੍ਹਾਇਆ ਹੈ। ਕਰ ਲੈ ਜੋ ਕਰ ਸਕਦਾ ਹੈਂ। ਪਰ ਉਹ ਕਰੀਂ ਜਿਸ 'ਤੇ ਕੱਲ੍ਹ ਨੂੰ ਤੇਰੇ ਪੁੱਤ ਨੂੰ ਇਤਰਾਜ਼ ਨਾ ਹੋਵੇ। ਇਤਰਾਜ਼ ਹੀ ਨਹੀਂ, ਉਲਾਂਭਾ ਵੀ ਮੁੱਕ ਗਿਆ ਸੀ। ਰੀਸਾਂ ਦੇ ਸਿਰ 'ਤੇ ਤਰੱਕੀਆਂ ਨਹੀਂ ਹੁੰਦੀਆਂ। ਤਰੱਕੀਆਂ ਦੇ ਸਿਰ 'ਤੇ ਰੀਸ ਕੀਤੀ ਜਾ ਸਕਦੀ ਹੈ।
ਅਸੀਂ ਗੱਲਾਂ-ਬਾਤਾਂ ਦੇ ਉਲਝਾਏ ਲੋਕ ਹਾਂ। ਜੰਗ ਤੱਕ ਦਾ ਮਸਲਾ ਕੁਰਸੀਆਂ 'ਤੇ ਬੈਠ ਕੇ ਗੱਲੀਂ-ਬਾਤੀਂ ਨਜਿੱਠ ਲੈਂਦੇ ਹਾਂ। ਜਿਵੇਂ ਸਿਰਫ਼ ਚਰਚਾ ਹੀ ਇਲਾਜ ਹੈ। ਸੋਚ ਜ਼ਰੂਰੀ ਹੈ, ਪਰ ਉਸ ਤੋਂ ਕਿਤੇ ਜ਼ਰੂਰੀ ਕਿਰਤ ਹੈ। ਇਤਫ਼ਾਕ ਨਾਲ ਬੀਤੇ ਦਿਨੀਂ ਇਕ ਬਹੁਤ ਕਾਬਲ ਡਾਕਟਰ ਨਾਲ ਮੁਲਾਕਾਤ ਹੋਈ। ਮੇਰੇ ਹੀ ਇਲਾਕੇ ਤੋਂ ਸੀ ਤੇ ਮੇਰੀ ਬੇਟੀ ਦਾ ਮੈਡੀਕਲ ਕਾਲਜ ਦਾ ਹਮਜਮਾਤੀ। ਸੋ, ਗੱਲਾਂ ਵਿਚ ਬੇਤਕੱਲਫ਼ੀ ਸੀ। ਮੈਂ ਪੁੱਛਿਆ, ਬੇਟਾ ਤੁਸੀਂ ਪਿੰਡ ਕਿੰਨਾ ਕੁ ਜਾਨੇ ਹੋਂ? ਉਹ ਕਹਿਣ ਲੱਗਾ, ਆਂਟੀ ਹੁਣ ਉੱਥੇ ਉਜਾੜ ਜਿਹਾ ਪਿਆ ਹੋਇਆ ਹੈ, ਜੀਅ ਨਹੀਂ ਕਰਦਾ। ਮੈਂ ਵੀ ਕਿਹਾ ਮੇਰਾ ਜੀਅ ਘੱਟ ਕਰਦਾ ਹੈ, ਕਿਉਂਕਿ ਜਾਣੇ-ਪਛਾਣੇ ਚਿਹਰੇ ਘਟ ਗਏ। ਗਲੀਆਂ-ਬਾਜ਼ਾਰਾਂ ਵਿਚ ਬਾਹਰ ਭੇਜਣ ਵਾਲੇ ਕਾਰੋਬਾਰੀਆਂ ਦੇ ਫੱਟੇ ਹੀ ਤਾੜ ਰਹੇ ਹੁੰਦੇ ਹਨ। ਉਹ ਕਹਿੰਦਾ 'ਆਂਟੀ, ਤੁਸੀਂ ਤਾਂ ਸਾਥੋਂ ਵੀ ਬਹੁਤ ਸੋਹਣਾ ਪੰਜਾਬ ਵੇਖਿਆ ਹੋਣਾ ਹੈ। ਤੁਸੀਂ ਤਾਂ ਉਦਾਸ ਹੋਣਾ ਹੀ ਹੋਇਆ।
ਅਸੀਂ ਇਸ ਦਾ ਢਲਦਾ ਰੂਪ ਵੇਖਿਆ, ਪਰ ਫਿਰ ਵੀ ਸਾਡਾ ਇਹਨੂੰ ਛੱਡ ਕੇ ਬਾਹਰ ਜਾਣ ਦਾ ਜੀਅ ਨਹੀਂ ਕਰਦਾ। ਐਂ ਲਗਦਾ ਹੈ, ਫਿਰ ਵੀ ਆਪਣਾ ਘਰ ਇਹੋ ਹੈ। ਜੋ ਹੋ ਸਕਦਾ ਹੈ, ਇੱਥੇ ਹੀ ਕਰ ਲਈਏ।' ਰੂਹ ਖ਼ੁਸ਼ ਹੋ ਗਈ ਗੱਲ ਸੁਣ ਕੇ। ਅਨੇਕਾਂ ਮਸਲੇ, ਆਰਥਿਕਤਾ ਦੇ ਘਿਨੌਣੇ ਰੂਪ ਦੇ ਬਾਵਜੂਦ ਕੁਝ ਉਮੀਦਾਂ ਜਿਊਂਦੀਆਂ ਹਨ, ਨੌਜਵਾਨਾਂ ਦੇ ਰੂਪ ਵਿਚ। ਇਥੇ ਰੀਸ ਹਾਰ ਗਈ, ਤਰੱਕੀ ਜਿੱਤ ਗਈ। ਕਈ ਵਾਰ ਕਿਸੇ ਦੂਸਰੇ ਸ਼ਹਿਰ ਹੀ ਚਲੇ ਜਾਓ, ਜਿੱਥੇ ਇਹ ਉਮੀਦ ਨਾ ਹੋਵੇ ਕਿ ਕੋਈ ਜਾਣਦਾ-ਪਛਾਣਦਾ ਹੋਵੇਗਾ, ਤਿਆਰ ਤੱਕ ਹੋਣ ਨੂੰ ਜੀਅ ਨਹੀਂ ਕਰਦਾ। ਹਰ ਇਨਸਾਨ ਦੇ ਅੰਦਰ ਇਕ ਨਿੱਕੀ ਜਿਹੀ 'ਮੈਂ' ਸਿਰ ਚੁੱਕੀ ਖੜ੍ਹੀ ਰਹਿੰਦੀ ਹੈ। ਉਹ 'ਮੈਂ' ਜਿਹੜੀ ਇਕ ਅਪਣੱਤ ਦੀ ਦੁਨੀਆ ਦੀ ਚਾਹਵਾਨ ਰਹਿੰਦੀ ਹੈ। ਜਿਹੜੀ ਲੱਭਦੀ ਹੈ ਉਹ ਹੱਥ, ਜਿਹੜਾ ਉਹਦੇ ਸਵਾਗਤ ਵਿਚ ਭਰੀ ਭੀੜ ਵਿਚੋਂ ਅਗਾਂਹ ਵਧੇ। ਜੰਗਲਾਂ ਵਿਚ ਮੋਰ ਨਚਾਉਣ ਦੇ ਚਾਹਵਾਨ ਘੱਟ ਹੁੰਦੇ ਹਨ। ਸੋ, ਆਪਣੇ ਪ੍ਰਾਂਤ ਨੂੰ ਹਰ ਛੋਟੀ ਕੋਸ਼ਿਸ਼ ਵੀ ਫਲੇਗੀ। ਹਰ ਉਹ ਮਿਹਨਤੀ, ਜਿਹੜਾ ਆਪਣਾ ਫਰਜ਼ ਆਪਣੀ ਮਿੱਟੀ ਵਾਸਤੇ ਵੀ ਪਛਾਣੇ। ਹਰੇਕ ਨੂੰ ਆਪਣਾ ਬਿਹਤਰ ਸੋਚਣ ਦਾ ਹੱਕ ਹੈ ਉਂਝ ਤਾਂ। ਪਰ ਕਿੰਨੇ ਕੁ ਕਿਸ਼ਤੀਆਂ ਸਾੜ ਕੇ ਗਏ ਸਮੁੰਦਰੋਂ ਪਾਰ ਵਾਲੇ, ਕੀ ਪ੍ਰਾਪਤੀਆਂ ਕਰ ਗਏ? ਜੇ ਚਾਹੀਏ ਤਾਂ ਉਹ ਸਭ ਕੁਝ ਜੋ ਸਾਨੂੰ ਡਰਾ ਰਿਹਾ ਹੈ, ਇੱਥੇ, ਉਸ ਨੂੰ ਅਸੀਂ ਆਪਣੀ ਤਾਕਤ ਨਾਲ ਬੇਅਸਰ ਕਰ ਸਕਦੇ ਹਾਂ। ਕੋਸ਼ਿਸ਼ ਹਮੇਸ਼ਾ ਜਿੱਤਦੀ ਹੈ।
ਗੱਲ ਫਿਰ ਭੇਡਚਾਲ 'ਤੇ ਆ ਗਈ, ਆਪੋ-ਆਪਣੇ ਹਾਲਾਤ, ਆਪੋ ਆਪਣੇ ਮਸਲੇ ਸਭ ਆਪੋ-ਆਪਣਾ ਹੱਲ ਭਾਲਦੇ ਹਨ। ਅੱਜ ਵੀ ਅਸੂਲ ਉਹੋ ਹੀ ਹਨ ਖ਼ੁਸ਼ੀ ਦੇ। ਜ਼ਿੱਲਤ ਦੇ ਮਹਿਲਾਂ ਦੇ ਵਸਨੀਕ, ਇੱਜ਼ਤਾਂ ਦੀਆਂ ਝੁੱਗੀਆਂ 'ਚ ਰਹਿਣ ਵਾਲਿਆਂ ਮੂਹਰੇ ਕੋਈ ਹੈਸੀਅਤ ਨਹੀਂ ਰੱਖਦੇ।

ਈ-ਮੇਲ : bubbutir@yahoo.com

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀ ਮਨੋਦਸ਼ਾ ਸਮਝਣ ਵਿਚ ਅਸਫ਼ਲ ਰਹੀ ਮਮਤਾ ਬੈਨਰਜੀ ਅਗਲੀ ਖ਼ਬਰ ਕੀ ਸਥਾਨਕ ਸਰਕਾਰਾਂ ਦੇ ਚੋਣ ਨਤੀਜੇ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ?
Ad Position 24