13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੀ ਸਥਾਨਕ ਸਰਕਾਰਾਂ ਦੇ ਚੋਣ ਨਤੀਜੇ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ?

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਹਵਾ ਖ਼ਫ਼ਾ ਥੀ ਮਗ਼ਰ ਇਤਨੀ ਸੰਗ-ਦਿਲ ਭੀ ਨਾ ਥੀ,
ਹਮੀਂ ਕੋ ਸ਼ਮਾ ਜਲਾਨੇ ਕਾ ਹੌਸਲਾ ਨਾ ਹੁਆ।

ਕੈਸ-ਉਲ-ਜਾਫਰੀ ਦਾ ਇਹ ਸ਼ਿਅਰ ਭੂਤ-ਕਾਲ ਤੋਂ ਬਦਲਕੇ ਮੈਂ ਵਰਤਮਾਨ-ਕਾਲ ਵਿਚ ਇਸ ਲਈ ਲਿਖਿਆ ਹੈ ਕਿ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨਗਰ ਕੌਂਸਲ ਚੋਣਾਂ ਵਿਚ ਸਰਕਾਰੀ ਧੱਕੇ ਦਾ ਰੌਲਾ ਪਾ ਰਹੀਆਂ ਹਨ, ਪਰ ਸੱਚ ਤਾਂ ਇਹ ਹੈ ਕਿ ਰਾਜ ਸਰਕਾਰ ਭਾਵੇਂ ਕਾਂਗਰਸ ਦੀ ਰਹੀ ਹੋਵੇ ਤੇ ਭਾਵੇਂ ਅਕਾਲੀ ਦਲ-ਭਾਜਪਾ ਦੀ, ਉਨ੍ਹਾਂ 'ਤੇ ਵੀ ਪੰਚਾਇਤ ਤੇ ਕੌਂਸਲ ਚੋਣਾਂ ਵਿਚ ਧੱਕਾ ਕਰਨ ਦੇ ਦੋਸ਼ ਲਗਦੇ ਰਹੇ ਸਨ। ਇਹ ਵੱਖਰੀ ਗੱਲ ਹੈ ਕਿ ਹਰ ਸਰਕਾਰ ਆਪਣੇ ਤੋਂ ਪਹਿਲੀ ਸਰਕਾਰ ਨਾਲੋਂ ਜ਼ਿਆਦਾ ਧੱਕਾ ਕਰਦੀ ਗਈ। 'ਆਪ' ਸਰਕਾਰ ਵੀ ਵੱਖਰੀ ਨਹੀਂ ਹੈ। ਇਸ ਲਈ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀ-ਫਾਈਨਲ ਕਹਿਣਾ ਠੀਕ ਨਹੀਂ। ਬਹੁਤ ਵਾਰ ਹੋਇਆ ਹੈ ਕਿ ਸਰਕਾਰੀ ਪਾਰਟੀ ਨਗਰ ਕੌਂਸਲ ਚੋਣ ਤਾਂ ਜਿੱਤ ਜਾਂਦੀ ਰਹੀ, ਪਰ ਵਿਧਾਨ ਸਭਾ ਚੋਣ ਹਾਰਦੀ ਰਹੀ। ਧੱਕਾ ਲੋਕਾਂ ਨੂੰ ਨਾਰਾਜ਼ ਹੀ ਕਰਦਾ ਹੈ। ਫਿਰ ਨਗਰ ਕੌਂਸਲ ਚੋਣਾਂ ਤਾਂ ਸਿਰਫ਼ ਸ਼ਹਿਰੀ ਖੇਤਰਾਂ ਦੀਆਂ ਹੀ ਚੋਣਾਂ ਹਨ ਤੇ ਇਹ ਵੀ ਦੇਖੋ 2024 ਲੋਕ ਸਭਾ ਵਿਚ ਕੁੱਲ 1 ਕਰੋੜ, 56 ਲੱਖ ਦੇ ਕਰੀਬ ਵੋਟਾਂ ਪਈਆਂ ਸਨ ਤੇ ਹੁਣ ਇਨ੍ਹਾਂ ਚੋਣਾਂ ਵਿਚ ਕਰੀਬ ਸਾਢੇ 22 ਲੱਖ ਵੋਟ ਹੀ ਪੋਲ ਹੋਈ ਹੈ। ਇਸ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ 'ਤੇ ਬਹੁਤੇ ਅਸਰ ਅੰਦਾਜ਼ ਨਹੀਂ ਹੋ ਸਕਣਗੇ।
ਵੈਸੇ ਇਹ ਠੀਕ ਹੈ ਕਿ ਇਸ ਵੇਲੇ ਪੰਜਾਬ ਵਿਚ ਭਾਵੇਂ ਸਥਾਪਤੀ ਵਿਰੋਧੀ ਰੁਝਾਨ ਕਾਫੀ ਹੈ, ਪਰ ਇਸ ਦੇ ਬਾਵਜੂਦ 'ਆਪ' ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਅੱਜ ਦੀ ਰਾਜਨੀਤਕ ਸਥਿਤੀ ਇਕ ਵਰਦਾਨ ਵਰਗੀ ਜਾਪਦੀ ਹੈ। ਕਿਉਂਕਿ ਇਕ ਪਾਸੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਇਸ ਵੇਲੇ ਪੂਰੀ ਤਰ੍ਹਾਂ ਸਥਿਲ ਜਾਂ ਸੁਸਤ ਜਿਹੀ ਜਾਪਦੀ ਹੈ, ਦੂਜੇ ਪਾਸੇ ਉਸ ਦੇ ਅੱਧੀ ਦਰਜਨ ਤੋਂ ਵਧੇਰੇ ਆਗੂ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ਦੇ ਚਾਹਵਾਨ ਤਾਂ ਹਨ, ਪਰ ਕਿਸੇ ਇਕ ਦੀ ਲੀਡਰਸ਼ਿਪ ਪ੍ਰਵਾਨ ਕਰਨ ਲਈ ਤਿਆਰ ਨਜ਼ਰ ਨਹੀਂ ਆਉਂਦੇ। ਜ਼ਮੀਨੀ ਤੌਰ 'ਤੇ ਵੀ ਕਾਂਗਰਸੀ ਨੇਤਾ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਦਿਸਦੇ ਹਨ, ਜਦੋਂਕਿ ਕਾਂਗਰਸ ਹਾਈਕਮਾਨ ਵੀ ਅਜੇ ਸੁੱਤੀ ਪਈ ਹੈ। ਅਕਾਲੀ ਦਲ 'ਹੰਨੇ ਹੰਨੇ ਮੀਰੀ' ਦੀ ਸਥਿਤੀ ਵਿਚ ਹਨ। ਸਿੱਖ ਵੋਟਾਂ ਜਿਥੇ ਅਕਾਲੀ ਦਲਾਂ ਵਿਚ ਵੰਡੀਆਂ ਜਾਣਗੀਆਂ, ਉਥੇ ਕਾਂਗਰਸ, 'ਆਪ' ਤੇ ਭਾਜਪਾ ਵੀ ਸਿੱਖ ਵੋਟਾਂ ਵਿਚੋਂ ਹਿੱਸਾ ਵੰਡਾਉਣਗੇ। ਇਸ ਤਰ੍ਹਾਂ ਸਿੱਖ ਵੋਟਾਂ 5-6 ਹਿੱਸਿਆਂ ਵਿਚ ਵੰਡੇ ਜਾਣ ਦੇ ਆਸਾਰ ਹਨ। ਭਾਜਪਾ ਸਿਰਫ਼ ਇਕਮੁੱਠ ਹੀ ਨਹੀਂ, ਸਗੋਂ ਆਏ ਦਿਨ ਨਵੇਂ ਨੇਤਾ ਵੀ ਸ਼ਾਮਿਲ ਕਰ ਰਹੀ ਹੈ। ਭਾਜਪਾ ਇਕੱਲੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ ਤੇ ਕਿਹਾ ਜਾਂਦਾ ਹੈ ਕਿ ਉਸ ਦਾ ਨਿਸ਼ਾਨਾ ਸਰਕਾਰ ਬਣਾਉਣਾ ਨਹੀਂ, ਸਗੋਂ ਬੰਗਾਲ ਵਾਂਗ ਪਹਿਲਾਂ ਮੁੱਖ ਵਿਰੋਧੀ ਪਾਰਟੀ ਬਣਨਾ ਹੈ ਤੇ ਉਹ 35-40 ਸੀਟਾਂ 'ਤੇ ਜ਼ਿਆਦਾ ਜ਼ੋਰ ਲਾਵੇਗੀ। ਪਰ ਹੁਣ ਭਾਜਪਾ ਵਲੋਂ ਇਕ ਜੱਟ ਸਿੱਖ ਚਿਹਰੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਏ ਜਾਣ ਤੋਂ ਲਗਦਾ ਹੈ ਕਿ ਭਾਜਪਾ ਇਸ ਵਾਰ ਹੀ ਸਰਕਾਰ ਬਣਾਉਣ ਲਈ ਜ਼ੋਰ ਲਾਵੇਗੀ। ਪਰ ਕੁਝ ਰਾਜਨੀਤਕ ਹਲਕੇ ਇਹ ਵੀ ਕਹਿੰਦੇ ਹਨ ਕਿ ਭਾਜਪਾ 'ਆਪ' ਨੂੰ ਹਾਲ ਦੀ ਘੜੀ ਖ਼ਤਮ ਕਰਨ ਦੀ ਰਣਨੀਤੀ ਨਹੀਂ ਅਪਣਾਏਗੀ, ਸਗੋਂ ਉਸ ਦਾ ਨਿਸ਼ਾਨਾ ਇਕ ਪਾਸੇ ਕਾਂਗਰਸ ਮੁਕਤ ਭਾਰਤ ਹੈ ਤੇ ਦੂਜੇ ਪਾਸੇ ਉਹ ਸਿੱਖ ਘੱਟ-ਗਿਣਤੀ ਦੀ ਲੀਡਰਸ਼ਿਪ ਵੀ ਖ਼ਤਮ ਕਰਨਾ ਚਾਹੁੰਦੀ ਹੈ। ਸੋ ਇਹ ਸਥਿਤੀ 'ਆਪ' ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਤੇਜ਼-ਤਰਾਰ ਵਿਅਕਤੀ ਹਨ ਤੇ ਉਨ੍ਹਾਂ ਨੂੰ ਮੌਕੇ ਦਾ ਫਾਇਦਾ ਉਠਾਉਣਾ ਖ਼ੂਬ ਆਉਂਦਾ ਹੈ। ਭਾਜਪਾ ਨਾਲ ਤਿੱਖੀ ਲੜਾਈ 'ਆਪ' ਨੂੰ ਸੂਤ ਬੈਠਦੀ ਹੈ ਤੇ ਇਹ ਬਿਰਤਾਂਤ (ਨੈਰੇਟਿਵ) ਕਿ ਭਾਜਪਾ ਤੇ 'ਆਪ' ਵਿਚ ਹੀ ਮੁਕਾਬਲਾ ਹੈ, ਵੀ ਦੋਵਾਂ ਧਿਰਾਂ ਦੇ ਹੱਕ ਵਿਚ ਜਾਂਦਾ ਹੈ। ਉਂਝ ਵੀ ਜੇਕਰ 'ਆਪ' ਪੰਜਾਬ ਵਿਚ ਖ਼ਤਮ ਹੋ ਗਈ ਤਾਂ ਦਸੰਬਰ ਵਿਚ ਹੋਣ ਵਾਲੀਆਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਉਹ ਕਾਂਗਰਸ ਦੀਆਂ ਵੋਟਾਂ ਨਹੀਂ ਕੱਟ ਸਕੇਗੀ, ਜੋ ਕਿ ਭਾਜਪਾ ਨੂੰ ਸੂਤ ਨਹੀਂ ਬੈਠਦਾ। ਪਰ ਅਜੇ ਵੀ ਅਕਾਲੀ ਦਲਾਂ ਕੋਲ ਏਕਤਾ ਲਈ ਅਤੇ ਕਾਂਗਰਸ ਕੋਲ ਫੁੱਟ ਖ਼ਤਮ ਕਰਕੇ ਸਾਹਮਣੇ ਆਉਣ ਵਾਸਤੇ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ। ਪਰ ਜਿੱਤ ਹਾਰ ਦਾ ਫ਼ੈਸਲਾ ਤਾਂ ਲੋਕਾਂ ਵਲੋਂ ਆਖਰੀ ਮੌਕੇ 'ਤੇ ਹੀ ਕੀਤਾ ਜਾਵੇਗਾ। ਚੋਣਾਂ ਵਿਚ ਹਵਾ ਆਖਰੀ ਹਫ਼ਤੇ ਵਿਚ ਬਦਲਦੀ ਹੈ। ਸਾਡੇ ਸਾਹਮਣੇ ਹੈ ਕਿ ਪਹਿਲੀ ਹਵਾ ਭਾਈ ਅੰਮ੍ਰਿਤਪਾਲ ਦੇ ਹੱਕ ਵਿਚ ਚੱਲੀ ਤੇ ਐਨ ਆਖਰੀ ਹਫ਼ਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਵੀ ਅਚਾਨਕ ਫਰੀਦਕੋਟ ਤੋਂ ਜੇਤੂ ਹੋ ਕੇ ਉੱਭਰੇ। ਇਸ ਲਈ ਵਕਤ ਹੀ ਦੱਸੇਗਾ ਕਿ ਕੌਣ ਜਿੱਤੇਗਾ ਤੇ ਕੌਣ ਹਾਰੇਗਾ।
ਵਕਤ ਕੀ ਪਾਬੰਦ ਹੈਂ ਆਤੀ ਜਾਤੀ ਰੌਨਕੇਂ,
ਵਕਤ ਹੈ ਫੂਲੋਂ ਕੀ ਸੇਜ ਵਕਤ ਹੈ ਕਾਂਟੋ ਕਾ ਤਾਜ।
(ਸਾਹਿਰ ਲੁਧਿਆਣਵੀ)
ਕੇਵਲ ਸਿੰਘ ਢਿੱਲੋਂ ਦਾ ਪੰਜਾਬ ਭਾਜਪਾ ਪ੍ਰਧਾਨ ਬਣਨਾ
ਇਹ ਚਰਚਾ ਤਾਂ ਕਾਫੀ ਦੇਰ ਤੋਂ ਚੱਲ ਰਹੀ ਸੀ ਕਿ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਕਿਸੇ ਜੱਟ ਸਿੱਖ ਨੂੰ ਬਣਾਇਆ ਜਾਵੇਗਾ, ਪਰ ਇਸ ਬਾਰੇ ਕਾਫੀ ਟਕਰਾਅ ਸੀ ਕਿ ਭਾਜਪਾ ਵਿਚ ਸ਼ਾਮਿਲ ਕਿਸੇ ਨਵੇਂ ਚਿਹਰੇ ਨੂੰ ਪ੍ਰਧਾਨ ਬਣਾਇਆ ਜਾਵੇ ਜਾਂ ਕਿਸੇ ਪੁਰਾਣੇ ਭਾਜਪਾਈ ਨੂੰ। ਅਖੀਰ ਕੇਵਲ ਸਿੰਘ ਢਿੱਲੋਂ ਇਹ ਅਹੁਦਾ ਪ੍ਰਾਪਤ ਕਰਨ ਵਿਚ ਸਫਲ ਰਹੇ। ਚਰਚਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਵਿਚ ਸਭ ਤੋਂ ਵੱਡਾ ਰੋਲ ਪਾਰਟੀ ਦੇ ਪੰਜਾਬ ਦੇ ਜਨਰਲ ਸਕੱਤਰ ਸੰਗਠਨ 'ਮੰਥਰੀ ਸ੍ਰੀਨਿਵਾਸੁਲੂ' ਦਾ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਅਮਲੀ ਤੌਰ 'ਤੇ ਵੇਖ ਰਹੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦਾ ਵੀ ਇਸ ਵਿਚ ਵੱਡਾ ਰੋਲ ਦੱਸਿਆ ਜਾ ਰਿਹਾ ਹੈ। ਢਿੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਕਾਫੀ ਨੇੜੇ ਹਨ ਤੇ ਹੁਣ ਅਸਤੀਫ਼ਾ ਦੇ ਚੁੱਕੇ ਪ੍ਰਧਾਨ ਸੁਨੀਲ ਜਾਖੜ ਦੇ ਵੀ ਨਜ਼ਦੀਕੀ ਹਨ। ਢਿੱਲੋਂ ਨੂੰ ਪ੍ਰਧਾਨ ਬਣਾਉਣ ਦਾ ਸਾਫ਼ ਤੇ ਸਪੱਸ਼ਟ ਸੰਦੇਸ਼ ਇਹੀ ਹੈ ਕਿ ਭਾਜਪਾ ਨੇ ਪਿੰਡਾਂ ਵਿਚ ਜਾਣ ਦਾ ਫ਼ੈਸਲਾ ਕਰ ਲਿਆ ਹੈ ਤੇ ਹੁਣ ਉਹ ਪੰਜਾਬ ਵਿਚ ਸਰਕਾਰ ਬਣਾਉਣ ਦੇ ਨਿਸ਼ਾਨੇ ਨਾਲ ਚੋਣਾਂ ਲੜੇਗੀ। ਉਂਝ ਵੀ ਕੇਵਲ ਸਿੰਘ ਢਿੱਲੋਂ ਦਾ ਮਾਲਵੇ ਵਿਚ ਕਾਫੀ ਪ੍ਰਭਾਵ ਹੈ ਤੇ ਉਹ ਇਕ ਜਾਣਿਆ-ਪਛਾਣਿਆ ਚਿਹਰਾ ਹੈ।
ਨਿਗਹ ਬੁਲੰਦ, ਸੁਖ਼ਨ ਦਿਲ ਨਵਾਜ਼ ਜਾਂ ਪੁਰ ਸੋਜ਼,
ਯਹੀ ਹੈ ਰਖ਼ਤ-ਏ-ਸਫ਼ਰ, ਮੀਰ-ਏ-ਕਾਰਵਾਂ ਕੇ ਲਇਏ।
(ਅਲਾਮਾ ਇਕਬਾਲ)
(ਸੁਖਨ ਦਿਲ ਨਵਾਜ਼-ਦਿਲ ਨੂੰ ਸ਼ਾਂਤ ਕਰਨ ਵਾਲਾ ਭਾਸ਼ਨ, ਮੀਰ-ਏ-ਕਾਰਵਾਂ-ਨੇਤਾ, ਰਹਿਨੁਮਾ)
ਸਿੱਖ ਕੌਮ ਦੀਆਂ ਮੰਗਾਂ ਸੰਬੰਧੀ ਪੱਤਰ
10 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਵਲੋਂ ਭਾਰਤ ਸਰਕਾਰ ਨੂੰ ਕੌਮ ਦੀਆਂ 12 ਮੰਗਾਂ ਸੰਵਿਧਾਨ ਦੇ ਅੰਦਰ ਰਹਿ ਕੇ ਹੱਲ ਕਰਨ ਲਈ ਇਕ ਪੱਤਰ ਲਿਖਿਆ ਗਿਆ ਹੈ। ਬੇਸ਼ੱਕ ਇਨ੍ਹਾਂ ਸ਼ਖ਼ਸੀਅਤਾਂ ਕੋਲ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਕੋਈ ਕਾਨੂੰਨੀ ਪਲੇਟ-ਫਾਰਮ ਨਹੀਂ ਤੇ ਇਹ ਵੀ ਠੀਕ ਹੈ ਕਿ ਸਿੱਖਾਂ ਦੀ ਸੰਤੁਸ਼ਟੀ ਸਿਰਫ਼ ਇਨ੍ਹਾਂ 12 ਮੰਗਾਂ ਨੂੰ ਮੰਨਵਾ ਕੇ ਹੀ ਨਹੀਂ ਹੋ ਸਕਦੀ, ਕਿਉਂਕਿ ਪੰਜਾਬ ਨਾਲ ਧੱਕੇ ਵੀ ਸਿੱਖਾਂ ਨੂੰ ਆਪਣੇ ਨਾਲ ਕੀਤੇ ਧੱਕੇ ਹੀ ਲੱਗਦੇ ਹਨ। ਪਰ ਫਿਰ ਵੀ ਇਨ੍ਹਾਂ 10 ਸਿੱਖ ਸ਼ਖ਼ਸੀਅਤਾਂ ਦੀ ਇਹ ਪਹਿਲ ਤੇ ਸਮਝਦਾਰੀ ਤਾਰੀਫ਼ ਦੇ ਕਾਬਲ ਹੈ, ਕਿਉਂਕਿ ਇਹ ਸਥਿਤੀ ਸਿੱਖਾਂ ਵਿਚ ਸੰਵਾਦ ਕਰਨ ਤੇ ਅਖੀਰ ਸਿੱਖ ਕੌਮ ਨੂੰ ਆਪਣਾ ਥਿੰਕ ਟੈਂਕ ਬਣਾਉਣ ਵੱਲ ਵਧਾਏਗੀ। ਇਨ੍ਹਾਂ ਮੰਗਾਂ ਵਿਚ ਵੱਖ-ਵੱਖ ਥਾਵਾਂ 'ਤੇ ਸਮੇਂ-ਸਮੇਂ ਕਿਰਪਾਨ ਉੱਤੇ ਰੋਕ ਲਾਉਣ ਨੂੰ ਬੰਦ ਕਰਨ, ਸਿੱਖ ਪਛਾਣ ਦੀ ਸੰਵੇਦਨਸ਼ੀਲਤਾ, ਸਾਰੇ ਸਿਆਸੀ ਸਿੱਖ ਕੈਂਦੀਆਂ ਨੂੰ ਆਮ ਮੁਆਫ਼ੀ, ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਦੀ ਮੁਆਫ਼ੀ, ਕਬਜ਼ਾਏ ਗਏ ਸਿੱਖ ਧਾਰਮਿਕ ਸਥਾਨਾਂ ਦੀ ਵਾਪਸੀ, ਪੰਜਾਬ ਦੇ ਗੁਆਂਢੀ ਰਾਜਾਂ ਵਿਚ ਪੰਜਾਬੀ ਲਾਗੂ ਕਰਨਾ, ਕਰਤਾਰਪੁਰ ਸਾਹਿਬ ਲਾਂਘਾ ਪੱਕੇ ਤੌਰ 'ਤੇ ਖੋਲ੍ਹਣਾ, ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨਾ, ਪਾਰਲੀਮੈਂਟ ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਅਤੇ ਸਿੱਖ ਕਤਲੇਆਮ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣਾ ਆਦਿ ਸ਼ਾਮਿਲ ਹਨ। ਬੇਸ਼ੱਕ ਇਨ੍ਹਾਂ ਵਿਚ ਅਜੇ ਵੀ ਕਈ ਸਿੱਖ ਅਤੇ ਪੰਜਾਬ ਦੀਆਂ ਲਗਭਗ ਸਾਰੀਆਂ ਮੰਗਾਂ ਦਾ ਜ਼ਿਕਰ ਨਹੀਂ, ਪਰ ਇਸ ਸੰਬੰਧੀ ਪਹਿਲ ਕਰਨਾ ਚੰਗੀ ਗੱਲ ਹੈ ਅਤੇ ਕਦਮ-ਦਰ-ਕਦਮ ਅੱਗੇ ਵਧਣਾ ਵੀ ਵਧੀਆ ਰਣਨੀਤੀ ਹੈ। ਸਾਰੀਆਂ ਮੰਗਾਂ ਇਕੋ ਵਾਰ ਤਾਂ ਮਨਵਾਈਆਂ ਵੀ ਨਹੀਂ ਜਾ ਸਕਦੀਆਂ।
ਇਨਹੀ ਗ਼ਮ ਕੀ ਘਟਾਓਂ ਸੇ ਖ਼ੁਸ਼ੀ ਕਾ ਚਾਂਦ ਨਿਕਲੇਗਾ,
ਅੰਧੇਰੀ ਰਾਤ ਕੇ ਪਰਦੇ ਮੇਂ ਦਿਨ ਕੀ ਰੌਸ਼ਨੀ ਭੀ ਹੈ।
(ਅਖ਼ਤਰ ਸ਼ੀਰਾਨੀ)
ਗੁਰਦੁਆਰਾ ਗਿਆਨ ਗੋਦੜੀ ਤੇ ਦੂਆ ਸਾਹਿਬ
ਹਰਿਦੁਆਰ ਵਿਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਲਈ ਤਾ-ਉਮਰ ਸੰਘਰਸ਼ ਕਰਨ ਵਾਲੇ ਸਿੱਖ ਆਗੂ ਹਰਜੀਤ ਸਿੰਘ ਦੂਆ ਨਹੀਂ ਰਹੇ। ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸੂਰਜ ਦੇ ਉਲਟ ਪਾਣੀ ਦੇ ਕੇ ਸਮਝਾਉਣ ਦੀ ਘਟਨਾ ਵਾਲੀ ਥਾਂ 'ਤੇ ਬਣਿਆ ਹੋਇਆ ਸੀ, ਜੋ ਹਰਿ ਕੀ ਪੌੜੀ 'ਤੇ ਹੀ ਸਥਿਤ ਸੀ। ਪਰ 1979 ਵਿਚ ਗੰਗਾ ਸੁੰਦਰੀਕਰਨ ਵੇਲੇ ਇਸ ਨੂੰ ਢਾਹ ਦਿੱਤਾ ਗਿਆ। ਕੁਝ ਲੋਕ 1984 ਵਿਚ ਢਾਹੇ ਜਾਣ ਦੀ ਗੱਲ ਵੀ ਕਰਦੇ ਹਨ। ਇਹ ਗੁਰਦੁਆਰਾ 1866 ਵਿਚ ਬਣਨਾ ਸ਼ੁਰੂ ਹੋਇਆ ਤੇ 1935 ਵਿਚ ਮੁਕੰਮਲ ਹੋਇਆ ਸੀ। 2003 ਵਿਚ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਫ਼ਤਰ ਵਿਚ ਹੋਈ ਮੀਟਿੰਗ ਵਿਚ ਦੂਆ, ਹਰਿਦੁਆਰ ਦੇ ਡੀ.ਸੀ. ਅਤੇ ਯੂ.ਪੀ. ਕੈਨਾਲ ਮਹਿਕਮੇ ਦੇ ਅਫ਼ਸਰਾਂ ਵਿਚ ਸਮਝੌਤਾ ਹੋਇਆ ਸੀ ਕਿ ਇਥੋਂ ਕਰੀਬ 200 ਗਜ਼ ਦੀ ਦੂਰੀ 'ਤੇ ਗੁਰੂ ਨਾਨਕ ਦੇਵ ਦੀ ਯਾਦ ਵਿਚ ਇਕ ਥਾਂ 'ਨਾਨਕਵਾੜਾ' ਦੀ ਜਗ੍ਹਾ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਲਈ ਅਲਾਟ ਕੀਤੀ ਜਾਵੇਗੀ। ਸਿੱਖਾਂ ਨੇ ਇਸ 'ਤੇ ਕਬਜ਼ਾ ਕਰਕੇ ਸ਼ੈੱਡ ਬਣਾ ਕੇ ਆਰਜ਼ੀ ਗੁਰਦੁਆਰਾ ਤਾਂ ਬਣਾ ਲਿਆ, ਪਰ ਅਜੇ ਤੱਕ ਸਿੱਖਾਂ ਨੂੰ ਉਹ ਜਗ੍ਹਾ ਕਾਨੂੰਨੀ ਤੌਰ 'ਤੇ ਨਹੀਂ ਮਿਲੀ। ਗੌਰਤਲਬ ਹੈ ਕਿ ਇਸ ਜਗ੍ਹਾ ਦੀ ਗੱਲ ਉਸ ਵੇਲੇ ਦੇ ਉੱਤਰਾਖੰਡ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਵਲੋਂ ਘੱਟ-ਗਿਣਤੀ ਕਮਿਸ਼ਨ ਦੇ ਉਸ ਵੇਲੇ ਦੇ ਉਪ-ਚੇਅਰਮੈਨ ਤਰਲੋਚਨ ਸਿੰਘ ਨੂੰ ਕਹਿਣ 'ਤੇ ਤੁਰੀ ਸੀ। ਭਾਵੇਂ ਇਹ ਜਗ੍ਹਾ ਉੱਤਰਾਖੰਡ ਵਿਚ ਹੈ, ਪਰ ਇਸ ਦੀ ਮਾਲਕੀ ਅਜੇ ਵੀ ਯੂ.ਪੀ. ਨਹਿਰੀ ਵਿਭਾਗ ਦੀ ਹੈ। ਹਰਜੀਤ ਸਿੰਘ ਦੂਆ ਦੀ ਅਗਵਾਈ ਵਿਚ ਤੇ ਸਿੱਖ ਸੰਸਥਾਵਾਂ ਦੀ ਹਮਾਇਤ ਨਾਲ ਗੁਰੂ ਨਾਨਕ ਸਾਹਿਬ ਦੇ 550ਵੇਂ ਸ਼ਤਾਬਦੀ ਸਮਾਰੋਹ ਮੌਕੇ ਇਕ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸੰਬੰਧੀ ਮਿਲਿਆ ਵੀ ਸੀ। ਪਰ ਮਾਮਲਾ ਅਜੇ ਵੀ ਲਟਕ ਰਿਹਾ ਹੈ। ਗੌਰਤਲਬ ਹੈ ਕਿ 17 ਸਤੰਬਰ 2003 ਨੂੰ ਤਰਲੋਚਨ ਸਿੰਘ ਨੇ ਅਤੇ ਗੁਰਦੁਆਰਾ ਕਮੇਟੀ ਨੇ 29 ਸਤੰਬਰ, 2003 ਨੂੰ ਸਰਕਾਰ ਨੂੰ ਇਸ ਜਗ੍ਹਾ ਦੀ ਮਾਲਕੀ ਦੇਣ ਲਈ ਚਿੱਠੀਆਂ ਵੀ ਲਿਖੀਆਂ ਸਨ। ਜਿਸ ਤੋਂ ਬਾਅਦ ਚੀਫ ਸੈਕਟਰੀ ਨੇ ਵੀ ਇਹ ਜਗ੍ਹਾ ਸਿੱਖ ਕਮੇਟੀ ਨੂੰ ਦੇਣ ਲਈ ਯੂ.ਪੀ. ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ, ਪਰ ਮਾਮਲਾ ਅਜੇ ਵੀ ਲਟਕ ਰਿਹਾ ਹੈ, ਜਦੋਂਕਿ ਪਿਛਲੇ 5 ਸਾਲਾਂ ਤੋਂ ਇਕ ਸਿੱਖ ਲੈਫਟੀਨੈਂਟ ਜਨਰਲ ਰਿਟਾਇਰਡ ਗੁਰਮੀਤ ਸਿੰਘ ਉੱਤਰਾਖੰਡ ਦੇ ਰਾਜਪਾਲ ਹਨ। ਹੁਣ ਜਦੋਂ ਹਰਜੀਤ ਸਿੰਘ ਦੂਆ ਜ਼ਿੰਦਗੀ ਭਰ ਸੰਘਰਸ਼ ਕਰਦੇ ਸਵਰਗ ਸਿਧਾਰ ਗਏ ਹਨ, ਤਾਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਸਰਕਾਰ ਕਾਨੂੰਨੀ ਤੌਰ 'ਤੇ ਉਨ੍ਹਾਂ ਨਾਲ ਕੀਤੇ ਫ਼ੈਸਲੇ ਮੁਤਾਬਿਕ ਇਸ ਗੁਰਦੁਆਰੇ ਦੀ ਮਾਲਕੀ ਗੁਰਦੁਆਰਾ ਕਮੇਟੀ ਨੂੰ ਸੌਂਪ ਦੇਵੇ। ਇਸ ਮਾਮਲੇ ਵਿਚ ਸਿੱਖਾਂ ਦੀ ਹਾਲਤ ਤਾਂ ਤਾਹਿਰ ਅਜ਼ੀਮ ਦੇ ਇਸ ਸ਼ਿਅਰ ਵਰਗੀ ਹੈ।
ਮੁਝ ਕੋ ਭੀ ਹੱਕ ਹੈ ਜ਼ਿੰਦਗਾਨੀ ਕਾ,
ਮੈਂ ਭੀ ਕਿਰਦਾਰ ਹੂੰ ਕਹਾਨੀ ਕਾ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਕੋਸ਼ਿਸ਼ ਹਮੇਸ਼ਾ ਜਿੱਤਦੀ ਹੈ ਅਗਲੀ ਖ਼ਬਰ ਚੋਣ ਪ੍ਰਕਿਰਿਆ ਦੀ ਪਾਰਦਰਸ਼ਿਤਾ
Ad Position 24