05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੰਗੀਤ ਵਿਦਵਾਨ ਪੰਡਿਤ ਓਮ ਪ੍ਰਕਾਸ਼ ਥਾਪਰ ਨੂੰ ਯਾਦ ਕਰਦਿਆਂ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026

ਬਰਸੀ 'ਤੇ ਵਿਸ਼ੇਸ਼

ਪੰਜਾਬ ਦੇ ਮਹਾਨ ਸੰਗੀਤਕਾਰ, ਬਹੁਮੁਖੀ ਪ੍ਰਤਿਭਾ ਦੇ ਮਾਲਕ, ਹਰਫ਼ਨਮੌਲਾ ਕਲਾਕਾਰ ਪੰਡਿਤ ਓਮ ਪ੍ਰਕਾਸ਼ ਥਾਪਰ ਵੀ ਅਜਿਹੇ ਹੀ ਮਹਾਂਪੁਰਖ ਹੋਏ ਹਨ, ਜਿਸ ਦੀ ਮਿਸਾਲ ਉਹ ਆਪ ਹੀ ਸਨ। ਉਨ੍ਹਾਂ ਦਾ ਜਨਮ 1 ਫਰਵਰੀ 1947 ਨੂੰ ਨਾਨਕਾ ਘਰ (ਜ਼ਿਲ੍ਹਾ ਜਲੰਧਰ ਦੇ ਕਸਬੇ ਬੰਗਾ) ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਸ੍ਰੀ ਦੌਲਤ ਰਾਮ ਥਾਪਰ ਤੇ ਮਾਤਾ ਦਾ ਨਾਂਅ ਰਿਝਵੰਤੀ ਸੀ। ਪੰਜ ਸਾਲ ਦੀ ਉਮਰ ਵਿਚ ਹੀ ਚੇਚਕ ਦੀ ਨਾਮੁਰਾਦ ਬਿਮਾਰੀ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਪਿਤਾ ਦੀ ਪ੍ਰੇਰਨਾ ਸਦਕਾ ਉਹ ਸੰਗੀਤ ਸਾਧਨਾ 'ਚ ਜੁਟ ਗਏ। ਸੰਗੀਤ ਦੀ ਆਰੰਭਿਕ ਤਾਲੀਮ ਉਨ੍ਹਾਂ ਨੇ ਸ੍ਰੀ ਮੋਹਨ ਲਾਲ ਥਾਪਰ, ਸ੍ਰੀ ਗਿਆਨ ਚੰਦ ਥਾਪਰ ਅਤੇ ਪੰਡਿਤ ਖੁਸ਼ੀ ਰਾਮ ਭੋਲਾ (ਮਾਸਟਰ ਕੇਸਰ ਚੰਦ ਨਕੋਦਰ ਵਾਲਿਆਂ ਦੇ ਸ਼ਾਗਿਰਦ) ਪਾਸੋਂ ਹਾਸਿਲ ਕੀਤੀ। ਇਸ ਤੋਂ ਬਾਅਦ ਉਹ ਸ. ਮੁਕੁੰਦ ਸਿੰਘ (ਜਗਰਾਉਂ ਵਾਲਿਆਂ) ਦੇ ਸੰਪਰਕ 'ਚ ਆਏ, ਜੋ ਉਨ੍ਹਾਂ ਨੂੰ ਪ੍ਰਸਿੱਧ ਸੰਗੀਤਕਾਰ ਉਸਤਾਦ ਲਛਮਣ ਸਿੰਘ ਸੀਨ ਕੋਲ ਲੈ ਗਏ। ਸੀਨ ਸਾਹਿਬ ਨੇ ਉਨ੍ਹਾਂ ਨੂੰ ਸ੍ਰੀ ਬਾਬਾ ਹਰਿਵੱਲਭ ਸੰਗੀਤ ਅਕੈਡਮੀ 'ਚ ਭੇਜਿਆ, ਜੋ ਉਸ ਸਮੇਂ ਪੰਡਿਤ ਸ਼ਿਵ ਕੁਮਾਰ ਜੋਸ਼ੀ ਵਲੋਂ ਚਲਾਈ ਜਾ ਰਹੀ ਸੀ। ਇੱਥੇ ਉਨ੍ਹਾਂ ਨੇ ਚਾਰ-ਪੰਜ ਸਾਲ ਸ਼ਾਸਤਰੀ ਗਾਇਨ, ਸਿਤਾਰ ਤੇ ਤਬਲਾ ਵਾਦਨ ਦੀ ਸਿਖਲਾਈ ਲਈ ਅਤੇ ਸੰਗੀਤ ਵਿਸ਼ਾਰਦ ਕੀਤੀ। ਇਸ ਤੋਂ ਬਾਅਦ ਪੰਡਿਤ ਜੀ ਨੇ ਉਨ੍ਹਾਂ ਨੂੰ ਅਕੈਡਮੀ 'ਚ ਜੂਨੀਅਰ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਨ੍ਹਾਂ ਨੇ ਨਿਯਮਿਤ ਰੂਪ ਵਿਚ ਸੰਗੀਤਕ ਗਿਆਨ ਹਾਸਿਲ ਕਰਨ ਲਈ ਉਸਤਾਦ ਲਛਮਣ ਸਿੰਘ ਸੀਨ ਕੋਲ ਜਾਣਾ ਸ਼ੁਰੂ ਕਰ ਦਿੱਤਾ। ਨਾਲ ਹੀ ਸੀਨ ਸਾਹਿਬ ਦੇ ਸੀਨੀਅਰ ਸ਼ਾਗਿਰਦ ਪੰਡਿਤ ਹਰਿਵੰਸ਼ ਲਾਲ ਸ਼ਰਮਾ (ਮੰਡੀ ਗੋਬਿੰਦਗੜ੍ਹ ਵਾਲਿਆਂ) ਤੋਂ ਸਿਤਾਰ ਵਾਦਨ ਦੀਆਂ ਬਾਰੀਕੀਆਂ ਦਾ ਗਿਆਨ ਹਾਸਿਲ ਕੀਤਾ।
ਉਨ੍ਹਾਂ ਦੀ ਸ਼ਾਸਤਰੀ ਗਾਇਨ ਦੀ ਬਾਕਾਇਦਾ ਤਾਲੀਮ 1967 'ਚ ਸ਼ੁਰੂ ਹੋਈ, ਜਦੋਂ ਗਵਾਲੀਅਰ ਘਰਾਣੇ ਦੇ ਮਹਾਨ ਗਾਇਕ ਪੰਡਿਤ ਵਿਨਾਇਕ ਰਾਓ ਪਟਵਰਧਨ ਦੇ ਮੁੱਖ ਸ਼ਿਸ਼ਯ ਪ੍ਰਸਿੱਧ ਵਾਗੇਯਕਾਰ ਪੰਡਿਤ ਬਲਵੰਤ ਰਾਏ ਜਸਵਾਲ 'ਪਾਰਸ' ਨੇ ਆਪ ਨੂੰ ਆਪਣਾ ਸ਼ਾਗਿਰਦ ਸਵੀਕਾਰ ਕੀਤਾ। ਉਨ੍ਹਾਂ ਨੂੰ ਪ੍ਰਸਿੱਧ ਸਿਤਾਰ ਵਾਦਕ ਪੰਡਿਤ ਸੁਰਿੰਦਰ ਕੁਮਾਰ ਦੱਤਾ ਤੋਂ ਵੀ ਸੰਗੀਤ ਸਿੱਖਣ ਦਾ ਮੌਕਾ ਮਿਲਿਆ। 1969 'ਚ ਉਨ੍ਹਾਂ ਨੂੰ ਮਹਾਤਮਾ ਹੰਸ ਰਾਜ ਮਹਿਲਾ ਮਹਾਵਿਦਿਆਲਾ (ਜਲੰਧਰ) ਦੇ ਸੰਗੀਤ ਵਿਭਾਗ 'ਚ ਤਬਲਾ ਵਾਦਕ ਦੀ ਨੌਕਰੀ ਮਿਲ ਗਈ। ਗੁਰੂ ਜੀ ਸਾਰੀ ਤਨਖ਼ਾਹ ਜ਼ਰੂਰਤਮੰਦ ਬੱਚਿਆਂ 'ਤੇ ਖ਼ਰਚ ਕਰ ਦਿੰਦੇ ਸਨ। ਉਨ੍ਹਾਂ ਕਦੇ ਕਿਸੇ ਤੋਂ ਸੰਗੀਤ ਸਿਖਾਉਣ ਦੀ ਫੀਸ ਨਹੀਂ ਲਈ। ਜਿਹੜੇ ਬੱਚੇ ਸਾਜ਼ ਨਹੀਂ ਖ਼ਰੀਦ ਸਕਦੇ ਸਨ, ਉਨ੍ਹਾਂ ਨੂੰ ਸਾਜ਼ ਵੀ ਲੈ ਦਿੰਦੇ। ਉਨ੍ਹਾਂ ਨੇ ਗੁਰਮਤਿ ਸੰਗੀਤ ਦੇ ਪ੍ਰਸਿੱਧ ਵਿਦਵਾਨ ਡਾ. ਗੁਰਨਾਮ ਸਿੰਘ (ਸਾਬਕਾ ਮੁਖੀ ਗੁਰਮਤਿ ਸੰਗੀਤ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵਲੋਂ ਗੁਰਮਤਿ ਸੰਗੀਤ ਦੇ 62 ਰਾਗਾਂ ਦੀ ਰਿਕਾਰਡਿੰਗ ਦੇ ਮਹਾਨ ਕਾਰਜ ਵਿਚ ਸੰਗੀਤ ਸਲਾਹਕਾਰ ਦੇ ਰੂਪ 'ਚ ਸੇਵਾ ਨਿਭਾਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਯੋਜਿਤ 21 ਦਿਨਾ ਕਾਰਜਸ਼ਾਲਾ 'ਚ ਸੰਗੀਤ ਦੇ ਵਿਦਿਆਰਥੀਆਂ ਨੂੰ ਆਵਾਜ਼ ਤੇ ਸਵਰ ਸਾਧਨਾ ਵਿਸ਼ੇ 'ਤੇ ਭਰਪੂਰ ਜਾਣਕਾਰੀ ਦਿੱਤੀ ਤੇ ਪੁਰਾਲੇਖ ਸੰਗ੍ਰਹਿ ਵਾਸਤੇ ਸੰਭਾਲਣ ਲਈ ਰਾਗ-ਅੰਗ ਪੱਧਤੀ ਤੇ ਥਾਟ ਪੱਧਤੀ 'ਤੇ ਆਪਣੀ ਵਿਸ਼ੇਸ਼ ਰਿਕਾਰਡਿੰਗ ਕਰਵਾਈ। ਉਨ੍ਹਾਂ ਨੇ ਲਗਭਗ ਛੇ ਦਹਾਕਿਆਂ ਤੱਕ ਅਨੇਕਾਂ ਹੀ ਸੰਗੀਤ ਵਿਦਿਆਰਥੀਆਂ ਨੂੰ ਤਾਲੀਮ ਦੇ ਕੇ ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪਸਾਰ 'ਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਬੀ ਸੂਚੀ ਹੈ। ਉਹ ਪਾਰਸ ਕਲਾ ਮੰਚ (ਜਲੰਧਰ) ਦੇ ਸੰਸਥਾਪਕ ਤੇ ਮੁੱਖ ਸਰਪ੍ਰਸਤ ਸਨ, ਜਿੱਥੇ ਹਰ ਸਾਲ ਪਾਰਸ ਸੰਗੀਤ ਸਮਾਰੋਹ ਮੌਕੇ ਸ਼ਾਸਤਰੀ ਸੰਗੀਤ ਦੇ ਖੇਤਰ 'ਚ ਯੋਗਦਾਨ ਪਾਉਣ ਵਾਲੇ ਕਲਾਕਾਰਾਂ ਨੂੰ 'ਪੰਡਿਤ ਬਲਵੰਤ ਰਾਏ ਜਸਵਾਲ ਸੰਗੀਤ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਅਨੇਕ ਵਾਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਸੰਗੀਤ ਸਭਾਵਾਂ ਵਲੋਂ ਆਯੋਜਿਤ ਯੁਵਕ ਮੇਲਿਆਂ ਅਤੇ ਸੰਗੀਤ ਪ੍ਰਤੀਯੋਗਤਾਵਾਂ 'ਚ ਬਤੌਰ ਜੱਜ ਭੂਮਿਕਾ ਅਦਾ ਕੀਤੀ। ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪਸਾਰ ਵਿਚ ਉਨ੍ਹਾਂ ਵਲੋਂ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾਂ 'ਚ ਗੁਰਮਤਿ ਸੰਗੀਤ ਵਿਭਾਗ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਲੋਂ ਵਿਸ਼ੇਸ਼ ਸਨਮਾਨ, ਸੰਗੀਤ ਕਲਾ ਮੰਚ (ਜਲੰਧਰ) ਵਲੋਂ ਸ਼੍ਰੋਮਣੀ ਪੁਰਸਕਾਰ, ਰਾਸ਼ਟਰੀ ਸੰਗੀਤਗਯ ਪਰਿਵਾਰ (ਦਿੱਲੀ) ਵਲੋਂ ਸੰਗੀਤ ਸ਼੍ਰੋਮਣੀ ਪੁਰਸਕਾਰ, ਗੁਰਮਤਿ ਸੰਗੀਤ ਦੇ ਖੇਤਰ 'ਚ ਯੋਗਦਾਨ ਲਈ ਡਾ. ਸੰਤ ਸੁਖਵੰਤ ਸਿੰਘ (ਡੇਰਾ ਬਾਬਾ ਝੰਡਾ ਸਾਹਿਬ ਜਲੰਧਰ ਵਲੋਂ) ਵਿਸ਼ੇਸ਼ ਸਨਮਾਨ, ਸ੍ਰੀ ਗੁਰੂ ਰਾਮਦਾਸ ਸੰਗੀਤ ਅਕੈਡਮੀ (ਜਲੰਧਰ) ਵਲੋਂ ਵਿਸ਼ੇਸ਼ ਪੁਰਸਕਾਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਫਗਵਾੜਾ) ਵਿਖੇ ਪੰਜਾਬ ਘਰਾਣਾ ਤਬਲਾ ਵਾਦਨ ਸਿੱਖਿਆ ਕੇਂਦਰ ਸੁਸਾਇਟੀ (ਹੁਸ਼ਿਆਰਪੁਰ) ਵਲੋਂ ਆਯੋਜਿਤ ਉਸਤਾਦ ਅੱਲਾ ਰੱਖਾ ਸੰਗੀਤ ਸੰਮੇਲਨ 'ਚ 'ਪੰਜਾਬ ਘਰਾਣਾ ਸੰਗੀਤ ਪੁਰਸਕਾਰ-2024' ਵਿਸ਼ੇਸ਼ ਸਨਮਾਨ ਹਨ। ਉਨ੍ਹਾਂ ਨੇ ਪੂਰਾ ਜੀਵਨ ਸੰਗੀਤ ਦੀ ਨਿਰਸਵਾਰਥ ਸੇਵਾ ਕੀਤੀ। ਜਿਹੜਾ ਉਨ੍ਹਾਂ ਨੂੰ ਇਕ ਵਾਰੀ ਮਿਲਿਆ, ਉਹ ਹਮੇਸ਼ਾ ਲਈ ਉਨ੍ਹਾਂ ਦਾ ਹੋ ਕੇ ਰਹਿ ਗਿਆ। ਪਹਿਲੀ ਜੂਨ 2024 ਨੂੰ ਸ਼ਾਮ 4 ਵਜੇ ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ ਵਿਚ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਅਸੀਂ ਪਰਮ ਪੂਜਨੀਕ ਪੰਡਿਤ ਓਮ ਪ੍ਰਕਾਸ਼ ਥਾਪਰ ਨੂੰ ਕੋਟਿ-ਕੋਟਿ ਨਮਨ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।

-ਮੀਤ ਪ੍ਰਧਾਨ, ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ, ਜਲੰਧਰ।
ਮੋਬਾਈਲ : 94170-93925

 

Ad Position 22
No active advertisement
ਪਿਛਲੀ ਖ਼ਬਰ ਕੀ ਦੇਸ਼ ਆਰਥਿਕ ਸੰਕਟ ਵੱਲ ਵਧ ਰਿਹਾ ਹੈ? ਅਗਲੀ ਖ਼ਬਰ ਭਾਜਪਾ ਨੇ ਕੇਰਲਮ 'ਚ ਵਿਜਯਨ ਨੂੰ ਨਿਸ਼ਾਨਾ ਕਿਉਂ ਬਣਾਇਆ?
Ad Position 24