05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਜਪਾ ਨੇ ਕੇਰਲਮ 'ਚ ਵਿਜਯਨ ਨੂੰ ਨਿਸ਼ਾਨਾ ਕਿਉਂ ਬਣਾਇਆ?

Ad Position 21
repet_subhas-goyals [Copy P29]
ਅਜੀਤ ਡੈਸਕ 01-06-2026

ਭਾਜਪਾ ਦਾ ਆਪ੍ਰੇਸ਼ਨ ਕੇਰਲਮ ਸ਼ੁਰੂ ਹੋ ਗਿਆ ਹੈ, ਉਸ ਦਾ ਮੰਨਣਾ ਹੈ ਕਿ ਜਦੋਂ ਤੱਕ ਕੇਰਲਮ 'ਚ ਖੱਬੇ ਪੱਖੀਆਂ ਦੀ ਮੌਜੂਦਗੀ ਰਹੇਗੀ ਤਾਂ ਤਿਕੋਣੀ ਟੱਕਰ ਦੇ ਚਲਦੇ ਪਾਰਟੀ ਲਈ ਸੂਬੇ 'ਚ ਕੋਈ ਗੁੰਜਾਇਸ਼ ਨਹੀਂ ਬਣੇਗੀ। ਭਾਜਪਾ ਦਾ ਸੂਬੇ 'ਚ ਦੋ ਚੋਣਾਂ ਦੌਰਾਨ ਵੋਟ ਸ਼ੇਅਰ 12 ਫ਼ੀਸਦੀ ਤੋਂ ਨਹੀਂ ਵਧ ਸਕਿਆ, ਹਾਲਾਂਕਿ ਐਤਕੀਂ ਲੋਕ ਸਭਾ ਚੋਣਾਂ ਵਿਚ ਉਸ ਦਾ ਵੋਟ ਸ਼ੇਅਰ ਥੋੜ੍ਹਾ ਜ਼ਰੂਰ ਵਧਿਆ ਸੀ। ਪਰ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੁਕਾਬਲਾ ਕਾਂਗਰਸ ਅਤੇ ਸੀ.ਪੀ.ਐਮ. ਗੱਠਜੋੜ ਵਿਚਕਾਰ ਹੀ ਰਿਹਾ ਹੈ। ਭਾਜਪਾ ਜਾਣਦੀ ਹੈ ਕਿ ਸੂਬੇ ਦੇ 55 ਫ਼ੀਸਦੀ ਹਿੰਦੂ ਵੋਟਰਾਂ 'ਚੋਂ ਜ਼ਿਆਦਾਤਰ ਖੱਬੇ-ਪੱਖੀ-ਸੀ.ਪੀ.ਐਮ. ਗੱਠਜੋੜ ਵੱਲ ਝੁਕਾਅ ਰੱਖਦੇ ਹਨ। ਇਸ ਲਈ ਸੀ.ਪੀ.ਐਮ. ਨੂੰ ਨਿਸ਼ਾਨਾ ਬਣਾਉਣ ਲਈ ਸੂਬੇ 'ਚ ਪਾਰਟੀ ਦੇ ਸਭ ਤੋਂ ਵੱਡੇ ਨੇਤਾ ਤੇ ਦੋ ਵਾਰ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਮਾਮਲਾ ਵਿਜਯਨ ਦੀ ਬੇਟੀ ਵੀਨਾ ਦੀ ਕੰਪਨੀ ਨਾਲ ਸੰਬੰਧਿਤ ਹੈ, ਦੋਸ਼ ਲੱਗੇ ਹਨ ਕਿ ਵੀਨਾ ਦੀ ਕੰਪਨੀ ਨੂੰ ਬਿਨਾਂ ਕੋਈ ਕੰਮ ਕੀਤੇ ਭੁਗਤਾਨ ਕੀਤਾ ਗਿਆ ਹੈ। ਭਾਜਪਾ ਨੂੰ ਲਗਦਾ ਹੈ ਕਿ ਜੇਕਰ ਖੱਬੇਪੱਖੀ ਧਿਰ ਪਰਿਵਾਰਵਾਦ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਕਮਜ਼ੋਰ ਹੁੰਦੀ ਹੈ ਤਾਂ ਪਾਰਟੀ ਲਈ ਸੂਬੇ 'ਚ ਜਗ੍ਹਾ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਖੱਬੇ ਪੱਖੀ ਆਗੂਆਂ ਖ਼ਾਸ ਕਰਕੇ ਵਿਜਯਨ ਦੇ ਹਿੰਦੂ ਵੋਟਾਂ 'ਤੇ ਜ਼ਿਆਦਾ ਨਿਰਭਰ ਰਹਿਣ ਕਾਰਨ ਪਾਰਟੀ ਦਾ ਨੁਕਸਾਨ ਹੋਇਆ ਹੈ, ਜਿਸ ਦੇ ਚਲਦੇ ਈਸਾਈ ਤੇ ਮੁਸਲਿਮ ਵੋਟਰ ਕਾਂਗਰਸ ਵੱਲ ਝੁਕੇ ਹਨ। ਹੁਣ ਜੇਕਰ ਹਿੰਦੂ ਵੋਟਰ ਖੱਬੇ ਪੱਖੀ ਧਿਰ ਤੋਂ ਭਾਜਪਾ ਵੱਲ ਤਬਦੀਲ ਹੁੰਦੇ ਹਨ ਤਾਂ ਭਾਜਪਾ ਤੇ ਕਾਂਗਰਸ ਵਿਚਕਾਰ ਸਿੱਧਾ ਮੁਕਾਬਲਾ ਹੋ ਸਕਦਾ ਹੈ, ਭਾਜਪਾ ਨੂੰ ਇਸ 'ਚ ਫ਼ਾਇਦਾ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।
ਪ੍ਰੋਟੋਕੋਲ ਦੀ ਉਲੰਘਣਾ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਪਿਛਲੇ ਹਫ਼ਤੇ ਭਾਰਤ ਦੇ ਦੌਰੇ 'ਤੇ ਆਏ ਸਨ, ਜਦੋਂ ਉਹ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇ ਤਾਂ ਭਾਜਪਾ ਦੇ ਈਕੋਸਿਸਟਮ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਧਾ-ਚੜ੍ਹਾ ਕੇ ਪ੍ਰਚਾਰ ਕੀਤਾ ਕਿ ਭਾਰਤ ਨੇ ਅਮਰੀਕਾ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਦਾ ਸਵਾਗਤ ਕਰਨ ਲਈ ਸਿਰਫ਼ ਅਮਰੀਕੀ ਰਾਜਦੂਤ ਤੇ ਭਾਰਤ ਸਰਕਾਰ ਦੇ ਦੋ ਜੂਨੀਅਰ ਅਧਿਕਾਰੀ ਮੌਜੂਦ ਸਨ ਅਤੇ ਰੂਬੀਓ ਦਾ ਹਵਾਈ ਅੱਡੇ 'ਤੇ ਪ੍ਰੋਟੋਕੋਲ ਅਨੁਸਾਰ ਹੀ ਸਵਾਗਤ ਹੋਇਆ ਸੀ। ਪਰ ਇਸ ਤੋਂ ਬਾਅਦ ਰੂਬੀਓ ਦਾ ਹਵਾਈ ਅੱਡੇ ਤੋਂ ਨਿਕਲ ਕੇ ਸਿੱਧੇ ਪ੍ਰਧਾਨ ਮੰਤਰੀ ਦਫ਼ਤਰ ਪਹੁੰਚਣਾ ਬੇਮਿਸਾਲ ਸੀ, ਜਿੱਥੇ ਪ੍ਰਧਾਨ ਮੰਤਰੀ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਰੂਬੀਓ ਨੇ ਪ੍ਰਧਾਨ ਮੰਤਰੀ ਨਾਲ ਆਪਣੀ ਇਕ ਘੰਟੇ ਦੀ ਦੁਵੱਲੀ ਮੁਲਾਕਾਤ ਦੌਰਾਨ ਊਰਜਾ ਸੁਰੱਖਿਆ ਤੋਂ ਲੈ ਕੇ ਤਕਨਾਲੋਜੀ, ਵਪਾਰ ਤੇ ਪੱਛਮੀ ਏਸ਼ੀਆ ਦੇ ਸੰਕਟ ਬਾਰੇ ਗੱਲਬਾਤ ਕੀਤੀ। ਪਰ ਹੈਰਾਨੀਜਨਕ ਗੱਲ ਇਹ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਲਈ ਕਿਸੇ ਹੋਰ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਸਿੱਧੀ ਦੁਵੱਲੀ ਗੱਲਬਾਤ ਕਰਨਾ ਪ੍ਰੋਟੋਕੋਲ ਦੀ ਘੋਰ ਉਲੰਘਣਾ ਹੈ ਕਿਉਂਕਿ ਆਮ ਕਰਕੇ ਜਦੋਂ ਵੀ ਕੋਈ ਵਿਦੇਸ਼ ਮੰਤਰੀ ਭਾਰਤ ਦੇ ਦੌਰੇ 'ਤੇ ਆਉਂਦੇ ਹਨ ਤਾਂ ਉਹ ਅਕਸਰ ਆਪਣੇ ਹਮਰੁਤਬਾ ਨਾਲ ਹੀ ਗੱਲ ਕਰਦੇ ਹਨ। ਮਤਲਬ ਰੂਬੀਓ ਨੂੰ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਗੱਲ ਕਰਨੀ ਚਾਹੀਦੀ ਸੀ। ਕਿਸੇ ਵੀ ਪ੍ਰਧਾਨ ਮੰਤਰੀ ਵਲੋਂ ਕਿਸੇ ਵਿਦੇਸ਼ ਮੰਤਰੀ ਨਾਲ ਦੁਵੱਲੀ ਗੱਲਬਾਤ ਕਰਨਾ ਬਹੁਤ ਹੀ ਘੱਟ ਹੁੰਦਾ ਹੈ।
ਅੰਨਾ ਡੀ.ਐਮ.ਕੇ. ਲਈ ਖ਼ਤਰਾ
ਵਿਰੋਧੀ ਪਾਰਟੀਆਂ ਆਮ ਕਰਕੇ ਭਾਜਪਾ ਵਲੋਂ ਉਨ੍ਹਾਂ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਤੋੜਨ ਨੂੰ 'ਆਪ੍ਰੇਸ਼ਨ ਲੋਟਸ' ਕਹਿੰਦੀਆਂ ਹਨ। ਹੁਣ ਤਾਮਿਲਨਾਡੂ ਵਿਚ ਅਜਿਹੇ ਹੀ ਇਕ ਆਪ੍ਰੇਸ਼ਨ ਦੀ ਚਰਚਾ ਹੈ, ਜਿਸ ਨੂੰ ਆਪ੍ਰੇਸ਼ਨ 'ਐਲ' ਕਿਹਾ ਜਾ ਰਿਹਾ ਹੈ। ਇਸ ਆਪ੍ਰੇਸ਼ਨ ਦੇ ਚਲਦੇ ਪਲਾਨੀਸਵਾਮੀ ਦੀ ਪਾਰਟੀ ਅੰਨਾ ਡੀ.ਐਮ.ਕੇ. ਦਾ ਵਜੂਦ ਖ਼ਤਰੇ 'ਚ ਹੈ, ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਪਾਰਟੀ ਦੇ 47 ਵਿਧਾਇਕਾਂ 'ਚੋਂ 30 ਨੇ ਬਗ਼ਾਵਤ ਕਰਦਿਆਂ ਮੁੱਖ ਮੰਤਰੀ ਜੋਸਫ਼ ਵਿਜੇ ਦੇ ਭਰੋਸੇ ਦਾ ਵੋਟ ਹਾਸਿਲ ਕਰਨ ਦੌਰਾਨ ਉਨ੍ਹਾਂ ਦਾ ਸਮਰਥਨ ਕੀਤਾ ਸੀ। ਹੁਣ ਬਾਕੀ ਬਚਦੇ 17 ਵਿਧਾਇਕਾਂ 'ਚੋਂ 4 ਵਿਧਾਨ ਸਭਾ ਤੋਂ ਅਸਤੀਫ਼ਾ ਦੇ ਕੇ ਵਿਜੇ ਦੀ ਪਾਰਟੀ ਟੀ.ਵੀ.ਕੇ. 'ਚ ਸ਼ਾਮਿਲ ਹੋ ਕੇ ਟੀ.ਵੀ.ਕੇ. ਦੀ ਟਿਕਟ 'ਤੇ ਉਪ-ਚੋਣਾਂ ਲੜਨਗੇ। ਸਭ ਤੋਂ ਦਿਲਚਸਪ ਮੁੱਦਾ 'ਲਾਟਰੀ ਕਿੰਗ' ਵਜੋਂ ਜਾਣੇ ਜਾਂਦੇ ਸੈਂਟੀਆਗੋ ਮਾਰਟਿਨ ਦੀ ਪਤਨੀ ਲੀਮਾ ਰੋਜ਼ ਮਾਰਟਿਨ ਦਾ ਹੈ, ਜੋ ਅੰਨਾ ਡੀ.ਐਮ.ਕੇ. ਦੀ ਟਿਕਟ 'ਤੇ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੀ ਹੈ। ਉਨ੍ਹਾਂ ਦਾ ਜਵਾਈ ਆਧਵ ਅਰਜੁਨ ਟੀ.ਵੀ.ਕੇ. ਦਾ ਨੇਤਾ ਹੈ ਅਤੇ ਵਿਜੇ ਦੀ ਸਰਕਾਰ 'ਚ ਮੰਤਰੀ ਹੈ। ਮੰਨਿਆ ਜਾ ਰਿਹਾ ਹੈ ਕਿ ਆਧਵ ਅਰਜੁਨ ਤੇ ਉਸ ਦੀ ਸੱਸ ਲੀਮਾ ਮਾਰਟਿਨ ਅੰਨਾ ਡੀ.ਐਮ.ਕੇ. ਨੂੰ ਤੋੜਨ ਲਈ ਮੁਹਿੰਮ ਚਲਾ ਰਹੇ ਹਨ ਤਾਂ ਕਿ ਟੀ.ਵੀ.ਕੇ. ਨੂੰ ਆਪਣੇ ਦਮ 'ਤੇ ਬਹੁਮਤ ਦਿਵਾਇਆ ਜਾ ਸਕੇ। ਇਸ ਸਮੇਂ ਟੀ.ਵੀ.ਕੇ. ਕੋਲ 107 ਸੀਟਾਂ ਹਨ ਕਿਉਂਕਿ ਮੁੱਖ ਮੰਤਰੀ ਵਿਜੇ ਨੇ ਦੋ ਸੀਟਾਂ ਜਿੱਤੀਆਂ ਸਨ ਤੇ ਉਹ ਇਕ ਸੀਟ ਤੋਂ ਅਸਤੀਫ਼ਾ ਦੇ ਚੁੱਕੇ ਹਨ। ਹੁਣ ਸੂਬੇ 'ਚ 5 ਵਿਧਾਨ ਸਭਾ ਸੀਟਾਂ ਖਾਲੀ ਹਨ ਤੇ ਜਲਦੀ ਹੀ ਕੁਝ ਹੋਰ ਵਿਧਾਇਕ ਵੀ ਅਸਤੀਫ਼ਾ ਦੇ ਸਕਦੇ ਹਨ, ਜਿਸ ਲਈ ਉੱਥੇ ਉਪ ਚੋਣਾਂ ਹੋਣਗੀਆਂ। ਤਾਮਿਲਨਾਡੂ 'ਚ ਬਹੁਮਤ ਦਾ ਅੰਕੜਾ 118 ਹੈ, ਭਾਵ ਟੀ.ਵੀ.ਕੇ. ਨੂੰ ਘੱਟੋ-ਘੱਟ 11 ਹੋਰ ਸੀਟਾਂ ਜਿੱਤਣ ਦੀ ਲੋੜ ਹੈ।
ਵਿਦਿਆਰਥੀਆਂ ਦੀ ਪ੍ਰੇਸ਼ਾਨੀ
ਸਰਕਾਰ ਤੇ ਇਸ ਦੀਆਂ ਏਜੰਸੀਆਂ ਸਿੱਖਿਆ ਤੇ ਵਿਦਿਆਰਥੀਆਂ ਨਾਲ ਕੀ ਕੁਝ ਕਰਨਾ ਚਾਹੁੰਦੀਆਂ ਹਨ, ਕੋਈ ਪਤਾ ਨਹੀਂ ਲੱਗ ਰਿਹਾ ਹੈ। ਦੇਸ਼ ਦੇ ਲੱਖਾਂ ਵਿਦਿਆਰਥੀ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਉੱਤਰ-ਪੱਤਰੀਆਂ ਦੀ ਮੁੜ ਜਾਂਚ ਲਈ ਭਟਕ ਰਹੇ ਹਨ ਤਾਂ 23 ਲੱਖ ਨੀਟ ਵਿਦਿਆਰਥੀਆਂ ਦੀ ਕਿਸਮਤ ਵੀ ਲਟਕੀ ਹੋਈ ਹੈ। ਹੁਣ ਦੇਸ਼ ਦੀ ਸਭ ਤੋਂ ਵੱਕਾਰੀ ਪ੍ਰੀਖਿਆ ਯੂ.ਪੀ.ਐੱਸ.ਸੀ. ਬਾਰੇ ਵੀ ਸਵਾਲ ਉੱਠ ਰਹੇ ਹਨ, ਜਿਸ ਨੇ 24 ਮਈ ਨੂੰ ਆਈ.ਏ.ਐੱਸ., ਆਈ.ਪੀ.ਐੱਸ. ਤੇ ਹੋਰ ਕੇਂਦਰੀ ਸੇਵਾਵਾਂ ਲਈ ਮੁਢਲੀ ਪ੍ਰੀਖਿਆ ਕਰਵਾਈ ਹੈ। ਇਸ ਪ੍ਰੀਖਿਆ ਤੋਂ ਤੁਰੰਤ ਬਾਅਦ ਪ੍ਰਸ਼ਨ ਪੱਤਰ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ। ਅਜਿਹਾ ਲਗਦਾ ਹੈ ਕਿ ਸਰਕਾਰ ਦਾ ਸਾਰੇ ਪ੍ਰਯੋਗ ਸਿੱਖਿਆ ਖੇਤਰ 'ਚ ਹੀ ਕਰਨ ਦਾ ਇਰਾਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਯੂ.ਪੀ.ਐੱਸ.ਸੀ. ਪੇਪਰ ਇੰਨਾ ਗੁੰਝਲਦਾਰ ਸੀ ਕਿ ਜ਼ਿਆਦਾਤਰ ਪ੍ਰੀਖਿਆਰਥੀਆਂ ਦੀ ਸਮਝ 'ਚ ਕੁਝ ਨਹੀਂ ਆਇਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੇਪਰ ਸੈੱਟਰਾਂ ਨੂੰ ਵੀ ਪ੍ਰੀਖਿਆ 'ਚ ਬਿਠਾਇਆ ਜਾਵੇ ਤਾਂ ਸ਼ਾਇਦ ਉਹ 30 ਫ਼ੀਸਦੀ ਤੋਂ ਵੱਧ ਪ੍ਰਸ਼ਨ ਹੱਲ ਨਹੀਂ ਕਰ ਪਾਉਂਦੇ।
ਕਾਂਗਰਸ ਸ਼ਹੀਦੀ ਦਿਵਸ 'ਤੇ ਕਰੇਗੀ ਦਾਅਵਾ
ਭਾਵੇਂ ਮਮਤਾ ਬੈਨਰਜੀ ਜੂਨ ਵਿਚ ਵਿਰੋਧੀ ਗੱਠਜੋੜ ਦੀ ਬੈਠਕ ਹੋਣ ਬਾਰੇ ਕਹਿ ਰਹੀ ਹੈ ਤੇ ਉਸ ਦੀ ਪਾਰਟੀ ਦੇ ਨੇਤਾ ਵੀ ਕਾਂਗਰਸ ਨਾਲ ਸਦਭਾਵਨਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਾਂਗਰਸ ਅਜੇ ਇਸ ਲਈ ਤਿਆਰ ਨਹੀਂ ਜਾਪਦੀ ਹੈ। ਤ੍ਰਿਣਮੂਲ ਕਾਂਗਰਸ ਦੇ ਵਿਧਾਨ ਸਭਾ ਚੋਣਾਂ 'ਚ ਸੱਤਾ ਗੁਆਉਣ ਤੋਂ ਬਾਅਦ ਕਾਂਗਰਸ ਨੇ ਉਸ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਸੂਬਾਈ ਕਾਂਗਰਸ ਦੇ ਨੇਤਾ ਤ੍ਰਿਣਮੂਲ ਕਾਂਗਰਸ ਦੇ ਕਈ ਜ਼ਿਲ੍ਹਾ ਤੇ ਪੰਚਾਇਤ ਪੱਧਰੀ ਦਫਤਰਾਂ 'ਤੇ ਕਾਂਗਰਸ ਦੇ ਝੰਡੇ ਲਹਿਰਾਉਂਦਿਆ ਦਾਅਵਾ ਕਰ ਰਹੇ ਹਨ ਕਿ ਇਹ ਦਫ਼ਤਰ ਪਹਿਲਾਂ ਕਾਂਗਰਸ ਦੇ ਹੁੰਦੇ ਸਨ, ਜਿਨ੍ਹਾਂ 'ਤੇ ਮਮਤਾ ਬੈਨਰਜੀ ਦੀ ਪਾਰਟੀ ਨੇ ਕਬਜ਼ਾ ਕਰ ਲਿਆ ਸੀ। ਇਸੇ ਦੌਰਾਨ ਰਿਪੋਰਟਾਂ ਹਨ ਕਿ ਮਮਤਾ ਬੈਨਰਜੀ ਵਲੋਂ ਹਰ ਸਾਲ ਕਰਵਾਏ ਜਾਂਦੇ ਸ਼ਹੀਦੀ ਦਿਵਸ ਪ੍ਰੋਗਰਾਮ 'ਤੇ ਵੀ ਕਾਂਗਰਸ ਆਪਣਾ ਦਾਅਵਾ ਕਰ ਰਹੀ ਹੈ। ਦੱਸਣਯੋਗ ਹੈ ਕਿ 21 ਜੁਲਾਈ 1993 ਨੂੰ ਕੋਲਕਾਤਾ 'ਚ ਮਮਤਾ ਬੈਨਰਜੀ ਦੀ ਅਗਵਾਈ ਵਿਚ ਹੋਏ ਇਕ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀਬਾਰੀ 'ਚ 13 ਯੂਥ ਕਾਂਗਰਸੀ ਵਰਕਰ ਮਾਰੇ ਗਏ ਸਨ। ਕਾਂਗਰਸ ਦਾ ਕਹਿਣਾ ਹੈ ਕਿ ਮਾਰੇ ਗਏ ਵਰਕਰ ਯੂਥ ਕਾਂਗਰਸ ਦੇ ਸਨ, ਇਸ ਲਈ ਕਾਂਗਰਸ ਹੀ ਉਨ੍ਹਾਂ ਦੀ ਸ਼ਹਾਦਤ ਦੀ ਯਾਦ ਵਿਚ ਪ੍ਰੋਗਰਾਮ ਕਰਵਾਏਗੀ। ਦਰਅਸਲ 1998 'ਚ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾਉਣ ਤੋਂ ਪਹਿਲਾਂ ਮਮਤਾ ਬੈਨਰਜੀ ਕਾਂਗਰਸ ਦੇ ਬੈਨਰ ਹੇਠ ਹੀ ਸ਼ਹੀਦੀ ਦਿਵਸ ਪ੍ਰੋਗਰਾਮ ਕਰਵਾਉਂਦੀ ਸੀ। ਪਰ ਹੁਣ ਕਾਂਗਰਸ ਇਸ ਸਮਾਗਮ 'ਤੇ ਆਪਣਾ ਦਾਅਵਾ ਜਤਾਉਂਦਿਆ ਇਸ ਸਾਲ 21 ਜੁਲਾਈ ਨੂੰ ਇਹ ਸ਼ਹੀਦੀ ਸਮਾਗਮ ਕਰਵਾਏਗੀ।

Ad Position 22
No active advertisement
ਪਿਛਲੀ ਖ਼ਬਰ ਸੰਗੀਤ ਵਿਦਵਾਨ ਪੰਡਿਤ ਓਮ ਪ੍ਰਕਾਸ਼ ਥਾਪਰ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਨਿਆਂ ਦੇ ਅਮਲ ਨੂੰ ਗਤੀ ਦੇਣ ਵਾਲਾ ਫ਼ੈਸਲਾ
Ad Position 24