14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕਾਂਗਰਸ ਦੀ ਖਾਨਾਜੰਗੀ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹਨ ਪਰ ਜਿਸ ਤਰ੍ਹਾਂ ਹੁਣ ਸੂਬੇ ਅੰਦਰ ਕਾਂਗਰਸ ਪਾਰਟੀ ਅੰਦਰ ਖਾਨਾਜੰਗੀ ਸ਼ੁਰੂ ਹੋ ਗਈ ਹੈ, ਉਸ ਨੇ ਨਾ ਸਿਰਫ਼ ਇਸ ਸਮੇਂ ਪਾਰਟੀ ਦੀਆਂ ਚੋਣ ਤਿਆਰੀਆਂ 'ਤੇ ਹੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ, ਸਗੋਂ ਅਗਲੇ ਕੁਝ ਮਹੀਨਿਆਂ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਪਾਰਟੀ ਦੀਆਂ ਚੋਣ ਸੰਭਾਵਨਾਵਾਂ 'ਤੇ ਵੀ ਨਾਂਹਪੱਖੀ ਪ੍ਰਭਾਵ ਪਾਇਆ ਹੈ। ਪੰਜਾਬ 'ਚ ਕਾਂਗਰਸ ਦਾ ਵੱਡਾ ਆਧਾਰ ਰਿਹਾ ਹੈ। ਸੂਬੇ ਦੀ ਸਿਆਸਤ ਵਿਚ ਇਸ ਦਾ ਅਕਸਰ ਇਕ ਤਾਕਤਵਰ ਧਿਰ ਵਜੋਂ ਉਭਾਰ ਬਣਿਆ ਰਿਹਾ ਹੈ। ਪਿਛਲੇ ਦਹਾਕਿਆਂ 'ਚ ਕੁਝ ਅਜਿਹੇ ਘਟਨਾਚੱਕਰ ਵਾਪਰੇ ਹਨ, ਜਿਨ੍ਹਾਂ ਤੋਂ ਇੰਝ ਜਾਪਣ ਲੱਗਾ ਸੀ ਕਿ ਇਸ ਪਾਰਟੀ ਦਾ ਭਵਿੱਖ ਧੁੰਦਲਾ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਸਿਆਸਤ ਵਿਚ ਇਹ ਵਾਰ-ਵਾਰ ਉੱਭਰ ਕੇ ਸਾਹਮਣੇ ਆਉਂਦੀ ਰਹੀ ਹੈ। ਇਸ ਦੇ ਨਾਲ-ਨਾਲ ਪਾਰਟੀ ਸਫ਼ਾਂ ਅੰਦਰ ਅਕਸਰ ਵੱਡੀਆਂ ਤਰੇੜਾਂ ਵੀ ਦਿਖਾਈ ਦਿੰਦੀਆਂ ਰਹੀਆਂ ਹਨ, ਜਿਸ ਕਾਰਨ ਇਸ ਦੀ ਇਮਾਰਤ ਝੋਲੇ ਵੀ ਖਾਂਦੀ ਰਹੀ ਹੈ। ਹੁਣ ਮੁੜ ਅਜਿਹੇ ਬਗ਼ਾਵਤੀ ਚੱਕਰ ਉਭਰਨ ਨੂੰ ਸਮਾਂ ਨਹੀਂ ਲੱਗਿਆ।
ਗੱਲ ਸਾਲ 2017 ਦੀ ਕਰੀਏ ਤਾਂ ਕਾਂਗਰਸ ਨੇ ਉਸ ਸਮੇਂ ਅਕਾਲੀ ਦਲ ਨੂੰ ਪਛਾੜ ਕੇ ਅਤੇ ਆਮ ਆਦਮੀ ਪਾਰਟੀ ਦੇ ਉਭਾਰ ਨੂੰ ਰੋਕ ਕੇ ਆਪਣੀ ਸਰਕਾਰ ਬਣਾਈ ਸੀ। 117 ਸੀਟਾਂ 'ਚੋਂ ਇਸ ਨੇ 77 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਪਰ ਇਸੇ ਹੀ ਸਰਕਾਰ ਦੀ ਪਾਰੀ ਦੇ ਖ਼ਤਮ ਹੋਣ ਤੋਂ ਕੁਝ ਮਹੀਨੇ ਪਹਿਲਾਂ ਸਤੰਬਰ, 2021 'ਚ ਪਾਰਟੀ ਦੀ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪ ਦਿੱਤਾ ਸੀ। ਇਸ ਤਬਦੀਲੀ ਅਤੇ ਪਾਰਟੀ ਅੰਦਰਲੀ ਫੁੱਟ ਕਾਰਨ ਇਹ ਆਮ ਆਦਮੀ ਪਾਰਟੀ ਦੇ ਮੁਕਾਬਲੇ 'ਚ ਅਗਲੀਆਂ ਚੋਣਾਂ 'ਚ ਬੁਰੀ ਤਰ੍ਹਾਂ ਪਛੜ ਗਈ ਸੀ। ਹੁਣ ਜਦੋਂ ਕਿ ਸੂਬੇ ਦੀਆਂ ਚੋਣਾਂ ਵਿਚ ਮਹਿਜ਼ 6 ਤੋਂ 7 ਮਹੀਨੇ ਦਾ ਸਮਾਂ ਹੀ ਰਹਿ ਗਿਆ ਹੈ ਅਤੇ ਕਾਂਗਰਸ ਦੇ ਇਨ੍ਹਾਂ ਚੋਣਾਂ 'ਚ ਇਕ ਵੱਡੀ ਧਿਰ ਵਜੋਂ ਉਭਰਨ ਦੇ ਆਸਾਰ ਬਣੇ ਹੋਏ ਹਨ, ਤਾਂ ਇਸ ਅੰਦਰ ਪੈਦਾ ਹੋਈ ਫੁੱਟ ਨੇ ਇਕ ਵਾਰ ਤਾਂ ਇਸ ਨੂੰ ਕਮਜ਼ੋਰ ਜ਼ਰੂਰ ਕਰ ਦਿੱਤਾ ਹੈ। ਆਉਂਦੀਆਂ ਚੋਣਾਂ ਕਿਸ ਤਰ੍ਹਾਂ ਲੜੀਆਂ ਜਾਣੀਆਂ ਹਨ, ਇਸ ਦੀ ਵਿਉਂਤਬੰਦੀ ਕਰਨ ਵਿਚ ਹੀ ਪਾਰਟੀ ਨੇ ਲੰਮਾ ਸਮਾਂ ਲਗਾ ਦਿੱਤਾ, ਜਦੋਂ ਕਿ ਇਸ ਦੇ ਮੁਕਾਬਲੇ 'ਚ ਦੂਸਰੀਆਂ ਕੁਝ ਪਾਰਟੀਆਂ ਆਪਣੀ ਚੋਣ ਤਿਆਰੀ 'ਚ ਹੁਣ ਤੱਕ ਕਾਫੀ ਅੱਗੇ ਨਿਕਲ ਗਈਆਂ ਨਜ਼ਰ ਆਉਂਦੀਆਂ ਹਨ। ਇਸ ਦੇਰੀ ਦਾ ਕਾਰਨ ਇਹੀ ਮੰਨਿਆ ਜਾ ਰਿਹਾ ਸੀ ਕਿ ਸੂਬੇ ਦੇ ਕਾਂਗਰਸੀਆਂ ਅੰਦਰ ਲੀਡਰਸ਼ਿਪ ਨੂੰ ਲੈ ਕੇ ਇਕਸੁਰਤਾ ਨਹੀਂ ਸੀ ਬਣ ਰਹੀ।
ਕੁਝ ਆਗੂ ਮੌਜੂਦਾ ਸੂਬਾ ਪ੍ਰਧਾਨ ਨੂੰ ਹਟਾ ਕੇ ਆਪ ਇਹ ਅਹੁਦਾ ਲੈਣ ਦੇ ਚਾਹਵਾਨ ਨਜ਼ਰ ਆਉਂਦੇ ਸਨ। ਹਾਈ ਕਮਾਂਡ ਨੇ ਇਸ ਦੁਚਿੱਤੀ ਨੂੰ ਦੂਰ ਕਰਨ ਲਈ ਪੰਜਾਬ ਦੇ ਆਗੂਆਂ ਨਾਲ ਇਕੱਠਿਆਂ ਵੀ ਤੇ ਵੱਖੋ-ਵੱਖ ਬੜੀਆਂ ਵਿਸਥਾਰਿਤ ਮੀਟਿੰਗਾਂ ਕੀਤੀਆਂ ਹਨ। ਅਖ਼ੀਰ ਇਸ ਲਈ ਕੁਝ ਪ੍ਰੌੜ ਕਾਂਗਰਸੀ ਆਗੂਆਂ ਦੀ ਕਮੇਟੀ ਬਣਾ ਕੇ ਜ਼ਮੀਨੀ ਪੱਧਰ 'ਤੇ ਉਤਰ ਕੇ ਵੱਖ-ਵੱਖ ਧਿਰਾਂ ਨਾਲ ਸੰਪਰਕ ਬਣਾ ਕੇ ਕਿਸੇ ਫ਼ੈਸਲੇ 'ਤੇ ਪੁੱਜਣ ਦਾ ਰਾਹ ਅਖ਼ਤਿਆਰ ਕੀਤਾ ਗਿਆ। ਪਿਛਲੇ ਦਿਨੀਂ ਹਾਈ ਕਮਾਂਡ ਵਲੋਂ ਪੰਜਾਬ ਦੇ ਚੋਣ ਮੈਦਾਨ 'ਚ ਉਤਰਨ ਲਈ ਵੱਖ-ਵੱਖ ਵਿੰਗ ਬਣਾ ਕੇ ਬਹੁਤੇ ਆਗੂਆਂ ਨੂੰ ਉਨ੍ਹਾਂ 'ਚ ਚੰਗੀਆਂ ਪਦਵੀਆਂ ਦੇ ਕੇ ਜੋ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਕਾਂਗਰਸੀ ਸਫ਼ਾਂ ਵਿਚ ਜਿਸ ਤਰ੍ਹਾਂ ਦੀ ਅਸੰਤੁਸ਼ਟੀ ਵਾਲੀ ਸਥਿਤੀ ਦਾ ਪ੍ਰਗਟਾਵਾ ਹੋਇਆ, ਉਸ ਨਾਲ ਇਹ ਜ਼ਰੂਰ ਸਾਬਤ ਹੋ ਗਿਆ ਹੈ ਕਿ ਆਪਣੇ ਵੱਡੇ ਯਤਨਾਂ ਦੇ ਬਾਵ`ਜੂਦ ਪਾਰਟੀ ਹਾਈਕਮਾਂਡ ਇਨ੍ਹਾਂ ਵੱਖ-ਵੱਖ ਧੜਿਆਂ ਨੂੰ ਸੰਤੁਸ਼ਟ ਕਰਨ ਵਿਚ ਅਸਫ਼ਲ ਸਾਬਤ ਹੋਈ ਹੈ। ਫਿਲਹਾਲ ਵੱਡਾ ਰੇੜਕਾ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਖੜ੍ਹਾ ਹੋ ਗਿਆ ਹੈ, ਜਿਸ ਦਾ ਪ੍ਰਗਟਾਵਾ ਪਿਛਲੇ ਦਿਨੀਂ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਬੁਲਾਈ ਗਈ ਮੀਟਿੰਗ 'ਚ ਵੀ ਹੋਇਆ ਦੇਖਿਆ ਗਿਆ ਹੈ। ਇਸ ਮੀਟਿੰਗ ਵਿਚ ਕੋਈ 5 ਦਰਜਨ ਦੇ ਕਰੀਬ ਪਾਰਟੀ ਦੇ ਵੱਖ-ਵੱਖ ਉੱਚ ਅਹੁਦਿਆਂ 'ਤੇ ਬੈਠੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ ਹੈ। ਇਸ ਮੀਟਿੰਗ ਵਿਚ ਇਕੱਠੇ ਹੋਏ ਆਗੂਆਂ ਨੇ ਆਪਣੀ ਅਸੰਤੁਸ਼ਟਤਾ ਦੀਆਂ ਭਾਵਨਾਵਾਂ ਨੂੰ ਹਾਈਕਮਾਂਡ ਕੋਲ ਪਹੁੰਚਾਉਣ ਲਈ ਇਕ ਕਮੇਟੀ ਬਣਾਈ ਹੈ ਅਤੇ ਹਾਈਕਮਾਂਡ ਨੂੰ ਮਿਲ ਕੇ ਆਪਣੀ ਗੱਲ ਉਸ ਸਾਹਮਣੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਆਉਂਦੇ ਦਿਨਾਂ 'ਚ ਹਾਈਕਮਾਂਡ ਇਸ ਘਟਨਾਕ੍ਰਮ ਪ੍ਰਤੀ ਕੀ ਫ਼ੈਸਲਾ ਲੈਂਦੀ ਹੈ, ਇਹ ਤਾਂ ਹਾਲੇ ਵੇਖਣ ਵਾਲੀ ਗੱਲ ਹੋਵੇਗੀ ਪਰ ਇਸ ਘਟਨਾ ਨੇ ਪਾਰਟੀ ਦੀਆਂ ਲਗਾਮਾਂ ਹੋਰ ਵੀ ਢਿੱਲੀਆਂ ਹੋਣ ਦਾ ਪ੍ਰਭਾਵ ਜ਼ਰੂਰ ਦਿੱਤਾ ਹੈ, ਜਿਸ ਦਾ ਚੋਣ ਮੈਦਾਨ 'ਚ ਉੱਤਰੀਆਂ ਦੂਸਰੀਆਂ ਪਾਰਟੀਆਂ ਆਉਂਦੇ ਸਮੇਂ 'ਚ ਪੂਰਾ ਲਾਭ ਉਠਾਉਣ ਦਾ ਯਤਨ ਜ਼ਰੂਰ ਕਰਨਗੀਆਂ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਸੰਬੰਧੀ ਪੰਜਾਬ ਸਰਕਾਰ ਆਪਣਾ ਏਜੰਡਾ ਸਪੱਸ਼ਟ ਕਰੇ ਅਗਲੀ ਖ਼ਬਰ ਬੁੱਧੀਮਾਨ ਸਮੱਸਿਆਵਾਂ ਹੱਲ ਕਰਦੇ ਹਨ ਪਰ ਜੀਨੀਅਸ (ਚਿੰਤਕ) ਉਨ੍ਹਾਂ ਨੂੰ ਪੈਦਾ ਹੋਣ ਤੋਂ ਰੋਕਦੇ ਹਨ। -ਆਈਨਸਟਾਈਨ
Ad Position 24