ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੁਤੰਤਰਤਾ ਸੰਗਰਾਮੀ ਬਾਬਾ ਮਹਾਰਾਜ ਸਿੰਘ ਨੌਰੰਗਾਬਾਦ ਨੂੰ ਯਾਦ ਕਰਦਿਆਂ...

Ad Position 21
No active advertisement
ਅਜੀਤ ਡੈਸਕ 05-07-2026

ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਪਿੰਡ ਰੱਬੋਂ ਉੱਚੀ ਦੇ ਜੰਮਪਲ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਵਾਲੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਪਹਿਲੇ ਮਹਾਨ ਸ਼ਹੀਦ ਤੇ ਸੁਤੰਤਰਤਾ ਸੰਗਰਾਮੀਏ ਸਨ, ਜਿਨ੍ਹਾਂ ਨੇ 1857 ਦੇ ਗ਼ਦਰ ਤੋਂ ਕਰੀਬ 7 ਸਾਲ ਪਹਿਲਾਂ ਹਥਿਆਰਬੰਦ ਹੋ ਕੇ ਭਾਰਤ 'ਚੋਂ ਅੰਗਰੇਜ਼ਾਂ ਦਾ ਬੋਰੀ-ਬਿਸਤਰਾ ਗੋਲ ਕਰਨ ਲਈ ਉਨ੍ਹਾਂ ਖ਼ਿਲਾਫ਼ ਵਿਦਰੋਹ ਦੀ ਨੀਂਹ ਰੱਖੀ ਸੀ। ਉਨ੍ਹਾਂ ਦਾ ਜਨਮ 13 ਜਨਵਰੀ, 1780 ਨੂੰ ਸ਼ਹੀਦਾਂ ਦੇ ਨਗਰ ਪਿੰਡ ਰੱਬੋਂ ਉੱਚੀ ਨੇੜੇ ਮਲੌਦ (ਜ਼ਿਲ੍ਹਾ ਲੁਧਿਆਣਾ) ਵਿਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਂਅ ਦਇਆ ਕੌਰ ਤੇ ਪਿਤਾ ਦਾ ਕੇਸਰ ਸਿੰਘ ਸੀ। ਉਨ੍ਹਾਂ ਨੂੰ ਪਹਿਲਾਂ ਨਿਹਾਲ ਸਿੰਘ ਤੇ ਬਾਅਦ 'ਚ ਬਾਬਾ ਮਹਾਰਾਜ ਸਿੰਘ ਕਿਹਾ ਜਾਣ ਲੱਗਾ। ਉਹ ਅਜਿਹੇ ਪੁਰਖ਼ ਸਨ, ਜਿਨ੍ਹਾਂ 1844 ਤੋਂ 1849 ਦੌਰਾਨ ਪੰਜਾਬ ਵਿਚ ਖ਼ਾਲਸਾ ਰਾਜ ਨੂੰ ਖ਼ਤਮ ਹੋਣ ਅਤੇ ਅੰਗਰੇਜ਼ਾਂ ਦੇ ਗੁਲਾਮ ਹੋਣ ਤੋਂ ਬਚਾਉਣ ਦੀ ਅਹਿਮ ਜ਼ਿੰਮੇਵਾਰੀ ਆਪਣੇ ਹੱਥ ਲਈ ਸੀ। ਮੁਢਲੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਸੰਤ ਸਮੁੰਦ ਸਿੰਘ ਮਾਹਲੋਂ ਕੋਲੋਂ ਵੇਦਾਂਤ, ਹੋਰ ਗ੍ਰੰਥਾਂ ਤੋਂ ਇਲਾਵਾ ਦਸਮ ਗ੍ਰੰਥ ਦਾ ਅਧਿਐਨ ਵੀ ਕੀਤਾ ਸੀ। ਅਗਲੀ ਵਿੱਦਿਆ ਲਈ ਉਹ ਸੰਤ ਤੋਤਾ ਸਿੰਘ ਠੀਕਰੀ ਵਾਲਿਆਂ ਕੋਲ ਗਏ ਸਨ।
ਇਸੇ ਸਮੇਂ ਦੌਰਾਨ ਫਿਰ ਉਹ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਸੰਪਰਕ 'ਚ ਆਏ। ਉਨ੍ਹਾਂ ਦੀ ਸੇਵਾ ਲੰਗਰ ਵਰਤਾਉਣ ਦੀ ਲਾਈ ਗਈ। ਸੰਗਤਾਂ ਨੂੰ ਪ੍ਰਸ਼ਾਦਾ ਮਹਾਰਾਜ ਜੀ, ਦਾਲਾ ਮਹਾਰਾਜ ਜੀ ਕਹਿਣ ਸਦਕਾ ਉਨ੍ਹਾਂ ਦਾ ਨਾਂਅ ਮਹਾਰਾਜ ਸਿੰਘ ਪੈ ਗਿਆ। ਬਾਬਾ ਬੀਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਹ ਡੇਰਾ ਨੌਰੰਗਾਬਾਦ ਦੇ ਮੁਖੀ ਬਣੇ। ਇੱਥੋਂ ਹੀ ਅੰਗਰੇਜ਼ੀ ਹਕੂਮਤ ਖ਼ਿਲਾਫ਼ ਬਾਬਾ ਮਹਾਰਾਜ ਸਿੰਘ ਜੀ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਘਬਰਾਏ ਅੰਗਰੇਜ਼ਾਂ ਨੇ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਤੇ ਸੂਹ ਦੇਣ ਵਾਲੇ ਲਈ ਵੱਡੇ ਇਨਾਮ ਰੱਖੇ। ਪਰ ਬਾਬਾ ਜੀ ਨੇ ਲਗਾਤਾਰ ਸੰਘਰਸ਼ ਜਾਰੀ ਰੱਖਿਆ। ਉਨ੍ਹਾਂ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲਈ 3 ਜਨਵਰੀ, 1850 ਨੂੰ ਜਲੰਧਰ ਤੇ ਹੁਸ਼ਿਆਰਪੁਰ ਦੀ ਛਾਉਣੀ ਤੋਂ ਆਜ਼ਾਦੀ ਦਾ ਬਿਗਲ ਵਜਾਉਣ ਲਈ ਦਿਨ ਤੈਅ ਕੀਤਾ। ਪਰ 29 ਦਸੰਬਰ, 1849 ਨੂੰ ਇਕ ਗ਼ਦਾਰ ਨੇ ਮੁਖ਼ਬਰੀ ਕਰ ਦਿੱਤੀ ਤੇ ਬਾਬਾ ਜੀ ਨੂੰ ਜਲੰਧਰ ਨੇੜੇ ਆਦਮਪੁਰ ਦੁਆਬਾ ਦੀ ਝਿੜੀ ਤੋਂ ਗ੍ਰਿਫ਼ਤਾਰ ਕਰਾ ਦਿੱਤਾ। ਉਨ੍ਹਾਂ ਨੂੰ ਕਸ਼ਟ ਦਿੱਤੇ ਗਏ ਤੇ ਕਈ ਦਿਨ ਭੁੱਖਾ ਰੱਖਿਆ ਗਿਆ। 30 ਜਨਵਰੀ, 1850 ਨੂੰ ਉਨ੍ਹਾਂ ਨੂੰ ਲਾਰਡ ਡਲਹੌਜ਼ੀ ਦੇ ਹੁਕਮ ਅਨੁਸਾਰ ਪਹਿਲਾਂ ਜਲੰਧਰ ਤੇ ਬਾਅਦ ਵਿਚ ਕਲਕੱਤੇ ਵਿਲੀਅਮ ਫੋਰਟ ਕਿਲ੍ਹੇ 'ਚ ਭੇਜ ਦਿੱਤਾ ਗਿਆ। ਕੁਝ ਸਮੇਂ ਬਾਅਦ ਲਾਰਡ ਡਲਹੌਜ਼ੀ ਨੇ ਉਨ੍ਹਾਂ ਨੂੰ ਜਲਾਵਤਨ ਕਰਕੇ 23 ਮਾਰਚ, 1850 (ਕੁਝ ਇਤਿਹਾਸਕਾਰ 6 ਜੂਨ ਦੱਸਦੇ ਹਨ) 'ਚ ਸਿੰਗਾਪੁਰ ਦੀ ਇਕ ਕਾਲ ਕੋਠੜੀ ਵਿਚ ਡੱਕ ਦਿੱਤਾ। ਪਰ ਉਨ੍ਹਾਂ ਨੇ ਨਾਮ ਜਪਦਿਆਂ, ਸਿਮਰਨ ਕਰਦਿਆਂ ਕਰੀਬ 6 ਸਾਲ ਇਸ ਕੋਠੜੀ 'ਚ ਬਿਤਾਏ। ਇੱਥੇ ਹੀ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਤੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਸਰੀਰਕ ਤੌਰ 'ਤੇ ਭਾਵੇਂ ਉਹ ਕਮਜ਼ੋਰ ਪੈ ਗਏ ਸਨ ਪਰ ਰੂਹਾਨੀ ਤੌਰ 'ਤੇ ਉਹ ਆਖ਼ਰੀ ਦਮ ਤੱਕ ਚੜ੍ਹਦੀ ਕਲਾ 'ਚ ਰਹੇ। ਅਖੀਰ ਦੇਸ਼ ਦੇ ਇਹ ਮਹਾਨ ਸਪੂਤ 5 ਜੁਲਾਈ, 1856 ਨੂੰ ਸ਼ਹੀਦੀ ਦਾ ਜਾਮ ਪੀ ਗਏ।
ਦੇਸ਼ ਦੇ ਇਸ ਅਨਮੋਲ ਹੀਰੇ ਦੀ ਲਾਸਾਨੀ ਕੁਰਬਾਨੀ ਨੂੰ ਸਰਕਾਰਾਂ ਵਲੋਂ ਅੱਖੋਂ ਪਰੋਖੇ ਹੀ ਰੱਖਿਆ ਜਾਂਦਾ ਰਿਹਾ ਹੈ। ਜਾਣਕਾਰੀ ਮੁਤਾਬਕ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਵੱਡੇ ਉੱਦਮ ਨਾਲ ਭਾਈ ਮਹਾਰਾਜ ਸਿੰਘ ਦੇ ਜੀਵਨ ਬਾਰੇ ਇਤਿਹਾਸ ਛਪਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ। ਫਿਰ ਸੰਤ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਵੀ ਯਤਨ ਆਰੰਭੇ ਅਤੇ 1996 'ਚ ਬਾਬਾ ਮਹਾਰਾਜ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਜਨਮ ਅਸਥਾਨ ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਰੱਬੋਂ ਉੱਚੀ (ਨੇੜੇ ਮਲੌਦ) ਜ਼ਿਲ੍ਹਾ ਲੁਧਿਆਣਾ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਆਰੰਭ ਕਰਵਾਈ, ਜਿਸ ਦੀ ਕਾਰ ਸੇਵਾ ਨਿਰੰਤਰ ਜਾਰੀ ਹੈ। ਇਹ ਵੀ ਪਤਾ ਲੱਗਾ ਕਿ ਇਲਾਕੇ ਦੇ ਕੁਝ ਆਗੂਆਂ ਵਲੋਂ ਕੋਸ਼ਿਸ਼ ਕਰਕੇ 1997 ਵਿਚ ਕੇਂਦਰ ਸਰਕਾਰ ਤੋਂ ਇਕ ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਰੱਬੋਂ ਉੱਚੀ ਵਿਖੇ ਸ਼ਹੀਦੀ ਸਮਾਰਕ ਮਨਜ਼ੂਰ ਕਰਾਇਆ ਗਿਆ ਸੀ, ਜੋ ਸਰਕਾਰੀ ਫਾਈਲਾਂ 'ਚ ਹੀ ਰੁਲ ਕੇ ਰਹਿ ਗਿਆ ਜਾਪਦਾ ਹੈ। ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਲੋਂ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪ੍ਰੇਰ ਕੇ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਦੀ ਜੋ ਯਾਦਗਾਰ ਬਣਾਈ ਗਈ ਹੈ, ਉਸ ਵਿਚ ਬਾਬਾ ਮਹਾਰਾਜ ਦੇ ਇਤਿਹਾਸ ਨੂੰ ਬਣਦਾ ਮਹੱਤਵ ਦਿੱਤਾ ਗਿਆ ਹੈ। ਇਥੇ ਦਿਖਾਈ ਜਾਂਦੀ ਫ਼ਿਲਮ ਵਿਚ ਵੀ ਬਾਬਾ ਮਹਾਰਾਜ ਸਿੰਘ ਦਾ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ। ਗੁਰਦੁਆਰਾ ਦਮਦਮਾ ਸਾਹਿਬ, ਸ਼ਹੀਦ ਬਾਬਾ ਮਹਾਰਾਜ ਸਿੰਘ ਯਾਦਗਾਰੀ ਕਮੇਟੀ, ਗ੍ਰਾਮ ਪੰਚਾਇਤ ਰੱਬੋਂ ਉੱਚੀ, ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ, ਸਮੂਹ ਨਗਰ ਨਿਵਾਸੀਆਂ ਵਲੋਂ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਦੀ ਅਗਵਾਈ ਹੇਠ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ। ਇਸ ਵਾਰ ਇਹ ਸਮਾਗਮ 3 ਜੁਲਾਈ ਤੋਂ 5 ਜੁਲਾਈ 2026 ਤੱਕ ਸਭਨਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। 3 ਜੁਲਾਈ ਨੂੰ ਸ਼ੁਰੂ ਹੋਏ ਅਖੰਡ ਪਾਠਾਂ ਦੇ ਭੋਗ 5 ਜੁਲਾਈ ਨੂੰ ਪਾਏ ਜਾਣਗੇ। ਉਪਰੰਤ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸੰਤ-ਮਹਾਂਪੁਰਸ਼, ਸਿਆਸੀ ਆਗੂ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂ ਸ਼ਹੀਦ ਬਾਬਾ ਮਹਾਰਾਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

-ਮਲੌਦ।
ਮੋਬਾਈਲ : 98142-00241

 

Ad Position 22
No active advertisement
ਪਿਛਲੀ ਖ਼ਬਰ ਭਾਰਤੀ ਅਦਾਲਤਾਂ ਵਿਚ ਲਟਕਦੇ ਮੁਕੱਦਮੇ ਇਕ ਗੰਭੀਰ ਸਮੱਸਿਆ ਅਗਲੀ ਖ਼ਬਰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਸੰਬੰਧੀ ਪੰਜਾਬ ਸਰਕਾਰ ਆਪਣਾ ਏਜੰਡਾ ਸਪੱਸ਼ਟ ਕਰੇ
Ad Position 24
No active advertisement