02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਿੱਖ ਕੌਮ ਦਾ ਅਣਖੀਲਾ ਯੋਧਾ ਬੱਬਰ ਰਤਨ ਸਿੰਘ ਰੱਕੜ

Ad Position 21
No active advertisement
ਅਜੀਤ ਡੈਸਕ 15-07-2026

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼


ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਲਹਿਰਾਂ ਵਿਚ ਬੱਬਰ ਅਕਾਲੀ ਲਹਿਰ ਦਾ ਵਿਸ਼ੇਸ਼ ਸਥਾਨ ਰਿਹਾ। ਪੰਜਾਬ ਦੇ ਦੁਆਬਾ ਖੇਤਰ 'ਚ ਚੱਲੀ ਇਸ ਲਹਿਰ ਨੇ ਅੰਗਰੇਜ਼ਾਂ ਦੇ ਨੱਕ ਵਿਚ ਦਮ ਕਰ ਛੱਡਿਆ ਸੀ। ਇਸ ਲਹਿਰ 'ਚ 50 ਦੇ ਕਰੀਬ ਯੋਧਿਆਂ ਨੇ ਸ਼ਹਾਦਤਾਂ ਦੇ ਕੇ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ 'ਚ ਬੇਮਿਸਾਲ ਯੋਗਦਾਨ ਪਾਇਆ। ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਵੀ ਇਸ ਲਹਿਰ ਦੇ ਸਿਰਮੌਰ ਸ਼ਹੀਦ ਹੋਏ ਹਨ। ਬੱਬਰ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜਾਂ ਬੇਟ (ਬਲਾਚੌਰ) ਸ਼ਹੀਦ ਭਗਤ ਸਿੰਘ ਨਗਰ (ਉਦੋਂ ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਪਿਤਾ ਸ. ਜਵਾਹਰ ਸਿੰਘ ਤੇ ਮਾਤਾ ਬੀਬੀ ਗੋਖੀ ਦੇ ਘਰ ਹੋਇਆ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਰਾਹੋਂ (ਪੰਜਾਬ ਯੂਨੀਵਰਸਿਟੀ ਲਾਹੌਰ) ਤੋਂ ਚੰਗੇ ਨੰਬਰ ਲੈ ਕੇ ਦਸਵੀਂ ਕੀਤੀ। 19 ਕੁ ਵਰ੍ਹਿਆਂ ਦੀ ਉਮਰ ਵਿਚ ਉਹ 1912 ਵਿਚ ਰਸਾਲਾ ਨੰ: 04 ਹਡਸਨ ਹਾਰਸ ਵਿਚ ਬਤੌਰ ਕਲਰਕ ਭਰਤੀ ਹੋ ਗਏ। ਚੰਗੀ ਡੀਲ-ਡੌਲ ਵਾਲੇ ਜਵਾਨ ਰਤਨ ਸਿੰਘ ਨੂੰ ਬਟਾਲੀਅਨ ਦੇ ਮਸਕੋਟ ਦਾ ਇੰਚਾਰਜ ਬਣਾਇਆ ਗਿਆ। ਇੱਥੇ ਹੀ ਨੌਕਰੀ ਦੌਰਾਨ ਉਨ੍ਹਾਂ ਨੂੰ ਸਮੇਂ ਦੇ ਹੁਕਮਰਾਨਾਂ ਦੀਆਂ ਜ਼ਾਲਮਾਨਾ ਕਾਰਵਾਈਆਂ ਕਾਰਨ ਵਿਦੇਸ਼ੀ ਹਕੂਮਤ ਨਾਲ ਨਫ਼ਰਤ ਹੋ ਗਈ। ਦੂਜੇ ਪਾਸੇ ਉਨ੍ਹਾਂ ਨੇ ਆਪਣੀ ਦੂਰਅੰਦੇਸ਼ੀ ਸੋਚ ਸਦਕਾ ਇਕ ਅੰਗਰੇਜ਼ ਮੇਜਰ ਰਾਹੀਂ ਆਪਣੇ ਭਵਿੱੱਖ ਦੀਆਂ ਸਕੀਮਾਂ ਨੂੰ ਪੂਰਾ ਕਰਨ ਲਈ ਇਕ ਪੱਕੀ 303 ਬੰਦੂਕ, ਇਕ ਪਿਸਤੌਲ, ਕੁਝ ਬੰਬ, ਹੈਂਡ ਗ੍ਰਨੇਡ ਪ੍ਰਾਪਤ ਕਰ ਲਏ ਅਤੇ ਇਸ ਦੇ ਨਾਲ ਹੀ ਬਹੁਤ ਸਾਰਾ ਅਸਲ੍ਹਾ ਫ਼ੌਜ 'ਚੋਂ ਲਿਆ ਕੇ ਆਪਣੇ ਪਿੰਡ ਰੱਕੜਾਂ ਬੇਟ 'ਚ ਇਕ ਭੋਰਾ ਬਣਾ ਕੇ ਉਸ ਵਿਚ ਲੁਕੋ ਦਿੱਤਾ।
ਫਿਰ ਉਹ 2/22 ਪੰਜਾਬੀ ਰੈਜਮੈਂਟ ਵਿਚ ਭਰਤੀ ਹੋ ਗਏ, ਪਰ ਛੇਤੀ ਮਹਿਸੂਸ ਕੀਤਾ ਕਿ ਕੁਝ ਰੁਪਿਆਂ ਪਿੱਛੇ ਅੰਗਰੇਜ਼ਾਂ ਨੂੰ ਆਪਣੀ ਜ਼ਿੰਦਗੀ ਵੇਚਣ ਨਾਲੋਂ ਤਾਂ ਆਪਣੀ ਜ਼ਿੰਦਗੀ ਦੇਸ਼ ਤੇ ਕੌਮ ਦੇ ਲੇਖੇ ਲਾ ਦੇਣੀ ਬਿਹਤਰ ਹੈ। ਇਸ ਲਈ 15 ਫਰਵਰੀ 1919 ਨੂੰ ਉਹ ਨੌਕਰੀ ਛੱਡ ਕੇ ਆਪਣੇ ਪਿੰਡ ਆ ਕੇ ਖੇਤੀਬਾੜੀ ਦਾ ਕੰਮ ਕਰਨ ਲੱਗੇ। ਇਸ ਦੌਰਾਨ ਗ਼ਦਰ ਲਹਿਰ, ਜਲ੍ਹਿਆਂਵਾਲੇ ਬਾਗ ਦਾ ਸਾਕਾ ਤੇ ਹੋਰ ਘਟਨਾਵਾਂ ਨੇ ਸਮੁੱਚੀ ਕੌਮ ਨੂੰ ਝੰਜੋੜ ਦਿੱਤਾ। ਇਸੇ ਦੌਰਾਨ ਉਨ੍ਹਾਂ ਨੇ ਬੱਬਰ ਅਕਾਲੀਆਂ ਨਾਲ ਮਿਲ ਕੇ ਪੂਰੀ ਸਰਗਰਮੀ ਨਾਲ ਆਮ ਲੋਕਾਂ ਵਿਚ ਵਿਚਰਦੇ ਹੋਏ ਆਜ਼ਾਦੀ ਲਈ ਮੁਹਿੰਮ ਸ਼ੂਰੂ ਕਰ ਦਿੱਤੀ। ਬੰਬ ਬਣਾਉਣ ਦੀ ਤਕਨੀਕ ਦੇ ਮਾਹਰ ਰੱਕੜ ਨੇ ਬੰਬ ਬਣਾ ਕੇ ਇਨਕਲਾਬੀਆਂ (ਦੇਸ਼ ਭਗਤਾਂ) ਨੂੰ ਪੁੱੱਜਦੇ ਕਰਨੇ ਸ਼ੂਰੂ ਕਰ ਦਿੱਤੇ। ਪਰ ਕਿਸੇ ਨੇ ਮੁਖਬਰੀ ਕਰ ਦਿੱਤੀ ਤੇ ਪੁਲਿਸ ਨੇ 23 ਜੂਨ 1922 ਨੂੰ ਪਠਾਨ ਸਿਕੰਦਰ ਖ਼ਾਨ ਤੇ ਮਹਿਤਪੁਰ ਦੇ ਜ਼ੈਲਦਾਰ ਦੀ ਸੂਹ 'ਤੇ ਰੱਕੜਾਂ ਬੇਟ ਵਿਖੇ ਛਾਪਾ ਮਾਰਿਆ। ਬੱਬਰ ਰਤਨ ਸਿੰਘ ਤਾਂ ਉਸ ਦਿਨ ਘਰ ਨਾ ਮਿਲੇ, ਪਰ ਪੁਲਿਸ ਦੇ ਹੱਥ ਭਾਰੀ ਗੋਲਾ ਬਰੂਦ ਲੱਗ ਗਿਆ। ਕੁਝ ਦਿਨਾਂ ਬਾਅਦ ਪਿੰਡ ਬਾਹਮਣੀ ਮਾਜਰਾ ਵਿਖੇ ਮਾਰੇ ਗਏ ਪੁਲਿਸ ਛਾਪੇ ਦੌਰਾਨ ਬੱਬਰ ਰਤਨ ਸਿੰਘ ਤੇ ਕਰੋੜਾ ਸਿੰਘ ਬੱਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਪੰਜ ਸਾਲਾਂ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੇ 1927 ਨੂੰ ਸਜ਼ਾ ਪੂਰੀ ਕਰਨ ਉਪਰੰਤ ਸਰਗਰਮੀਆਂ ਵਿਚ ਮੁੜ ਤੇਜ਼ੀ ਲਿਆਂਦੀ ਤੇ ਬੱਬਰ ਅਕਾਲੀ ਲਹਿਰ ਨੂੰ ਮੁੜ ਸੁਰਜੀਤ ਕੀਤਾ। 1930 ਨੂੰ ਆਪਣੇ ਪ੍ਰੋਗਰਾਮ ਤਹਿਤ ਜਿਸ ਬਾਰੇ ਇਸ਼ਤਿਹਾਰ ਜਾਰੀ ਕਰਕੇ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ, ਅਨੁਸਾਰ ਇਕੋ ਦਿਨ ਕਈ ਥਾਣਿਆਂ ਬਲਾਚੌਰ, ਰਾਹੋਂ, ਗੜ੍ਹਸ਼ੰਕਰ ਤੇ ਮਾਹਿਲਪੁਰ ਵਿਖੇ ਬੰਬ ਧਮਾਕੇ ਕਰ ਦਿੱਤੇ ਪਰ ਉਹ ਮਾਰੂ ਨਹੀਂ ਸਨ। ਪੁਲਿਸ ਨੇ ਇਸ ਸੰਬੰਧੀ ਉਨ੍ਹਾਂ 'ਤੇ ਤਿੰਨ ਮਾਮਲੇ ਦਰਜ ਕੀਤੇ। ਉਹ ਰੂਪੋਸ਼ ਹੋ ਗਏ ਪਰ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਦੀ ਜਾਇਦਾਦ ਕੁਰਕ ਕਰ ਦਿੱਤੀ। ਮੁਕੱਦਮੇ ਚੱਲੇ ਤੇ ਸੈਸ਼ਨ ਜੱਜ ਰੰਗੀ ਲਾਲ ਹੁਸ਼ਿਆਰਪੁਰ ਨੇ ਉਨ੍ਹਾਂ ਨੂੰ ਉਮਰ ਕੈਦ ਸੁਣਾ ਕੇ 1931 ਨੂੰ ਕਾਲੇਪਾਣੀ ਭੇਜਣ ਦਾ ਹੁਕਮ ਦੇ ਦਿੱਤਾ। ਇੱਥੇ ਉਨ੍ਹਾਂ ਨੇ ਬਰਤਾਨਵੀ ਹਕੂਮਤ ਦੇ ਅੱਤਿਆਚਾਰਾਂ ਬਾਰੇ ਦੱਸ ਕੇ ਕੈਦੀਆਂ 'ਚ ਨਵਾਂ ਜੋਸ਼ ਭਰ ਦਿੱਤਾ। ਬਰਤਾਨੀਆ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਕੈਦੀਆਂ ਦੀ ਬਗਾਵਤ ਦੀ ਚਿੰਤਾ ਹੋਈ, ਜਿਸ ਕਾਰਨ ਆਪ ਨੂੰ 1932 'ਚ ਲਾਹੌਰ ਭੇਜਣ ਦੇ ਪ੍ਰਬੰਧ ਕੀਤੇ ਗਏ।
ਕਲਕੱਤੇ ਪੁੱਜਣ 'ਤੇ ਉਨ੍ਹਾਂ ਨੇ ਇਕ ਔਰਤ ਕੋਲੋਂ ਦਾਤਣਾਂ ਦੇ ਬੰਡਲ ਵਿਚ ਲੁਕੋਈਆਂ ਲੋਹਾ ਕੱਟਣ ਵਾਲੀਆਂ ਆਰੀਆਂ ਦੇ ਚਾਰ ਫਾਈਲ ਪ੍ਰਾਪਤ ਕਰ ਲਏ। ਕਲੱਕਤੇ ਤੋਂ ਗੱੱਡੀ ਸਿੱਧੀ ਲਾਹੌਰ ਨੂੰ ਜਾ ਰਹੀ ਸੀ। ਜਦੋਂ ਗੱਡੀ ਨਰਵਾਣਾ ਸਟੇਸ਼ਨ (ਦਿੱਲੀ-ਜਾਖਲ-ਬਠਿੰਡਾ ਰੇਲਵੇ ਲਾਈਨ) 'ਤੇ ਪੁੱਜੀ ਤਾਂ 23 ਅਪ੍ਰੈਲ 1932 ਦੀ ਅੱਧੀ ਰਾਤ ਨੂੰ ਬੇੜੀਆਂ ਕੱਟ ਕੇ ਉਹ ਗੱਡੀ ਰੋਕ ਕੇ ਫ਼ਰਾਰ ਹੋ ਗਏ। ਫਰਾਰੀ ਸਮੇਂ ਗਾਰਦ ਇੰਚਾਰਜ ਗੋਰੇ ਸਰਜੈਂਟ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਅੰਗਰੇਜ਼ ਸਰਕਾਰ ਨੇ ਉਨ੍ਹਾਂ ਬਾਰੇ ਸੂਚਨਾ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਇਨਾਮ ਤੇ 10 ਮੁਰੱਬੇ ਜ਼ਮੀਨ ਦੇਣ ਦਾ ਐਲਾਨ ਕੀਤਾ। ਇਸ ਸਮੇਂ ਉਹ ਰੁੜਕੀ ਖ਼ਾਸ (ਹੁਸ਼ਿਆਰਪੁਰ) ਵਿਖੇ ਬੱਬਰ ਗੋਂਦਾ ਸਿੰਘ ਦੇ ਘਰ ਰਹਿ ਰਹੇ ਸਨ। ਇਨਾਮ ਦੇ ਲਾਲਚ ਵਿਚ ਦੂਰ ਦੇ ਰਿਸ਼ਤੇਦਾਰ ਦੇ ਮਿੱਤਰ ਮੀਹਾਂ ਸਿੰਘ ਵਾਸੀ ਗੜ੍ਹੀ ਕਾਨੂੰਗੋਆਂ (ਬਲਾਚੌਰ) ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਨੇ ਛਾਪਾ ਮਾਰ ਕੇ ਪਿੰਡ ਰੁੜਕੀ ਖ਼ਾਸ ਵਿਖੇ ਗੋਂਦਾ ਸਿੰਘ ਦੇ ਘਰ ਨੂੰ ਘੇਰ ਲਿਆ। ਪਰ ਸਫ਼ਲਤਾ ਹੱਥ ਨਾ ਲਗਦੀ ਦੇਖ ਪੁਲਿਸ ਨੇ ਗੋਂਦਾ ਸਿੰਘ ਤੇ ਨੇੜਲੇ ਘਰਾਂ ਨੂੰ ਅੱਗ ਲਾ ਦਿੱਤੀ, ਪਰ ਸਿੱਖ ਕੌਮ ਦੇ ਅਣਖੀਲੇ ਯੋਧੇ ਬੱਬਰ ਰਤਨ ਸਿੰਘ ਰੱਕੜ ਨੇ ਗ੍ਰਿਫ਼ਤਾਰੀ ਦੀ ਥਾਂ ਮੌਤ ਨੂੰ ਚੁਣਿਆ ਤੇ ਗੋਰਿਆਂ ਦੀ ਹਕੂਮਤ ਦਾ ਮੁਕਾਬਲਾ ਕਰਦਿਆਂ 15 ਜੁਲਾਈ 1932 ਨੂੰ ਸ਼ਹਾਦਤ ਦਾ ਜਾਮ ਪੀ ਗਏ। ਅੱਜ ਉਨ੍ਹਾਂ ਦਾ 90ਵਾਂ ਸ਼ਹੀਦੀ ਦਿਹਾੜਾ ਬੱਬਰ ਅਕਾਲੀ ਸ਼ਹੀਦ ਰਤਨ ਸਿੰਘ ਰੱਕੜ ਯਾਦਗਾਰੀ ਟਰੱਸਟ ਰੱਕੜਾਂ ਬੇਟ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ 15 ਜੁਲਾਈ ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਰੱਕੜਾਂ ਬੇਟ (ਬਲਾਚੌਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

-ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ)।
ਮੋਬਾਈਲ : 62806-58168

Ad Position 22
No active advertisement
ਪਿਛਲੀ ਖ਼ਬਰ ਰੁਜ਼ਗਾਰ ਬਚਾਈ ਰੱਖਣ ਲਈ ਤਕਨੀਕੀ ਸਿੱਖਿਆ ਵਿਚ ਬਦਲਾਅ ਜ਼ਰੂਰੀ ਅਗਲੀ ਖ਼ਬਰ ਵਿਰੋਧੀ ਧਿਰਾਂ ਲੋਕਤੰਤਰ ਦੀ ਮਜ਼ਬੂਤੀ ਲਈ ਅੱਗੇ ਆਉਣ
Ad Position 24
No active advertisement