ਆਲੀਆ ਭੱਟ 'ਗਲੀ ਬੁਆਏ' (2019) ਅਤੇ 'ਰਾਕੀ ਔਰ ਰਾਨੀ ਕੀ ਪ੍ਰੇਮ ਕਹਾਨੀ' (2023) ਤੋਂ ਬਾਅਦ ਇਕ ਵਾਰ ਫਿਰ ਰਣਬੀਰ ਸਿੰਘ ਨਾਲ ਫ਼ਿਲਮ 'ਪ੍ਰਲਯ' ਵਿਚ ਨਜ਼ਰ ਆਉਣ ਵਾਲੀ ਹੈ।
ਜੇਕਰ ਖ਼ਬਰਾਂ ਦੀ ਮੰਨੀਏ ਤਾਂ ਰਣਵੀਰ ਸਿੰਘ ਫ਼ਿਲਮ 'ਧੁਰੰਧਰ' (2025) ਦੀ ਸੁਪਰ ਸਫਲਤਾ ਤੋਂ ਬਾਅਦ ਹੁਣ ਜਲਦੀ ਹੀ ਆਪਣੀ ਅਗਲੀ ਫ਼ਿਲਮ 'ਪ੍ਰਲਯ' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ ਜਿਸ ਨੂੰ ਜੈ ਮਹਿਤਾ ਬਣਾ ਰਹੇ ਹਨ।
ਸੂਤਰਾਂ ਦੇ ਹਵਾਲੇ ਨਾਲ ਖ਼ਬਰ ਆ ਰਹੀ ਹੈ ਕਿ 'ਪ੍ਰਲਯ' ਦੀ ਕਹਾਣੀ ਵਿਚ ਮਹਿਲਾ ਪ੍ਰਧਾਨ ਹੀਰੋਈਨ ਇਕ ਲਵ ਇੰਟਰੇਸਟ ਦੇ ਤੌਰ 'ਤੇ ਹੋਣ ਦੇ ਬਾਵਜੂਦ ਇਹ ਕਿਰਦਾਰ ਬੇਹਦ ਅਹਿਮ ਹੈ। ਇਸ ਕਿਰਦਾਰ ਨੂੰ ਨਿਰਮਾਤਾ ਸਿਰਫ਼ ਇਕ ਲਵ ਇੰਟਰੇਸਟ ਦੇ ਤੌਰ 'ਤੇ ਪੇਸ਼ ਕਰਨਾ ਨਹੀਂ ਚਾਹੁੰਦੇ ਬਲਕਿ ਇਸ ਕਿਰਦਾਰ ਨੂੰ ਨਿਭਾਉਂਦੇ ਹੋਏ ਆਲੀਆ ਭੱਟ ਇਕ ਢਹਿੰਦੀ ਹੋਈ ਦੁਨੀਆ ਵਿਚ ਫ਼ਿਲਮ ਦੇ ਹੀਰੋ ਦੇ ਵਿਚਾਰਾਂ ਨੂੰ ਚੁਣੌਤੀ ਦਿੰਦੀ ਨਜ਼ਰ ਆਏਗੀ। ਜਿਥੇ 'ਪ੍ਰਲਯ' ਤੋਂ ਇਲਾਵਾ ਆਲੀਆ ਭੱਟ ਕੋਲ 'ਅਲਫਾ', 'ਬ੍ਰਹਮਾਸਤਰ-ਭਾਗ 2' ਅਤੇ 'ਲਵ ਐਂਡ ਵਾਰ' ਜਿਹੀਆਂ ਫ਼ਿਲਮਾਂ ਹਨ, ਉਥੇ ਰਣਵੀਰ ਸਿੰਘ 19 ਮਾਰਚ 2026 ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਲਈ ਤਿਆਰ 'ਧਰੁੰਦਰ ਭਾਗ-2' ਵਿਚ ਨਜ਼ਰ ਆਉਣਗੇ।
ਆਲੀਆ ਦੀ ਤੁਲਨਾ ਅਕਸਰ ਕਾਜੋਲ ਨਾਲ ਕੀਤੀ ਜਾਂਦੀ ਹੈ ਪਰ ਆਲੀਆ ਨੇ ਕਾਜੋਲ ਦੀ ਤੁਲਨਾ ਤੋਂ ਕਿਤੇ ਵਧ ਅਲੱਗ-ਅਲੱਗ ਕਿਰਦਾਰ ਨਿਭਾਏ ਹਨ। ਕਾਜੋਲ ਜ਼ਿਆਦਾ ਰੁਮਾਂਟਿਕ, ਡ੍ਰਾਮੈਟਿਕ ਜਾਂ ਪਰਿਵਾਰਕ ਡਰਾਮਾ ਫ਼ਿਲਮਾਂ ਵਿਚ ਨਜ਼ਰ ਆਈ ਜਦੋਂ ਕਿ ਆਲੀਆ ਨੇ ਜੀਵਨੀ ਆਧਾਰਤ ਅਤੇ ਸਮਾਜਿਕ ਡਰਾਮਾ ਤੱਕ ਹਰ ਤਰ੍ਹਾਂ ਦੀਆਂ ਫ਼ਿਲਮਾਂ ਵਿਚ ਹੱਥ ਅਜਮਾਉਂਦੇ ਹੋਏ ਖ਼ੁਦ ਨੂੰ ਸਾਬਿਤ ਕੀਤਾ ਹੈ।
ਕਾਜੋਲ ਦੇ ਇਮੋਸ਼ਨਲ ਦ੍ਰਿਸ਼ਾਂ ਵਿਚ ਦਰਸ਼ਕਾਂ ਨੂੰ ਰੁਆ ਦੇਣ ਵਾਲੀ ਇਕ ਗਹਿਰਾਈ ਹੋਇਆ ਕਰਦੀ ਸੀ। ਕਾਜੋਲ ਦੀ ਤਰ੍ਹਾਂ ਆਲੀਆ ਵੀ ਭਾਵਨਾਵਾਂ ਨੂੰ ਸਿਲਵਰ ਸਕ੍ਰੀਨ 'ਤੇ ਕਾਫੀ ਦਮਦਾਰ ਤਰੀਕੇ ਨਾਲ ਪੇਸ਼ ਕਰਦੀ ਹੈ ਪਰ ਉਸ ਦੀ ਸ਼ੈਲੀ ਥੋੜ੍ਹੀ ਮਾਡਰਨ ਅਤੇ ਸੂਖ਼ਮ ਹੈ ਜੋ ਅੱਜ ਦੀ ਪੀੜ੍ਹੀ ਦੇ ਦਰਸ਼ਕਾਂ ਨੂੰ ਵਧੇਰੇ ਪਸੰਦ ਆਉਂਦੀ ਹੈ।
ਕਾਜੋਲ ਦੀ ਸਕ੍ਰੀਨ 'ਤੇ ਉਸਦੀ ਐਨਰਜੀ ਉਸ ਦੀ ਬੋਲਡਨੈੱਸ ਨਾਲ ਆਉਂਦੀ ਸੀ ਜਦੋਂ ਕਿ ਆਲੀਆ ਦੀ ਸਕ੍ਰੀਨ 'ਤੇ ਉਸ ਦੀ ਸਾਦਗੀ ਅਤੇ ਕਿਰਦਾਰ ਵਿਚ ਡੁੱਬਣ ਦੀ ਕਾਬਲੀਅਤ ਨਾਲ ਬਣਦੀ ਹੈ।
ਕਾਜੋਲ ਦੇ ਪ੍ਰਸੰਸਕਾਂ ਦਾ ਮੰਨਣਾ ਹੈ ਕਿ ਆਲੀਆ ਕੋਲ ਉਹ ਕਰਿਸ਼ਮਾ ਅਤੇ ਜਾਦੂ ਨਹੀਂ ਹੈ ਜੋ ਕਾਜੋਲ ਵਿਚ ਸੀ। ਉਸ ਦੇ ਪ੍ਰਸ਼ੰਸਕਾਂ ਦੇ ਦਿਲ-ਦਿਮਾਗ਼ 'ਤੇ 'ਦਿਲਵਾਲੇ ਦੁਲਹਨੀਆ', 'ਕੁਛ-ਕੁਛ ਹੋਤਾ ਹੈ' ਜਾਂ 'ਕਭੀ ਖ਼ੁਸ਼ੀ ਕਭੀ ਗ਼ਮ' ਵਾਲਾ ਕਾਜੋਲ ਦਾ ਅਸਰ ਅੱਜ ਵੀ ਬਰਕਰਾਰ ਹੈ। ਕਾਜੋਲ ਦੇ ਕੁਝ ਪ੍ਰਸੰਸਕਾਂ ਦਾ ਮੰਨਣਾ ਹੈ ਕਿ ਆਲੀਆ ਦੀ ਸਫ਼ਲਤਾ ਉਨ੍ਹਾਂ ਦੀ ਫ਼ਿਲਮੀ ਪਿੱਠਭੂਮੀ ਅਤੇ ਮੌਜੂਦਾ ਦੌਰ ਵਿਚ ਪ੍ਰਮੋਸ਼ਨ ਦੀ ਵਜ੍ਹਾ ਕਰਕੇ ਹੈ ਨਹੀਂ ਤਾਂ ਉਹ ਕਾਜੋਲ ਦੇ ਸਾਹਮਣੇ ਕਿਤੇ ਨਹੀਂ ਟਿਕ ਸਕਦੀ ਸੀ ਜਦਕਿ ਆਲੀਆ ਦੇ ਪ੍ਰਸੰਸਕਾਂ ਨੂੰ ਲੱਗਦਾ ਹੈ ਕਿ ਉਹ ਕਾਜੋਲ ਨਾਲੋਂ ਕਿਤੇ ਅੱਗੇ ਹੈ। ਉਹ ਉਸ ਦੀ ਮਿਹਨਤ, ਬਹੁਪੱਖੀ ਕਲਾਕਾਰ ਦੇ ਗੁਣ ਅਤੇ ਲਗਾਤਾਰ ਚੰਗੀਆਂ ਫ਼ਿਲਮਾਂ ਦੇਣ ਦੀ ਤਾਰੀਫ਼ ਕਰਦੇ ਹਨ। ਕੁਝ ਲੋਕ ਤਾਂ ਇਨ੍ਹਾਂ ਦੋਵਾਂ ਹੀਰੋਈਨਾਂ ਦੀ ਤੁਲਨਾ ਨੂੰ ਹੀ ਗ਼ਲਤ ਮੰਨਦੇ ਹਨ। ਉਨ੍ਹਾਂ ਲਈ ਕਾਜੋਲ ਆਪਣੇ ਸਮੇਂ ਦੀ ਰਾਣੀ ਸੀ ਅਤੇ ਆਲੀਆ ਅੱਜ ਦੀ ਸੁਪਰਸਟਾਰ ਹੈ। ਦੋਵਾਂ ਦਾ ਟੈਲੇਂਟ ਆਪਣੇ-ਆਪਣੇ ਦੌਰ ਦੇ ਹਿਸਾਬ ਨਾਲ ਬੇਮਿਸਾਲ ਹੈ। ਕਾਜੋਲ ਨੇ ਆਪਣੇ ਸਮੇਂ ਵਿਚ ਜੋ ਕੀਤਾ, ਉਹ ਉਸ ਦੌਰ ਦੇ ਸਿਨੇਮਾ ਦੇ ਹਿਸਾਬ ਨਾਲ ਸ਼ਾਨਦਾਰ ਸੀ। ਉਨ੍ਹਾਂ ਦੀਆਂ ਫ਼ਿਲਮਾਂ ਭਾਵਨਾਵਾਂ ਅਤੇ ਲੋਕ ਅਪੀਲ 'ਤੇ ਟਿਕੀਆਂ ਸਨ ਜਦਕਿ ਆਲੀਆ ਅੱਜ ਦੇ ਸਿਨੇਮਾ ਦੀਆਂ ਜ਼ਰੂਰਤਾਂ, ਸ਼ਖ਼ਸੀਅਤ ਦੇ ਵੱਖ-ਵੱਖ ਰੂਪ, ਗਲੋਬਲ ਅਪੀਲ ਅਤੇ ਕਹਾਣੀ ਦੇ ਹਿਸਾਬ ਨਾਲ ਕਿਰਦਾਰਾਂ ਨੂੰ ਪੂਰਾ ਕਰਦੀ ਹੈ। ਕਾਜੋਲ ਅਤੇ ਆਲੀਆ ਦੇ ਪ੍ਰਸੰਸਕਾਂ ਨੂੰ ਆਪਣੇ-ਆਪਣੇ ਤਰਕ ਨਜ਼ਰ ਆਉਂਦੇ ਹਨ। ਇਸ ਲਈ ਕੌਣ ਕਿਸ ਦੇ ਮੁਕਾਬਲੇ ਵਧੀਆ ਹੈ, ਇਹ ਕਹਿਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਪਰ ਸੱਚਾਈ ਇਹ ਹੈ ਕਿ ਕਾਜੋਲ ਦਾ ਦੌਰ ਖ਼ਤਮ ਹੋ ਚੁੱਕਾ ਹੈ ਅਤੇ ਹੁਣ ਆਲੀਆ ਭੱਟ ਚੰਗੀ ਐਕਟਿੰਗ ਦੀ ਪਰੰਪਰਾ ਨੂੰ ਸ਼ਾਨਦਾਰ ਤਰੀਕੇ ਨਾਲ ਅੱਗੇ ਲੈ ਕੇ ਜਾ ਰਹੀ ਹੈ।
ਸ਼ਾਨਦਾਰ ਐਕਟਿੰਗ ਦੀ ਪਰੰਪਰਾ ਨੂੰ ਅੱਗੇ ਵਧਾ ਰਹੀ ਹੈ ਆਲੀਆ ਭੱਟ
ਅਜੀਤ ਡੈਸਕ
04-02-2026