ਹੀਰੋਈਨ ਰਾਣੀ ਮੁਖਰਜੀ ਨੇ 1997 ਵਿਚ ਰਿਲੀਜ਼ ਫ਼ਿਲਮ 'ਰਾਜਾ ਕੀ ਆਏਗੀ ਬਾਰਾਤ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਵੇਲੇ ਤੋਂ ਲੈ ਕੇ ਅੱਜ ਤੱਕ ਉਹ ਇਸ ਇੰਡਸਟਰੀ ਵਿਚ ਇਕ ਲੰਬਾ ਸਫਰ ਤੈਅ ਕਰ ਚੁੱਕੀ ਹੈ। 1990 ਦੇ ਦਹਾਕੇ ਦੇ ਆਖ਼ਰੀ ਸਾਲ ਰਾਣੀ ਮੁਖਰਜੀ ਦੇ ਕਰੀਅਰ ਲਈ ਬੇਹੱਦ ਹੈਰਤਅੰਗੇਜ਼ ਸਾਬਤ ਹੋਏ। ਉਸ ਦੌਰ ਵਿਚ ਰਿਲੀਜ਼ ਰਾਣੀ ਦੀਆਂ ਫ਼ਿਲਮਾਂ ਨੇ ਉਸ ਦੇ ਕਰੀਅਰ ਦੀ ਦਿਸ਼ਾ ਤੈਅ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। 2000 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿਚ ਰਾਣੀ ਨੇ ਆਪਣੀ ਐਕਟਿੰਗ ਦੀ ਪਹਿਚਾਣ ਦੀ ਤਲਾਸ਼ ਪੂਰੀ ਕਰਦੇ ਹੋਏ 'ਸਾਥੀਆ' (2002) ਵਰਗੀ ਫ਼ਿਲਮ ਰਾਹੀਂ ਆਪਣੇ ਕਰੀਅਰ ਨੂੰ ਮਹੱਤਵਪੂਰਨ ਮੋੜ ਦਿੱਤਾ। ਫ਼ਿਲਮ ਵਿਚ ਰਾਣੀ ਨੇ ਡਾਕਟਰ ਸੁਹਾਨੀ ਸ਼ਰਮਾ ਦਾ ਜੋ ਕਿਰਦਾਰ ਨਿਭਾਇਆ, ਉਸ ਲਈ ਉਸ ਦੀ ਬੇਹੱਦ ਪ੍ਰਸੰਸਾ ਹੋਈ।
ਰਾਣੀ ਨੇ ਖ਼ੁਦ ਨੂੰ ਸਟਾਰ ਦੀ ਬਜਾਏ ਇਕ ਇਮਾਨਦਾਰ ਅਤੇ ਕੁਦਰਤੀ ਅਦਾਕਾਰੀ ਵਾਲੀ ਹੀਰੋਈਨ ਦੇ ਤੌਰ 'ਤੇ ਸਥਾਪਿਤ ਕੀਤਾ। 'ਹਮ ਤੁਮ' (2024) ਅਤੇ 'ਬਲੈਕ' (2005) ਵਰਗੀਆਂ ਫ਼ਿਲਮਾਂ ਨੇ ਐਕਟਿੰਗ ਬਾਰੇ ਰਾਣੀ ਦੇ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਬਲੈਕ' (2005) ਵਿਚ ਰਾਣੀ ਦੇ ਕਿਰਦਾਰ ਨੂੰ ਦੇਖ ਕੇ ਲੱਗਿਆ ਸੀ ਕਿ ਜੇਕਰ ਚਿਹਰੇ ਦੀ ਦਿੱਖ ਠੀਕ ਹੋਵੇ ਤਾਂ ਮਨੋ ਭਾਵ ਵੀ ਸ਼ਬਦਾਂ ਨਾਲੋਂ ਵਧੇਰੇ ਬੋਲ ਸਕਦਾ ਹੈ। ਵਿਆਹ ਅਤੇ ਮਾਂ ਬਣ ਜਾਣ ਤੋਂ ਬਾਅਦ ਰਾਣੀ ਮੁਖਰਜੀ ਦਾ ਕਰੀਅਰ ਨਾ ਰੁਕਿਆ ਅਤੇ ਨਾ ਹੀ ਡਗਮਗਾਇਆ, ਬਲਕਿ ਪਹਿਲਾਂ ਦੇ ਮੁਕਾਬਲੇ ਕਿਤੇ ਬਿਹਤਰ ਦੌੜਨ ਲੱਗਾ। ਇਸ ਦੌਰ ਦੀਆਂ ਫ਼ਿਲਮਾਂ ਵਿਚ 'ਮਰਦਾਨੀ' (2014), 'ਹਿਚਕੀ' (2018) ਅਤੇ 'ਮਰਦਾਨੀ 2' (2019) ਰਾਹੀਂ ਰਾਣੀ ਨੇ ਸਾਬਤ ਕੀਤਾ ਕਿ ਉਹ ਆਪਣੀ ਕਮਾਲ ਦੀ ਐਕਟਿੰਗ ਨਾਲ ਬਿਨਾਂ ਕਿਸੇ ਮਰਦ ਐਕਟਰ ਤੋਂ ਵੀ ਫ਼ਿਲਮ ਨੂੰ ਹਿਟ ਕਰਵਾ ਸਕਦੀ ਹੈ।
ਫ਼ਿਲਮ 'ਮਰਦਾਨੀ 3' ਵਿਚ ਰਾਣੀ ਮੁਖਰਜੀ ਇਕ ਵਾਰ ਫਿਰ 'ਸੁਪਰਕਾਪ ਸ਼ਿਵਾਨੀ ਸ਼ਿਵਾਜੀ ਰਾਏ' ਦੇ ਕਿਰਦਾਰ ਵਿਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਨਿਰਦੇਸ਼ਕ ਅਭਿਰਾਜ ਮੀਨਾਵਾਲਾ ਨੇ ਕੀਤਾ ਹੈ, ਜਦਕਿ ਇਸ ਨੂੰ ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਆਦਿੱਤਿਆ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ। ਇਸ ਬੜੇ ਇੰਤਜ਼ਾਰ ਵਾਲੀ ਫ਼ਿਲਮ ਦਾ ਪ੍ਰਸੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਰਾਣੀ ਦੀ ਇਹ ਫ਼ਿਲਮ ਪਿਛਲੇ ਹਫ਼ਤੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਹੈ। ਰਾਣੀ ਦੇ ਪ੍ਰਸੰਸਕਾਂ ਲਈ ਇਕ ਖੁਸ਼ਖਬਰੀ ਇਹ ਵੀ ਹੈ ਕਿ ਉਸ ਨੂੰ ਸ਼ਾਹਰੁਖ਼ ਖ਼ਾਨ ਨਾਲ ਫ਼ਿਲਮ 'ਕਿੰਗ' ਵਿਚ ਇਕ ਬੇਹੱਦ ਅਹਿਮ ਕਿਰਦਾਰ ਲਈ ਫਾਈਨਲ ਕੀਤਾ ਗਿਆ ਹੈ।
'ਸ਼ਿਵਾਨੀ ਸ਼ਿਵਾਜੀ ਰਾਏ' ਦੇ ਕਿਰਦਾਰ ਵਿਚ ਰਾਣੀ ਮੁਖਰਜੀ
ਅਜੀਤ ਡੈਸਕ
04-02-2026