ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਅਦਿਤੀ ਰਾਓ ਹੈਦਰੀ ਆਪਣੀ ਸੁੰਦਰਤਾ ਦੇ ਨਾਲ-ਨਾਲ ਆਪਣੀ ਵਧੀਆ ਅਭਿਨੈ ਸ਼ੈਲੀ ਲਈ ਵੀ ਜਾਣੀ ਜਾਂਦੀ ਹੈ। ਅਦਿਤੀ ਨੂੰ ਚਿੰਤਾ ਹੈ ਕਿ ਇਸ ਹਿੰਦੀ ਫ਼ਿਲਮ ਸੰਸਾਰ ਵਿਚ ਤੇਜ਼ੀ ਨਾਲ ਨਾਂਹ-ਪੱਖੀ ਪ੍ਰਚਾਰ ਮੁਹਿੰਮ ਅਤੇ ਫਜ਼ੂਲ ਦੀਆਂ ਗੱਲਾਂ ਦੀਆਂ ਖ਼ਬਰਾਂ ਬਣਾ ਕੇ ਨਵੀਆਂ ਨਾਇਕਾਵਾਂ ਦੇ ਅਕਸ ਵਿਗਾੜੇ ਜਾ ਰਹੇ ਹਨ। ਅਦਿਤੀ ਨੇ ਇਹ ਗੱਲ ਜ਼ੋਰ ਦੇ ਆਖੀ ਹੈ ਕਿ ਹੁਣ ਕਿਸੇ ਵੀ ਹੀਰੋਇਨ ਨੂੰ ਲੈ ਕੇ ਉਸ ਦੇ ਕਈ ਭੇਦ ਛਿਪ ਜਾਣੇ ਸੌਖੀ ਗੱਲ ਨਹੀਂ ਹੈ। ਜ਼ਿਆਦਾਤਰ ਉਸ ਬਾਬਤ ਵੀ ਜਿਹੜੀ ਜਾਣਕਾਰੀ ਪੱਤਰਕਾਰ ਦਿੰਦੇ ਹਨ, ਉਹ ਨਿਰ੍ਹਾ ਝੂਠ ਦਾ ਪੁਲੰਦਾ ਹੁੰਦਾ ਹੈ। ਉਸ ਕਿਹਾ ਕਿ ਸੋਸ਼ਲ ਮੀਡੀਆ ਨੇ ਸਾਡੀ ਸੋਸ਼ਲ ਲਾਈਫ਼ ਅਰਥਾਤ ਸਮਾਜਿਕ ਜ਼ਿੰਦਗੀ ਹੀ ਬੁਰੀ ਬਣਾ ਦਿੱਤੀ ਹੈ। ਇਸ ਲਈ ਅਦਿਤੀ ਆਪਣੀ ਮਾਂ ਦੀ ਇਸ ਗੱਲ ਨੂੰ ਪੱਲੇ ਬੰਨ੍ਹ ਕੇ ਰੱਖਦੀ ਹੈ ਕਿ ਜੇਕਰ ਕੋਈ ਤੁਹਾਡੇ ਲਈ ਗ਼ਲਤ ਚੀਜ਼ਾਂ ਕਰ ਰਿਹਾ ਹੈ ਤਾਂ ਗ਼ਲਤੀ ਉਸ ਦੀ ਹੈ, ਤੁਹਾਡੀ ਨਹੀਂ, ਤੁਸੀਂ ਉਸ 'ਤੇ ਕੋਈ ਪ੍ਰਤੀਕਿਰਿਆ ਨਾ ਦਿਓ। ਇਧਰ ਸਾਈਲੈਂਟ ਫ਼ਿਲਮ 'ਗਾਂਧੀ ਟਾਕਸ' ਨਾਲ ਅਦਿਤੀ ਚਰਚਾ ਵਿਚ ਹੈ। ਇਹ ਫ਼ਿਲਮ ਸੰਵਾਦਾਂ ਤੋਂ ਰਹਿਤ ਹੈ ਤੇ ਕੋਈ ਕਹਾਣੀ ਨਹੀਂ ਹੈ। ਅਦਿਤੀ ਦੀ ਇਹ ਫ਼ਿਲਮ ਦਰਸਾਉਂਦੀ ਹੈ ਕਿ ਨੋਟਾਂ 'ਤੇ ਗਾਂਧੀ ਜੀ ਦੀ ਤਸਵੀਰ ਹੈ ਤੇ ਇਹ ਨੋਟ ਇਨਸਾਨ ਲਈ ਉਮੀਦ ਵੀ ਹਨ ਤੇ ਭ੍ਰਿਸ਼ਟਾਚਾਰ ਦਾ ਪ੍ਰਤੀਕ ਵੀ ਹਨ। ਅਦਿਤੀ ਇਸ ਵੱਖਰੇ ਤਜਰਬੇ ਵਾਲੀ ਦੋ ਘੰਟੇ ਤੇਰਾਂ ਮਿੰਟ ਵਾਲੀ ਫ਼ਿਲਮ ਨੂੰ ਆਪਣੀ ਅਹਿਮ ਫ਼ਿਲਮ ਆਖਦੀ ਹੈ ਤੇ ਕਹਿੰਦੀ ਹੈ ਕਿ ਏ.ਆਰ. ਰਹਿਮਾਨ ਦੇ ਸੰਗੀਤ ਨਾਲ 'ਗਾਂਧੀ ਟਾਕਸ' ਵਧੀਆ ਫ਼ਿਲਮ ਬਣੀ ਹੈ ਤੇ ਪ੍ਰਾਈਮ ਵੀਡੀਓ 'ਤੇ ਫ਼ਿਲਮ ਠੀਕ-ਠਾਕ ਚੱਲ ਰਹੀ ਹੈ। ਹੈਦਰਾਬਾਦ ਦੀ ਰਾਜਕੁਮਾਰੀ ਅਦਿਤੀ ਨੇ ਸ਼ਹਿਦ, ਹਲਦੀ ਤੇ ਦਹੀਂ ਦਾ ਮਿਸ਼ਰਨ ਬਣਾ ਕੇ ਆਪਣੇ ਚਿਹਰੇ ਦੀ ਦਿੱਖ ਵਧੀਆ ਬਣਾਈ ਹੈ ਤੇ ਕਦੇ ਵੀ ਉਹ ਬਾਜ਼ਾਰੀ ਸੁੰਦਰਤਾ ਉਤਪਾਦ ਨਹੀਂ ਵਰਤਦੀ। ਚਾਹੇ ਉਹ ਜ਼ਰੂਰਤ ਤੋਂ ਜ਼ਿਆਦਾ ਸਮਾਂ ਫ਼ਿਲਮਾਂ ਨੂੰ ਦੇ ਰਹੀ ਹੈ, ਪਰ ਇਹ ਮਹਿਸੂਸ ਕਰਦੀ ਹੈ ਕਿ ਉਹ ਕੋਈ ਮਸ਼ੀਨ ਨਹੀਂ ਹੈ। ਉਸ ਨੂੰ ਆਰਾਮ ਦੀ ਜ਼ਰੂਰਤ ਹੈ, ਪਰ ਕਰੀਅਰ ਦਾ ਦੌਰ ਹੀ ਅਜਿਹਾ ਹੈ ਕਿ ਉਹ ਆਰਾਮ ਨਹੀਂ ਕਰ ਸਕਦੀ। 'ਹੀਰਾ ਮੰਡੀ', 'ਗਾਂਧੀ ਟਾਕਸ' ਵਾਲੀ ਅਦਿਤੀ ਫ਼ਿਲਮ 'ਪਰਿਵਾਰਕ ਮਨੋਰੰਜਨ' 'ਚ ਨਜ਼ਰ ਆਏਗੀ। ਅਦਿਤੀ ਨੇ ਇਸ ਵਾਰ ਹੋਲੀ ਤੇ ਹੋਲਿਕਾ ਦੀ ਕਹਾਣੀ ਸੁਣ ਕੇ ਮਹਿਸੂਸ ਕੀਤਾ ਕਿ ਈਸ਼ਵਰ ਹੀ ਸਭ ਕੁਝ ਹੈ। ਜਿਸ ਨੇ ਪ੍ਰਹਿਲਾਦ ਨੂੰ ਬਲਦੀ ਅੱਗ, ਤੱਤੇ ਥੰਮ੍ਹ ਤੋਂ ਬਚਾ ਲਿਆ। ਅਦਿਤੀ ਨੇ ਕਿਹਾ ਕਿ ਦੇਖ ਲਓ ਨਿਰਦੇਸ਼ਕ ਕਿਸ਼ੋਰ ਨੇ 'ਗਾਂਧੀ ਟਾਕਸ' ਦੀ ਕਹਾਣੀ 25 ਸਾਲ ਪਹਿਲਾਂ ਤਿਆਰ ਕੀਤੀ ਸੀ। ਅਦਿਤੀ ਨੇ ਕਿਹਾ ਕਿ ਮੇਰੀ ਇਹ ਫ਼ਿਲਮ ਸੰਦੇਸ਼ ਹੈ ਕਿ ਹਿੰਸਾ, ਤਾਕਤ ਤੇ ਪੈਸੇ ਦੀ ਆਵਾਜ਼ ਹੁੰਦੀ ਹੈ। 'ਗਾਂਧੀ ਟਾਕਸ' ਕੋਈ ਹੀਰੋਇਨ ਕਰਨ ਨੂੰ ਤਿਆਰ ਨਹੀਂ ਸੀ, ਸਿਰਫ਼ ਅਦਿਤੀ ਰਾਓ ਹੈਦਰੀ ਨੇ ਹੀ ਹਾਂ ਕੀਤੀ ਸੀ।
-ਸੁਖਜੀਤ ਕੌਰ